ਬੱਚੇ ਨੂੰ 7000 ਰੁਪਏ ਵਿੱਚ ਵੇਚਣ ਵਾਲੀ ਇੱਕ ਮਜ਼ਦੂਰ ਮਾਂ

- ਲੇਖਕ, ਜੋਏਲ ਗੁੰਟਰ
- ਰੋਲ, ਬੀਬੀਸੀ ਅਫ਼ਰੀਕਾ ਆਈ
ਪਿਛਲੇ ਮਹੀਨੇ ਬੀਬੀਸੀ ਅਫ਼ਰੀਕਾ ਆਈ ਨੇ ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਬੱਚਿਆਂ ਦੀ ਖ਼ਰੀਦ ਅਤੇ ਵਿਕਰੀ ਦੇ ਗ਼ੈਰ ਕਾਨੂੰਨੀ ਬਾਜ਼ਾਰ ਦਾ ਪਰਦਾਫ਼ਾਸ਼ ਕੀਤਾ ਹੈ।
ਇਸ ਖ਼ਬਰ ਦੇ ਸਾਹਮਣੇ ਆਉਣ ਦੇ ਬਾਅਦ ਪੁਲਿਸ ਨੇ ਤਸਕਰੀ ਦੇ ਇਲਜ਼ਾਮਾਂ ਤਹਿਤ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਰ ਅਜਿਹੀ ਗ਼ੈਰ ਕਾਨੂੰਨੀ ਖ਼ਰੀਦ ਅਤੇ ਵਿਕਰੀ ਵਿੱਚ ਤਸਕਰਾਂ ਤੋਂ ਇਲਾਵਾ ਦੂਸਰੇ ਪਾਸੇ ਮਾਵਾਂ ਹਨ, ਉਨ੍ਹਾਂ ਦੀ ਸਥਿਤੀ ਕੀ ਹੈ? ਅਜਿਹੀ ਕੀ ਵਜ੍ਹਾ ਹੈ ਕਿ ਇੱਕ ਮਾਂ ਆਪਣੇ ਬੱਚੇ ਨੂੰ ਮਹਿਜ਼ 70 ਪੌਂਡਾਂ ਵਿੱਚ ਵੇਚਣ ਨੂੰ ਤਿਆਰ ਹੋ ਜਾਂਦੀ ਹੈ?
ਇਹ ਵੀ ਪੜ੍ਹੋ
ਅਡਾਮਾ ਦੱਸਦੇ ਹੈ ਕਿ ਜਦੋਂ ਉਨ੍ਹਾਂ ਦੇ ਮਾਤਾ ਪਿਤਾ ਜਿਉਂਦੇ ਸਨ ਤਾਂ ਜ਼ਿੰਦਗੀ ਸੌਖੀ ਸੀ। ਪੈਸੇ ਚਾਹੇ ਘੱਟ ਸਨ, ਬਹੁਤ ਜ਼ਿਆਦਾ ਵਿਕਲਪ ਵੀ ਨਹੀਂ ਸਨ, ਪਰ ਹਾਲਾਤ ਕੁਝ ਸੰਭਲੇ ਹੋਏ ਸਨ।
ਉਹ ਸਕੂਲ ਜਾਂਦੇ ਸਨ, ਖਾਣ ਪੀਣ ਦੀ ਦਿੱਕਤ ਨਹੀਂ ਸੀ। ਚਿੰਤਾਵਾਂ ਘੱਟ ਸਨ। ਜਦੋਂ ਆਡਾਨਾ 12 ਸਾਲ ਦੇ ਸਨ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਕੁਝ ਸਾਲ ਬਾਅਦ ਮਾਂ ਵੀ ਨਾ ਰਹੀ।
ਕੀਨੀਆ ਦੇ ਪੱਛਮੀ ਪੇਂਡੂ ਇਲਾਕੇ 'ਚ ਵਸੇ ਆਪਣੇ ਪਿੰਡ ਬਾਰੇ ਅਡਾਮਾ ਦੱਸਦੇ ਹਨ, "ਉਸ ਤੋਂ ਬਾਅਦ ਜ਼ਿੰਦਗੀ ਬੇਹੱਦ ਔਖੀ ਹੋ ਗਈ। ਮੈਨੂੰ ਸਕੂਲ ਛੱਡਣਾ ਪਿਆ ਅਤੇ ਗੁਜ਼ਾਰੇ ਦਾ ਪ੍ਰਬੰਧ ਕਰਨਾ ਪਿਆ।"
22ਸਾਲ ਦੀ ਉਮਰ ਵਿੱਚ ਆਡਾਮਾ ਇੱਕ ਵਿਅਕਤੀ ਨੂੰ ਮਿਲੇ ਅਤੇ ਗਰਭਵਤੀ ਹੋ ਗਏ। ਅਡਾਮਾ ਨੇ ਇੱਕ ਧੀ ਨੂੰ ਜਨਮ ਦਿੱਤਾ ਪਰ ਇਸ ਦੇ ਤਿੰਨ ਦਿਨ ਬਾਅਦ ਦੀ ਬੱਚੀ ਦੇ ਪਿਤਾ ਦੀ ਮੌਤ ਹੋ ਗਈ।
ਅਡਾਮਾ ਨੇ ਕਿਸੇ ਤਰੀਕੇ ਉਸ ਬੱਚੀ ਨੂੰ ਪਾਲਿਆ। ਪਰ 18 ਮਹੀਨਿਆਂ ਬਾਅਦ ਦੋਵਾਂ ਦੇ ਜਿਉਣ ਲਈ ਆਮਦਨ ਦੀ ਲੋੜ ਸੀ ਅਤੇ ਉਹ ਕੰਮ ਦੀ ਭਾਲ 'ਚ ਨੈਰੋਬੀ ਪਹੁੰਚੇ।
ਉਨ੍ਹਾਂ ਦੀ ਬਜ਼ੁਰਗ ਨਾਨੀ ਦੇ ਉਸ ਸਮੇਂ ਅਡਾਮਾ ਨੂੰ ਕਿਹਾ ਸੀ, "ਧਿਆਨ ਰੱਖੀਂ ਕਿ ਤੂੰ ਆਪਣੇ ਬੱਚੇ ਦੀ ਜ਼ਿੰਦਗੀ ਲਈ ਕੰਮ ਦੀ ਭਾਲ 'ਚ ਜਾ ਰਹੀ ਹੈਂ।"

ਤਸਵੀਰ ਸਰੋਤ, Getty Images
ਕੰਮ ਦੀ ਭਾਲ
ਨੈਰੋਬੀ ਪਹੁੰਚਣ ਤੋਂ ਬਾਅਦ ਅਡਾਨਾ ਨੇ ਸੜਕਾਂ 'ਤੇ ਹਦਵਾਣੇ ਵੇਚਣੇ ਸ਼ੁਰੂ ਕਰ ਦਿੱਤੇ, ਪਰ ਇਸ ਤੋਂ ਬਹੁਤੀ ਆਮਦਨ ਨਹੀਂ ਸੀ ਹੋ ਰਹੀ। ਉਹ ਜੋ ਵੀ ਪੈਸੇ ਘਰ ਲਿਆਉਂਦੇ ਉਨ੍ਹਾਂ ਦੇ ਨਾਲ ਰਹਿਣ ਵਾਲੀ ਔਰਤ ਚੋਰੀ ਕਰ ਲੈਂਦੀ ਸੀ। ਸ਼ਹਿਰ ਵਿੱਚ ਜ਼ਿੰਦਗੀ ਦੀਆਂ ਚਣੌਤੀਆਂ ਕਿਤੇ ਵੱਧ ਸਨ।
ਅਡਾਮਾ ਦੇ ਮੱਥੇ 'ਤੇ ਇੱਕ ਸੱਟ ਦਾ ਨਿਸ਼ਾਨ ਹੈ ਜੋ ਸਵੈ ਸੁਰੱਖਿਆ ਕਰਦਿਆਂ ਲੱਗਿਆ ਸੀ। ਇਸ ਨਿਸ਼ਾਨ ਬਾਰੇ ਅਡਾਨਾ ਨੇ ਦੱਸਿਆ, "ਕੁਝ ਲੋਕ ਛੇੜਖਾਨੀ ਕਰ ਰਹੇ ਸਨ, ਗੱਲ ਜਦੋਂ ਹੱਦ ਤੋਂ ਵੱਧ ਗਈ ਤਾਂ ਮੈਨੂੰ ਆਪਣੀ ਰੱਖਿਆ ਕਰਨ ਲਈ ਉਨ੍ਹਾਂ ਨਾਲ ਭਿੜਨਾ ਪਿਆ।"
ਇਸ ਤੋਂ ਬਾਅਦ ਅਡਾਨਾ ਇੱਕ ਕੰਸਟ੍ਰਕਸ਼ਨ ਸਾਈਟ 'ਤੇ ਕੰਮ ਕਰਨ ਲੱਗੇ, ਇਥੇ ਉਨ੍ਹਾਂ ਨੂੰ ਕੋਈ ਮਜ਼ਦੂਰੀ ਨਹੀਂ ਸੀ ਮਿਲ ਰਹੀ। ਇਸ ਤੋਂ ਬਾਅਦ ਉਹ ਨਾਈਟ ਕਲੱਬ ਪਹੁੰਚ ਗਏ। ਅਡਾਨਾ ਨੇ ਬੌਸ ਨੂੰ ਆਪਣੀ ਤਨਖ਼ਾਹ ਪਿੰਡ ਵਿੱਚ ਸਿੱਧੇ ਨਾਨੀ ਨੂੰ ਭੇਜਣ ਦੀ ਬੇਨਤੀ ਕੀਤੀ।
ਕੁਝ ਦਿਨਾਂ ਬਾਅਦ ਕੁਝ ਪੈਸਾ ਆਪਣੇ ਕੋਲ ਰੱਖਣ ਲੱਗੇ ਤਾਂ ਕਿ ਰਹਿਣ ਲਈ ਕਿਰਾਏ 'ਤੇ ਘਰ ਲੈ ਸਕਣ। ਕੁਝ ਦਿਨਾਂ ਬਾਅਦ ਥੋੜ੍ਹੀ ਬਿਹਤਰ ਤਨਖ਼ਾਹ 'ਤੇ ਅਡਾਨਾ ਨੂੰ ਇੱਕ ਹੋਰ ਕੰਸਟ੍ਰਕਸ਼ਨ ਸਾਈਟ 'ਤੇ ਨੌਕਰੀ ਮਿਲ ਗਈ, ਇਥੇ ਉਨ੍ਹਾਂ ਦੀ ਮੁਲਾਕਾਤ ਇੱਕ ਸ਼ਖ਼ਸ ਨਾਲ ਹੋਈ।
ਦੋਵੇਂ ਇੱਕ ਦੂਜੇ ਨਾਲ ਡੇਟ ਕਰਨ ਲੱਗੇ। ਕੁਝ ਦਿਨਾਂ ਬਾਅਦ ਉਸ ਸ਼ਖ਼ਸ ਨੇ ਅਡਾਨਾ ਤੋਂ ਬੱਚੇ ਦੀ ਇੱਛਾ ਬਾਰੇ ਦੱਸਿਆ।
ਅਡਾਨਾ ਨੇ ਇਸ ਵਿਅਕਤੀ ਮੂਹਰੇ ਇੱਕ ਸ਼ਰਤ ਰੱਖਦਿਆਂ ਕਿਹਾ ਕਿ ਜੇ ਉਹ ਪਿੰਡੋਂ ਆਪਣੀ ਧੀ ਨੂੰ ਨਾਲ ਰੱਖਣ ਲਈ ਲੈ ਆਵੇ ਤਾਂ ਉਹ ਆਪਣੇ ਦੋਵਾਂ ਦੇ ਬੱਚੇ ਨੂੰ ਵੀ ਜਨਮ ਦੇ ਸਕਦੇ ਹਨ। ਉਹ ਵਿਅਕਤੀ ਇਸ ਲਈ ਤਿਆਰ ਹੋ ਗਿਆ।
ਅਡਾਨਾ ਦੇ ਗਰਭਵਤੀ ਹੋਣ ਦੇ ਪੰਜ ਮਹੀਨਿਆਂ ਤੱਕ ਤਾਂ ਉਸ ਵਿਅਕਤੀ ਨੇ ਘਰ ਦੇ ਕਿਰਾਏ ਅਤੇ ਬਿੱਲ ਦਿੱਤੇ, ਘਰ ਵਿੱਚ ਖਾਣ ਪੀਣ ਦਾ ਸਾਮਾਨ ਵੀ ਲਿਆਉਂਦਾ ਰਿਹਾ।
ਅਡਾਨਾ ਆਪਣੀ ਧੀ ਨੂੰ ਸ਼ਹਿਰ ਲਿਆਉਣ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਸਨ ਅਤੇ ਇੱਕ ਦਿਨ ਉਹ ਵਿਅਕਤੀ ਕਿਤੇ ਗੁਆਚ ਗਿਆ ਅਤੇ ਫ਼ਿਰ ਕਦੀ ਵਾਪਸ ਨਾ ਆਇਆ।
ਜਦੋਂ ਆਪਣਾ ਹੀ ਕੋਈ ਟਿਕਾਣਾ ਨਹੀਂ ਤਾਂ ਅਜਿਹੀ ਸਥਿਤੀ ਵਿੱਚ ਇੱਕ ਬੱਚੇ ਨੂੰ ਜਨਮ ਦੇਣ ਦੀ ਚਿੰਤਾ ਕਿਸ ਤਰ੍ਹਾਂ ਦਾ ਹੁੰਦੀ ਹੈ, ਇਸ ਗੱਲ ਨੂੰ ਬਹੁਤ ਸਾਰੀਆਂ ਔਰਤਾਂ ਮਹਿਸੂਸ ਕਰ ਸਕਦੀਆਂ ਹਨ।
ਹਾਲਾਂਕਿ ਅਜਿਹੀ ਸਥਿਤੀ ਵਿੱਚ ਵੀ ਕੋਈ ਆਪਣੇ ਬੱਚੇ ਨੂੰ ਕਿਸੇ ਅਣਜਾਣ ਵਿਅਕਤੀ ਹੱਥ ਵੇਚਣ ਦਾ ਸ਼ਾਇਦ ਹੀ ਸੋਚੇ। ਪਰ ਕੀਨੀਆਂ ਵਿੱਚ ਬੇਹੱਦ ਗ਼ਰੀਬੀ ਸਹਿ ਰਹੀਆਂ ਕੁਝ ਮਾਵਾਂ ਲਈ ਆਪਣੇ ਬੱਚੇ ਨੂੰ ਤਸਕਰਾਂ ਦੇ ਹੱਥਾਂ 'ਚ ਵੇਚਣਾ, ਆਪਣੀ ਹੋਂਦ ਬਚਾਉਣ ਦੇ ਗਿਣੇ ਚੁਣੇ ਵਿਕਲਪਾਂ ਵਿਚੋਂ ਇੱਕ ਹੈ।
ਇਹ ਵੀ ਪੜ੍ਹੋ

ਮਾਮੂਲੀ ਪੈਸਿਆਂ ਵਿੱਚ ਬੱਚਿਆਂ ਦੀ ਖ਼ਰੀਦੋ ਫ਼ਰੋਖ਼ਤ
ਤਸਕਰ ਇਨ੍ਹਾਂ ਬੱਚਿਆਂ ਬਦਲੇ ਮਾਮੂਲੀ ਪੈਸਿਆਂ ਦਾ ਭੁਗਤਾਨ ਕਰਦੇ ਹਨ। ਸਾਰਾ ਜਦੋਂ ਦੂਸਰੀ ਵਾਰ ਗਰਭਵਤੀ ਹੋਏ ਮਹਿਜ਼ 17ਸਾਲਾਂ ਦੇ ਸਨ।
ਬੱਚਿਆਂ ਦੇ ਪਾਲਣ ਪੋਸ਼ਣ ਲਈ ਉਨ੍ਹਾਂ ਕੋਲ ਪੈਸੇ ਨਹੀਂ ਸਨ। ਉਨ੍ਹਾਂ ਨੇ ਆਪਣੇ ਬੱਚੇ ਨੂੰ ਉਸ ਔਰਤ ਨੂੰ ਵੇਚ ਦਿੱਤਾ ਜਿਸ ਨੇ 3000ਕੀਨੀਆਈ ਸ਼ਿਲਿੰਗ ਯਾਨੀ 2000ਰੁਪਏ ਤੋਂ ਵੀ ਘੱਟ ਪੈਸਿਆਂ ਦੀ ਪੇਸ਼ਕਸ਼ ਕੀਤੀ ਸੀ।
ਸਾਰਾ ਨੇ ਦੱਸਿਆ, "ਉਸ ਵੇਲੇ ਮੈਂ ਕਾਫ਼ੀ ਜਵਾਨ ਸੀ, ਮੈਨੂੰ ਲੱਗਿਆ ਨਹੀਂ ਕਿ ਮੈਂ ਕੁਝ ਗ਼ਲਤ ਕਰ ਰਹੀ ਹਾਂ। ਪੰਜ ਸਾਲ ਬਾਅਦ ਮੈਨੂੰ ਇਹ ਅੰਦਰੋਂ ਚੀਰਨ ਲੱਗਿਆ। ਮੈਂ ਉਸ ਔਰਤ ਨੂੰ ਉਸਦੇ ਪੈਸੇ ਵਾਪਸ ਕਰਨਾ ਚਾਹੁੰਦੀ ਸੀ।"
ਇੰਨੇ ਪੈਸਿਆਂ ਵਿੱਚ ਆਪਣੇ ਬੱਚਿਆਂ ਨੂੰ ਵੇਚਣ ਵਾਲੀਆਂ ਕਈ ਔਰਤਾਂ ਨੂੰ ਸਾਰਾ ਜਾਣਦੇ ਹਨ। ਉਨ੍ਹਾਂ ਨੇ ਦੱਸਿਆ, "ਕਈ ਲੜਕੀਆਂ ਔਖੀਆਂ ਚਣੌਤੀਆਂ ਦੇ ਚਲਦਿਆਂ ਆਪਣੇ ਬੱਚੇ ਵੇਚਦੀਆਂ ਹਨ। ਹੋ ਸਕਦਾ ਹੈ ਕਿ ਉਹ ਆਪਣੀ ਮਾਂ ਤੋਂ ਤਸ਼ੱਦਦ ਝੱਲਦੀਆਂ ਹੋਣ ਅਤੇ ਉਨ੍ਹਾਂ ਕੋਲ ਕੁਝ ਵੀ ਨਾ ਹੋਵੇ ਜਾਂ ਫ਼ਿਰ ਉਹ ਗਰਭਵਤੀ ਹੋਣ ਸਮੇਂ, ਹਾਲੇ ਸਕੂਲ ਹੀ ਜਾਂਦੀਆਂ ਹੋਣ।"
ਉਨ੍ਹਾਂ ਕਿਹਾ, "15 ਜਾਂ 16 ਸਾਲ ਦੀਆਂ ਲੜਕੀਆਂ ਦੀਆਂ ਕਈ ਮੁਸ਼ਕਿਲਾਂ ਹੁੰਦੀਆਂ ਹਨ। ਕੋਈ ਸਹਾਰਾ ਦੇਣ ਵਾਲਾ ਨਹੀਂ ਹੁੰਦਾ ਇਸ ਲਈ ਇਹ ਲੜਕੀਆਂ ਆਪਣੇ ਬੱਚਿਆਂ ਨੂੰ ਗਵਾ ਦਿੰਦੀਆਂ ਹਨ ਅਤੇ ਹੋਰ ਵੀ ਬਹੁਤ ਕੁਝ ਗਵਾ ਦਿੰਦੀਆਂ ਹਨ।"
ਕਿਸ਼ੋਰ ਉਮਰ ਵਿੱਚ ਗਰਭਵਤੀ ਹੋਣ ਦੇ ਮਾਮਲੇ ਅਫ਼ਰੀਕਾ ਵਿੱਚ ਸਭ ਤੋਂ ਵੱਧ ਜਿਨਾਂ ਦੇਸਾਂ ਵਿੱਚ ਦੇਖਣ ਨੂੰ ਮਿਲਦੇ ਹਨ ਕੀਨੀਆਂ ਉਨਾਂ ਵਿਚੋਂ ਇੱਕ ਹੈ।
ਸਿਹਤ ਮਾਹਰਾਂ ਮੁਤਾਬਿਕ ਕੋਰੋਨਾ ਮਹਾਂਮਾਰੀ ਦੌਰਾਨ ਸਥਿਤੀ ਹੋਰ ਵੀ ਖ਼ਰਾਬ ਹੋ ਗਈ ਹੈ, ਕਿਉਂਕਿ ਗੁਜ਼ਾਰਾ ਕਰਨ ਲਈ ਔਰਤਾਂ ਸੈਕਸ ਵਰਕਰ ਵਜੋਂ ਕੰਮ ਕਰਨ ਲਈ ਮਜ਼ਬੂਰ ਹੋਈਆਂ ਹਨ ਅਤੇ ਸਕੂਲ ਬੰਦ ਹੋਣ ਦਾ ਵੀ ਲੜਕੀਆਂ 'ਤੇ ਅਸਰ ਪਿਆ ਹੈ।
ਕੀਨੀਆਂ ਵਿੱਚ ਮਨੁੱਖੀ ਅਧਿਕਾਰ ਮਾਮਲਿਆਂ ਦੇ ਵਕੀਲ ਪਰੂਡੈਂਸ ਮੁਤਿਸੋ ਬਾਲ ਸੁਰੱਖਿਆ ਅਤੇ ਜਣਨ ਅਧਿਕਾਰ ਦੇ ਮਾਹਰ ਹਨ।
ਉਨ੍ਹਾਂ ਨੇ ਦੱਸਿਆ,"ਮੈਂ ਔਰਤਾਂ ਅਤੇ ਲੜਕੀਆਂ ਦੀਆਂ ਅਜਿਹੀਆਂ ਸਥਿਤੀਆਂ ਦੀਆਂ ਕਈ ਕਹਾਣੀਆਂ ਸੁਣੀਆਂ ਹਨ। ਜਵਾਨ ਔਰਤਾਂ ਕੰਮ ਦੀ ਭਾਲ ਵਿੱਚ ਸ਼ਹਿਰਾਂ ਵਿੱਚ ਆਉਂਦੀਆਂ ਹਨ, ਫ਼ਿਰ ਮਰਦਾਂ ਨਾਲ ਸੰਬੰਧਾਂ ਵਿੱਚ ਆ ਜਾਂਦੀਆਂ ਹਨ, ਗਰਭਵਤੀ ਹੁੰਦੀਆਂ ਹਨ ਅਤੇ ਫ਼ਿਰ ਬੱਚੇ ਦਾ ਪਿਤਾ ਗੁਆਚ ਜਾਂਦਾ ਹੈ।"

ਤਸਵੀਰ ਸਰੋਤ, Getty Images
ਕੋਰੋਨਾ ਨੇ ਸਮੱਸਿਆ ਹੋਰ ਵਧਾ ਦਿੱਤੀ ਹੈ
ਪਰੂਡੈਂਸ ਮੁਤਿਸੋ ਮੁਤਾਬਿਕ, "ਜੇ ਰਹਿਣ ਸਹਿਣ ਦਾ ਪ੍ਰਬੰਧ ਕਰਨ ਲਈ ਬੱਚੇ ਦਾ ਪਿਤਾ ਨਾ ਹੋਵੇ ਤਾਂ ਇਨ੍ਹਾਂ ਔਰਤਾਂ ਅਤੇ ਲੜਕੀਆਂ ਨੂੰ ਆਮਦਨ ਲਈ ਰਾਹ ਲੱਭਣੇ ਪੈਂਦੇ ਹਨ। ਇੰਨਾਂ ਰਸਤਿਆਂ ਦੀ ਭਾਲ ਵਿੱਚ ਹੀ ਉਹ ਆਪਣੇ ਬੱਚਿਆਂ ਦਾ ਸੌਦਾ ਕਰਨ ਲੱਗੀਆਂ ਹਨ। ਉਨ੍ਹਾਂ ਨੂੰ ਕਿਤੋਂ ਵੀ ਪੈਸਾ ਚਾਹੀਦਾ ਹੁੰਦਾ ਹੇ, ਤਾਂ ਕਿ ਆਪਣੇ ਪਹਿਲੇ ਬੱਚੇ ਦਾ ਢਿੱਡ ਭਰ ਸਕਣ। ਲੋਕ ਖ਼ੁੱਲ੍ਹੇ ਤੌਰ 'ਤੇ ਇਸ ਗੱਲ ਨੂੰ ਸਵਿਕਾਰ ਨਹੀਂ ਕਰਦੇ, ਪਰ ਇਹ ਹੋ ਰਿਹਾ ਹੈ।"
ਅਡਾਮਾ ਨੇ ਕੰਸਟ੍ਰਕਸ਼ਨ ਸਾਈਟ 'ਤੇ ਆਪਣੇ ਗਰਭਵਤੀ ਹੋਣ ਦੀ ਗੱਲ ਉਦੋਂ ਤੱਕ ਲਕੋਈ ਜਦੋਂ ਤੱਕ ਉਨ੍ਹਾਂ ਦੀ ਸਥਿਤੀ ਸੀਮੇਂਟ ਦਾ ਬੋਰਾ ਚੁੱਕਣ ਦੇ ਅਸਮਰੱਥ ਨਾ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਕੋਲ ਕੰਮ ਨਾ ਰਿਹਾ ਪਰ ਕਿਰਾਇਆ ਤਾਂ ਹਰ ਮਹੀਨੇ ਦੇਣਾ ਪੈ ਰਿਹਾ ਸੀ।
ਤਿੰਨ ਮਹੀਨੇ ਤੱਕ ਮਕਾਨ ਮਾਲਿਕ ਨੇ ਨਰਮੀ ਦਿਖਾਈ ਪਰ ਉਸ ਤੋਂ ਬਾਅਦ ਅਡਾਨਾ ਨੂੰ ਘਰੋਂ ਕੱਢ ਦਿੱਤਾ। ਅੱਠ ਮਹੀਨਿਆਂ ਦੇ ਗਰਭਵਤੀ ਅਡਾਨਾ, ਇਸ ਤੋਂ ਬਾਅਦ ਸਿਰਫ਼ ਰਾਤ ਨੂੰ ਸੌਣ ਲਈ ਉਥੇ ਪਹੁੰਚਦੇ ਅਤੇ ਸਵੇਰ ਹੁੰਦੇ ਹੀ ਉਥੋਂ ਨਿਕਲ ਜਾਂਦੇ।
ਅਡਾਨਾ ਯਾਦ ਕਰਦੇ ਹਨ, "ਜਦੋਂ ਦਿਨ ਚੰਗਾ ਹੁੰਦਾ ਸੀ ਤਾਂ ਖਾਣਾ ਮਿਲ ਜਾਂਦਾ ਸੀ। ਨਹੀਂ ਤਾਂ ਮੈਂ ਸਿਰਫ਼ ਪਾਣੀ ਪੀ ਕੇ ਅਤੇ ਅਰਦਾਸ ਕਰਕੇ ਸੌਂਦੀ ਸੀ।"
ਕੀਨੀਆਂ ਵਿੱਚ ਅਡਾਨਾ ਦੀ ਤਰ੍ਹਾਂ ਮੁਸ਼ਕਿਲਾਂ ਵਿੱਚ ਫ਼ਸਣ ਵਾਲੀਆਂ ਔਰਤਾਂ ਕਈ ਕਾਰਨਾਂ ਕਰਕੇ ਤਸਕਰਾਂ ਤੱਕ ਪਹੁੰਚ ਜਾਂਦੀਆਂ ਹਨ। ਕੀਨੀਆਂ ਵਿੱਚ ਗਰਭਪਾਤ ਕਰਨਾ ਉਸ ਸਮੇਂ ਤੱਕ ਗ਼ੈਰ ਕਾਨੂੰਨੀ ਹੈ ਜਦੋਂ ਤੱਕ ਬੱਚੇ ਨੂੰ ਕੋਈ ਖ਼ਤਰਾ ਨਾ ਹੋਵੇ ਜਾਂ ਮਾਂ ਦੀ ਜ਼ਿੰਦਗੀ ਬਚਾਉਣ ਲਈ ਜ਼ਰੂਰੀ ਨਾ ਹੋਵੇ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਦੇ ਚਲਦਿਆਂ ਬਿਨ੍ਹਾਂ ਮਾਨਤਾ ਪ੍ਰਾਪਤ ਖ਼ਤਰਨਾਕ ਵਿਕਲਪ ਵੀ ਮੌਜੂਦ ਹਨ। ਇਸ ਤੋਂ ਇਲਾਵਾ ਕੀਨੀਆ ਦੇ ਪੇਂਡੂ ਖੇਤਰਾਂ ਵਿੱਚ ਯੋਨ ਸੰਬੰਧਾਂ ਅਤੇ ਪ੍ਰਜਣਨ ਸੰਬੰਧੀ ਸਿਹਤ ਨਾਲ ਜੁੜੇ ਮੁੱਦਿਆਂ ਬਾਰੇ ਜਾਗਰੂਕਤਾ ਦੀ ਬਹੁਤ ਕਮੀ ਹੈ।
ਕਾਨੂੰਨੀ ਤਰੀਕੇ ਨਾਲ ਬੱਚਾ ਗੋਦ ਲੈਣ ਨਾਲ ਸੰਬੰਧਿਤ ਪ੍ਰੀਕਿਰਿਆ ਬਾਰੇ ਵੀ ਜਾਕਰੂਕਤਾ ਦੀ ਕਮੀ ਹੈ।
ਚੈਰੇਟ ਹੈਲਥ ਪਾਵਰਟੀ ਐਕਸ਼ਨ ਦੇ ਕੀਨੀਆ ਕਨਵੀਨਰ ਇਬਰਾਹਿਮ ਅਲੀ ਨੇ ਦੱਸਿਆ "ਅਣਇੱਛਤ ਗਰਭ ਠਹਿਰਣ ਤੋਂ ਬਾਅਦ ਔਰਤਾਂ ਅਤੇ ਲੜਕੀਆਂ ਲਈ ਸਰਕਾਰ ਵਲੋਂ ਸਹਾਇਤਾ ਸੰਬੰਧੀ ਕੋਈ ਪ੍ਰੋਗਰਾਮ ਨਹੀਂ ਹੈ। ਅਜਿਹੀਆਂ ਔਰਤਾਂ ਕਲੰਕਿਤ ਮੰਨੀਆਂ ਜਾਂਦੀਆਂ ਹਨ। ਪੇਂਡੂ ਇਲਾਕਿਆਂ ਵਿੱਚ ਉਨ੍ਹਾਂ 'ਤੇ ਤਸ਼ੱਦਦ ਕੀਤੇ ਜਾਂਦੇ ਹਨ। ਉਹ ਉਥੋਂ ਨਿਕਲ ਕੇ ਸ਼ਹਿਰਾਂ ਵਿੱਚ ਪਹੁੰਚਦੀਆਂ ਹਨ ਪਰ ਉਥੇ ਮੁਸ਼ਕਿਲ ਚਣੌਤੀਆਂ ਵਿੱਚ ਘਿਰ ਜਾਂਦੀਆਂ ਹਨ।"

ਉਮੀਦ ਜਾਂ ਤਸਕਰੀ ਦਾ ਜਾਲ
ਅਡਾਨਾ ਨੂੰ ਪਤਾ ਨਹੀਂ ਸੀ ਕਿ ਬੱਚੇ ਨੂੰ ਸੁਰੱਖਿਅਤ ਛੱਡਣ ਦੇ ਉਨ੍ਹਾਂ ਕੋਲ ਕਿਹੜੇ ਵਿਕਲਪ ਹਨ ਜਾਂ ਬੱਚੇ ਨੂੰ ਗੋਦ ਲੈਣ ਦੇ ਤਰੀਕੇ ਬਾਰੇ ਵੀ ਜਾਣਕਾਰੀ ਨਹੀਂ ਸੀ।
ਉਨ੍ਹਾਂ ਨੇ ਦੱਸਿਆ,"ਮੈਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ। ਮੈਂ ਇਸ ਬਾਰੇ ਕਦੀ ਨਹੀਂ ਸੀ ਸੁਣਿਆ।"
ਅਡਾਨਾ ਨੇ ਪਹਿਲਾਂ ਤਾਂ ਗ਼ੈਰ-ਕਾਨੂੰਨੀ ਤਰੀਕੇ ਨਾਲ ਗਰਭਪਾਤ ਕਰਵਾਉਣ ਬਾਰੇ ਸੋਚਿਆ ਪਰ ਇਹ ਵਿਚਾਰ ਉਨ੍ਹਾਂ ਦੇ ਵਿਸ਼ਵਾਸ ਸਾਹਮਣੇ ਟਿਕਿਆ ਨਾ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਖ਼ੁਦਕਸ਼ੀ ਕਰਨ ਦਾ ਵਿਚਾਰ ਵੀ ਆਇਆ।
ਅਡਾਨਾ ਨੇ ਦੱਸਿਆ, "ਮੈਂ ਕਾਫ਼ੀ ਤਣਾਅ ਵਿੱਚ ਸੀ। ਸੋਚਣ ਲੱਗੀ ਸੀ ਕਿ ਕਿਸ ਤਰੀਕੇ ਨਾਲ ਖ਼ੁਦਕਸ਼ੀ ਕਰਾਂ ਕਿ ਲੋਕ ਮੈਨੂੰ ਭੁੱਲ ਜਾਣ।"
ਪਰ ਬੱਚੇ ਦੇ ਜਨਮ ਤੋਂ ਕੁਝ ਹਫ਼ਤੇ ਪਹਿਲਾਂ ਕਿਸੇ ਨੇ ਅਡਾਨਾ ਨੂੰ ਮੈਰੀ ਏਉਮਾ ਨਾਲ ਮਿਲਵਾਇਆ। ਏਉਮਾ ਨੇ ਅਡਾਨਾ ਨੂੰ ਗਰਭਪਾਤ ਜਾਂ ਖ਼ੁਦਕਸ਼ੀ ਦਾ ਵਿਚਾਰ ਛੱਡਣ ਨੂੰ ਕਿਹਾ।
ਇਉਮਾ ਨੈਰੋਬੀ ਦੀ ਝੁੱਗੀ ਬਸਤੀ ਕਾਏਔਲੇ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਗਲੀ ਵਿੱਚ ਕਲੀਨਿਕ ਚਲਾਉਂਦੇ ਸਨ। ਉਨ੍ਹਾਂ ਨੇ ਅਡਾਨਾ ਨੂੰ 100ਸ਼ਿਲਿੰਗ ਦਿੱਤੇ ਅਤੇ ਨਿਰਧਾਰਿਤ ਦਿਨ ਕਲੀਨਿਕ ਆਉਣ ਨੂੰ ਕਿਹਾ।
ਮੈਰੀ ਇਉਮਾ ਦਾ ਕਲੀਨਿਕ ਅਸਲ ਵਿੱਚ ਕੋਈ ਕਲੀਨਿਕ ਨਹੀਂ ਸੀ। ਇਹ ਕਾਏਔਲੇ ਦੀ ਗਲੀ ਵਿੱਚ ਇੱਕ ਦੁਕਾਨ ਦੇ ਪਿੱਛੇ ਦੋ ਕਮਰਿਆਂ ਵਾਲਾ ਪ੍ਰਬੰਧ ਹੈ, ਜਿਸ ਵਿੱਚ ਦਵਾਈਆਂ ਦੇ ਪੁਰਾਣੇ ਡੱਬੇ ਜਾਂ ਬੋਤਲਾਂ ਰੱਖੇ ਹੋਏ ਹਨ।
ਇਸ ਤੋਂ ਬਾਅਦ ਵਾਲੇ ਕਮਰੇ ਵਿੱਚ ਔਰਤਾਂ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਇਉਮਾ ਸਹਾਇਕ ਦੇ ਨਾਲ ਬੈਠਦੇ ਹਨ ਅਤੇ ਥੋੜ੍ਹੇ ਮੁਨਾਫ਼ੇ 'ਤੇ ਬੱਚਿਆਂ ਦੀ ਖ਼ਰੀਦ ਫ਼ਰੋਖਤ ਦਾ ਕੰਮ ਕਰਦੇ ਹਨ। ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿ ਬੱਚਾ ਕੌਣ ਅਤੇ ਕਿਉਂ ਖ਼ਰੀਦ ਰਿਹਾ ਹੈ।
ਇਉਮਾ ਨੇ ਅਡਾਨਾ ਨੂੰ ਦੱਸਿਆ ਕਿ ਬੱਚਾ ਖ਼ਰੀਦਨ ਵਾਲੇ ਪਿਆਰੇ ਪਤੀ ਪਤਨੀ ਹਨ ਜੋ ਆਪਣਾ ਬੱਚਾ ਪੈਦਾ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੂੰ ਬੱਚੇ ਦੀ ਲੰਬੇ ਸਮੇਂ ਤੋਂ ਉਡੀਕ ਸੀ। ਪਰ ਅਸਲ ਵਿੱਚ ਇਉਮਾ ਨੇ ਬੱਚੇ ਨੂੰ ਗਲੀ ਵਿੱਚ ਆਏ ਇੱਕ ਵਿਅਕਤੀ ਨੂੰ ਵੇਚਿਆ ਜੋ ਸਹੀ ਕੀਮਤ ਲੈ ਕੇ ਆਇਆ ਸੀ।
ਇਉਮਾ ਗਰਭਵਤੀ ਔਰਤਾਂ ਨੂੰ ਦੱਸਦੇ ਹਨ ਕਿ ਉਹ ਨਰਸ ਸਨ ਪਰ ਉਨ੍ਹਾਂ ਕੋਲ ਇਲਾਜ਼ ਲਈ ਕੋਈ ਉਪਕਰਣ ਨਹੀਂ ਹੈ ਅਤੇ ਨਾ ਹੀ ਕੋਈ ਮੁਹਾਰਤ। ਉਨ੍ਹਾਂ ਨੂੰ ਬੱਚੇ ਦੇ ਜਨਮ ਸਮੇਂ ਰੱਖੀ ਜਾਣ ਵਾਲੀ ਸਾਫ਼ ਸਫ਼ਾਈ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ।
ਅਡਾਮਾ ਯਾਦ ਕਰਦਿਆਂ ਦੱਸਦੇ ਹਨ, "ਉਨ੍ਹਾਂ ਦੀ ਜਗ੍ਹਾ ਕਾਫ਼ੀ ਗੰਦੀ ਸੀ, ਉਹ ਖ਼ੂਨ ਲਈ ਇੱਕ ਛੋਟੇ ਜਿਹੇ ਕੰਟੇਨਰ ਦੀ ਵਰਤੋਂ ਕਰ ਰਹੀ ਸੀ, ਕੋਈ ਬੇਸਿਨ ਨਹੀਂ ਸੀ। ਇਥੋਂ ਤੱਕ ਕੇ ਬੈੱਡ ਵੀ ਸਾਫ਼ ਸੁਥਰਾ ਨਹੀਂ ਸੀ। ਪਰ ਮੇਰੇ ਕੋਲ ਕੋਈ ਹੋਰ ਬਦਲ ਨਹੀਂ ਸੀ, ਮੈਂ ਹਤਾਸ਼ ਸੀ।"

ਬੀਬੀਸੀ ਦੀ ਅੰਡਰਕਵਰ ਰਿਪੋਰਟਰ
ਅਡਾਮਾ ਜਦੋਂ ਕਲੀਨਿਕ ਪਹੁੰਚੇ ਤਾਂ ਮੈਰੀ ਇਉਮਾ ਨੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਚੇਤਾਵਨੀ ਦੇ ਦੋ ਗੋਲੀਆਂ ਖਵਾਈਆਂ। ਇਹ ਦਰਦ ਵਧਾਉਣ ਦੀ ਦਵਾ ਸੀ। ਮੈਰੀ ਇਉਮਾ ਕੋਲ ਖ਼ਰੀਦਦਾਰਾਂ ਦੀ ਲਾਈਨ ਲੱਗੀ ਸੀ ਅਤੇ ਉਹ ਇਸ ਨੂੰ ਲੈ ਕੇ ਉਤਸ਼ਾਹਿਤ ਵੀ ਸਨ।
ਪਰ ਜਦੋਂ ਅਡਾਨਾ ਨੇ ਬੱਚੇ ਨੂੰ ਜਨਮ ਦਿੱਤਾ ਉਸ ਦੀ ਛਾਤੀ ਵਿੱਚ ਕੋਈ ਸਮੱਸਿਆ ਸੀ ਅਤੇ ਉਸਨੂੰ ਤੁਰੰਤ ਦੇਖਬਾਲ ਦੀ ਲੋੜ ਸੀ ਲਿਹਾਜ਼ਾ ਇਉਮਾ ਨੇ ਅਡਾਮਾ ਨੂੰ ਬੱਚੇ ਨੂੰ ਹਸਪਤਾਲ ਲੈ ਜਾਣ ਲਈ ਕਿਹਾ।
ਇੱਕ ਹਫ਼ਤੇ ਬਾਅਦ ਅਡਾਮਾ ਤੰਦਰੁਸਤ ਬੱਚੇ ਨਾਲ ਹਸਪਤਾਲ ਤੋਂ ਆਏ। ਜਿਸ ਮਕਾਨ ਮਾਲਕ ਨੇ ਅਡਾਨਾ ਨੂੰ ਘਰੋਂ ਕੱਢਿਆ ਸੀ ਉਹ ਫ਼ਿਰ ਤੋਂ ਉਨ੍ਹਾਂ ਨੂੰ ਰੱਖਣ ਲਈ ਤਿਆਰ ਹੋ ਗਈ, ਉਹ ਅਡਾਨਾ ਦੇ ਬੱਚੇ ਦਾ ਵੀ ਧਿਆਨ ਰੱਖਣ ਲੱਗੀ।
ਇਸ ਤੋਂ ਕੁਝ ਸਮਾਂ ਬਾਅਦ ਅਡਾਮਾ ਫ਼ਿਰ ਤੋਂ ਮੈਰੀ ਇਉਮਾ ਕੋਲ ਪਹੁੰਚ ਗਏ। ਇਉਮਾ ਨੇ ਅਡਾਨਾ ਨੂੰ ਫ਼ਿਰ ਤੋਂ 100 ਸ਼ਿਲਿੰਗ ਦਿੱਤੇ ਅਤੇ ਅਗਲੇ ਦਿਨ ਕਲੀਨਿਕ ਆਉਣ ਲਈ ਕਿਹਾ।
ਇਉਮਾ ਨੇ ਬੱਚੇ ਦੇ ਖ਼ਰੀਦਦਾਰ ਨੂੰ ਲਿਖਤੀ ਮੈਸੇਜ ਭੇਜਿਆ, "ਨਵੇਂ ਪੈਕੇਜ ਦਾ ਜਨਮ ਹੋਇਆ ਹੈ।"
ਦੂਸਰਾ ਸੰਦੇਸ਼ ਭੇਜਿਆ, "45000k"
ਮੈਰੀ ਇਉਮਾ, ਅਡਾਮਾ ਨੂੰ ਕੋਈ 45ਹਜ਼ਾਰ ਸ਼ਿਲਿੰਗ ਯਾਨੀ 300ਪੌਂਡ (ਕਰੀਬ ਤੀਹ ਹਜ਼ਾਰ ਰੁਪਏ) ਨਹੀਂ ਸਨ ਦੇ ਰਹੇ। ਉਹ ਖ਼ਰੀਦਦਾਰ ਤੋਂ ਇੰਨੀ ਰਕਮ ਮੰਗ ਰਹੇ ਸਨ।
ਉਨ੍ਹਾਂ ਨੇ ਅਡਾਮਾ ਨੂੰ ਇੱਕ ਤਿਹਾਈ ਯਾਨੀ 70ਪੌਂਡ (ਸੱਤ ਹਜ਼ਾਰ ਰੁਪਏ ਤੋਂ ਘੱਟ) ਦਾ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਸੀ।
ਮੈਰੀ ਇਉਮਾ ਇਹ ਨਹੀਂ ਸਨ ਜਾਣਦੇ ਕਿ ਬੱਚੇ ਦੀ ਖ਼ਰੀਦ ਕਰਨ ਵਾਲੇ ਬੀਬੀਸੀ ਦੀ ਉਸ ਸੀਰੀਜ਼ 'ਤੇ ਕੰਮ ਕਰਨ ਵਾਲੇ ਅੰਡਰਕਵਰ ਰਿਪੋਟਰ ਹਨ, ਜਿਸ ਵਿੱਚ ਸਾਲ ਭਰ ਤਸਕਰੀ ਦੇ ਮੁੱਦੇ ਦੀ ਪੜਤਾਲ ਹੋਣੀ ਸੀ।
ਜਦੋਂ ਅਡਾਮਾ ਅਗਲੇ ਦਿਨ ਕੰਮ ਚਲਾਊ ਕਲੀਨਿਕ 'ਤੇ ਪਹੁੰਚੇ ਤਾਂ ਉਹ ਪਿਛਲੇ ਕਮਰੇ ਵਿੱਚ ਬੈਠੇ ਅਤੇ ਆਪਣੇ ਬੱਚੇ ਨੂੰ ਬਾਹਾਂ ਵਿੱਚ ਝੁਲਾਉਣ ਲੱਗੇ।
ਉਥੇ ਹੀ ਚੁੱਪ ਚਪੀਤੇ ਲੁਕ ਕੇ ਕੀਤੀ ਗੱਲਬਾਤ ਵਿੱਚ ਖ਼ਰੀਦਦਾਰ ਨੇ ਅਡਾਮਾ ਨੂੰ ਹੋਰ ਬਦਲਾਂ ਬਾਰੇ ਦੱਸਿਆ ਅਤੇ ਅਡਾਮਾ ਨੇ ਆਪਣਾ ਫ਼ੈਸਲਾ ਬਦਲ ਲਿਆ।
ਉਹ ਆਪਣੇ ਬੱਚੇ ਨੂੰ ਗੋਦ ਵਿੱਚ ਲਈ ਕਲੀਨਿਕ ਤੋਂ ਚਲੇ ਗਏ ਅਤੇ ਸਰਕਾਰੀ ਚਿਲਡਰਨ ਹੋਮ ਵਿੱਚ ਲੈ ਗਏ। ਉਸ ਬੱਚੇ ਨੂੰ ਜਦੋਂ ਤੱਕ ਕੋਈ ਸਹੀ ਤਰੀਕੇ ਨਾਲ ਗੋਦ ਨਹੀਂ ਲੈ ਲੈਂਦਾ ਉਸ ਸਮੇਂ ਤੱਕ ਉਸਦੀ ਦੇਖਭਾਲ ਉਥੇ ਹੀ ਹੋਵੇਗੀ।
ਬੀਬੀਸੀ ਨੇ ਮੈਰੀ ਇਉਮਾ ਦੀ ਇਸ ਸਟੋਰੀ ਵਿੱਚ ਲੱਗੇ ਇਲਜ਼ਾਮਾ ਉੱਪਰ ਪ੍ਰਤੀਕਿਰਿਆ ਜਾਣਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਜੁੱਤੀਆਂ ਦੀ ਦੁਕਾਨ ਦਾ ਸੁਪਨਾ
ਅਡਾਮਾ ਹੁਣ 29ਸਾਲ ਦੇ ਹਨ। ਉਹ ਹੁਣ ਉਸੇ ਪਿੰਡ ਵਿੱਚ ਰਹਿ ਰਹੇ ਹਨ ਜਿਥੇ ਉਨ੍ਹਾਂ ਦਾ ਬਚਪਨ ਬੀਤਿਆ ਸੀ। ਹਾਲੇ ਵੀ ਕਈ ਰਾਤਾਂ ਉਨ੍ਹਾਂ ਨੂੰ ਭੁੱਖਿਆਂ ਸੌਣਾ ਪੈਂਦਾ ਹੈ, ਜ਼ਿੰਦਗੀ ਅੱਜ ਵੀ ਮੁਸ਼ਕਿਲ ਬਣੀ ਹੋਈ ਹੈ।
ਅਡਾਮਾ ਨੂੰ ਨੇੜਲੇ ਹੋਟਲ ਵਿੱਚ ਕਦੀ ਕਦਾਈਂ ਕੰਮ ਜ਼ਰੂਰ ਮਿਲ ਜਾਂਦਾ ਹੈ ਪਰ ਉਹ ਕਾਫ਼ੀ ਨਹੀਂ ਹੈ। ਉਹ ਕੋਸ਼ਿਸ਼ ਕਰਦੇ ਹਨ ਕਿ ਡ੍ਰਿੰਕਸ ਨਾ ਲੈਣੀਆਂ ਪੈਣ। ਅਡਾਮਾ ਆਪਣੇ ਪਿੰਡ ਵਿੱਚ ਜੁੱਤੀਆਂ ਦੀ ਦੁਕਾਨ ਖੋਲ੍ਹਣਾ ਚਾਹੁੰਦੇ ਹਨ ਜਿਥੇ ਉਹ ਨੈਰੋਬੀ ਤੋਂ ਜੁੱਤੀਆਂ ਲਿਆ ਕੇ ਵੇਚ ਸਕਣ।
ਇਹ ਇੰਨਾਂ ਸੌਖਾ ਨਹੀਂ ਹੈ। ਅਡਾਨਾ ਦਾ ਆਪਣੇ ਬੇਟੇ ਨਾਲ ਕੋਈ ਸੰਪਰਕ ਨਹੀਂ ਹੈ, ਪਰ ਉਨ੍ਹਾਂ ਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ।
ਉਨ੍ਹਾਂ ਨੇ ਦੱਸਿਆ, "ਮੈਂ ਆਪਣੇ ਬੱਚੇ ਨੂੰ ਵੇਚ ਕੇ ਖ਼ੁਸ਼ ਨਹੀਂ ਸੀ। ਮੈਂ ਉਸ ਪੈਸੇ ਨੂੰ ਹੱਥ ਵੀ ਨਹੀਂ ਸੀ ਲਾਉਣਾ ਚਾਹੁੰਦੀ। ਪਰ ਉਸ ਨੂੰ ਛੱਡਣ ਵਿੱਚ ਪੈਸਿਆਂ ਦੀ ਕੋਈ ਗੱਲ ਨਹੀਂ ਸੀ, ਉਸ ਸਮੇਂ ਮੈਨੂੰ ਠੀਕ ਲੱਗਿਆ।"
ਹਾਲਾਂਕਿ ਅਡਾਮਾ ਉਸ ਚਿਲਡਰਨ ਹੋਮ ਦੇ ਨੇੜਲੇ ਇਲਾਕੇ ਵਿੱਚ ਬਾਖ਼ੂਬੀ ਜਾਂਦੇ ਹਨ। ਇਹ ਚਿਲਡਰਨ ਹੋਮ ਉਸੇ ਘਰ ਦੇ ਨੇੜੇ ਹੈ ਜਿਥੋਂ ਗਰਭਅਵਰਥਾ ਦੌਰਾਨ ਉਨ੍ਹਾਂ ਨੂੰ ਬੱਚੇ ਦੇ ਜਨਮ ਤੋਂ ਕੁਝ ਹੀ ਸਮਾਂ ਪਹਿਲਾਂ ਕੱਢ ਦਿੱਤਾ ਗਿਆ ਸੀ।
ਉਨ੍ਹਾਂ ਨੇ ਦੱਸਿਆ, "ਮੈਨੂੰ ਪਤਾ ਹੈ ਇਹ ਇਲਾਕਾ ਸੁਰੱਖਿਅਤ ਹੈ ਅਤੇ ਉਸਦੀ ਦੇਖਭਾਲ ਕਰਨ ਵਾਲੇ ਲੋਕ ਵੀ ਚੰਗੇ ਹਨ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












