ਮਿਆਂਮਾਰ 'ਚ ਫੌਜ ਨੇ ਕੀਤਾ ਤਖ਼ਤਾਪਲਟ, ਹਿਰਾਸਤ 'ਚ ਲਈ ਗਈ ਔਂ ਸਾਂ ਸੂ ਚੀ ਨੂੰ ਜਾਣੋ

ਮਿਆਂਮਾਰ ਦੀ ਫੌਜ ਨੇ ਔਂ ਸਾਂ ਸੂਚੀ ਸਣੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਸੱਤਾ ਆਪਣੇ ਹੱਥ ਵਿੱਚ ਲੈ ਗਈ ਹੈ।

ਮਿਲੀਟਰੀ ਟੀਵੀ ਨੇ ਕਿਹਾ ਕਿ ਐਮਰਜੈਂਸੀ ਦੀ ਸਥਿਤੀ ਇੱਕ ਸਾਲ ਲਈ ਐਲਾਨ ਦਿੱਤੀ ਗਈ ਹੈ ਅਤੇ ਸੱਤਾ ਬਦਲ ਗਈ ਹੈ।

ਮਿਲਟਰੀ ਟੀਵੀ ਨੇ ਕਿਹਾ ਕਿ ਵਿਵਾਦਤ ਚੋਣਾਂ ਤੋਂ ਬਾਅਦ ਸਿਵਲੀਅਨ ਸਰਕਾਰ ਅਤੇ ਫੌਜ ਵਿਚਾਲੇ ਤਣਾਅ ਵਧਣ ਤੋਂ ਬਾਅਦ ਇਹ ਤਖ਼ਤਾ ਪਲਟਿਆ ਹੈ।

ਮਿਆਂਮਾਰ, ਜਿਸ ਨੂੰ ਬਰਮਾ ਵੀ ਕਿਹਾ ਜਾਂਦਾ ਹੈ, ਉੱਤੇ ਸਾਲ 2011 ਵਿੱਚ ਜਮਹੂਰੀ ਸੁਧਾਰ ਸ਼ੁਰੂ ਹੋਣ ਤੱਕ ਫੌਜ ਦੁਆਰਾ ਸ਼ਾਸਨ ਕੀਤਾ ਜਾਂਦਾ ਰਿਹਾ ਹੈ।

ਫੌਜ ਨੇ ਸੋਮਵਾਰ ਨੂੰ ਕਿਹਾ ਕਿ ਉਹ "ਚੋਣ ਧੋਖਾਧੜੀ" ਕਾਰਨ ਕਮਾਂਡਰ-ਇਨ-ਚੀਫ਼ ਮਿਨ ਔਂਗ ਹਲਾਇੰਗ ਨੂੰ ਸੱਤਾ ਸੌਂਪ ਰਹੇ ਹਨ।

ਫੌਜ ਦੇ ਜਵਾਨ ਰਾਜਧਾਨੀ ਨਾਈ ਪਾਈ ਤੌਅ ਅਤੇ ਮੁੱਖ ਸ਼ਹਿਰ ਯੰਗੂਨ ਦੀਆਂ ਸੜਕਾਂ 'ਤੇ ਹਨ।

ਇਹ ਖ਼ਬਰਾਂ ਵੀ ਪੜ੍ਹੋ:

ਮਿਆਂਮਾਰ ਵਿੱਚ ਨੈਸ਼ਨਲ ਲੀਗ ਫ਼ਾਰ ਡੈਮੋਕਰੇਸੀ ਪਾਰਟੀ ਦੀ ਸਰਬੋਤਮ ਆਗੂ ਔਂ ਸਾਂ ਸੂ ਚੀ ਨੂੰ ਹਿਰਾਸਤ ਵਿੱਚ ਲੈਣ ਬਾਰੇ ਪਾਰਟੀ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ।

ਨੈਸ਼ਨਲ ਲੀਗ ਫ਼ਾਰ ਡੈਮੋਕਰੇਸੀ ਪਾਰਟੀ ਨੇ ਨਵੰਬਰ ਵਿੱਚ ਹੋਈਆਂ ਚੋਣਾਂ ਵਿੱਚ ਭਾਰੀ ਜਿੱਤ ਦਰਜ ਕੀਤੀ ਸੀ ਪਰ ਫ਼ੌਜ ਦਾ ਦਾਅਵਾ ਹੈ ਕਿ ਇਸ ਪ੍ਰਕਿਰਿਆ ਵਿੱਚ ਧੋਖਾਧੜੀ ਹੋਈ ਸੀ।

ਨਵੇਂ ਚੁਣੇ ਗਏ ਹੇਠਲੇ ਸਦਨ ਦਾ ਸੈਸ਼ਨ ਸੋਮਵਾਰ ਨੂੰ ਪਹਿਲੀ ਵਾਰ ਹੋਣਾ ਤੈਅ ਸੀ ਪਰ ਫੌਜ ਨੇ ਸੰਸਦ ਦੀ ਬੈਠਕ ਮੁਲਤਵੀ ਕਰਨ ਦੀ ਮੰਗ ਕੀਤੀ।

ਨੈਸ਼ਨਲ ਲੀਗ ਫ਼ਾਰ ਡੈਮੋਕਰੇਸੀ ਪਾਰਟੀ ਦੇ ਬੁਲਾਰੇ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਕਿਹਾ ਕਿ ਸੂ ਚੀ ਰਾਸ਼ਟਰਪਤੀ ਵਿਨ ਮਿਯੰਟ ਅਤੇ ਹੋਰਨਾਂ ਆਗੂਆਂ ਨੂੰ ਸਵੇਰੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਉਨ੍ਹਾਂ ਨੇ ਖਦਸ਼ਾ ਜਤਾਇਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਵੀ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ।

ਬੀਬੀਸੀ ਦੱਖਣੀ-ਪੂਰਬੀ ਏਸ਼ੀਆ ਦੇ ਪੱਤਰਕਾਰ ਜੌਨਾਥਨ ਹੈੱਡ ਦਾ ਕਹਿਣਾ ਹੈ ਕਿ ਮਿਆਂਮਾਰ ਦੀ ਰਾਜਧਾਨੀ ਨੇਪੀਟਾਵ ਅਤੇ ਮੁੱਖ ਸ਼ਹਿਰ ਯਾਂਗੂਨ ਵਿੱਚ ਫੌਜੀ ਜਵਾਨ ਸੜਕਾਂ 'ਤੇ ਮੌਜੂਦ ਹਨ।

ਬੀਬੀਸੀ ਬਰਮਾ ਸੇਵਾ ਨੇ ਦੱਸਿਆ ਹੈ ਕਿ ਰਾਜਧਾਨੀ ਵਿੱਚ ਟੈਲੀਫ਼ੋਨ ਅਤੇ ਇੰਟਰਨੈਟ ਸੇਵਾਵਾਂ ਕੱਟ ਦਿੱਤੀਆਂ ਗਈਆਂ ਹਨ।

'ਕੂਪ' (ਤਖ਼ਤਾ ਪਲਟ) ਆਖ਼ਰ ਕੀ ਹੁੰਦਾ ਹੈ?

'ਕੂਪ' ਫਰੈਂਚ ਸ਼ਬਦ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਤਖ਼ਤਾ ਪਲਟ।

ਅਜਿਹਾ ਉਦੋਂ ਹੁੰਦਾ ਹੈ ਜਦੋਂ ਲੋਕ ਗ਼ੈਰ-ਕਾਨੂੰਨੀ ਢੰਗ ਨਾਲ ਸਰਕਾਰ ਨੂੰ ਪੁੱਟ ਸੁੱਟਣ ਲਈ ਕਾਰਵਾਈ ਕਰਦੇ ਹਨ ਅਤੇ ਅਕਸਰ ਹਿੰਸਾ ਜਾਂ ਧਮਕੀਆਂ ਦੀ ਵੀ ਵਰਤੋਂ ਕਰਦੇ ਹਨ।

ਲੋਕ ਇਹ ਸਭ ਇਸ ਲਈ ਕਰਦੇ ਹਨ ਕਿਉਂਕਿ ਉਹ ਉਸ ਸਰਕਾਰ ਦੀ ਕਾਰਗੁਜਾਰੀ ਤੋਂ ਖੁਸ਼ ਨਹੀਂ ਹੁੰਦੇ।

ਫੌਜ ਵੱਲੋਂ ਤਖ਼ਤਾ ਪਲਟ

ਅਕਸਰ ਅਜਿਹਾ ਕਰਨ ਵਾਲੇ ਲੋਕ ਹਥਿਆਰਾਂ ਵਾਲੇ ਲੋਕ ਹੁੰਦੇ ਹਨ, ਇਸ ਕਰਕੇ ਉਸ ਨੂੰ ਫੌਜ ਵੱਲੋਂ ਤਖਤਾ ਪਲਟ ਕਿਹਾ ਜਾਂਦਾ ਹੈ।

ਫੌਜ ਕੋਲ ਹਥਿਆਰ ਹੁੰਦੇ ਹਨ ਇਸ ਕਰਕੇ ਉਹ ਆਸਾਨੀ ਨਾਲ ਧਮਕੀ ਦੇ ਸਕਦੇ ਹਨ।

ਕਈ ਦੇਸ਼ਾਂ ਵਿੱਚ, ਸੈਨਾ ਕੋਲ ਬਹੁਤ ਸ਼ਕਤੀਆਂ ਅਤੇ ਪ੍ਰਭਾਵ ਹੁੰਦਾ ਹੈ।

ਕੌਣ ਹਨ ਔਂ ਸਾਂ ਸੂ ਚੀ?

ਔਂ ਸਾਂ ਸੂ ਚੀ ਮਿਆਂਮਾਰ ਦੀ ਆਜ਼ਾਦੀ ਦੇ ਨਾਇਕ ਜਨਰਲ ਔਂ ਸਾਂ ਦੀ ਧੀ ਹੈ। ਸਾਲ 1948 ਵਿੱਚ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਮਿਲਣ ਤੋਂ ਪਹਿਲਾਂ ਜਨਰਲ ਔਂ ਸਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਸੂ ਚੀ ਸਿਰਫ਼ ਦੋ ਸਾਲਾਂ ਦੀ ਸੀ।

1960 ਵਿੱਚ ਉਹ ਆਪਣੀ ਮਾਂ ਦੌ ਖਿਨ ਚੀ ਨਾਲ ਭਾਰਤ ਚਲੀ ਗਈ ਸੀ ਜਿਨ੍ਹਾਂ ਨੂੰ ਦਿੱਲੀ ਵਿੱਚ ਮਿਆਂਮਾਰ ਦੀ ਰਾਜਦੂਤ ਨਿਯੁਕਤ ਕੀਤਾ ਗਿਆ ਸੀ।

ਚਾਰ ਸਾਲਾਂ ਬਾਅਦ ਉਹ ਯੂਕੇ ਦੀ ਓਕਸਫੋਰਡ ਯੂਨੀਵਰਸਿਟੀ ਚਲੀ ਗਈ, ਜਿੱਥੇ ਉਨ੍ਹਾਂ ਨੇ ਦਰਸ਼ਨ, ਰਾਜਨੀਤੀ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਉੱਥੇ ਉਹ ਆਪਣੇ ਹੋਣ ਵਾਲੇ ਪਤੀ, ਅਕਾਦਮਿਕ ਮਾਈਕਲ ਐਰਿਸ ਨੂੰ ਮਿਲੀ।

ਜਾਪਾਨ ਅਤੇ ਭੂਟਾਨ ਵਿੱਚ ਰਹਿਣ ਅਤੇ ਕੰਮ ਕਰਨ ਤੋਂ ਬਾਅਦ, ਉਹ ਆਪਣੇ ਦੋ ਬੱਚਿਆਂ ਅਲੈਗਜ਼ੈਂਡਰ ਅਤੇ ਕਿਮ ਨਾਲ ਯੂਕੇ ਵਿੱਚ ਹੀ ਰਹਿਣ ਲੱਗੀ ਪਰ ਮਿਆਂਮਾਰ ਉਨ੍ਹਾਂ ਦੀ ਸੋਚ 'ਚੋਂ ਕਦੇ ਦੂਰ ਨਹੀਂ ਹੋਇਆ ਸੀ।

ਜਦੋਂ ਉਹ 1988 ਵਿੱਚ ਰੰਗੂਨ (ਹੁਣ ਯੰਗੂਨ) ਆਪਣੀ ਬੀਮਾਰ ਮਾਂ ਦੀ ਦੇਖ-ਭਾਲ ਕਰਨ ਲਈ ਆਏ ਸੀ, ਮਿਆਂਮਾਰ ਵਿੱਚ ਵੱਡੀ ਸਿਆਸੀ ਉਥਲ-ਪੁਥਲ ਚੱਲ ਰਹੀ ਸੀ।

ਮਨੁੱਖੀ ਅਧਿਕਾਰਾਂ ਲਈ ਲੜਾਈ ਲੜਨ ਵਾਲੀ ਔਰਤ

ਸੂ ਚੀ ਨੂੰ ਦੁਨੀਆਂ ਭਰ ਵਿੱਚ ਮਨੁੱਖੀ ਅਧਿਕਾਰਾਂ ਲਈ ਲੜਾਈ ਲੜਨ ਵਾਲੀ ਔਰਤ ਦੇ ਰੂਪ ਵਿੱਚ ਦੇਖਿਆ ਗਿਆ ਜਿਨ੍ਹਾਂ ਨੇ ਮਿਆਂਮਾਰ ਦੇ ਫੌਜੀ ਸ਼ਾਸਕਾਂ ਨੂੰ ਚੁਣੌਤੀ ਦੇਣ ਲਈ ਆਪਣੀ ਆਜ਼ਾਦੀ ਦਾ ਤਿਆਗ ਕਰ ਦਿੱਤਾ ਸੀ।

ਸਾਲ 1991 ਵਿੱਚ ਨਜ਼ਰਬੰਦੀ ਦੌਰਾਨ ਸੂ ਚੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ। 1989 ਤੋਂ 2010 ਤੱਕ ਸੂ ਚੀ ਨੇ ਲਗਭਗ 15 ਸਾਲ ਨਜ਼ਰਬੰਦੀ ਵਿੱਚ ਗੁਜ਼ਾਰੇ ਸਨ।

ਇਹ ਖ਼ਬਰਾਂ ਵੀ ਪੜ੍ਹੋ:

ਨਵੰਬਰ 2015 ਵਿੱਚ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਪਾਰਟੀ ਨੇ ਸੂ ਚੀ ਦੀ ਅਗਵਾਈ ਵਿੱਚ ਇੱਕਤਰਫ਼ਾ ਚੋਣਾਂ ਜਿੱਤੀਆਂ ਸਨ।

ਮਿਆਂਮਾਰ ਦੇ ਇਤਿਹਾਸ ਵਿੱਚ 25 ਸਾਲਾਂ ਵਿੱਚ ਇਹ ਪਹਿਲੀ ਚੋਣ ਸੀ ਜਿਸ ਵਿੱਚ ਲੋਕਾਂ ਨੇ ਖੁੱਲ੍ਹ ਕੇ ਹਿੱਸਾ ਲਿਆ।

ਮਿਆਂਮਾਰ ਦਾ ਸੰਵਿਧਾਨ ਉਨ੍ਹਾਂ ਨੂੰ ਰਾਸ਼ਟਰਪਤੀ ਬਣਨ ਤੋਂ ਰੋਕਦਾ ਹੈ ਕਿਉਂਕਿ ਉਨ੍ਹਾਂ ਦੇ ਬੱਚੇ ਵਿਦੇਸ਼ੀ ਨਾਗਰਿਕ ਹਨ। ਪਰ 75 ਸਾਲਾ ਸੂ ਚੀ ਨੂੰ ਮਿਆਂਮਾਰ ਦੀ ਸਰਬਉੱਚ ਆਗੂ ਵਜੋਂ ਦੇਖਿਆ ਜਾਂਦਾ ਹੈ।

ਪਰ ਮਿਆਂਮਾਰ ਦੀ ਸਟੇਟ ਕੌਂਸਲਰ ਬਣਨ ਤੋਂ ਬਾਅਦ ਔਂਗ ਸਾਨ ਸੂ ਚੀ ਨੇ ਮਿਆਂਮਾਰ ਦੇ ਘੱਟ-ਗਿਣਤੀ ਰੋਹਿੰਗਿਆ ਮੁਸਲਮਾਨਾਂ ਪ੍ਰਤੀ ਜੋ ਰਵੱਈਆ ਅਪਣਾਇਆ, ਉਸ ਦੀ ਅਲੋਚਨਾ ਹੋਈ।

ਸਾਲ 2017 ਵਿੱਚ ਲੱਖਾਂ ਰੋਹਿੰਗਿਆ ਮੁਸਲਮਾਨਾਂ ਨੇ ਰਖਾਇਨ ਸੂਬੇ ਵਿੱਚ ਪੁਲਿਸ ਕਾਰਵਾਈ ਤੋਂ ਬਚਣ ਲਈ ਗੁਆਂਢੀ ਦੇਸ ਬੰਗਲਾਦੇਸ਼ ਵਿੱਚ ਸ਼ਰਨ ਲਈ ਸੀ।

ਇਸ ਤੋਂ ਬਾਅਦ ਸੂ ਚੀ ਦੇ ਪਹਿਲਾਂ ਸਮਰਖਕ ਰਹੇ ਕੌਮਾਂਤਰੀ ਹਿਮਾਇਤੀਆਂ ਨੇ ਬਲਾਤਕਾਰ, ਕਤਲ ਅਤੇ ਸੰਭਾਵੀ ਕਤਲੇਆਮ ਨੂੰ ਰੋਕਣ ਲਈ ਕੁਝ ਨਾ ਕਰਨ ਅਤੇ ਤਾਕਤਵਰ ਫੌਜ ਦੀ ਨਿੰਦਾ ਕਰਨ ਜਾਂ ਤਸ਼ੱਦਦ ਨੂੰ ਨਾਮਨਜ਼ੂਰ ਕਰਨ ਦੇ ਇਲਜ਼ਾਮ ਲਾਏ।

ਕੁਝ ਲੋਕਾਂ ਨੇ ਦਲੀਲ ਦਿੱਤੀ ਹੈ ਕਿ ਉਹ ਇੱਕ ਸਮਝਦਾਰ ਸਿਆਸਤਦਾਨ ਹੈ ਜੋ ਬਹੁ-ਜਾਤੀ ਦੇਸ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸਦਾ ਇਤਿਹਾਸ ਕਾਫ਼ੀ ਗੁੰਝਲਦਾਰ ਹੈ।

ਪਰ ਸੂ ਚੀ ਨੇ ਕੌਮਾਂਤਰੀ ਅਦਾਲਤ ਵਿੱਚ ਸਾਲ 2019 ਵਿੱਚ ਸੁਣਵਾਈ ਦੌਰਾਨ ਜੋ ਸਪਸ਼ਟੀਕਰਨ ਦਿੱਤਾ, ਉਸ ਤੋਂ ਬਾਅਦ ਉਨ੍ਹਾਂ ਦੀ ਕੌਮਾਂਤਰੀ ਪ੍ਰਸਿੱਧੀ ਖ਼ਤਮ ਹੋ ਗਈ।

ਹਾਲਾਂਕਿ ਮਿਆਂਮਾਰ ਵਿੱਚ ਔਂ ਸਾਂ ਸੂ ਚੀ ਨੂੰ 'ਦੀ ਲੇਡੀ' ਦਾ ਖਿਤਾਬ ਹਾਸਿਲ ਹੈ ਅਤੇ ਅਜੇ ਵੀ ਬਹੁਗਿਣਤੀ ਬੋਧੀ ਆਬਾਦੀ ਵਿੱਚ ਬਹੁਤ ਮਸ਼ਹੂਰ ਹਨ।

ਪਰ ਇਸ ਬਹੁਗਿਣਤੀ ਸਮਾਜ ਰੋਹਿੰਗਿਆ ਸਮਾਜ ਪ੍ਰਤੀ ਬਹੁਤ ਘੱਟ ਹਮਦਰਦੀ ਰੱਖਦਾ ਹੈ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)