ਕੋਰੋਨਾ ਨੂੰ ਠੱਲ੍ਹ ਪਾਉਣ ’ਚ ਕੇਂਦਰੀ ਟੀਮ ਇੰਝ ਕਰੇਗੀ ਪੰਜਾਬ ਤੇ ਮਹਾਰਾਸ਼ਟਰ ਦੀ ਮਦਦ

ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੇਸ ਇੱਕ ਵਾਰ ਫਿਰ ਵਧਣ ਦੇ ਰਾਹੇ ਪੈ ਗਏ ਹਨ। ਪੰਜਾਬ ਸਰਕਾਰ ਵੱਲੋਂ ਕਈ ਇਲਾਕਿਆਂ ਵਿੱਚ ਰਾਤ ਦਾ ਕਰਫਿਊ ਲਾਇਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਵੀ ਵਿਸ਼ੇਸ਼ ਟੀਮ ਸੂਬੇ ਦੀ ਮਦਦ ਲਈ ਰਵਾਨਾ ਕੀਤੀਆਂ ਗਈਆਂ ਹਨ।

ਕੇਂਦਰ ਸਰਕਾਰ ਵੱਲੋਂ ਇਹ ਟੀਮਾਂ ਪੰਜਾਬ ਅਤੇ ਮਹਾਰਾਸ਼ਟਰ ਵੀ ਰਵਾਨਾ ਕੀਤੀਆਂ ਗਈਆਂ ਹਨ, ਜਿੱਥੇ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਪਿਛਲੇ ਚਾਰ ਹਫ਼ਤਿਆਂ ਤੋਂ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ।

ਇਹ ਬਹੁ-ਅਨੁਸ਼ਾਸਨੀ ਜਨਤਕ ਸਿਹਤ ਟੀਮਾਂ ਸੂਬਿਆਂ ਦੇ ਸਿਹਤ ਵਿਭਾਗਾਂ ਦਾ ਕੋਵਿਡ-19 ਨਿਗਰਾਨੀ, ਕੰਟਰੋਲ ਅਤੇ ਕੰਟੇਨਮੈਂਟ ਉਪਰਾਲਿਆਂ ਵਿੱਚ ਹੱਥ ਵਟਾਉਣਗੀਆਂ।

ਇਹ ਵੀ ਪੜ੍ਹੋ:-

ਪੰਜਾਬ ਵਿੱਚ ਇਸ ਟੀਮ ਦੀ ਅਗਵਾਈ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨਵੀਂ ਦਿੱਲੀ ਦੇ ਨਿਰਦੇਸ਼ਕ ਡਾ਼ ਐੱਸ ਕੇ ਸਿੰਘ ਕਰਨਗੇ।

ਇਹ ਟੀਮਾ ਸੂਬਿਆਂ ਵਿੱਚ ਤੁਰੰਤ ਪਹੁੰਚਣਗੀਆਂ ਅਤੇ ਹੌਟਸਪੌਟ ਖੇਤਰਾਂ ਵਿੱਚ ਜਾ ਕੇ ਕੇਸਾਂ ਵਿੱਚ ਹੋ ਰਹੇ ਵਾਧੇ ਦੇ ਕਾਰਨਾਂ ਦੀ ਜਾਂਚ ਕਰਨਗੀਆਂ। ਉਹ ਮੁੱਖ ਸਕੱਤਰ/ਮੁੱਖ ਸਕੱਤਰ (ਗ੍ਰਹਿ) ਨੂੰ ਆਪਣੀ ਬਰੀਫ਼ ਦੇਣਗੀਆਂ ਅਤੇ ਸੂਬਿਆਂ ਵੱਲੋਂ ਚੁੱਕੇ ਜਾ ਸਕਣ ਵਾਲੇ ਢੁਕਵੇਂ ਉਪਾਵਾਂ ਬਾਰੇ ਸੁਝਾਅ ਦੇਣਗੀਆਂ।

ਪੰਜਾਬ ਸਰਕਾਰ ਦੇ ਕੀ ਹਨ ਹੁਕ

ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਮੁਤਾਬਕ, ਜਲੰਧਰ, ਕਪੂਰਥਲਾ ਤੇ ਨਵਾਂ ਸ਼ਹਿਰ ਵਿੱਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲੱਗੇਗਾ।

ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਸੀ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਕੇਸ ਵੱਧ ਰਹੇ ਹਨ, ਉੱਥੇ ਨਾਈਟ ਕਰਫਿਊ ਲਗਾਉਣ ਦੇ ਹੁਕਮ ਦਿੱਤੇ ਜਾ ਸਕਦੇ ਹਨ।

ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲੱਗੇਗਾ ਜੋ ਕਿ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।

ਇਹ ਹੁਕਮ ਉਨ੍ਹਾਂ ਫੈਕਟਰੀਆਂ ਦੇ ਸਟਾਫ 'ਤੇ ਲਾਗੂ ਨਹੀਂ ਹੋਣਗੇ ਜਿਹੜੀਆਂ 24 ਘੰਟੇ ਸ਼ਿਫਟਾਂ ਵਿੱਚ ਕੰਮ ਕਰਦੀਆਂ ਹਨ।

ਇਸ ਤੋਂ ਇਲਾਵਾ ਮੈਡੀਕਲ ਐਮਰਜੈਂਸੀ ਦੇ ਕੇਸਾਂ ਉੱਪਰ, ਨੈਸ਼ਨਲ ਹਾਈਵੇਅ ਉੱਪਰ ਹੋ ਰਹੀ ਆਵਾਜਾਈ ਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਰਾਹੀਂ ਯਾਤਰਾ ਕਰਨ ਉਪਰੰਤ ਵਾਪਸ ਆ ਰਹੇ ਵਿਅਕਤੀਆਂ 'ਤੇ ਵੀ ਲਾਗੂ ਨਹੀਂ ਹੋਵੇਗਾ।

ਕੇਸ ਹੋਰ ਵਧਣ ਦਾ ਖਦਸ਼ਾ

ਪੰਜਾਬ ਦੀ ਮੁੱਖ ਸੱਕਤਰ ਵਿਨੀ ਮਹਾਜਨ ਨੇ ਇੱਕ ਮੀਟਿੰਗ ਕੀਤੀ ਜਿਸ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ।

ਉਨ੍ਹਾਂ ਨੇ ਅਫਸਰਾਂ ਨੂੰ ਪੰਜਾਬ ਵਿੱਚ ਪੌਜ਼ਿਟਿਵਿਟੀ ਰੇਤ ਦਾ ਜਾਇਜ਼ਾ ਲੈਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਵਿਆਹ ਦੇ ਪ੍ਰੋਗਰਾਮਾਂ ਤੇ ਹੋਰ ਇੱਕਠਾਂ ਦੌਰਾਨ ਕੋਵਿਡ ਮੌਨੀਟਰ ਲਗਾਏ ਜਾਣ।

ਉਨ੍ਹਾਂ ਨੇ ਸਕੂਲ ਦੀਆਂ ਟੀਚਰਾਂ ਨੂੰ ਕੋਵਿਡ ਟੈਸਟ ਕਰਵਾਉਣ ਲਈ ਕਿਹਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਟੀਚਰਾਂ ਨੂੰ ਵੀ ਛੇਤੀ ਕੋਰੋਨਾਵਾਇਰਸ ਤੋਂ ਬਚਾਅ ਲਈ ਟੀਕੇ ਲਗਾਏ ਜਾਣ।

ਸਿਹਤ ਸੱਕਤਰ ਹੁਸਨ ਲਾਲ ਨੇ ਦੱਸਿਆ ਕਿ ਹੁਣ ਤੱਕ 2.38 ਲੱਖ ਵਿਅਕਤੀਆਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਉਨ੍ਹਾਂ ਨੇ ਇੱਕ ਮਾਡਲ ਬਾਰੇ ਦੱਸਿਆ ਜਿਸ ਮੁਤਾਬਕ, ਮਾਰਚ ਦੇ ਮੱਧ ਤੋਂ ਸ਼ੁਰੂ ਹੋ ਕੇ ਅੰਤ ਤੱਕ ਪੰਜਾਬ ਵਿੱਚ ਰੋਜ਼ ਦੇ 3000 ਕੇਸ ਸਾਹਮਣੇ ਆ ਸਕਦੇ ਹਨ।

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)