ਪ੍ਰਿੰਸ ਹੈਰੀ ਤੇ ਮੇਘਨ ਦਾ ਟੀਵੀ ਇੰਟਰਵਿਊ ਬ੍ਰਾਡਕਾਸਟ ਤੋਂ ਪਹਿਲਾਂ ਹੀ ਵਿਵਾਦਾਂ 'ਚ ਕਿਉਂ

ਇੱਕ ਸਾਲ ਤੋਂ ਵੱਧ ਸਮਾਂ ਬੀਤ ਗਿਆ ਹੈ ਜਦੋਂ ਤੋਂ ਡਿਊਕ ਅਤੇ ਡਚੇਸ ਆਫ਼ ਸਸੈਕਸ ਨੇ ਐਲਾਨ ਕੀਤਾ ਕਿ ਉਹ ਰਾਇਲ ਪਰਿਵਾਰ ਦੇ ਸੀਨੀਅਰ ਮੈਂਬਰ ਬਣਨ ਤੋਂ "ਪਿੱਛੇ ਹਟ ਜਾਣਗੇ"।

ਹੁਣ ਅਮਰੀਕਾ ਵਿੱਚ ਰਹਿ ਰਹੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਅਧਿਕਾਰਤ ਤੌਰ 'ਤੇ ਉਨ੍ਹਾਂ ਦੀਆਂ ਭੂਮਿਕਾਵਾਂ ਤੋਂ ਹਟ ਗਏ ਹਨ ਅਤੇ ਚੈਟ ਸ਼ੋਅ ਦੀ ਮੇਜ਼ਬਾਨੀ ਕਰਨ ਵਾਲੀ ਓਪਰਾ ਵਿਨਫਰੀ ਨੂੰ ਇੱਕ ਇੰਟਰਵਿਊ ਦਿੱਤਾ ਹੈ।

ਇਹ ਇੰਟਰਵਿਊ ਵਿਵਾਦਤ ਕਿਉਂ ਹੋ ਗਿਆ ਹੈ ਅਤੇ ਕੀ ਉਹ ਅਜੇ ਵੀ ਰਾਇਲ ਪਰਿਵਾਰ ਦੇ ਮੈਂਬਰ ਹਨ?

ਇਹ ਵੀ ਪੜ੍ਹੋ:

ਹੈਰੀ ਅਤੇ ਮੇਘਨ ਦਾ ਇੰਟਰਵਿਊ ਕਿਸ ਬਾਰੇ ਹੈ

ਚੈਟ ਸ਼ੋਅ ਦੀ ਮੇਜ਼ਬਾਨੀ ਕਰਨ ਵਾਲੀ ਓਪਰਾ ਵਿਨਫਰੀ ਨੇ ਸਾਲ 2018 ਵਿੱਚ ਹੈਰੀ ਅਤੇ ਮੇਘਨ ਦੇ ਵਿਆਹ ਵਿੱਚ ਸ਼ਿਰਕਤ ਕੀਤੀ ਸੀ ਅਤੇ ਇਹ ਮੰਨਿਆ ਜਾਂਦਾ ਹੈ ਕਿ ਉਹ ਕੈਲੀਫੋਰਨੀਆ ਵਿੱਚ ਉਨ੍ਹਾਂ ਦੇ ਨੇੜੇ ਰਹਿੰਦੇ ਹਨ।

ਦੋਹਾਂ ਨਾਲ ਇੰਟਰਵਿਊ ਐਤਵਾਰ ਨੂੰ ਅਮਰੀਕਾ ਵਿੱਚ ਅਤੇ ਯੂਕੇ ਵਿੱਚ ਸੋਮਵਾਰ ਨੂੰ 21:00 ਜੀਐੱਮਟੀ 'ਤੇ ਆਈਟੀਵੀ 'ਤੇ ਪ੍ਰਸਾਰਿਤ ਹੋਵੇਗਾ।

ਇਸ ਵਿੱਚ ਰਾਇਲ ਪਰਿਵਾਰ ਤੋਂ ਪਿੱਛੇ ਹਟਣ ਅਤੇ ਅਮਰੀਕਾ ਜਾਣ ਤੋਂ ਪਹਿਲਾਂ ਸ਼ਾਹੀ ਪਰਿਵਾਰ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਤਜਰਬਿਆਂ ਦੇ ਵੇਰਵੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਸੀਬੀਐੱਸ ਵੱਲੋਂ ਬ੍ਰਾਡਕਾਸਟ ਕੀਤੀ ਇੰਟਰਵਿਊ ਦੀ ਇੱਕ ਕਲਿੱਪ ਵਿੱਚ ਮੇਘਨ ਨੇ ਓਪਰਾ ਨੂੰ ਦੱਸਿਆ, "ਮੈਨੂੰ ਸਮਝ ਨਹੀਂ ਆਉਂਦਾ ਕਿ ਇਸ ਸਭ ਦੇ ਬਾਅਦ ਉਹ ਕਿਸ ਤਰ੍ਹਾਂ ਇਹ ਉਮੀਦ ਕਰ ਸਕਦੇ ਹਨ ਕਿ ਅਸੀਂ ਅਜੇ ਵੀ ਚੁੱਪ ਰਹਾਂਗੇ, ਜੇ 'ਦਿ ਫਰਮ' ਸਾਡੇ ਬਾਰੇ ਝੂਠ ਫੈਲਾਉਣ ਲਈ ਕੋਈ ਸਰਗਰਮ ਭੂਮਿਕਾ ਨਿਭਾ ਰਹੀ ਹੈ।"

'ਦਿ ਫਰਮ' ਇੱਕ ਸ਼ਬਦਾਵਲੀ ਹੈ ਜਿਸ ਨੂੰ ਰਾਇਲ ਪਰਿਵਾਰ ਆਪਣੇ ਲਈ ਵਰਤਦਾ ਹੈ।

ਇਹ ਵਿਵਾਦਤ ਕਿਉਂ ਹੈ

ਪ੍ਰਸਾਰਣ ਦਾ ਸਮਾਂ ਰਾਇਲ ਪਰਿਵਾਰ ਲਈ ਇੱਕ ਪ੍ਰੇਸ਼ਾਨ ਕਰਨ ਵਾਲੇ ਸਮੇਂ ਵਿੱਚ ਆ ਰਿਹਾ ਹੈ।

ਹੈਰੀ ਦੇ ਦਾਦਾ ਅਤੇ ਮਹਾਰਾਣੀ ਦੇ ਪਤੀ ਪ੍ਰਿੰਸ ਫਿਲਿਪ ਹਸਪਤਾਲ ਵਿੱਚ ਦਾਖਲ ਹਨ ਜਿੱਥੇ ਉਹ ਦਿਲ ਦੀ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ।

ਇੰਟਰਵਿਊ ਦੇ ਬ੍ਰਾਡਕਾਸਟ ਹੋਣ ਤੋਂ ਕੁਝ ਦਿਨ ਪਹਿਲਾਂ ਦਿ ਟਾਈਮਜ਼ ਅਖ਼ਬਾਰ ਨੇ ਇੱਕ ਰਿਪੋਰਟ ਛਾਪੀ ਜਿਸ ਵਿੱਚ ਕਿਹਾ ਗਿਆ ਸੀ ਕਿ ਜਦੋਂ ਮੇਘਨ ਸ਼ਾਹੀ (ਰਾਇਲ) ਸੀ, ਉਨ੍ਹਾਂ ਨੂੰ ਧੱਕੇਸ਼ਾਹੀ ਦੀ ਸ਼ਿਕਾਇਤ ਦਾ ਸਾਹਮਣਾ ਕਰਨਾ ਪਿਆ ਸੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋ ਨਿੱਜੀ ਸਹਾਇਕਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਅਤੇ ਤੀਜੇ ਸਟਾਫ਼ ਮੈਂਬਰ ਨੂੰ ਨਿਮਾਣਾ ਕਰ ਦਿੱਤਾ ਸੀ।

ਉਨ੍ਹਾਂ ਦੇ ਬੁਲਾਰੇ ਨੇ ਕਿਹਾ ਕਿ ਡਚੇਸ "ਉਨ੍ਹਾਂ ਦੇ ਚਰਿੱਤਰ ਉੱਤੇ ਤਾਜ਼ਾ ਹਮਲਾ ਕਰਕੇ ਦੁਖੀ ਸਨ।"

ਪੈਲੇਸ ਦਾ ਕਹਿਣਾ ਹੈ ਕਿ ਉਹ ਦਾਅਵਿਆਂ ਦੀ ਜਾਂਚ ਕਰ ਰਹੇ ਹਨ।

ਮਹਾਰਾਣੀ ਨਿੱਜੀ ਵਿਸ਼ਿਆਂ ਬਾਰੇ ਖੁਦ ਘੱਟ ਹੀ ਬੋਲਦੇ ਹਨ ਅਤੇ ਪਿਛਲੇ ਸਮੇਂ ਦੌਰਾਨ ਜਦੋਂ ਸ਼ਾਹੀ ਪਰਿਵਾਰ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਪਰਿਵਾਰਕ ਸਬੰਧਾਂ ਬਾਰੇ ਜਨਤਕ ਤੌਰ 'ਤੇ ਬੋਲਿਆ ਸੀ, ਉਹ ਪੈਲੇਸ ਲਈ ਘੱਟ ਹੀ ਚੰਗਾ ਰਿਹਾ।

ਪ੍ਰਿੰਸ ਹੈਰੀ ਅਤੇ ਮੇਘਨ ਦੀ ਆਪਣੇ ਰਿਸ਼ਤੇ ਦੀ ਸ਼ੁਰੂਆਤ ਤੋਂ ਹੀ ਬ੍ਰਿਟਿਸ਼ ਪ੍ਰੈੱਸ ਨਾਲ ਵਿਰੋਧੀ ਸਬੰਧ ਸਨ। ਮੇਘਨ ਨੇ ਹਾਲ ਹੀ ਵਿੱਚ ਐਤਵਾਰ ਨੇ ਹਫਤਾਵਰ ਅਖਬਾਰ 'ਮੇਲ' ਖ਼ਿਲਾਫ਼ ਇੱਕ ਨਿੱਜਤਾ ਦਾ ਕੇਸ ਜਿੱਤਿਆ ਹੈ ਜਿਸ ਵਿੱਚ ਉਨ੍ਹਾਂ ਦੇ ਆਪਣੇ ਪਿਤਾ ਨੂੰ ਇੱਕ ਹੱਥ ਲਿਖਤ ਪੱਤਰ ਵਿੱਚੋਂ ਕੁਝ ਗੱਲਾਂ ਛਾਪੀਆਂ ਗਈਆਂ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੀ ਪ੍ਰਿੰਸ ਹੈਰੀ ਅਤੇ ਮੇਘਨ ਅਜੇ ਵੀ ਸ਼ਾਹੀ ਪਰਿਵਾਰ ਦਾ ਹਿੱਸਾ ਹਨ

ਹਾਂ ਪਰ ਉਹ 'ਵਰਕਿੰਗ ਰਾਇਲ' ਨਹੀਂ ਹਨ।

ਰਾਇਲ ਪਰਿਵਾਰ ਦੇ ਸੀਨੀਅਰ ਮੈਂਬਰ ਨੇ ਮਹਾਰਾਣੀ ਤੋਂ ਅਧਿਕਾਰਤ ਜ਼ਿੰਮੇਵਾਰੀਆਂ ਲੈਣੀਆਂ ਹੁੰਦੀਆਂ ਹਨ ਜਿਵੇਂ ਕਿ ਵਿਦੇਸ਼ਾਂ ਦੀ ਯਾਤਰਾ ਦੌਰਾਨ ਕ੍ਰਾਊਨ ਦੀ ਨੁਮਾਇੰਦਗੀ ਕਰਨਾ, ਕੌਮੀ ਸਮਾਗਮਾਂ ਦੀ ਅਗਵਾਈ ਕਰਨਾ ਅਤੇ ਚੈਰੀਟੀਆਂ ਅਤੇ ਸੰਸਥਾਵਾਂ ਦਾ ਸਮਰਥਨ ਕਰਨਾ।

2020 ਦੀ ਸ਼ੁਰੂਆਤ ਵਿੱਚ ਜੋੜੇ ਨੇ ਐਲਾਨ ਕੀਤਾ ਸੀ ਕਿ ਉਹ ਉੱਤਰ ਅਮਰੀਕਾ ਜਾਣ ਦੀ ਯੋਜਨਾ ਦੇ ਨਾਲ ਇਨ੍ਹਾਂ ਡਿਊਟੀਆਂ ਤੋਂ 'ਪਿੱਛੇ ਹਟਣਾ' ਚਾਹੁੰਦੇ ਹਨ ਅਤੇ 12 ਮਹੀਨਿਆਂ ਬਾਅਦ ਪ੍ਰਬੰਧ ਦੀ ਸਮੀਖਿਆ ਕਰਨ ਦੀ ਯੋਜਨਾ ਹੈ।

ਇਹ ਵੀ ਪੜ੍ਹੋ:

ਇਸ ਸਾਲ ਫਰਵਰੀ ਵਿੱਚ ਇਸ ਗੱਲ ਦੀ ਪੁਸ਼ਟੀ ਹੋ ਗਈ ਸੀ ਕਿ ਡਿਊਕ ਅਤੇ ਡਚੇਸ ਪੱਕੇ ਤੌਰ 'ਤੇ ਅਸਤੀਫ਼ਾ ਦੇਣਗੇ। ਮਹਾਰਾਣੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਹੁਣ ਜਨਤਕ ਸੇਵਾ ਨਾਲ ਆਉਣ ਵਾਲੀਆਂ ਜ਼ਿੰਮੇਵਾਰੀਆਂ ਅਤੇ ਡਿਊਟੀਆਂ ਨੂੰ ਨਹੀਂ ਨਿਭਾਉਣਗੇ ।

ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਆਪਣੀਆਂ ਆਨਰੇਰੀ ਫੌਜੀ ਨਿਯੁਕਤੀਆਂ ਅਤੇ ਸ਼ਾਹੀ ਸਰਪ੍ਰਸਤੀ ਵਾਪਸ ਕਰਨੀਆਂ ਪੈਣਗੀਆਂ, ਜੋ ਕਿ ਰਾਇਲ ਪਰਿਵਾਰ ਦੇ ਵਰਕਿੰਗ ਮੈਂਬਰਾਂ ਵਿੱਚ ਵੰਡੀਆਂ ਜਾਣਗੀਆਂ।

ਉਹ ਡਿਊਕ ਅਤੇ ਡਚੇਸ ਆਫ਼ ਸਸੈਕਸ ਦੇ ਟਾਈਟਲ ਨੂੰ ਰੱਖਣਗੇ ਜੋ ਕਿ ਉਨ੍ਹਾਂ ਨੂੰ ਮਹਾਰਾਣੀ ਨੇ ਦਿੱਤਾ ਸੀ ਪਰ ਹੁਣ ਉਨ੍ਹਾਂ ਨੂੰ ਰਾਇਲ ਹਾਈਨੈੱਸ ਵਜੋਂ ਸੰਬੋਧਿਤ ਨਹੀਂ ਕੀਤਾ ਜਾਵੇਗਾ।

ਹੈਰੀ ਅਜੇ ਵੀ ਇੱਕ ਰਾਜਕੁਮਾਰ ਹਨ ਕਿਉਂਕਿ ਉਨ੍ਹਾਂ ਦਾ ਇਸ ਟਾਈਟਲ ਵਿੱਚ ਹੀ ਜਨਮ ਹੋਇਆ ਸੀ ਅਤੇ ਉਹ ਆਪਣੇ ਪਿਤਾ, ਵੱਡੇ ਭਰਾ, ਭਤੀਜਿਆਂ ਅਤੇ ਭਤੀਜੀ ਤੋਂ ਬਾਅਦ ਛੇਵੇਂ ਨੰਬਰ ਉੱਤੇ ਹਨ।

ਪ੍ਰਿੰਸ ਹੈਰੀ ਅਤੇ ਮੇਘਨ ਦਾ ਰਿਸ਼ਤਾ ਕਿਵੇਂ ਅੱਗੇ ਵਧਿਆ

ਜਦੋਂ ਪ੍ਰਿੰਸ ਹੈਰੀ ਸਾਲ 2016 ਵਿੱਚ ਮੇਘਨ ਨੂੰ ਮਿਲੇ ਸੀ ਤਾਂ ਉਹ ਅਮਰੀਕਾ ਵਿੱਚ ਇੱਕ ਕਾਮਯਾਬ ਨਾਟਕ ਸੂਟਸ ਦੀ ਅਦਾਕਾਰਾ ਸੀ। ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਜਾਣ-ਪਛਾਣ ਇੱਕ ਸਾਂਝੇ ਦੋਸਤ ਵੱਲੋਂ ਕਰਵਾਈ ਗਈ ਸੀ ਅਤੇ ਉਨ੍ਹਾਂ ਨੇ ਆਪਣੇ ਪਰਉਪਕਾਰੀ ਕੰਮ ਕਾਰਨ ਮਿਲੇ ਸਨ।

ਉਨ੍ਹਾਂ ਨੇ ਸਾਲ 2017 ਵਿੱਚ ਆਪਣੀ ਮੰਗਣੀ ਦਾ ਐਲਾਨ ਕੀਤਾ ਅਤੇ ਅਗਲੇ ਸਾਲ ਵਿੰਡਸਰ ਕੈਸਲ ਵਿਖੇ ਵਿਆਹ ਕੀਤਾ ਜਿਸ ਨੂੰ ਟੈਲੀਵਿਜ਼ਨ ਉੱਤੇ ਦਿਖਾਇਆ ਗਿਆ। 18 ਲੱਖ ਦਰਸ਼ਕਾਂ ਨੇ ਯੂਕੇ ਵਿੱਚ ਇਹ ਵਿਆਹ ਦੇਖਿਆ ਅਤੇ ਦੁਨੀਆਂ ਭਰ ਵਿੱਚ ਵੀ ਲੱਖਾਂ ਲੋਕਾਂ ਨੇ ਇਸ ਨੂੰ ਦੇਖਿਆ।

ਸ਼ਾਹੀ ਜ਼ਿੰਮੇਵਾਰੀਆਂ ਤੋਂ ਪਿੱਛੇ ਹਟਣ ਤੋਂ ਬਾਅਦ ਇਹ ਜੋੜਾ ਕੈਲੀਫੋਰਨੀਆ ਚਲਾ ਗਿਆ ਜਿੱਥੋਂ ਦੇ ਮੇਘਨ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਮਾਂ ਅਜੇ ਵੀ ਰਹਿੰਦੇ ਹਨ।

ਉਨ੍ਹਾਂ ਦੇ ਬੇਟਾ ਆਰਚੀ ਦਾ ਜਨਮ ਸਾਲ 2019 ਵਿੱਚ ਹੋਇਆ ਸੀ ਅਤੇ ਮੇਘਨ ਦੇ ਦੂਜੇ ਬੱਚਾ ਵੀ ਹੋਣ ਵਾਲਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)