Royal Enfield ਵਰਗੀਆਂ ਕਲਾਸਿਕ ਮੋਟਰਸਾਈਕਲਾਂ ਵਿਚ ਭਾਰਤੀ ਕਾਰੋਬਾਰੀਆਂ ਦੀ ਦਿਲਸਚਪੀ ਕਿਉਂ

    • ਲੇਖਕ, ਜਸਟਿਨ ਹਾਰਪਰ
    • ਰੋਲ, ਬੀਬੀਸੀ ਪੱਤਰਕਾਰ

ਕਲਾਸਿਕ ਬ੍ਰਿਟਿਸ਼ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਬੀਐੱਸਏ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਬ੍ਰੈਂਡ ਨੂੰ ਇਸ ਦੇ ਭਾਰਤੀ ਅਰਬਪਤੀ ਮਾਲਕ ਦੇ ਅਧੀਨ ਸੁਰਜੀਤ ਕੀਤਾ ਜਾ ਰਿਹਾ ਹੈ, ਜੋ ਕਿ ਲਗਾਤਾਰ ਵਧ ਰਿਹਾ ਰੁਝਾਨ ਹੈ।

ਇੱਕ ਹੋਰ ਮਸ਼ਹੂਰ ਬ੍ਰਿਟਿਸ਼ ਸਾਈਕਲ ਬ੍ਰਾਂਡ - ਨੌਰਟਨ - ਨੂੰ ਇੱਕ ਭਾਰਤੀ ਕੰਪਨੀ ਨੇ ਇਸ ਸਾਲ ਦੇ ਸ਼ੁਰੂ ਵਿਚ ਲੈ ਲਿਆ ਅਤੇ ਇਸ ਦੇ ਹੋਰ ਵਿਕਾਸ ਦੀ ਯੋਜਨਾ ਦਾ ਟੀਚਾ ਰੱਖਿਆ।

ਉਹ ਇਤਿਹਾਸਕ ਰੌਇਲ ਐਨਫੀਲਡ ਦੇ ਨਕਸ਼ੇ ਕਦਮਾਂ 'ਤੇ ਚਲਦੇ ਹਨ, ਜੋ ਨਵੀਂ ਭਾਰਤੀ ਮਲਕੀਅਤ ਤਹਿਤ ਸਫ਼ਲਤਾ ਦਾ ਆਨੰਦ ਲੈ ਰਹੇ ਹਨ।

ਕਾਰੋਬਾਰੀ ਮਾਹਰ ਇਸ ਟਰੈਂਡ ਤੋਂ ਹੈਰਾਨ ਨਹੀਂ ਹਨ। ਭਾਰਤੀ ਨਿਰਮਾਤਾ ਮਸ਼ਹੂਰ ਪਰ ਸੰਘਰਸ਼ਸ਼ੀਲ ਬ੍ਰਾਂਡਾਂ ਨੂੰ ਖਰੀਦਣ ਲਈ ਜਾਣੇ ਜਾਂਦੇ ਹਨ ਇਸ ਉਮੀਦ ਵਿਚ ਕਿ ਉਹ ਕਾਮਯਾਬ ਹੋ ਜਾਣਗੇ।

ਆਨੰਦ ਮਹਿੰਦਰਾ ਦੀ ਬੀਐੱਸਏ ਬ੍ਰਾਂਡ 'ਚ ਦਿਲਚਸਪੀ

ਭਾਰਤੀ ਅਰਬਪਤੀ ਆਨੰਦ ਮਹਿੰਦਰਾ ਨੇ ਕਿਹਾ ਹੈ ਕਿ ਉਹ ਬੀਐੱਸਏ ਬ੍ਰਾਂਡ ਨਾਲ ਯੂਕੇ ਵਿੱਚ ਇਲੈਕਟ੍ਰਿਕ ਮੋਟਰਸਾਈਕਲ ਬਣਾਉਣ ਦੀ ਯੋਜਨਾ ਨਾਲ ਬ੍ਰਿਟਿਸ਼ ਮੋਟਰਸਾਈਕਲ ਉਦਯੋਗ ਨੂੰ ਮੁੜ ਜ਼ਿੰਦਾ ਕਰਨ ਦੀ ਉਮੀਦ ਕਰਦੇ ਹਨ।

ਇਹ ਵੀ ਪੜ੍ਹੋ:

ਮਹਿੰਦਰਾ ਗਰੁੱਪ 2021 ਦੇ ਮੱਧ ਤੱਕ ਬਰਮਿੰਘਮ ਵਿੱਚ ਮੋਟਰਸਾਈਕਲ ਅਸੈਂਬਲ ਕਰਨਾ ਸ਼ੁਰੂ ਕਰਨਾ ਚਾਹੁੰਦੇ ਹਨ।

ਇਸ ਦੌਰਾਨ ਮੁੜ ਸੁਰਜੀਤ ਹੋ ਰਹੇ ਬੀਐੱਸਏ ਜਲਦੀ ਹੀ ਇਲੈਕਟ੍ਰੋਨਿਕ ਮੋਟਰਬਾਈਕ ਤਕਨੀਕ ਵਿਕਸਤ ਕਰਨ ਲਈ ਓਕਸਫੋਰਡਸ਼ਾਇਰ ਦੇ ਬੈਨਬਰੀ ਵਿਚ ਇੱਕ ਰਿਸਰਚ ਸਹੂਲਤ ਦਾ ਨਿਰਮਾਣ ਸ਼ੁਰੂ ਕਰੇਗਾ। ਹਾਲਾਂਕਿ ਇਹ ਪੈਟਰੋਲ ਇੰਜਣ ਨਾਲ ਚੱਲਣ ਵਾਲੀਆਂ ਮੋਟਰਬਾਈਕ ਵੀ ਬਣਾਵੇਗਾ।

ਫੋਰਬਸ ਮੈਗਜ਼ੀਨ ਅਨੁਸਾਰ ਮਹਿੰਦਰਾ ਜੋ ਕਿ 1.7 ਬਿਲੀਅਨ ਡਾਲਰ ਦੇ ਮਾਲਕ ਹਨ, ਨੇ ਯੂਕੇ ਵਿਚ ਨਿਵੇਸ਼ ਕਰਨ ਬਾਰੇ ਸੋਚਿਆ। ਉਨ੍ਹਾਂ ਨੇ ਮੋਟਰਸਾਈਕਲ ਦੇ ਉਤਪਦਨ ਵਿੱਚ ਉੱਥੋਂ ਦੇ ਇਤਿਹਾਸ ਨੂੰ ਅੱਗੇ ਰੱਖਦਿਆਂ ਇਹ ਫ਼ੈਸਲਾ ਲਿਆ ਸੀ।

ਬੀਐੱਸਏ ਕਦੋਂ ਸ਼ੁਰੂ ਹੋਈ

  • ਬੀਐੱਸਏ ਤੋਂ ਭਾਵ 'ਬਰਮਿੰਘਮ ਸਮਾਲ ਆਰਮਜ਼' ਹੈ। ਇਸ ਦੀ ਸਥਾਪਨਾ 1861 'ਚ ਹੋਈ ਸੀ।
  • 1950 ਦੇ ਦਹਾਕੇ ਤੱਕ ਇਹ ਦੁਨੀਆਂ ਭਰ ਦਾ ਸਭ ਤੋਂ ਵੱਡਾ ਮੋਟਰਸਾਈਕਲ ਨਿਰਮਾਤਾ ਸੀ। ਟਰਿੰਫ ਅਤੇ ਸਨਬੀਮ ਬ੍ਰਾਂਡ ਇਸ ਦੇ ਹੀ ਸਨ।
  • ਪਰ 1970 ਵਿਚ ਇਸ ਦਾ ਦਿਵਾਲਿਆ ਨਿਕਲ ਗਿਆ ਅਤੇ ਇਸ 'ਤੇ ਤਾਲਾ ਲੱਗ ਗਿਆ। ਬਾਅਦ ਵਿਚ ਸਾਲ 2016 ਵਿਚ ਇਸ ਨੂੰ ਮਹਿੰਦਰਾ ਗਰੁੱਪ ਵੱਲੋਂ ਖਰੀਦ ਲਿਆ ਗਿਆ ਸੀ।
  • ਬੀਐੱਸਏ ਨੂੰ ਰਸਮੀ ਤੌਰ 'ਤੇ ਕਲਾਸਿਕ ਲੈਜੇਂਡਜ਼ ਨੇ ਖਰੀਦਿਆ ਹੈ, ਜਿਸ 'ਚ ਭਾਰਤੀ ਮਹਿੰਦਰਾ ਸਮੂਹ ਦੀਆਂ ਕੰਪਨੀਆਂ ਦੀ 60% ਹਿੱਸੇਦਾਰੀ ਹੈ।
  • ਸਾਂਝੇ ਉੱਦਮਾਂ ਨੂੰ ਯੂਕੇ ਸਰਕਾਰ ਦਾ ਸਮਰਥਨ ਹਾਸਲ ਹੈ, ਜਿਸ ਨੇ ਬੀਐਸੱਏ ਨੂੰ 4.6 ਮਿਲੀਅਨ ਪੌਂਡ ਦੀ ਗ੍ਰਾਂਟ ਦਿੱਤੀ ਹੈ ਤਾਂ ਜੋ ਘੱਟੋ-ਘੱਟ 255 ਨੌਕਰੀਆਂ ਪੈਦਾ ਕੀਤੀਆਂ ਜਾ ਸਕਣ।

ਸਕੌਟ ਲੂਕੇਇਟਿਸ, ਜੋ ਕਿ ਮੋਟਰ ਸਪੋਰਟਸ ਸਲਾਹਕਾਰ ਹਨ, ਉਨ੍ਹਾਂ ਦਾ ਕਹਿਣਾ ਹੈ, "ਕਲਾਸਿਕ ਬ੍ਰਿਟਿਸ਼ ਮਸ਼ੀਨ ਨੌਜਵਾਨਾਂ ਨੂੰ ਲੁਭਾਉਂਦੀ ਹੈ ਅਤੇ ਨਾਲ ਹੀ ਉਨ੍ਹਾਂ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਹੈ ਜੋ ਕਿ ਆਪਣੀ ਜਵਾਨੀ ਦੇ ਦਿਨਾਂ ਨੂੰ ਮੁੜ ਯਾਦ ਕਰਨਾ ਚਾਹੁੰਦੇ ਹਨ।"

"ਜੇਕਰ ਉਹ ਦਿੱਖ ਅਤੇ ਹੋਰ ਸਹੂਲਤਾਂ ਨੂੰ ਇਲੈਕਟ੍ਰੋਨਿਕ ਬਾਈਕ ਵਿਚ ਪੇਸ਼ ਕਰ ਸਕਦੇ ਹਨ ਤਾਂ ਇਹ ਉਨ੍ਹਾਂ ਦੀ ਜਿੱਤ ਹੋਵੇਗੀ।"

ਆਨੰਦ ਮਹਿੰਦਰਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ " ਇਹ ਛੋਟਾ ਉੱਦਮ ਸਮੁੱਚੇ ਯੂਕੇ ਦੇ ਬਾਈਕ ਬਣਾਉਣ ਦੇ ਕਾਰੋਬਾਰ ਦੇ ਮੁੜ ਸੁਰਜੀਤ ਹੋਣ ਦਾ ਸੰਕੇਤ ਦਿੰਦਾ ਹੈ।"

ਨੌਰਟਨ ਦੀ ਸ਼ੁਰੂਆਤ ਕਦੋਂ ਹੋਈ

ਅਪ੍ਰੈਲ ਵਿਚ ਨੌਰਟਨ ਨੂੰ ਭਾਰਤੀ ਨਿਰਮਾਤਾ ਟੀਵੀਐਸ ਮੋਟਰ ਵੱਲੋਂ 16 ਮਿਲੀਅਨ ਪੌਂਡ ਦੇ ਸਮਝੌਤੇ ਤਹਿਤ ਖਰੀਦਿਆ ਗਿਆ ਸੀ। ਇਸ ਦੀ ਸਥਾਪਨਾ 1898 ਵਿਚ ਹੋਈ ਸੀ ਅਤੇ ਇਹ ਆਖਰੀ ਬ੍ਰਿਟਿਸ਼ ਮੋਟਰਸਾਈਕਲ ਬ੍ਰਾਂਡ ਹੈ। ਇਹ ਬ੍ਰਾਂਡ ਮੋਟਰਸਪੋਰਟ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।

ਇਸ ਦੇ ਸਭ ਤੋਂ ਮਸ਼ਹੂਰ ਮਾਡਲਾਂ ਵਿਚ 'ਡੋਮੀਨੇਟਰ' ਅਤੇ 'ਦਿ ਕਮਾਂਡੋਂ' ਸ਼ਾਮਲ ਹਨ।

1980 ਦੇ ਦਹਾਕੇ 'ਚ ਨੌਰਟਨ ਇੰਟਰਪੋਲ ਨੂੰ ਯੂਕੇ ਦੀ ਪੁਲਿਸ ਵੱਲੋਂ ਵਰਤੋਂ 'ਚ ਲਿਆਂਦਾ ਗਿਆ ਸੀ।

ਵਿੰਟੇਜ ਮਾਡਲਾਂ ਨੂੰ ਇੱਕਤਰ ਕਰਨ ਵਾਲੀਆਂ ਚੀਜ਼ਾਂ ਵਜੋਂ ਮਾਨਤਾ ਪ੍ਰਾਪਤ ਹੈ।

ਪਿਛਲੇ ਮਹੀਨੇ ਨੌਰਟਨ ਨੇ 2021 ਦੀ ਸ਼ੁਰੂਆਤ 'ਚ ਪੂਰੀ ਤਰ੍ਹਾਂ ਨਾਲ ਉਤਪਾਦਨ ਦੇ ਨਾਲ ਕਮਾਂਡੋ ਕਲਾਸਿਕ ਬਾਈਕ ਦੀ ਸੀਮਤ ਮਾਤਰਾ ਵਿਚ ਮੁੜ ਬਾਈਕ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਅੰਤਰਿਮ ਮੁੱਖ ਕਾਰਜਕਾਰੀ ਜੋਹਨ ਰੁਸੇਲ ਨੇ ਕਿਹਾ, "ਇਸ ਤੋਂ ਬਾਅਦ ਅਸੀਂ ਕੁਝ ਮਾਡਲਾਂ ਦੇ ਉਤਪਾਦ ਚੱਕਰ ਨੂੰ ਜਾਰੀ ਰੱਖਾਂਗੇ, ਜੋ ਕਿ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਕੁਝ ਨਵੇਂ ਮਾਡਲਾਂ ਨੂੰ ਵੀ ਪੇਸ਼ ਕੀਤਾ ਜਾਵੇਗਾ। ਅਤਿ ਆਧੁਨਿਕ ਨਵੀਆਂ ਸਹੂਲਤਾਂ ਦੇ ਮੱਦੇਨਜ਼ਰ ਉਤਪਾਦਨ ਵਿਚ ਤੇਜ਼ੀ ਨਾਲ ਵਾਧਾ ਹੋਣ ਦੀ ਉਮੀਦ ਹੈ।"

ਬਰਤਾਨਵੀ ਬ੍ਰਾਂਡਾਂ ਭਾਰਤੀ ਕਾਰੋਬਾਰੀਆਂ ਦੀ ਪਸੰਦ

ਫਰੋਸਟ ਐਂਡ ਸੁਲੀਵਨ, ਜੋ ਕਿ ਇੱਕ ਸਲਾਹਕਾਰ ਕੰਪਨੀ ਹੈ, ਦੇ ਆਟੋਮੋਟਿਵ ਮਾਹਰ ਵਿਵੇਕ ਵੈਦਯਾ ਦਾ ਕਹਿਣਾ ਹੈ, "ਇਹ ਬ੍ਰਿਟਿਸ਼ ਬ੍ਰਾਂਡ ਆਮ ਤੌਰ 'ਤੇ ਭਾਰਤੀ ਸੜਕਾਂ 'ਤੇ ਦੇਖੇ ਜਾਂਦੇ ਸਨ ਅਤੇ ਅੱਜ ਵੀ ਪੁਰਾਣੀਆਂ ਫਿਲਮਾਂ ਵਿਚ ਇੰਨ੍ਹਾਂ ਦੀ ਛਾਪ ਹੈ। ਇਹ ਪੁਲਿਸ ਵੱਲੋਂ ਵਰਤੇ ਜਾਂਦੇ ਮੋਟਰਸਾਈਕਲਾਂ ਵਿਚ ਵੀ ਸ਼ਾਮਲ ਸੀ।"

ਉਨ੍ਹਾਂ ਅੱਗੇ ਕਿਹਾ ਕਿ ਭਾਵੁਕ ਕਾਰਨਾਂ ਦੇ ਬਾਵਜੂਦ ਭਾਰਤੀ ਕੰਪਨੀਆਂ ਮਜ਼ਬੂਤ ਕਾਰੋਬਾਰੀ ਕਾਰਕਾਂ ਅਤੇ ਕਾਰਨਾਂ ਕਰਕੇ ਪ੍ਰੇਰਿਤ ਹਨ।

"ਇਹ ਬ੍ਰਾਂਡ ਆਪਣੀ ਹੋਂਦ ਲਈ ਸੰਘਰਸ਼ ਕਰ ਰਹੇ ਹਨ, ਫਾਇਦੇਮੰਦ ਜਾਂ ਸਕੇਲੇਬਲ ਨਹੀਂ ਹਨ। ਅਜਿਹੇ ਵਿਚ ਭਾਰਤੀ ਕੰਪਨੀਆਂ ਨੇ ਇਸ ਮੌਕੇ ਨੂੰ ਸੰਭਾਲਿਆ ਹੈ ਅਤੇ ਪੱਛਮੀ ਬਜ਼ਾਰਾਂ ਵਿਚ ਦਾਖਲ ਹੋਣ ਲਈ ਮਸ਼ਹੂਰ ਬ੍ਰਾਂਡ ਅਤੇ ਲੋਗੋ ਨੂੰ ਖਰੀਦਿਆ ਹੈ। ਇਸ ਦੇ ਬਲਬੂਤੇ 'ਤੇ ਹੀ ਉਹ ਪੱਛਮੀ ਬਾਜ਼ਾਰ 'ਚ ਆਪਣੇ ਪੈਰ ਜਮਾਉਣ ਬਾਰੇ ਸੋਚ ਰਹੇ ਹਨ।"

ਵੈਦਿਆ ਨੇ ਜੈਗੁਆਰ ਲੈਂਡ ਰੋਵਰ ਵੱਲ ਇਸ਼ਾਰਾ ਕੀਤਾ ਹੈ, ਜਿਸ ਨੂੰ ਕਿ ਭਾਰਤ ਦੇ ਟਾਟਾ ਗਰੁੱਪ ਨੇ ਸਾਲ 2008 ਵਿਚ ਆਪਣੇ ਅਧੀਨ ਕਰ ਲਿਆ ਸੀ ਅਤੇ ਫਿਰ ਇਸ ਨੂੰ ਇਕ ਲਾਭਕਾਰੀ ਕੰਪਨੀ ਵਜੋਂ ਅੱਗੇ ਵਧਾਇਆ।

"ਇਹ ਭਾਰਤੀ ਨਿਰਮਾਤਾਵਾਂ ਲਈ ਇੱਕ ਸਿੱਧ ਹੋਈ ਰਣਨੀਤੀ ਹੈ। ਉਹ ਇੱਕ ਬ੍ਰਾਂਡ ਆਪਣੇ ਹੱਥਾਂ ਵਿਚ ਲੈਂਦੇ ਹਨ ਅਤੇ ਫਿਰ ਉਸ ਨੂੰ ਨਵੇਂ ਦੇਸਾਂ ਵਿਚ ਲੈ ਕੇ ਜਾਂਦੇ ਹਨ ਅਤੇ ਇਸ ਦੇ ਮੁਨਾਫ਼ੇ ਅਤੇ ਪੈਮਾਨੇ ਵਿਚ ਸੁਧਾਰ ਕਰਦੇ ਹਨ। ਇਹ ਬ੍ਰਾਂਡ ਇਸ ਦੇ ਹੱਕਦਾਰ ਹਨ।"

ਬ੍ਰਿਟਿਸ਼ ਬ੍ਰਾਂਡ ਰੌਇਲ ਐਨਫੀਲਡ ਬਹੁਤ ਤੇਜ਼ੀ ਨਾਲ ਆਪਣਾ ਫੈਲਾਅ ਕਰ ਰਿਹਾ ਹੈ, ਕਿਉਂਕਿ ਇਸ ਦਾ ਮਕਸਦ ਏਸ਼ੀਆ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਮੋਟਰਸਾਈਕਲ ਖਰੀਦਣ ਵਾਲੀ ਮਾਰਕਿਟ ਵਿਚ ਦਾਖਲ ਹੋਣਾ ਹੈ।

ਦੁਨੀਆਂ ਦੇ ਸਭ ਤੋਂ ਪੁਰਾਣੇ ਮੋਟਰਸਾਈਕਲ ਬ੍ਰਾਂਡਾਂ ਵਿੱਚੋਂ ਇੱਕ ਬ੍ਰਾਂਡ ਅਜੇ ਵੀ ਚਾਲੂ ਹੈ। ਇਸ ਦੀ ਮਲਕੀਅਤ ਸਾਲ 1994 ਤੋਂ ਭਾਰਤ ਦੇ ਆਈਸ਼ਰ ਗਰੁੱਪ ਕੋਲ ਹੈ ਅਤੇ ਹਾਲ ਵਿਚ ਹੀ ਇਸ ਨੇ ਥਾਈਲੈਂਡ ਵਿਚ ਵੀ ਇੱਕ ਨਵੀਂ ਫੈਕਟਰੀ ਖੋਲ੍ਹਣ ਦੀ ਯੋਜਨਾ ਦਾ ਐਲਾਨ ਕੀਤਾ ਹੈ।

ਅਗਲੇ ਸਾਲ ਤੱਕ ਇਸ ਨਵੇਂ ਪਲਾਂਟ ਦੇ ਚਾਲੂ ਹੁਣ ਦੀ ਉਮੀਦ ਹੈ ਅਤੇ ਕੰਪਨੀ ਦੀ ਭਾਰਤ ਤੋਂ ਬਾਹਰ ਇਹ ਸਭ ਤੋਂ ਵੱਡੀ ਫੈਕਟਰੀ ਹੋਵੇਗੀ।

ਇਸ ਖੇਤਰ ਵਿਚ ਰਾਇਲ ਐਨਫੀਲਡ ਦੀ ਵਿਕਰੀ ਵਿਚ ਪਿਛਲੇ ਸਾਲ 88% ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਹ ਇਤਿਹਾਸਕ ਅਤੇ ਮਸ਼ਹੂਰ ਬ੍ਰਾਂਡ ਆਪਣੀ ਹੋਂਦ ਦੇ ਸਮੇਂ ਭਾਵ 1950 ਅਤੇ 60 ਦੇ ਦਹਾਕੇ ਤੋਂ ਹੀ ਸੰਘਰਸ਼ ਕਰ ਰਹੇ ਹਨ। ਹੁਣ ਭਾਵੇਂ ਇਹ ਬ੍ਰਿਟਿਸ਼ ਮਲਕੀਅਤ ਤੋਂ ਬਹੁਤ ਪਰਾਂ ਹਨ ਪਰ ਫਿਰ ਵੀ ਇਹ ਪਤਨ ਤੋਂ ਬਹੁਤ ਦੂਰ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)