ਪੱਛਮੀ ਬੰਗਾਲ ਕਿਉਂ ਨਹੀਂ ਗਏ ਉਗਰਾਹਾਂ ਤੇ ਮਮਤਾ ਬੈਨਰਜੀ ਨੇ ਕਥਿਤ ਹਮਲੇ ਤੋਂ ਬਾਅਦ ਕੀ ਕਿਹਾ - ਅਹਿਮ ਖ਼ਬਰਾਂ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਕਿਸਾਨੀ ਅੰਦੋਲਨ ਨੇ ਪੂਰੇ ਦੇਸ ਨੂੰ ਕਿਸਾਨੀ ਮੁੱਦਿਆਂ ਉੱਤੇ ਜਗਾ ਦਿੱਤਾ ਹੈ ਅਤੇ ਇਸ ਨੇ ਪੂਰੀ ਦੁਨੀਆਂ ਵਿਚ ਕਿਸਾਨੀ ਦੀ ਗੱਲ ਪਹੁੰਚਾਈ ਹੈ।

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਕਰਦਿਆਂ ਉਗਰਾਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੋਟ ਰਾਜਨੀਤੀ ਤੋਂ ਦੂਰ ਰਹਿੰਦੀ ਹੈ, ਇਸੇ ਲਈ ਉਹ ਪੱਛਮੀ ਬੰਗਾਲ ਦੀਆਂ ਕਿਸਾਨ ਰੈਲੀਆਂ ਵਿਚ ਨਹੀਂ ਜਾ ਰਹੇ ।

ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਅਜੇ ਚੁੱਪ ਹੈ ਅਤੇ ਹੰਕਾਰ ਵਿਚ ਹੋਣ ਕਾਰਨ ਅਜੇ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ ਹੈ ਪਰ ਕਿਸਾਨਾਂ ਦੀ ਇਕਜੁੱਟਤਾ ਬਣੀ ਰਹਿਣੀ ਵੀ ਅੰਦੋਲਨ ਦੀ ਵੀ ਇੱਕ ਵੱਡੀ ਪ੍ਰਾਪਤੀ ਹੈ।

ਇਹ ਵੀ ਪੜ੍ਹੋ-

ਜੋਗਿੰਦਰ ਸਿੰਘ ਉਗਰਾਹਾਂ ਨੇ ਬੀਬੀਸੀ ਨਾਲ ਗੱਲਬਾਤ ਵਿਚ ਜੋ ਕੁਝ ਕਿਹਾ ਉਸ ਦੇ ਕੁਝ ਅੰਸ਼ ਇਹ ਹਨ

  • ਕਾਨੂੰਨ ਰੱਦ ਕਰਨ ਤੋਂ ਬਗੈਰ ਕੁਝ ਵੀ ਮਨਜ਼ੂਰ ਨਹੀਂ ਹੈ ਅਤੇ ਸਾਡੇ ਵਿੱਚ ਕੋਈ ਨਿਰਾਸ਼ਾ ਨਹੀਂ ਹੈ। ਮੋਰਚਾ ਬਰਕਰਾਰ ਹੈ
  • ਗੈਰ ਰਸਮੀ ਤਰੀਕੇ ਨਾਲ ਆਫਰਾਂ ਆ ਰਹੀਆਂ ਹਨ ਪਰ ਸਾਨੂੰ ਸੋਧਾਂ ਮਨਜ਼ੂਰ ਨਹੀਂ ਹੈ, ਸਰਕਾਰ ਨੂੰ ਝੁਕਣਾ ਹੀ ਪਵੇਗਾ।
  • ਅਫ਼ਸਰਸ਼ਾਹੀ ਤੇ ਅਫ਼ਸਰ ਗੈਰ ਰਸਮੀ ਗੱਲਬਾਤ ਲਈ ਆ ਰਹੇ ਹਨ ਪਰ ਸਰਕਾਰ ਅਜੇ ਮਸਲਾ ਨਿਬੇੜਨ ਲਈ ਤਿਆਰ ਨਹੀਂ
  • ਸਰਕਾਰ ਕਾਨੂੰਨ ਨੂੰ ਢਾਈ ਤਿੰਨ ਸਾਲ ਲਈ ਹੋਲਡ ਕਰਨ ਲਈ ਤਿਆਰ ਹੈ, ਪਰ ਅੰਦੋਲਨ ਚੜ੍ਹਦੀ ਕਲਾ ਵਿੱਚ ਹੈ
  • ਸਰਕਾਰ ਇਹ ਨਾ ਸਮਝੇ ਕਿ ਇਸ ਅੰਦੋਲਨ ਦਾ ਅਸਰ ਨਹੀਂ ਹੈ, ਇਸ ਦਾ ਭਾਜਪਾ ਨੂੰ ਨੁਕਸਾਨ ਹੋਵੇਗਾ।
  • ਇਹ ਅੰਦੋਲਨ 2024 ਤੱਕ ਵੀ ਖਿੱਚਣ ਵੱਲ ਤੁਰ ਸਕਦਾ ਹੈ।
  • 26 ਜਨਵਰੀ ਨੂੰ ਸਰਕਾਰ ਹਿੰਦੂ- ਸਿੱਖਾਂ ਦਾ ਪੱਤਾ ਖੇਡਣਾ ਚਾਹੁੰਦੀ ਹੈ, ਪਰ ਇਹ ਫੇਲ੍ਹ ਹੋ ਗਿਆ ।
  • ਸੰਯੁਕਤ ਮੋਰਚੇ ਅਤੇ ਜਨਤਕ ਲਹਿਰ ਨੂੰ ਦਿੱਲੀ ਦੀ ਪਾਵਰ ਦਾ ਵਿਰੋਧ ਕਰਨ ਦਾ ਹੱਕ ਹੈ।
  • ਅਸੀਂ ਕਿਸੇ ਨੂੰ ਵੋਟ ਪਾਉਣ ਜਾਂ ਨਾ ਪਾਉਣ ਲ਼ਈ ਨਹੀਂ ਕਹਿੰਦੇ, ਇਸ ਲਈ ਅਸੀਂ ਬੰਗਾਲ ਵਿੱਚ ਰੈਲੀਆਂ ਕਰਨ ਨਹੀਂ ਗਏ।
  • ਕਿਸੇ ਸਟੇਟ ਵਿਚ ਸਰਕਾਰ ਬਣਨੀ ਜਾਂ ਨਹੀਂ ਬਣਨੀ ਇਹ ਜਨ ਸਮਰਥਨ ਦਾ ਸਬੂਤ ਨਹੀਂ ਹੁੰਦਾ।
  • ਛੋਟੀ ਕਮੇਟੀ ਬਣਾਉਣੀ ਹੈ ਜਾਂ ਨਹੀਂ, ਇਹ ਅੰਦੋਲਨ ਕਰਨ ਵਾਲੀਆਂ ਜਥੇਬੰਦੀਆਂ ਦਾ ਅੰਦਰੂਨੀ ਮਸਲਾ ਹੈ।

ਮਮਤਾ ਬੈਨਰਜੀ ਉੱਤੇ ਕਥਿਤ ਹਮਲੇ ਦੀ ਜਾਂਚ ਸ਼ੁਰੂ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੰਦੀਗ੍ਰਾਮ ਵਿੱਚ ਬੁੱਧਵਾਰ ਨੂੰ ਹੋਏ ਕਥਿਤ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੂਰਬੀ ਮੋਦਿਨੀਪੁਰ ਦੇ ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਸੁਪਰੀਡੈਂਟ ਨੇ ਨੰਦੀਗ੍ਰਾਮ ਦੇ ਬਿਰੂਲੀਆ ਬਾਜ਼ਾਰ ਵਿੱਚ ਉਸ ਥਾਂ ਦਾ ਦੌਰਾ ਕੀਤਾ ਜਿੱਥੇ ਕਥਿਤ ਤੌਰ 'ਤੇ ਕੁਝ ਅਣਜਾਣ ਲੋਕਾਂ ਨੇ ਉਨ੍ਹਾਂ ਨੂੰ ਧੱਕਾ ਦਿੱਤਾ।

ਮਮਤਾ ਬੈਨਰਜੀ ਨੇ ਹਸਪਤਾਲ ਤੋਂ ਇੱਕ ਬਿਆਨ ਜਾਰੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ।

ਏਐੱਨਆਈ ਨਿਊਜ਼ ਏਜੰਸੀ ਨੇ ਮਮਤਾ ਬੈਨਰਜੀ ਦੇ ਹਵਾਲੇ ਨਾਲ ਲਿਖਿਆ ਹੈ, "ਮੈਨੂੰ ਹੱਥ, ਪੈਰ ਅਤੇ ਲਿਗਾਮੈਂਟ ਵਿੱਚ ਸੱਟਾਂ ਲੱਗੀਆਂ ਹਨ। ਮੈਂ ਕਾਰ ਕੋਲ ਖੜ੍ਹੀ ਸੀ ਜਦੋਂ ਮੈਨੂੰ ਧੱਕਾ ਦਿੱਤਾ ਗਿਆ ਸੀ। ਮੈਂ ਛੇਤੀ ਹੀ ਕੋਲਕਾਤਾ ਲਈ ਰਵਾਨਾ ਹੋ ਜਾਵਾਂਗੀ।"

ਇਸ ਵਿਚਾਲੇ ਤ੍ਰਿਣਮੂਲ ਕਾਂਗਰਸ ਨੇ ਆਪਣੇ ਨੇਤਾ 'ਤੇ ਹਮਲੇ ਕਾਰਨ ਵੀਰਵਾਰ ਨੂੰ ਚੋਣ ਮਨੋਰਥ ਪੱਤਰ ਦੇ ਐਲਾਨ ਦਾ ਪ੍ਰੋਗਰਾਮ ਟਾਲ ਦਿੱਤਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)