United States: ਜੋਅ ਬਾਇਡਨ ਅਤੇ ਕਮਲਾ ਹੈਰਿਸ ਜਦੋਂ ਸਹੁੰ ਚੁੱਕਣਗੇ, ਉਸ ਦਿਨ ਕੀ ਕੀ ਹੋਵੇਗਾ

ਤਸਵੀਰ ਸਰੋਤ, Getty Images
ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਉਦਘਾਟਨ ਦੇ ਦਿਨ ਤੱਕ ਅਧਿਕਾਰਤ ਤੌਰ 'ਤੇ ਵ੍ਹਾਈਟ ਹਾਊਸ ਵਿੱਚ ਕਦਮ ਨਹੀਂ ਰੱਖ ਸਕਦੇ। ਇਹ ਇੱਕ ਰਾਜਨੀਤਿਕ ਪਰੇਡ ਹੈ, ਜਦੋਂ ਬਾਇਡਨ ਅਤੇ ਉਨ੍ਹਾਂ ਦੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਅਹੁਦੇ ਦੀ ਸਹੁੰ ਚੁੱਕਣਗੇ।
ਕੋਵਿਡ -19 ਪ੍ਰੋਟੋਕੋਲ ਤੋਂ ਲੈ ਕੇ ਸੁਰੱਖਿਆ ਦੀਆਂ ਚਿੰਤਾਵਾਂ ਤੱਕ, ਲੇਡੀ ਗਾਗਾ ਦੀ ਪੇਸ਼ਕਾਰੀ ਤੱਕ, ਇੱਥੇ ਉਹ ਸਭ ਕੁਝ ਹੈ ਜਿਸ ਅਹਿਮ ਦਿਨ ਬਾਰੇ ਤੁਹਾਨੂੰ ਜਾਣਨ ਦੀ ਜ਼ਰੂਰਤ ਹੈ।
ਉਦਘਾਟਨ ਕੀ ਹੈ?
ਉਦਘਾਟਨ ਇੱਕ ਰਸਮੀ ਸਮਾਗਮ ਹੈ ਜੋ ਨਵੇਂ ਰਾਸ਼ਟਰਪਤੀ ਦੀ ਸ਼ੁਰੂਆਤ ਦਾ ਇੱਕ ਪ੍ਰਤੀਕ ਹੈ ਅਤੇ ਇਹ ਸਮਾਗਮ ਵਾਸ਼ਿੰਗਟਨ ਡੀਸੀ ਵਿੱਚ ਹੁੰਦਾ ਹੈ।
ਇਸ ਦੀ ਜ਼ਰੂਰੀ ਵਿਸ਼ੇਸ਼ਤਾ ਇਹ ਹੈ ਕਿ ਚੁਣਿਆ ਗਿਆ ਰਾਸ਼ਟਰਪਤੀ ਆਪਣੇ ਅਹੁਦੇ ਦੀ ਸਹੁੰ ਚੁੱਕਦਾ ਹੈ: "ਮੈਂ ਸਹੁੰ ਚੁੱਕਦਾ ਹਾਂ ਕਿ ਮੈਂ ਸਯੁੰਕਤ ਰਾਜ ਦੇ ਰਾਸ਼ਟਰਪਤੀ ਦੇ ਦਫ਼ਤਰ ਨੂੰ ਇਮਾਨਦਾਰੀ ਨਾਲ ਚਲਾਵਾਂਗਾ ਅਤੇ ਸੰਯੁਕਤ ਰਾਜ ਦੇ ਸੰਵਿਧਾਨ ਦੀ ਸੁਰੱਖਿਆ ਲਈ ਆਪਣੀ ਪੂਰੀ ਯੋਗਤਾ, ਸਮਰੱਥਾ ਅਤੇ ਬਚਾਅ ਦੇ ਸਰਵੋਤਮ ਯਤਨ ਕਰਾਂਗਾ।''
ਇਹ ਵੀ ਪੜ੍ਹੋ
ਇੱਕ ਵਾਰ ਜਦੋਂ ਉਹ ਇਹ ਸ਼ਬਦ ਬੋਲਣਗੇ, ਬਾਇਡਨ ਫਿਰ 46ਵੇਂ ਰਾਸ਼ਟਰਪਤੀ ਵਜੋਂ ਆਪਣਾ ਸਥਾਨ ਗ੍ਰਹਿਣ ਕਰਨਗੇ ਅਤੇ ਉਦਘਾਟਨ ਸਮਾਗਮ ਪੂਰਾ ਹੋ ਜਾਵੇਗਾ।
ਕਮਲਾ ਹੈਰਿਸ ਜਦੋਂ ਸਹੁੰ ਚੁੱਕਣਗੇ ਤਾਂ ਉਹ ਉਪ-ਰਾਸ਼ਟਰਪਤੀ ਬਣਨਗੇ, ਜੋ ਆਮ ਤੌਰ 'ਤੇ ਰਾਸ਼ਟਰਪਤੀ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੁੰਦਾ ਹੈ।
ਬਾਇਡਨ ਦਾ ਉਦਘਾਟਨ ਕਦੋਂ ਹੋਵੇਗਾ?
ਕਾਨੂੰਨ ਅਨੁਸਾਰ ਉਦਘਾਟਨ ਦਾ ਦਿਨ 20 ਜਨਵਰੀ ਹੈ। ਉਦਘਾਟਨੀ ਟਿੱਪਣੀਆਂ ਆਮ ਤੌਰ 'ਤੇ ਲਗਭਗ 11:30 ਈਐੱਸਟੀ (16:30 ਜੀਐੱਮਟੀ) ਲਈ ਤੈਅ ਕੀਤੀਆਂ ਜਾਂਦੀਆਂ ਹਨ ਅਤੇ ਜੋਅ ਬਾਇਡਨ ਅਤੇ ਕਮਲਾ ਹੈਰਿਸ ਨੂੰ ਦੁਪਹਿਰ ਦੇ ਸਮੇਂ ਸਹੁੰ ਚੁਕਾਈ ਜਾਏਗੀ।
ਇਸ ਤੋਂ ਬਾਅਦ ਦਿਨ ਵਿੱਚ ਬਾਇਡਨ ਵ੍ਹਾਈਟ ਹਾਊਸ ਵਿੱਚ ਜਾਣਗੇ - ਜੋ ਅਗਲੇ ਚਾਰ ਸਾਲਾਂ ਲਈ ਉਨ੍ਹਾਂ ਦਾ ਘਰ ਹੈ।

ਤਸਵੀਰ ਸਰੋਤ, Getty Images
ਸੁਰੱਖਿਆ ਕੀ ਹੋਵੇਗੀ?
ਰਾਸ਼ਟਰਪਤੀ ਦੇ ਉਦਘਾਟਨ ਵਿੱਚ ਆਮ ਤੌਰ 'ਤੇ ਵਿਸਥਾਰਤ ਸੁਰੱਖਿਆ ਯੋਜਨਾਵਾਂ ਸ਼ਾਮਲ ਹੁੰਦੀਆਂ ਹਨ, ਪਰ ਇਸ ਵਾਰ ਇਸ ਤੋਂ ਵੀ ਜ਼ਿਆਦਾ ਹਨ ਕਿਉਂਕਿ 6 ਜਨਵਰੀ ਨੂੰ ਟਰੰਪ ਪੱਖੀ ਭੀੜ ਨੇ ਯੂਐੱਸ ਕੈਪੀਟਲ 'ਤੇ ਹਮਲਾ ਕਰ ਦਿੱਤਾ ਸੀ।
ਐੱਫਬੀਆਈ ਨੇ ਉਦਘਾਟਨ ਦੇ ਦਿਨਾਂ ਤੱਕ ਪੂਰੇ ਅਮਰੀਕਾ ਅਤੇ ਵਾਸ਼ਿੰਗਟਨ ਡੀਸੀ ਵਿਖੇ ਯੂਐੱਸ ਕੈਪੀਟਲ 'ਤੇ ਹਥਿਆਰਬੰਦ ਵਿਰੋਧ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਹੈ, ਜਿਸ ਨਾਲ ਅਧਿਕਾਰੀਆਂ ਨੂੰ ਸੁਰੱਖਿਆ ਵਧਾਉਣੀ ਪਈ।
ਬਾਇਡਨ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਅਤਿਵਾਦ ਵਿਰੋਧੀ ਸਲਾਹਕਾਰ ਲੀਜ਼ਾ ਮੋਨਾਕੋ ਨੂੰ ਉਦਘਾਟਨ ਲਈ ਸੁਰੱਖਿਆ 'ਤੇ ਅਸਥਾਈ ਸਲਾਹਕਾਰ ਵਜੋਂ ਕੰਮ ਕਰਨ ਲਈ ਕਿਹਾ ਹੈ। ਮੋਨਾਕੋ ਡਿਪਟੀ ਅਟਾਰਨੀ ਜਨਰਲ ਲਈ ਬਾਇਡਨ ਵੱਲੋਂ ਨਾਮਜ਼ਦ ਹੈ।
ਵਾਸ਼ਿੰਗਟਨ ਡੀਸੀ ਪਹਿਲਾਂ ਹੀ ਐਮਰਜੈਂਸੀ ਦੀ ਸਥਿਤੀ ਵਿੱਚ ਹੈ - ਕੈਪੀਟਲ ਹਿੱਲ ਵਿਖੇ ਹੋਏ ਦੰਗਿਆਂ ਵਿਚਕਾਰ ਮੇਅਰ ਮੂਰੀਅਲ ਬਾਉਸਰ ਵੱਲੋਂ ਇਸ ਦਾ ਆਦੇਸ਼ ਦਿੱਤਾ ਗਿਆ ਸੀ ਅਤੇ ਉਦਘਾਟਨ ਤੱਕ ਇਹ ਇਸ ਤਰ੍ਹਾਂ ਹੀ ਰਹੇਗਾ।

ਤਸਵੀਰ ਸਰੋਤ, Getty Images
ਹੋਮਲੈਂਡ ਸਕਿਓਰਿਟੀ ਵਿਭਾਗ ਨੇ ਉਦਘਾਟਨ ਲਈ ਵਿਸ਼ੇਸ਼ ਸੁਰੱਖਿਆ ਨੂੰ ਸਮਾਰੋਹ ਤੋਂ ਇੱਕ ਹਫ਼ਤੇ ਪਹਿਲਾਂ ਤੱਕ ਵਧਾ ਦਿੱਤਾ ਹੈ ਤਾਂ ਜੋ ਵਧੇਰੇ ਤਿਆਰੀ ਕੀਤੀ ਜਾ ਸਕੇ। ਸੀਕਰੇਟ ਸਰਵਿਸ ਨੇ ਹਜ਼ਾਰਾਂ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਲਗਭਗ 15,000 ਨੈਸ਼ਨਲ ਗਾਰਡ ਸੈਨਿਕ ਸਮਰਥਿਤ ਸੁਰੱਖਿਆ ਯੋਜਨਾਵਾਂ ਦੀ ਕਮਾਂਡ ਵੀ ਸੰਭਾਲੀ ਹੋਈ ਹੈ।
ਬਾਇਡਨ ਨੇ ਬਾਹਰ ਸਹੁੰ ਚੁੱਕਣ 'ਤੇ ਜ਼ੋਰ ਦਿੱਤਾ ਹੈ ਕਿਉਂਕਿ ਇਹ ਇੱਕ ਰਵਾਇਤ ਹੈ, ਅਜਿਹਾ ਨਾ ਕਰਨ 'ਤੇ ਇਹ ਰਵਾਇਤ ਟੁੱਟ ਜਾਵੇਗੀ।
ਕੀ ਉੱਥੇ ਟਰੰਪ ਹੋਣਗੇ?
ਅਹੁਦੇ ਤੋਂ ਜਾਣ ਵਾਲੇ ਰਾਸ਼ਟਰਪਤੀ ਵੱਲੋਂ ਮੌਜੂਦਾ ਰਾਸ਼ਟਰਪਤੀ ਨੂੰ ਸਹੁੰ ਚੁੱਕਦੇ ਵੇਖਣਾ ਇੱਕ ਰਿਵਾਜ ਬਣ ਗਿਆ ਹੈ, ਪਰ ਇਹ ਇੱਥੇ ਸਥਿਤੀ ਨੂੰ ਅਜੀਬ ਬਣਾ ਸਕਦਾ ਹੈ।
ਇਸ ਸਾਲ, ਇਹ ਇੱਕ ਅਜੀਬ ਵਰਤਾਰਾ ਹੋਵੇਗਾ ਜਿੱਥੇ ਅਹੁਦੇ ਤੋਂ ਜਾਣ ਵਾਲਾ ਰਾਸ਼ਟਰਪਤੀ ਆਕਰਸ਼ਣ ਨਹੀਂ ਹੋਵੇਗਾ।
ਟਰੰਪ ਨੇ 8 ਜਨਵਰੀ ਨੂੰ ਟਵੀਟ ਕੀਤਾ, "ਉਨ੍ਹਾਂ ਸਾਰਿਆਂ ਲਈ ਜਿਨ੍ਹਾਂ ਨੇ ਪੁੱਛਿਆ ਹੈ, ਮੈਂ 20 ਜਨਵਰੀ ਨੂੰ ਉਦਘਾਟਨ ਲਈ ਨਹੀਂ ਜਾਵਾਂਗਾ।'
ਇਹ ਰਾਸ਼ਟਰਪਤੀ ਵੱਲੋਂ "ਸਹੀ ਢੰਗ" ਨਾਲ ਸੱਤਾ ਦੇ "ਨਵੇਂ ਪ੍ਰਸ਼ਾਸਨ" ਵਿੱਚ ਤਬਦੀਲੀ ਕਰਨ ਲਈ ਵਚਨਬੱਧ ਹੋਣ ਤੋਂ ਥੋੜ੍ਹੀ ਦੇਰ ਬਾਅਦ ਕੀਤਾ ਗਿਆ ਟਵੀਟ ਹੈ।
ਇਹ ਵੀ ਪੜ੍ਹੋ
ਉਸੇ ਦਿਨ (ਅਤੇ ਸਮੇਂ) ਬਾਇਡਨ ਦੇ ਅਹੁਦਾ ਸੰਭਾਲਣ ਵੇਲੇ ਟਰੰਪ ਦੇ ਵਰਚੁਅਲ "ਦੂਸਰੇ ਉਦਘਾਟਨ" ਦੀ ਯੋਜਨਾ ਬਣਾਉਂਦੇ ਹੋਏ ਉਨ੍ਹਾਂ ਦੇ ਕੁਝ ਸਮਰਥਕ ਇਸ ਨੂੰ ਪਹਿਲਾਂ ਹੀ ਇੱਕ ਕਦਮ ਹੋਰ ਅੱਗੇ ਲੈ ਗਏ ਹਨ। ਫੇਸਬੁੱਕ 'ਤੇ 68,000 ਤੋਂ ਵੱਧ ਲੋਕਾਂ ਨੇ ਕਿਹਾ ਹੈ ਕਿ ਉਹ ਟਰੰਪ ਲਈ ਆਪਣਾ ਸਮਰਥਨ ਦਰਸਾਉਣ ਲਈ ਆਨਲਾਈਨ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।
ਹਾਲਾਂਕਿ ਉਪ-ਰਾਸ਼ਟਰਪਤੀ ਮਾਈਕ ਪੈਂਸ ਨੇ ਕਿਹਾ ਹੈ ਕਿ ਉਹ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ।
ਜਦੋਂ ਟਰੰਪ ਵੱਲੋਂ ਸਹੁੰ ਚੁੱਕੀ ਗਈ ਸੀ, ਹਿਲੇਰੀ ਕਲਿੰਟਨ ਉਦਘਾਟਨ ਸਮੇਂ ਆਪਣੇ ਪਤੀ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨਾਲ ਇਸ ਵਿੱਚ ਸ਼ਾਮਲ ਹੋਈ ਸੀ- ਇਹ ਉਸ ਦੀ ਚੋਣਾਂ ਵਿੱਚ ਹਾਰ ਤੋਂ ਸਿਰਫ਼ ਦੋ ਮਹੀਨਿਆਂ ਬਾਅਦ ਹੋਇਆ ਸੀ।
ਸਿਰਫ਼ ਤਿੰਨ ਰਾਸ਼ਟਰਪਤੀਆਂ - ਜੌਹਨ ਐਡਮਜ਼, ਜੌਨ ਕਵਿੰਸੀ ਐਡਮਜ਼ ਅਤੇ ਐਂਡਰਿਉ ਜੌਨਸਨ ਨੇ ਆਪਣੇ ਉਤਰਾਧਿਕਾਰੀ ਦੇ ਉਦਘਾਟਨ ਵਿੱਚ ਪੂਰੀ ਸਰਗਰਮੀ ਨਾਲ ਹਿੱਸਾ ਲਿਆ ਸੀ ਅਤੇ ਪਿਛਲੀ ਸਦੀ ਵਿੱਚ ਕਿਸੇ ਨੇ ਅਜਿਹਾ ਨਹੀਂ ਕੀਤਾ।
ਕੋਵਿਡ -19 ਇਸ ਸਾਲ ਦੇ ਉਦਘਾਟਨ ਨੂੰ ਕਿਵੇਂ ਬਦਲੇਗਾ?
ਆਮ ਹਾਲਤਾਂ ਵਿੱਚ ਵਾਸ਼ਿੰਗਟਨ ਡੀਸੀ ਵਿੱਚ ਸੈਂਕੜੇ-ਹਜ਼ਾਰਾਂ ਦੀ ਸੰਖਿਆ ਵਿੱਚ ਲੋਕ ਉਦਘਾਟਨ ਵਾਲੇ ਇਸ ਸ਼ਹਿਰ ਵੱਲ ਆਉਂਦੇ ਨਜ਼ਰ ਆਉਂਦੇ ਹਨ। ਨੈਸ਼ਨਲ ਮਾਲ ਅਤੇ ਹੋਟਲਾਂ ਵਿੱਚ ਭਰਮਾਰ ਹੁੰਦੀ ਹੈ। ਲਗਭਗ 20 ਲੱਖ ਲੋਕ ਉਦੋਂ ਆਏ ਜਦੋਂ ਰਾਸ਼ਟਰਪਤੀ ਓਬਾਮਾ ਨੇ 2009 ਵਿੱਚ ਆਪਣੇ ਪਹਿਲੇ ਕਾਰਜਕਾਲ ਲਈ ਸਹੁੰ ਚੁੱਕੀ ਸੀ।
ਬਾਇਡਨ ਦੀ ਟੀਮ ਨੇ ਕਿਹਾ ਹੈ ਕਿ ਇਸ ਸਾਲ ਜਸ਼ਨ ਦਾ ਆਕਾਰ "ਬਹੁਤ ਸੀਮਿਤ" ਹੋਵੇਗਾ ਅਤੇ ਉਨ੍ਹਾਂ ਨੇ ਅਮਰੀਕੀਆਂ ਨੂੰ ਰਾਜਧਾਨੀ ਦੀ ਯਾਤਰਾ ਕਰਨ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ, ਜਿਸ ਨੂੰ ਪਿਛਲੇ ਦਿਨਾਂ ਦੇ ਹਾਲਤ ਦੇ ਮੱਦੇਨਜ਼ਰ ਡੀਸੀ ਅਧਿਕਾਰੀਆਂ ਨੇ ਦੁਹਰਾਇਆ ਹੈ।

ਤਸਵੀਰ ਸਰੋਤ, Getty Images
ਬਾਇਡਨ ਅਤੇ ਹੈਰਿਸ ਹੁਣ ਵੀ ਮਾਲ (ਇੱਕ ਪਰੰਪਰਾ ਹੈ ਜੋ ਰਾਸ਼ਟਰਪਤੀ ਰੋਨਾਲਡ ਰੀਗਨ ਨਾਲ 1981 ਵਿੱਚ ਸ਼ੁਰੂ ਹੋਈ ਸੀ) ਦੀ ਅਣਦੇਖੀ ਕਰਦੇ ਹੋਏ ਯੂਐੱਸ ਕੈਪੀਟਲ ਦੇ ਸਾਹਮਣੇ ਸਹੁੰ ਚੁੱਕਣਗੇ, ਪਰ ਪਰੇਡ ਦੇ ਮਾਰਗ 'ਤੇ ਬਣਾਏ ਗਏ ਸਟੈਂਡਾਂ ਤੋਂ ਇਸ ਨੂੰ ਦੇਖਣ ਦਾ ਕੰਮ ਘੱਟ ਤੋਂ ਘੱਟ ਕੀਤਾ ਜਾ ਰਿਹਾ ਹੈ।
ਅਤੀਤ ਵਿੱਚ ਅਧਿਕਾਰਤ ਸਮਾਰੋਹ ਵਿੱਚ ਸ਼ਾਮਲ ਹੋਣ ਲਈ 200,000 ਤੱਕ ਟਿਕਟਾਂ ਦਿੱਤੀਆਂ ਜਾਂਦੀਆਂ ਸਨ, ਪਰ ਇਸ ਸਾਲ ਪੂਰੇ ਅਮਰੀਕਾ ਵਿੱਚ ਕੋਰੋਨਾ ਦੀ ਲਾਗ ਅਜੇ ਵੀ ਵਧਣ ਕਾਰਨ, ਇਸ ਵਾਰ ਸਿਰਫ਼ 1000 ਦੇ ਕਰੀਬ ਟਿਕਟਾਂ ਉਪਲੱਬਧ ਹੋਣਗੀਆਂ।
ਇਸ ਸਾਲ, ਅਜੇ ਵੀ ਇੱਕ "ਪਾਸ ਇਨ ਰੀਵਿਊ' ਸਮਾਰੋਹ ਹੋਵੇਗਾ - ਇਹ ਸ਼ਕਤੀ ਦੀ ਸ਼ਾਂਤਮਈ ਤਬਦੀਲੀ ਦਾ ਇੱਕ ਰਵਾਇਤੀ ਹਿੱਸਾ ਹੈ, ਜਿੱਥੇ ਨਵਾਂ ਕਮਾਂਡਰ ਇਨ ਚੀਫ਼ ਫੌਜ ਦਾ ਮੁਆਇਨਾ ਕਰਦਾ ਹੈ। ਪਰ ਵ੍ਹਾਈਟ ਹਾਊਸ ਵਿੱਚ ਪੈਨਸਿਲਵੇਨੀਆ ਐਵੀਨਿਊ ਦੀ ਆਮ ਪਰੇਡ ਦੀ ਬਜਾਏ, ਪ੍ਰਬੰਧਕ ਕਹਿੰਦੇ ਹਨ ਕਿ ਉਹ ਯੂਐੱਸ ਵਿੱਚ "ਵਰਚੁਅਲ ਪਰੇਡ" ਦੀ ਮੇਜ਼ਬਾਨੀ ਕਰਨਗੇ।
ਬਾਇਡਨ, ਕਮਲਾ ਹੈਰਿਸ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਨੂੰ ਫਿਰ ਇੱਕ ਬੈਂਡ ਅਤੇ ਡਰੱਮ ਕੋਰ ਸਮੇਤ ਮਿਲਟਰੀ ਦੇ ਮੈਂਬਰਾਂ ਵੱਲੋਂ ਵ੍ਹਾਈਟ ਹਾਊਸ ਲਿਜਾਇਆ ਜਾਵੇਗਾ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

ਤਸਵੀਰ ਸਰੋਤ, Getty Images
ਤੁਹਾਨੂੰ ਉਦਘਾਟਨ ਟਿਕਟਾਂ ਕਿਵੇਂ ਮਿਲਣਗੀਆਂ?
ਸਟੇਜ ਦੇ ਨੇੜੇ ਬੈਠਣ ਅਤੇ ਖੜ੍ਹਨ ਵਾਲੇ ਖੇਤਰਾਂ ਅਤੇ ਪਰੇਡ ਮਾਰਗ ਦੇ ਨਾਲ ਆਮ ਸਾਲਾਂ ਵਿੱਚ ਸੀਟਾਂ ਲਈ ਟਿਕਟਾਂ ਦੀ ਜ਼ਰੂਰਤ ਹੁੰਦੀ ਹੈ, ਪਰ ਬਾਕੀ ਨੈਸ਼ਨਲ ਮਾਲ ਲੋਕਾਂ ਲਈ ਖੁੱਲ੍ਹਾ ਹੁੰਦਾ ਹੈ।
ਜੇ ਤੁਸੀਂ ਉਦਘਾਟਨ ਸਮਾਰੋਹ ਨੂੰ ਨੇੜੇ ਤੋਂ ਦੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲਾਂ ਆਪਣੇ ਸਥਾਨਕ ਨੁਮਾਇੰਦਿਆਂ ਨਾਲ ਗੱਲ ਕਰਨ ਦੀ ਜ਼ਰੂਰਤ ਹੋਏਗੀ।
ਸ਼ਹਿਰ ਦੇ ਆਸ ਪਾਸ ਉਦਘਾਟਨੀ ਪ੍ਰੋਗਰਾਮਾਂ ਅਤੇ ਹੋਰ ਸਬੰਧਤ ਸਮਾਗਮਾਂ ਲਈ ਵੱਖਰੀਆਂ ਟਿਕਟਾਂ ਦੀ ਲੋੜ ਹੈ।
ਸੈਨੇਟਰ ਅਤੇ ਕਾਂਗਰਸ ਦੇ ਮੈਂਬਰ ਚਾਬੀਆਂ ਦੇ ਰਖਵਾਲੇ ਹਨ। ਹਰੇਕ ਲਈ ਮੁਫ਼ਤ ਟਿਕਟਾਂ ਦੀ ਵੰਡ ਕੀਤੀ ਗਈ ਹੈ ਜੋ ਉਹ ਵੰਡ ਸਕਦੇ ਹਨ।
ਇਸ ਸਾਲ ਮਹਾਂਮਾਰੀ ਕਾਰਨ-ਪ੍ਰਤੀਬੰਧਿਤ ਗਿਣਤੀ ਹਰੇਕ ਸੰਸਦ ਮੈਂਬਰ ਅਤੇ ਇੱਕ ਮਹਿਮਾਨ ਲਈ ਸੀਮਿਤ ਹੈ। ਉਦਘਾਟਨ ਦੇ ਦਿਨ ਤੋਂ ਬਾਅਦ ਹਲਕੇ ਲਈ ਯਾਦਗਾਰੀ ਟਿਕਟਾਂ ਉਪਲੱਬਧ ਹੋਣਗੀਆਂ।

ਤਸਵੀਰ ਸਰੋਤ, Getty Images
ਕੌਣ ਪੇਸ਼ਕਾਰੀ ਦੇ ਰਿਹਾ ਹੈ?
ਹਾਲ ਹੀ ਦੇ ਸਾਲਾਂ ਵਿੱਚ ਆਉਣ ਵਾਲੇ ਰਾਸ਼ਟਰਪਤੀਆਂ ਲਈ ਦੇਸ਼ ਦੇ ਸਭ ਤੋਂ ਹਰਮਨ ਪਿਆਰੇ ਕਲਾਕਾਰਾਂ ਨੂੰ ਦਿਨ ਦੇ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਹੈ। ਮਹਾਂਮਾਰੀ ਦੇ ਬਾਵਜੂਦ, ਇਹ ਸਾਲ ਕੋਈ ਵੱਖਰਾ ਨਹੀਂ ਹੋਵੇਗਾ।
ਜੋਅ ਬਾਇਡਨ ਅਤੇ ਕਮਲਾ ਹੈਰਿਸ ਲੇਡੀ ਗਾਗਾ ਨਾਲ ਸ਼ਾਮਲ ਹੋਣਗੇ- ਜੋ ਆਉਣ ਵਾਲੇ ਰਾਸ਼ਟਰਪਤੀ ਦੀ ਕੱਟੜ ਸਮਰਥਕ ਹੈ, ਜਿਸ ਨੇ ਚੋਣਾਂ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨਾਲ ਪ੍ਰਚਾਰ ਕੀਤਾ ਸੀ।
ਲੇਡੀ ਗਾਗਾ ਰਾਸ਼ਟਰੀ ਗੀਤ ਗਾਵੇਗੀ ਅਤੇ ਜੈਨੀਫਰ ਲੋਪੇਜ਼ ਇਸ ਸਮਾਰੋਹ ਦੀ ਸੰਗੀਤਕ ਪੇਸ਼ਕਾਰੀ ਦੌਰਾਨ ਗਾਵੇਗੀ।
ਜੋਅ ਬਾਇਡਨ ਦੇ ਸਹੁੰ ਚੁੱਕਣ ਤੋਂ ਬਾਅਦ ਅਦਾਕਾਰ ਟੌਮ ਹੈਂਕਸ 90 ਮਿੰਟ ਦੀ ਪ੍ਰਾਈਮਟਾਈਮ ਟੈਲੀਵਿਜ਼ਨ ਦੀ ਮੇਜ਼ਬਾਨੀ ਕਰਨਗੇ - ਇਸ ਪ੍ਰੋਗਰਾਮ ਦਾ ਇੱਕ ਕੋਵਿਡ ਅਨੁਕੂਲ ਪ੍ਰੋਗਰਾਮ ਜੋ ਆਮ ਤੌਰ 'ਤੇ ਵਿਅਕਤੀਗਤ ਪੱਧਰ 'ਤੇ ਕੀਤਾ ਜਾਂਦਾ ਹੈ।
ਇਸ ਵਿੱਚ ਜੌਨ ਬੋਨ ਜੋਵੀ, ਡੈਮੀ ਲੋਵਾਟੋ ਅਤੇ ਜਸਟਿਨ ਟਿੰਬਰਲੇਕ ਨੂੰ ਪ੍ਰਦਰਸ਼ਿਤ ਕਰੇਗਾ ਅਤੇ ਸਾਰੇ ਪ੍ਰਮੁੱਖ ਯੂਐੱਸ ਨੈੱਟਵਰਕ ਅਤੇ ਸਟ੍ਰੀਮਿੰਗ ਪਲੈਟਫਾਰਮਾਂ 'ਤੇ ਪ੍ਰਸਾਰਿਤ ਕੀਤਾ ਜਾਵੇਗਾ - ਫੌਕਸ ਨਿਊਜ਼ ਨੂੰ ਛੱਡ ਕੇ ਕਿਉਂਕਿ ਇਹ ਇੱਕ ਕੰਜ਼ਰਵੇਟਿਵ ਨੈੱਟਵਰਕ ਹੈ ਜਿਸ ਨੇ ਮੁੱਖ ਤੌਰ 'ਤੇ ਟਰੰਪ ਨੂੰ ਆਪਣੇ ਰਾਸ਼ਟਰਪਤੀ ਪਦ ਦੇ ਸਮੇਂ ਸਮਰਥਨ ਦਿੱਤਾ ਸੀ।
ਸਾਲ 2009 ਵਿੱਚ ਅਰੇਥਾ ਫਰੈਂਕਲਿਨ ਨੇ ਬਰਾਕ ਓਬਾਮਾ ਦੇ ਉਦਘਾਟਨ ਸਮੇਂ ਮਾਈ ਕੰਟਰੀ 'ਟੀਸ ਆਫ ਥੀ' ਕਰਦਿਆਂ ਗਾਇਆ। ਬਿਓਂਸੇ ਵੀ ਮੌਜੂਦ ਸਨ ਜਿਨ੍ਹਾਂ ਨੇ ਓਬਾਮਾ ਦੀ ਉਦਘਾਟਨ ਬਾਲ 'ਤੇ ਐਟ ਲਾਸਟ ਟੂ ਦਿ ਫਸਟ ਕਪਲ' ਗਾਉਂਦਿਆਂ ਆਪਣੀ ਹਾਜ਼ਰੀ ਲੁਆਈ।
ਸਾਲ 2013 ਵਿੱਚ ਆਪਣੇ ਦੂਜੇ ਉਦਘਾਟਨ ਸਮੇਂ ਰਾਸ਼ਟਰਪਤੀ ਓਬਾਮਾ ਨੇ ਕੈਲੀ ਕਲਾਰਕਸਨ ਅਤੇ ਜੈਨੀਫਰ ਹਡਸਨ ਨੂੰ ਸਨਮਾਨ ਕਰਨ ਲਈ ਬੁਲਾਇਆ ਸੀ। ਬਿਓਂਸੇ ਮੁੜ ਤੋਂ ਇਸ ਵਾਰ ਰਾਸ਼ਟਰੀ ਗੀਤ ਗਾਉਣ ਲਈ ਵਾਪਸ ਆ ਗਈ।
ਡੌਨਲਡ ਟਰੰਪ ਨੂੰ ਕਥਿਤ ਤੌਰ 'ਤੇ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਬੁਕਿੰਗ ਕਰਨ ਵਿੱਚ ਮੁਸ਼ਕਲ ਆਈ ਸੀ। ਐਲਟਨ ਜੌਨ ਨੇ ਟਰੰਪ ਦੇ ਪ੍ਰਦਰਸ਼ਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਖ਼ਬਰਾਂ ਇਹ ਵੀ ਫੈਲ ਗਈਆਂ ਸਨ ਕਿ ਸੇਲੀਨ ਡੀਓਨ, ਕਿਸ ਅਤੇ ਗਰਥ ਬਰੂਕਸ ਨੇ ਵੀ ਅਜਿਹਾ ਹੀ ਕੀਤਾ ਸੀ।
ਅੰਤ ਵਿੱਚ ਕਲਾਕਾਰ ਲੀ ਗ੍ਰੀਨਵੁੱਡ ਅਤੇ ਬੈਂਡ 3 ਡੋਰਜ਼ ਡਾਉਨ ਟਰੰਪ ਦੇ ਸਮਾਗਮ ਲਈ ਮੰਨੇ।

ਤਸਵੀਰ ਸਰੋਤ, Getty Images
ਜਨਵਰੀ ਵਿੱਚ ਉਦਘਾਟਨ ਕਿਉਂ ਹੁੰਦਾ ਹੈ?
ਉਦਘਾਟਨ ਹਮੇਸ਼ਾ ਜਨਵਰੀ ਵਿੱਚ ਹੋਵੇ ਅਜਿਹਾ ਨਹੀਂ ਹੁੰਦਾ ਸੀ। ਸੰਵਿਧਾਨ ਨੇ ਸ਼ੁਰੂਆਤ ਵਿੱਚ 4 ਮਾਰਚ ਨਵੇਂ ਨੇਤਾਵਾਂ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣ ਲਈ ਇੱਕ ਦਿਨ ਵਜੋਂ ਤੈਅ ਕੀਤਾ ਸੀ।
ਨਵੰਬਰ ਦੀਆਂ ਆਮ ਚੋਣਾਂ ਤੋਂ ਚਾਰ ਮਹੀਨਿਆਂ ਬਾਅਦ ਦੀ ਤਾਰੀਖ ਚੁਣਨਾ ਇਸ ਲਈ ਕੀਤਾ ਗਿਆ ਕਿਉਂਕਿ ਰਾਜਧਾਨੀ ਵਿੱਚ ਪੁੱਜਣ ਲਈ ਦੇਸ਼ ਭਰ ਦੀਆਂ ਵੋਟਾਂ ਨੂੰ ਸਮਾਂ ਲੱਗਦਾ ਸੀ। ਪਰ ਇਸ ਦਾ ਅਰਥ ਇਹ ਵੀ ਸੀ ਕਿ ਉਹ ਸਮਾਂ ਜਦੋਂ ਅਹੁਦੇ ਤੋਂ ਜਾਣ ਵਾਲਾ ਰਾਸ਼ਟਰਪਤੀ ਅਜੇ 'ਤੇ ਅਹੁਦੇ 'ਤੇ ਹੁੰਦਾ ਹੈ - ਇਹ ਕਾਫ਼ੀ ਲੰਬਾ ਹੁੰਦਾ ਹੈ।
ਆਖਿਰਕਾਰ, ਜਿਵੇਂ ਕਿ ਆਧੁਨਿਕ ਤਰੱਕੀ ਨੇ ਵੋਟਾਂ ਦੀ ਗਿਣਤੀ ਕਰਨਾ ਅਤੇ ਰਿਪੋਰਟ ਕਰਨਾ ਸੌਖਾ ਬਣਾ ਦਿੱਤਾ ਹੈ, ਇਸ ਲੰਬੀ ਸਮਾਂ ਸੀਮਾ ਨੂੰ ਬਦਲਿਆ ਹੈ। 1933 ਵਿੱਚ ਪ੍ਰਵਾਨਿਤ 20ਵੀਂ ਸੋਧ ਵਿੱਚ ਨਵੇਂ ਰਾਸ਼ਟਰਪਤੀ ਦਾ ਉਦਘਾਟਨ 4 ਮਾਰਚ ਦੀ ਬਜਾਏ 20 ਜਨਵਰੀ ਨੂੰ ਕਰਨਾ ਨਿਰਧਾਰਤ ਕੀਤਾ ਗਿਆ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














