ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਲੀ ਗਰੇਟਾ ਥਨਬਰਗ ਨੇ ਕਦੋਂ-ਕਦੋਂ ਸਿਆਸਤਦਾਨਾਂ ਨੂੰ ਲਲਕਾਰਿਆ

ਤਸਵੀਰ ਸਰੋਤ, Twitter
ਕਿਸਾਨ ਅੰਦੋਲਨ ਦੇ ਪੱਖ ਵਿੱਚ ਰਿਹਾਨਾ ਮਗਰੋਂ ਵਾਤਾਵਰਨ ਕਾਰਕੁਨ ਗਰੇਟਾ ਥਨਬਰਗ ਨੇ ਆਪਣੀ ਹਮਾਇਤ ਜ਼ਾਹਿਰ ਕੀਤੀ। ਗਰੇਟਾ ਨੇ ਕਿਹਾ, “ਅਸੀਂ ਭਾਰਤ ਵਿੱਚ ਹੋ ਰਹੇ ਕਿਸਾਨ ਅੰਦੋਲਨ ਦੇ ਨਾਲ ਖੜ੍ਹੇ ਹਾਂ।”
ਗਰੇਟਾ ਦੇ ਇਸ ਟਵੀਟ ਨੇ ਉਨ੍ਹਾਂ ਨੂੰ ਚਰਚਾ ਵਿੱਚ ਲਿਆ ਦਿੱਤਾ। ਭਾਰਤ ਵਿੱਚ ਉਨ੍ਹਾਂ ਬਾਰੇ ਗੱਲਾਂ ਹੋਣ ਲਗੀਆਂ। ਉਨ੍ਹਾਂ ਦੀਆਂ ਸਿਫ਼ਤਾਂ ਹੋਈਆਂ ਤੇ ਉਨ੍ਹਾਂ ਦੀ ਨਿਖੇਧੀ ਵੀ ਹੋਈ।
ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਨੇ ਤਾਂ ਉਨ੍ਹਾਂ ਦੀ ਕਿਸਾਨ ਅੰਦੋਲਨ ਨੂੰ ਦਿੱਤੀ ਹਮਾਇਤ ਨੂੰ ਭਾਰਤ ਖਿਲਾਫ਼ ਕੌਮਾਂਤਰੀ ਸਾਜ਼ਿਸ਼ ਦਾ ਇੱਕ ਹਿੱਸਾ ਕਰਾਰ ਦੇ ਦਿੱਤਾ।
ਉਸ ਮਗਰੋਂ ਗਰੇਟਾ ਨੇ ਮੁੜ ਟਵੀਟ ਕੀਤਾ ਤੇ ਕਿਹਾ ਕਿ ਉਹ ਅਜੇ ਵੀ ਕਿਸਾਨਾਂ ਦੇ ਸ਼ਾਂਤਮਈ ਮੁਜ਼ਾਹਰੇ ਦੀ ਹਮਾਇਤ ਵਿੱਚ ਹਨ ਤੇ ਕਿਸੇ ਪ੍ਰਕਾਰ ਦੀ ਕੋਈ ਧਮਕੀ ਜਾਂ ਨਫ਼ਰਤ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਸਕਦੀ ਹੈ।
ਆਉ ਜਾਣਦੇ ਹਾਂ ਕੌਣ ਹੈ ਗਟੇਟਾ ਥਨਬਰਗ ਤੇ ਕੀ ਰਿਹਾ ਹੈ ਉਨ੍ਹਾਂ ਦਾ ਯੋਗਦਾਨ।
ਇਹ ਵੀ ਪੜ੍ਹੋ:
ਗਰੇਟਾ ਥਨਬਰਗ ਕੌਣ ਹੈ
ਗਰੇਟਾ ਥਨਬਰਗ ਸਵੀਡਨ ਦੇ ਸਟੌਕਹੌਮ ਦੀ ਰਹਿਣ ਵਾਲੀ 18 ਸਾਲਾ ਕੁੜੀ ਹੈ ਜਿਸ ਨੇ ਸਕੂਲ ਛੱਡਿਆ ਅਤੇ ਮੌਸਮ ਤਬਦੀਲੀ ਨਾਲ ਲੜਨ ਲਈ ਇੱਕ ਕੌਮਾਂਤਰੀ ਲਹਿਰ ਨੂੰ ਪ੍ਰੇਰਿਤ ਕੀਤਾ।
ਉਹ ਇੱਕ ਮੁੱਖ ਆਵਾਜ਼ ਬਣ ਗਈ ਹੈ ਜਿਸ ਨੇ ਲੱਖਾਂ ਲੋਕਾਂ ਨੂੰ ਦੁਨੀਆਂ ਭਰ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ।
ਉਸਨੇ ਬ੍ਰਿਸਲ ਵਿੱਚ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ।
ਗਰੇਟਾ ਦੀ ਮਾਂ ਮਲੇਨਾ ਅਰਨਮੈਨ ਇੱਕ ਓਪੇਰਾ ਗਾਇਕਾ ਹੈ ਅਤੇ ਯੂਰੋਵਿਜ਼ਨ ਸੌਂਗ ਮੁਕਾਬਲੇ ਵਿੱਚ ਹਿੱਸਾ ਲੈ ਚੁੱਕੀ ਹੈ।

ਤਸਵੀਰ ਸਰੋਤ, Getty Images
ਉਸ ਦੇ ਪਿਤਾ ਸਵਾਂਟ ਥਨਬਰਗ ਇੱਕ ਅਦਾਕਾਰ ਹਨ ਅਤੇ ਸਵਾਂਟ ਅਰਹੀਨੀਅਸ ਦੇ ਵੰਸ਼ਜ ਹਨ ਜੋ ਕਿ ਵਿਗਿਆਨੀ ਸਨ ਜਿਨ੍ਹਾਂ ਨੇ ਗ੍ਰੀਨਹਾਊਸ ਦੇ ਪ੍ਰਭਾਵ ਦਾ ਮਾਡਲ ਲਿਆਂਦਾ ਸੀ। 1903 ਵਿੱਚ ਉਨ੍ਹਾਂ ਨੂੰ ਕੈਮਿਸਟਰੀ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ।
ਦੋਵਾਂ ਕੁੜੀਆਂ ਵਿਚੋਂ ਵੱਡੀ ਗਰੇਟਾ ਦਾ ਕਹਿਣਾ ਹੈ ਕਿ ਉਸ ਨੇ ਮੌਸਮੀ ਤਬਦੀਲੀ ਬਾਰੇ ਉਦੋਂ ਸਿੱਖਿਆ ਜਦੋਂ ਉਹ ਅੱਠ ਸਾਲਾਂ ਦੀ ਸੀ ਪਰ ਉਸ ਦੇ ਮਾਪੇ ਵਾਤਾਵਰਨ ਕਾਰਕੁਨ ਨਹੀਂ ਸਨ।
ਗ੍ਰੇਟਾ ਨੂੰ ਐਸਪਰਜਰ ਸਿੰਡਰੋਮ ਹੈ ਜੋ ਕਿ ਇੱਕ ਡੈਵਲਪਮੈਂਟਲ ਡਿਸਆਰਡਰ ਹੈ। ਉਹ ਇਸ ਨੂੰ ਇੱਕ ਤੋਹਫ਼ਾ ਮੰਨਦੀ ਹੈ ਅਤੇ ਕਹਿੰਦੀ ਹੈ ਕਿ ਵੱਖਰਾ ਹੋਣਾ ਇੱਕ "ਮਹਾਂ ਸ਼ਕਤੀ" ਹੈ।
ਗਰੇਟਾ ਨੇ ਇਸ ਮੁਹਿੰਮ ਨੂੰ ਕਦੋਂ ਸ਼ੁਰੂ ਕੀਤਾ
ਮਈ, 2018 ਵਿੱਚ 15 ਸਾਲ ਦੀ ਉਮਰ ਵਿੱਚ ਗਰੇਟਾ ਨੇ ਇੱਕ ਸਥਾਨਕ ਅਖ਼ਬਾਰ ਵਿੱਚ ਇੱਕ ਮੌਸਮੀ ਤਬਦੀਲੀ ਬਾਰੇ ਲੇਖ ਮੁਕਾਬਲਾ ਜਿੱਤਿਆ।
ਤਿੰਨ ਮਹੀਨਿਆਂ ਬਾਅਦ ਅਗਸਤ ਵਿੱਚ ਉਸ ਨੇ ਸਵੀਡਿਸ਼ ਸੰਸਦ ਦੀ ਇਮਾਰਤ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਉਸ ਨੇ ਧਰਨੇ ਨੂੰ ਉਦੋਂ ਤੱਕ ਜਾਰੀ ਰੱਖਣ ਦਾ ਦਾਅਵਾ ਕੀਤਾ ਜਦੋਂ ਤੱਕ ਸਵੀਡਨ ਦੀ ਸਰਕਾਰ 2015 ਵਿੱਚ ਪੈਰਿਸ ਵਿੱਚ ਵਿਸ਼ਵ ਆਗੂਆਂ ਵੱਲੋਂ ਸਹਿਮਤ ਕੀਤੇ ਗਏ ਕਾਰਬਨ ਨਿਕਾਸ ਦੇ ਟੀਚੇ ਨੂੰ ਪੂਰਾ ਨਹੀਂ ਕਰਦੀ।

ਤਸਵੀਰ ਸਰੋਤ, Getty Images
ਉਸਨੇ ਇੱਕ ਤਖ਼ਤਾ ਫੜਿਆ ਜਿਸ 'ਤੇ ਲਿਖਿਆ ਸੀ- 'ਵਾਤਾਵਰਨ ਲਈ ਸਕੂਲ ਹੜਤਾਲ' ਅਤੇ ਸ਼ੁੱਕਰਵਾਰ ਨੂੰ ਹੜਤਾਲ 'ਤੇ ਜਾਣ ਲਈ ਲਗਾਤਾਰ ਸਕੂਲ ਤੋਂ ਛੁੱਟੀ ਮਾਰਨ ਲੱਗੀ। ਉਸ ਨੇ ਦੁਨੀਆਂ ਭਰ ਦੇ ਵਿਦਿਆਰਥੀਆਂ ਨੂੰ ਉਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ।
ਉਸ ਵੱਲੋਂ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਅਤੇ ਜਿਵੇਂ ਹੀ ਉਸਦੇ ਟੀਚੇ ਲਈ ਸਮਰਥਨ ਵੱਧਦਾ ਗਿਆ, ਦੁਨੀਆਂ ਭਰ ਵਿੱਚ #FridaysForFuture ਨਾਲ ਹੋਰ ਹੜਤਾਲਾਂ ਵੀ ਸ਼ੁਰੂ ਹੋ ਗਈਆਂ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਦਸੰਬਰ 2018 ਤੱਕ ਦੁਨੀਆਂ ਭਰ ਦੇ 20,000 ਤੋਂ ਵੱਧ ਵਿਦਿਆਰਥੀਆਂ ਨੇ ਉਸ ਦਾ ਸਾਥ ਦਿੱਤਾ ਜਿਸ ਵਿੱਚ ਆਸਟਰੇਲੀਆ, ਯੂਕੇ, ਬੈਲਜੀਅਮ, ਅਮਰੀਕਾ ਅਤੇ ਜਪਾਨ ਦੇ ਵਿਦਿਆਰਥੀ ਸ਼ਾਮਲ ਸਨ।
ਉਹ ਯੂਰਪ ਦੇ ਆਲੇ-ਦੁਆਲੇ ਦੀਆਂ ਹੜਤਾਲਾਂ ਵਿੱਚ ਸ਼ਾਮਲ ਹੋਈ ਅਤੇ ਵਾਤਾਵਰਣ ਤੇ ਉਸ ਦੇ ਪ੍ਰਭਾਵ ਨੂੰ ਸੀਮਤ ਕਰਨ ਲਈ ਰੇਲ ਰਾਹੀਂ ਯਾਤਰਾ ਕਰਨਾ ਚੁਣਿਆ।
ਉਦੋਂ ਤੋਂ ਗਰੇਟਾ ਨੇ ਕੀ ਕੀਤਾ
ਗਰੇਟਾ ਮੁਹਿੰਮ ਜਾਰੀ ਰੱਖਣ ਲਈ ਅਤੇ ਦੁਨੀਆਂ ਭਰ ਵਿੱਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ 2019 ਦੇ ਪੂਰੇ ਸਾਲ ਹੀ ਸਕੂਲ ਨਹੀਂ ਗਈ।
ਸਤੰਬਰ 2019 ਵਿੱਚ ਉਹ ਯੂਐੱਨ ਵਾਤਾਵਰਨ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਨਿਊ ਯਾਰਕ ਗਈ।
ਗਰੇਟਾ ਨੇ ਵਾਤਾਵਰਨ 'ਤੇ ਪੈਣ ਵਾਲੇ ਅਸਰ ਕਾਰਨ ਉਡਾਣ ਰਾਹੀਂ ਸਫ਼ਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਸਨੇ ਰੇਸਿੰਗ ਯਾਚ ਰਾਹੀਂ ਸਫ਼ਰ ਕੀਤਾ ਅਤੇ ਦੋ ਹਫ਼ਤਿਆਂ ਵਿੱਚ ਉੱਥੇ ਪਹੁੰਚੀ।

ਤਸਵੀਰ ਸਰੋਤ, Getty Images
ਜਦੋਂ ਉਹ ਪਹੁੰਚੀ ਦੁਨੀਆਂ ਭਰ ਦੇ ਲੱਖਾਂ ਲੋਕਾਂ ਨੇ ਵਾਤਾਵਰਨ ਤਬਦੀਲੀ ਨਾਲ ਜੁੜੀ ਹੜਤਾਲ ਵਿੱਚ ਹਿੱਸਾ ਲਿਆ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਸਨੇ ਸਿਆਸਤਦਾਨਾਂ ਨੂੰ ਮੌਸਮੀ ਤਬਦੀਲੀ ਦੇ ਜਵਾਬਾਂ ਲਈ ਨੌਜਵਾਨਾਂ ਉੱਤੇ ਨਿਰਭਰ ਹੋਣ ਲਈ ਸਵਾਲ ਕੀਤੇ।
ਉਸਨੇ ਕਿਹਾ, "ਤੁਹਾਡੀ ਹਿੰਮਤ ਕਿਵੇਂ ਹੋਈ? ਮੈਨੂੰ ਇੱਥੇ ਨਹੀਂ ਹੋਣਾ ਚਾਹੀਦਾ ਸੀ। ਮੈਨੂੰ ਸਮੁੰਦਰ ਦੇ ਦੂਜੇ ਪਾਸੇ ਸਕੂਲ ਵਿੱਚ ਹੋਣਾ ਚਾਹੀਦਾ ਹੈ। ਫਿਰ ਵੀ ਤੁਸੀਂ ਸਾਰੇ ਸਾਡੇ ਨੌਜਵਾਨਾਂ ਕੋਲ ਉਮੀਦ ਲਈ ਆਉਂਦੇ ਹੋ। ਤੁਹਾਡੀ ਹਿੰਮਤ ਕਿਵੇਂ ਹੋਈ?"
ਗਰੇਟਾ ਕੀ ਚਾਹੁੰਦੀ ਹੈ
ਗਰੇਟਾ ਦਾ ਕਹਿਣਾ ਹੈ ਕਿ ਦੁਨੀਆਂ ਭਰ ਦੀਆਂ ਵੱਡੀਆਂ ਸਰਕਾਰਾਂ ਅਤੇ ਕਾਰੋਬਾਰ ਕਾਰਬਨ ਦੇ ਨਿਕਾਸ ਨੂੰ ਘਟਾਉਣ ਲਈ ਤੇਜ਼ੀ ਨਾਲ ਕੰਮ ਨਹੀਂ ਕਰ ਰਹੇ ਹਨ ਅਤੇ ਉਸ ਨੇ ਨੌਜਵਾਨਾਂ ਨੂੰ ਨਿਰਾਸ਼ ਕਰਨ ਲਈ ਦੁਨੀਆਂ ਭਰ ਦੇ ਆਗੂਆਂ 'ਤੇ ਸ਼ਬਦੀ ਹਮਲਾ ਕੀਤਾ।
ਸ਼ੁਰੂ ਵਿੱਚ ਉਸ ਦੇ ਵਿਰੋਧ-ਪ੍ਰਦਰਸ਼ਨ ਸਵੀਡਨ ਦੀ ਸਰਕਾਰ ਦੇ ਵਾਤਾਵਰਨ ਦੇ ਟੀਚਿਆਂ 'ਤੇ ਕੇਂਦ੍ਰਿਤ ਸਨ ਅਤੇ ਉਸ ਨੇ ਦੁਨੀਆਂ ਭਰ ਦੇ ਵਿਦਿਆਰਥੀਆਂ ਨੂੰ ਆਪਣੇ ਦੇਸਾਂ ਵਿਚ ਅਜਿਹੀਆਂ ਮੰਗਾਂ ਰੱਖਣ ਦੀ ਅਪੀਲ ਕੀਤੀ।

ਤਸਵੀਰ ਸਰੋਤ, Getty Images
ਪਰ ਜਿਵੇਂ ਕਿ ਉਸ ਦੀ ਪ੍ਰਸਿੱਧੀ ਵਧਦੀ ਗਈ, ਉਸਨੇ ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਗਲੋਬਲ ਨਿਕਾਸ ਨੂੰ ਘਟਾਉਣ ਲਈ ਅਪੀਲ ਕੀਤੀ।
ਉਸ ਨੇ ਕੌਮਾਂਤਰੀ ਬੈਠਕਾਂ ਵਿੱਚ ਬੋਲਿਆ ਜਿਸ ਵਿੱਚ ਸੰਯੁਕਤ ਰਾਸ਼ਟਰ ਦੇ ਨਿਊ ਯਾਰਕ ਵਿੱਚ 2019 ਦੇ ਵਾਤਾਵਰਨ ਤਬਦੀਲੀ ਬਾਰੇ ਸੰਬੋਧਨ ਅਤੇ ਦਾਵੋਸ ਵਿੱਚ ਵਿਸ਼ਵ ਆਰਥਿਕ ਮੰਚ ਵੀ ਸ਼ਾਮਲ ਹਨ।
ਫੋਰਮ ਦੌਰਾਨ ਉਸਨੇ ਬੈਂਕਾਂ, ਕੰਪਨੀਆਂ ਅਤੇ ਸਰਕਾਰਾਂ ਨੂੰ ਜੈਵਿਕ ਇੰਧਨ ਜਿਵੇਂ ਕਿ ਤੇਲ, ਕੋਲਾ ਅਤੇ ਗੈਸ ਵਿੱਚ ਨਿਵੇਸ਼ ਕਰਨ ਅਤੇ ਸਬਸਿਡੀ ਦੇਣ ਤੋਂ ਰੋਕਣ ਦੀ ਮੰਗ ਕੀਤੀ।
ਉਸਨੇ ਕਿਹਾ, "ਇਸ ਦੀ ਬਜਾਏ, ਉਨ੍ਹਾਂ ਨੂੰ ਆਪਣੇ ਪੈਸੇ ਨੂੰ ਤਕਨੀਕ, ਖੋਜ ਵਿਕਸਿਤ ਕਰਨ ਅਤੇ ਕੁਦਰਤ ਨੂੰ ਬਹਾਲ ਕਰਨ ਵਿੱਚ ਲਗਾਉਣਾ ਚਾਹੀਦਾ ਹੈ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












