ਓਸਾਮਾ ਬਿਨ ਲਾਦੇਨ ਨੂੰ ਮਾਰਨ ਦੀ ਯੋਜਨਾ ਕਿਵੇਂ ਬਣੀ ਅਤੇ ਉਸ ਨੂੰ ਕਿਵੇਂ ਅੰਜਾਮ ਦਿੱਤਾ ਗਿਆ - ਵਿਵੇਚਨਾ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਪੱਤਰਕਾਰ
ਮਈ 2009 'ਚ ਜਿਵੇਂ ਹੀ ਸਿਚੁਏਸ਼ਨ ਰੂਮ ਦੀ ਬੈਠਕ ਖ਼ਤਮ ਹੋਈ ਤਾਂ ਰਾਸ਼ਟਰਪਤੀ ਓਬਾਮਾ ਆਪਣੇ ਕੁਝ ਸਲਾਹਕਾਰਾਂ ਨੂੰ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ 'ਚ ਲੈ ਗਏ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।
ਇਸ 'ਚ ਵ੍ਹਾਈਟ ਹਾਊਸ ਦੇ ਚੀਫ ਆਫ਼ ਸਟਾਫ ਰਹਿਮ ਇਮੈਨੁਅਲ, ਸੀਆਈਏ ਦੇ ਨਿਦੇਸ਼ਕ ਲਿਓਨ ਪਨੇਟਾ ਅਤੇ ਉਪ ਰਾਸ਼ਟਰਪਤੀ, ਸੁਰੱਖਿਆ ਸਲਾਹਕਾਰ ਟਾਮ ਡਾਨਿਅਲ ਸ਼ਾਮਲ ਸਨ।
ਓਬਾਮਾ ਨੇ ਉਨ੍ਹਾਂ ਸਾਰਿਆਂ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਓਸਾਮਾ ਬਿਨ ਲਾਦੇਨ ਦੀ ਭਾਲ ਕਰਨ ਦੇ ਕਾਰਜ ਨੂੰ ਸਭ ਤੋਂ ਵੱਧ ਤਰਜੀਹੀ ਰੱਖਿਆ ਜਾਵੇ ਅਤੇ ਇਸ ਮੁਹਿੰਮ ਦੀ ਰਿਪੋਰਟ ਹਰ 30 ਦਿਨਾਂ 'ਚ ਉਨ੍ਹਾਂ ਅੱਗੇ ਪੇਸ਼ ਕੀਤੀ ਜਾਵੇ।
ਇਹ ਵੀ ਪੜ੍ਹੋ:
ਬਰਾਕ ਓਬਾਮਾ ਆਪਣੀ ਸਵੈ-ਜੀਵਨੀ ' ਅ ਪ੍ਰਾਮਿਸਡ ਲੈਂਡ' 'ਚ ਲਿਖਦੇ ਹਨ , " 9/11 ਦੀ 9ਵੀਂ ਬਰਸੀ ਤੋਂ ਇੱਕ ਦਿਨ ਪਹਿਲਾਂ ਸੀਆਈਏ ਦੇ ਨਿਦੇਸ਼ਕ ਲਿਓਨ ਪਨੇਟਾ ਅਤੇ ਉਨ੍ਹਾਂ ਦੇ ਨੰਬਰ ਦੋ ਮਾਈਕ ਮਾਰੇਲ ਨੇ ਮੇਰੇ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਸੀ।''
ਲਿਓਨ ਨੇ ਕਿਹਾ , " ਮਿਸਟਰ ਪ੍ਰੈਜ਼ੀਡੈਂਟ ਓਸਾਮਾ ਬਿਨ ਲਾਦੇਨ ਦੇ ਸਬੰਧ 'ਚ ਸਾਨੂੰ ਕੁਝ ਬਹੁਤ ਹੀ ਸ਼ੁਰੂਆਤੀ ਸੁਰਾਗ ਹਾਸਲ ਹੋਏ ਹਨ।"

ਤਸਵੀਰ ਸਰੋਤ, Getty Images
"ਸਾਡੇ ਜਾਸੂਸਾਂ ਨੇ ਅਬੂ ਅਹਿਮਦ ਅਲ ਕੁਵੈਤੀ ਨਾਂਅ ਦੇ ਇੱਕ ਵਿਅਕਤੀ ਦੀ ਭਾਲ ਕੀਤੀ ਹੈ ਜੋ ਅਲ-ਕਾਇਦਾ ਦੇ ਲਈ ਸ਼ੱਕੀ ਰੂਪ 'ਚ ਕੰਮ ਕਰਦਾ ਹੈ ਅਤੇ ਓਸਾਮਾ ਬਿਨ ਲਾਦੇਨ ਦਾ ਨਜ਼ਦੀਕੀ ਵੀ ਹੈ। ਸਾਡੇ ਜਾਸੂਸਾਂ ਨੇ ਉਨ੍ਹਾਂ ਦੇ ਫੋਨ ਅਤੇ ਰੋਜ਼ਮਰਾ ਦੀ ਗਤੀਵਿਧੀਆਂ 'ਤੇ ਨਜ਼ਰ ਰੱਖੀ ਹੋਈ ਹੈ ਅਤੇ ਉਹ ਸਾਨੂੰ ਪਾਕਿਸਤਾਨ 'ਚ ਇਸਲਾਮਾਬਾਦ ਤੋਂ 35 ਕਿਮੀ. ਦੂਰ ਐਬਟਾਬਾਦ ਸ਼ਹਿਰ ਦੇ ਬਾਹਰੀ ਇਲਾਕੇ 'ਚ ਇੱਕ ਵੱਡੇ ਜਿਹੇ ਅਹਾਤੇ ਤੱਕ ਲੈ ਗਏ ਹਨ।''
ਮਾਈਕ ਨੇ ਦੱਸਿਆ ਕਿ ਉਸ ਵੱਡੇ ਜਿਹੇ ਅਹਾਤੇ ਦੇ ਖੇਤਰ ਅਤੇ ਅਕਾਰ ਤੋਂ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਉੱਥੇ ਅਲ-ਕਾਇਦਾ ਨਾਲ ਜੁੜੀ ਕੋਈ ਵੱਡੀ ਹਸਤੀ ਰਹਿ ਰਹੀ ਹੈ।"
ਉਸ ਸਥਾਨ ਅੰਦਰ ਟਹਿਲਣ ਵਾਲਾ 'ਦ ਪੇਸਰ'
ਦੋ ਮਹੀਨੇ ਬਾਅਦ 14 ਦਸੰਬਰ ਨੂੰ ਇੱਕ ਵਾਰ ਫਿਰ ਲਿਓਨ ਅਤੇ ਮਾਈਕ ਨੇ ਬਰਾਕ ਓਬਾਮਾ ਨਾਲ ਮੁਲਾਕਾਤ ਕੀਤੀ।
ਇਸ ਵਾਰ ਉਨ੍ਹਾਂ ਨਾਲ ਸੀਆਈਏ ਦਾ ਇੱਕ ਅਧਿਕਾਰੀ ਅਤੇ ਇੱਕ ਵਿਸ਼ਲੇਸ਼ਕ ਵੀ ਸੀ। ਇਹ ਅਧਿਕਾਰੀ ਸੀਆਈਏ ਦੇ ਅੱਤਵਾਦ ਵਿਰੋਧੀ ਕੇਂਦਰ ਅਤੇ ਅਮਰੀਕਾ ਦੀ ਬਿਨ ਲਾਦੇਨ ਮੁਹਿੰਮ ਦਾ ਮੁਖੀ ਸੀ। ਇਨ੍ਹਾਂ ਦੋਵਾਂ ਲੋਕਾਂ ਨੇ ਓਬਾਮਾ ਨੂੰ ਉਨ੍ਹਾਂ ਸਾਰੇ ਤੱਥਾਂ ਤੋਂ ਜਾਣੂ ਕਰਵਾਇਆ, ਜਿਨ੍ਹਾਂ ਦੇ ਜ਼ਰੀਏ ਉਹ ਐਬਟਾਬਾਦ 'ਚ ਉਸ ਸਥਾਨ ਤੱਕ ਪਹੁੰਚੇ ਸੀ।
ਸੀਆਈਏ ਦੇ ਸਾਬਕਾ ਨਿਦੇਸ਼ਕ ਲਿਓਨ ਪਨੇਟਾ ਨੇ ਆਪਣੀ ਸਵੈ ਜੀਵਨੀ ' ਵਰਦੀ ਫਾਈਟਜ਼' 'ਚ ਇਸ ਸਬੰਧੀ ਜ਼ਿਕਰ ਵੀ ਕੀਤਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਲਿਖਿਆ ਹੈ ,"ਇਹ ਅਹਾਤਾ ਆਸ-ਪਾਸ ਦੇ ਹੋਰਨਾਂ ਪਲਾਟਾਂ ਨਾਲੋਂ ਸਭ ਤੋਂ ਵੱਡਾ ਸੀ, ਨਾਲ ਲਗਦੇ ਪਲਾਟ ਨਾਲੋਂ ਤਕਰੀਬਨ ਅੱਠ ਗੁਣਾ ਵੱਡਾ।¨
“ਇਸ ਅਹਾਤੇ ਦਾ ਮਾਲਿਕ ਇਬਰਾਹਿਮ ਅਤੇ ਉਸ ਦੇ ਭਰਾ ਸਨ। ਉਨ੍ਹਾਂ ਦੀ ਵਿੱਤੀ ਸਥਿਤੀ ਇੰਨ੍ਹੀ ਸਹੀ ਨਹੀਂ ਸੀ ਕਿ ਉਹ ਇੱਕ ਕਰੋੜ ਰੁਪਏ ਦੀ ਕੀਮਤ ਵਾਲੇ ਇਸ ਪਲਾਟ ਦੀ ਮਾਲਕੀ ਲੈ ਸਕਦੇ ਸਨ। ਹੈਰਾਨੀ ਵਾਲੀ ਗੱਲ ਇਹ ਸੀ ਕਿ ਇਬਰਾਹਿਮ ਭਾਵੇਂ ਇਸ ਅਹਾਤੇ ਦਾ ਮਾਲਿਕ ਸੀ ਪਰ ਉਹ ਇਸ ਦੀ ਇਮਾਰਤ ਦੇ ਮੁੱਖ ਹਿੱਸੇ ਵਿੱਚ ਨਾ ਰਹਿ ਕੇ ਸਗੋਂ ਗੈਸਟ ਹਾਊਸ 'ਚ ਹੀ ਰਹਿ ਰਿਹਾ ਸੀ।"
"ਇਸ ਇਮਾਰਤ ਦੀਆਂ ਤਿੰਨ ਮੰਜ਼ਿਲਾਂ ਸਨ। ਉੱਪਰ ਵਾਲੀ ਮੰਜ਼ਿਲ 'ਚ ਇਕ ਬਾਲਕੋਨੀ ਸੀ, ਪਰ ਇਸ ਨੂੰ ਇੱਕ ਦੀਵਾਰ ਨਾਲ ਢਕਿਆ ਗਿਆ ਸੀ। ਬਾਲਕੋਨੀ ਦੇ ਸਾਹਮਣੇ ਕੰਧ ਕੌਣ ਖੜ੍ਹੀ ਕਰਦਾ ਹੈ? ਉਸ ਘਰ 'ਚ ਨਾ ਹੀ ਕੋਈ ਇੰਟਰਨੈੱਟ ਕੁਨੈਕਸ਼ਨ ਸੀ ਅਤੇ ਨਾ ਹੀ ਲੈਂਡਲਾਈਨ ਫੋਨ ਦੀ ਸਹੂਲਤ ਸੀ। ਸਾਡੇ ਵੱਲੋਂ ਕੀਤੀ ਗਈ ਨਿਗਰਾਨੀ ਤੋਂ ਪਤਾ ਲੱਗਿਆ ਹੈ ਕਿ ਕਈ ਵਾਰ ਇੱਕ ਵਿਅਕਤੀ ਘਰ ਤੋਂ ਬਾਹਰ ਆ ਕੇ ਅਹਾਤੇ ਅੰਦਰ ਹੀ ਤੇਜ਼-ਤੇਜ਼ ਕਦਮਾਂ ਨਾਲ ਤੁਰਦਾ ਸੀ।"
ਬੀਬੀਸੀ ਪੰਜਾਬੀ ਵੈੱਬਸਾਈਟ ਨੂੰ ਆਪਣੇ ਐਂਡਰਾਇਡ ਫ਼ੋਨ ਵਿੱਚ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
"ਅਸੀਂ ਉਸ ਨੂੰ 'ਦ ਪੇਸਰ' ਦਾ ਨਾਂਅ ਦਿੱਤਾ ਸੀ। ਇਸ ਘਰ ਦੇ ਬਾਹਰ ਕੂੜਾ ਚੁੱਕਣ ਵਾਲੇ ਲੋਕ ਆਉਂਦੇ ਸਨ ਪਰ ਘਰ ਦੇ ਲੋਕ ਆਪਣਾ ਕੂੜਾ ਕੂੜੇਵਾਲੇ ਨੂੰ ਨਾ ਦੇ ਕੇ ਅਹਾਤੇ ਦੇ ਅੰਦਰ ਹੀ ਸਾੜਦੇ ਸਨ।"
ਸੀਆਈਏ ਦੇ ਜਾਸੂਸਾਂ ਦਾ ਮੰਨਣਾ ਸੀ ਕਿ 'ਦ ਪੇਸਰ' ਓਸਾਮਾ ਬਿਨ ਲਾਦੇਨ ਹੋ ਸਕਦਾ ਸੀ।
ਹਵਾਈ ਹਮਲੇ 'ਚ ਅਹਾਤੇ ਨੂੰ ਨਸ਼ਟ ਕਰਨ ਦਾ ਵਿਕਲਪ
ਓਬਾਮਾ ਦੀ ਰਾਏ ਸੀ ਕਿ ਭਾਵੇਂ ਪਾਕਿਸਤਾਨ ਦੀ ਹਕੂਮਤ ਅਮਰੀਕਾ ਨੂੰ ਸਹਿਯੋਗ ਦੇ ਰਹੀ ਸੀ ਅਤੇ ਅਫ਼ਗਾਨਿਸਤਾਨ 'ਚ ਉਨ੍ਹਾਂ ਦੀ ਮੁਹਿੰਮ 'ਚ ਮਦਦ ਵੀ ਕਰ ਰਹੀ ਸੀ, ਪਰ ਇਹ ਵੀ ਕਿਸੇ ਤੋਂ ਲੁਕਿਆ ਨਹੀਂ ਸੀ ਕਿ ਪਾਕਿਸਤਾਨ ਫੌਜ ਅਤੇ ਖ਼ੁਫੀਆ ਏਜੰਸੀ ਦੇ ਕੁਝ ਲੋਕ ਤਾਲਿਬਾਨ ਅਤੇ ਸ਼ਾਇਦ ਅਲ-ਕਾਇਦਾ ਨਾਲ ਵੀ ਹਮਦਰਦੀ ਰੱਖਦੇ ਸਨ।

ਤਸਵੀਰ ਸਰੋਤ, Getty Images
ਓਬਾਮਾ ਦਾ ਵਿਚਾਰ ਸੀ ਕਿ ਐਬਟਾਬਾਦ ਅਹਾਤਾ ਪਾਕਿਸਤਾਨ ਮਿਲਟਰੀ ਅਕਾਦਮੀ ਦੇ ਬਹੁਤ ਨਜ਼ਦੀਕ ਹੈ ਅਤੇ ਜੇਕਰ ਪਾਕਿਸਤਾਨ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਇਸ ਗੱਲ ਦੀ ਪੂਰੀ ਗੁੰਜਾਇਸ਼ ਹੈ ਕਿ ਉਨ੍ਹਾਂ ਦੀ ਕਾਰਵਾਈ ਦੀ ਜਾਣਕਾਰੀ ਉਸ ਵਿਅਕਤੀ ਤੱਕ ਜ਼ਰੂਰ ਪਹੁੰਚ ਜਾਵੇਗੀ, ਜਿਸ ਨੂੰ ਉਹ ਨਿਸ਼ਾਨਾ ਬਣਾਉਣ ਬਾਰੇ ਸੋਚ ਰਹੇ ਸਨ।
ਓਬਾਮਾ ਲਿਖਦੇ ਹਨ, "ਸਾਡੇ ਕੋਲ ਉਸ ਸਮੇਂ ਦੋ ਵਿਕਲਪ ਸਨ। ਪਹਿਲਾ ਇਹ ਕਿ ਅਹਾਤੇ ਨੂੰ ਹਵਾਈ ਹਮਲੇ 'ਚ ਤਹਿਸ ਨਹਿਸ ਕਰ ਦਿੱਤਾ ਜਾਵੇ। ਇਸ ਦਾ ਫਾਇਦਾ ਇਹ ਸੀ ਕਿ ਪਾਕਿਸਤਾਨ ਦੀ ਸਰਜ਼ਮੀਨ 'ਤੇ ਕਿਸੇ ਵੀ ਅਮਰੀਕੀ ਦੇ ਮਾਰੇ ਜਾਣ ਦਾ ਖ਼ਤਰਾ ਬਿਲਕੁੱਲ ਵੀ ਨਹੀਂ ਸੀ। ਜਨਤਕ ਤੌਰ 'ਤੇ ਅਸੀਂ ਇਸ ਹਮਲੇ 'ਚ ਆਪਣੇ ਹੱਥ ਹੋਣ ਤੋਂ ਮੁਨਕਰ ਵੀ ਹੋ ਸਕਦੇ ਸੀ।"
"ਪਰ ਇਸ ਦਾ ਨੁਕਸਾਨ ਇਹ ਸੀ ਕਿ ਜੇਕਰ ਅਸੀਂ ਇਸ ਅਹਾਤੇ ਨੂੰ ਨਸ਼ਟ ਕਰਨ 'ਚ ਸਫਲ ਹੋ ਵੀ ਗਏ ਤਾਂ ਇਹ ਕਿਵੇਂ ਯਕੀਨੀ ਬਣਾਇਆ ਜਾਵੇਗਾ ਕਿ ਉਸ ਦੇ ਅੰਦਰ ਲਾਦੇਨ ਮੌਜੂਦ ਸੀ?”
“ਜੇਕਰ ਅਲ-ਕਾਇਦਾ ਨੇ ਉਸ ਦੇ ਮਾਰੇ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਅਸੀਂ ਕਿਵੇਂ ਸਾਬਤ ਕਰਾਂਗੇ ਕਿ ਲਾਦੇਨ ਹਮਲੇ 'ਚ ਮਾਰਿਆ ਗਿਆ ਹੈ? ਦੂਜਾ ਇਸ ਖ਼ਤਰੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ ਕਿ ਅਹਾਤੇ ਤੋਂ ਇਲਾਵਾ ਉਸ ਦੇ ਨਜ਼ਦੀਕੀ ਖੇਤਰ 'ਚ ਰਹਿ ਰਹੇ ਲੋਕ ਵੀ ਮਾਰੇ ਜਾ ਸਕਦੇ ਸੀ।”
“ਮੈਂ ਜੁਆਇੰਟ ਚੀਫ਼ ਆਫ਼ ਸਟਾਫ ਦੇ ਉਪ ਚੇਅਰਮੈਨ ਹਾਸ ਕਾਰਟਰਾਈਟ ਨੂੰ ਸਾਫ਼ ਸ਼ਬਦਾਂ 'ਚ ਕਿਹਾ ਕਿ ਮੈਂ ਅਜਿਹੀ ਮੁਹਿੰਮ ਨੂੰ ਮਨਜ਼ੂਰੀ ਨਹੀਂ ਦੇ ਸਕਦਾਂ ਹਾਂ, ਜਿਸ 'ਚ 30-40 ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਬਣੀ ਰਹੇ ਅਤੇ ਇਹ ਵੀ ਪੂਰੀ ਤਰ੍ਹਾਂ ਨਾਲ ਤੈਅ ਨਾ ਹੋਵੇ ਕਿ ਓਸਾਮਾ ਉੱਥੇ ਮੌਜੂਦ ਹੈ।"
ਅਫ਼ਗਾਨਿਸਤਾਨ ਰਸਤੇ ਪਾਕਿਸਤਾਨ 'ਚ ਦਾਖਲ ਹੋਣ ਦੀ ਯੋਜਨਾ
ਓਬਾਮਾ ਅੱਗੇ ਲਿਖਦੇ ਹਨ, "ਸਾਡੇ ਕੋਲ ਦੂਜਾ ਵਿਕਲਪ ਸੀ ਕਿ ਮੈਂ ਇੱਕ ਵਿਸ਼ੇਸ਼ ਅਪਸ ਮਿਸ਼ਨ ਦੀ ਮਨਜ਼ੂਰੀ ਦਿੰਦਾ, ਜਿਸ 'ਚ ਚੁਣੇ ਗਏ ਸੈਨਿਕ ਹੈਲੀਕਾਪਟਰ ਰਾਹੀਂ ਪਾਕਿਸਤਾਨ 'ਚ ਦਾਖਲ ਹੁੰਦੇ ਅਤੇ ਤੇਜ਼ੀ ਨਾਲ ਅਹਾਤੇ 'ਤੇ ਹਮਲਾ ਕਰਦੇ ਤਾਂ ਜੋ ਪਾਕਿ ਪੁਲਿਸ ਜਾਂ ਫੌਜ ਨੂੰ ਇਸ 'ਤੇ ਪ੍ਰਤੀਕ੍ਰਿਆ ਕਰਨ ਦਾ ਮੌਕਾ ਹੀ ਨਾ ਮਿਲੇ। ਇਸ ਲਈ ਮੈਂ ਵਾਈਸ ਐਡਮਿਰਲ ਵਿਲੀਅਮ ਮੈਕਰੇਵਨ ਨੂੰ ਬੁਲਾਇਆ ਤਾਂ ਜੋ ਉਹ ਇਹ ਦੱਸ ਸਕਣ ਕਿ ਇਹ ਹਮਲਾ ਕਿਸ ਤਰ੍ਹਾਂ ਦਾ ਹੋਵੇਗਾ।"
ਆਸਮਾਨ ਤੋਂ ਲਈਆਂ ਗਈਆਂ ਤਸਵੀਰਾਂ ਦੇ ਅਧਾਰ 'ਤੇ ਸੀਆਈਏ ਨੇ ਐਬਟਾਬਾਦ ਅਹਾਤੇ ਦਾ ਇੱਕ ਥ੍ਰੀ-ਡਾਇਮੈਨਸ਼ਨਲ (ਤਿੰਨ-ਆਯਾਮੀ) ਮਾਡਲ ਤਿਆਰ ਕੀਤਾ ਅਤੇ ਵਾਈਸ ਐਡਮਿਰਲ ਵਿਲੀਅਮ ਮੈਕਰੇਵਨ ਨੇ ਰਾਸ਼ਟਰਪਤੀ ਓਬਾਮਾ ਨੂੰ ਇਸ ਹਮਲੇ ਸਬੰਧੀ ਸਾਰੀ ਜਾਣਕਾਰੀ ਦਿੱਤੀ।
ਬਾਅਦ 'ਚ ਇਹ ਫ਼ੈਸਲਾ ਲਿਆ ਗਿਆ ਕਿ ਸੀਲਜ਼ ਦੇ ਕੁਝ ਚੁਣੇ ਹੋਏ ਸੈਨਿਕ ਰਾਤ ਦੇ ਹਨੇਰੇ 'ਚ ਅਫ਼ਗਾਨਿਸਤਾਨ ਦੇ ਜਲਾਲਾਬਾਦ ਤੋਂ ਇੱਕ ਜਾਂ ਦੋ ਹੈਲੀਕਾਪਟਰਾਂ ਰਾਹੀਂ ਉਡਾਣ ਭਰਨਗੇ ਅਤੇ ਪਾਕਿਸਤਾਨ 'ਚ ਮੌਜੂਦ ਇਸ ਅਹਾਤੇ ਨੂੰ ਨਿਸ਼ਾਨੇ 'ਤੇ ਲੈਣਗੇ।

ਤਸਵੀਰ ਸਰੋਤ, Getty Images
29 ਮਾਰਚ ਨੂੰ ਹੋਈ ਬੈਠਕ 'ਚ ਓਬਾਮਾ ਨੇ ਮੈਕਰੇਵਨ ਨੂੰ ਸਵਾਲ ਕੀਤਾ ਕਿ ਜੇ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਸਾਡੇ ਹੈਲੀਕਾਪਟਰਾਂ ਨੂੰ ਆਪਣੀ ਹਦੂਦ ਅੰਦਰ ਆਉਣ ਜਾਂ ਫਿਰ ਨਿਕਲਣ ਸਮੇਂ ਰੋਕਿਆ ਤਾਂ ਫਿਰ ਸਾਡੀ ਕੀ ਕਾਰਵਾਈ ਹੋਵੇਗੀ?
ਜੇ ਓਸਾਮਾ ਬਿਨ ਲਾਦੇਨ ਅਹਾਤੇ 'ਚ ਕਿਸੇ ਸੁਰੱਖਿਅਤ ਕਮਰੇ 'ਚ ਲੁਕਿਆ ਹੋਵੇ ਅਤੇ ਸਾਡੀ ਟੀਮ ਨੂੰ ਉਸ ਨੂੰ ਲੱਭਣ 'ਚ ਨਿਰਧਾਰਤ ਸਮੇਂ ਤੋਂ ਵੱਧ ਸਮਾਂ ਲੱਗ ਜਾਵੇ ਤਾਂ ਫਿਰ ਅਸੀਂ ਕੀ ਕਰਾਂਗੇ? ਅਤੇ ਜੇਕਰ ਹਮਲੇ ਦੌਰਾਨ ਪਾਕਿਸਤਾਨੀ ਬਲਾਂ ਨੇ ਅਹਾਤੇ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ ਤਾਂ ਫਿਰ ਅਸੀਂ ਇਸ ਸਥਿਤੀ ਨਾਲ ਕਿਵੇਂ ਨਜਿੱਠਾਂਗੇ?

ਤਸਵੀਰ ਸਰੋਤ, Getty Images
ਓਬਾਮਾ ਲਿਖਦੇ ਹਨ , "ਐਡਮਿਰਲ ਮੈਕਰੇਵਨ ਨੇ ਇਸ ਗੱਲ 'ਤੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਯੋਜਨਾ ਇਸ ਅਧਾਰ 'ਤੇ ਬਣਾਈ ਗਈ ਹੈ ਕਿ ਉਹ ਪੂਰੀ ਕਾਰਵਾਈ ਦੌਰਾਨ ਪਾਕਿਸਤਾਨੀ ਫੌਜੀ ਸੈਨਿਕਾਂ ਨਾਲ ਉਲਝਣ ਤੋਂ ਬਚਾਅ ਕਰਨਗੇ ਅਤੇ ਜੇਕਰ ਫਿਰ ਵੀ ਕਿਸੇ ਸਥਿਤੀ 'ਚ ਪਾਕਿਸਤਾਨੀ ਬਲਾਂ ਨੇ ਸਾਨੂੰ ਘੇਰਾ ਪਾ ਵੀ ਲਿਆ ਤਾਂ ਸਾਡੇ ਸੀਲਜ਼ ਅਹਾਤੇ ਤੋਂ ਆਪਣਾ ਕਬਜ਼ਾ ਨਹੀਂ ਚੁੱਕਣਗੇ।”
“ਇਸ ਦੌਰਾਨ ਸਾਡੇ ਕੂਟਨੀਤਿਕ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪਾਕਿ ਹਕੂਮਤ ਨਾਲ ਗੱਲਬਾਤ ਸ਼ੁਰੂ ਕਰ ਦੇਣਗੇ।"
ਇਸ ਦੌਰਾਨ ਹਾਸ ਕਾਰਟਰਾਈਟ ਨੇ ਇੱਕ ਹੋਰ ਵਿਕਲਪ ਪੇਸ਼ ਕੀਤਾ….ਕਿਉਂ ਨਾ ਜਦੋਂ 'ਦ ਪੇਸਰ' ਆਪਣੀ ਰੋਜ਼ਾਨਾ ਦੀ ਸੈਰ 'ਤੇ ਨਿਕਲਿਆ ਹੋਵੇ ਉਸ ਸਮੇਂ ਡਰੋਨ ਦੀ ਮਦਦ ਨਾਲ ਅਹਾਤੇ 'ਤੇ 13 ਪੌਂਡ ਦੀ ਮਿਜ਼ਾਇਲ ਨਾਲ ਹਮਲਾ ਕੀਤਾ ਜਾਵੇ।
ਓਬਾਮਾ ਨੇ ਕਿਸੇ ਵੀ ਵਿਕਲਪ ਲਈ ਆਪਣੀ ਅੰਤਿਮ ਹਾਂ-ਨਾ ਕੀਤੀ, ਪਰ ਇਹ ਜ਼ਰੂਰ ਕਿਹਾ ਕਿ ਕਿਸੇ ਵੀ ਯੋਜਨਾ ਨੂੰ ਬਣਾਉਣ ਮੌਕੇ ਇਹ ਸਮਝਣਾ ਕਿ ਮੇਰੇ ਵੱਲੋਂ 'ਹਾਂ' ਹੈ।
ਓਬਾਮਾ ਦੇ ਸਲਾਹਕਾਰਾਂ ਵਿਚਾਲੇ ਮਤਭੇਦ ਦੀ ਸਥਿਤੀ
ਓਬਾਮਾ ਦੇ ਨਜ਼ਦੀਕੀ ਲੋਕਾਂ 'ਚੋਂ ਲਿਓਨ ਪਨੇਟਾ, ਜਾਨ ਬਰੇਨੇਨ ਅਤੇ ਮਾਈਕ ਮੁਲੇਨ ਨੇ ਇਸ ਛਾਪੇਮਾਰੀ ਦਾ ਸਮਰਥਨ ਕੀਤਾ।
ਹਿਲੇਰੀ ਕਲਿੰਟਨ ਨੂੰ ਚਿੰਤਾ ਸੀ ਕਿ ਅਜਿਹਾ ਕਰਨ ਨਾਲ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ 'ਚ ਖਟਾਸ ਆ ਜਾਵੇਗੀ। ਉਸ ਨੂੰ ਇਸ ਗੱਲ ਦਾ ਵੀ ਡਰ ਸੀ ਕਿ ਅਮਰੀਕੀ ਸੀਲਜ਼ ਦਾ ਕਿਤੇ ਪਾਕਿ ਫੌਜ ਨਾਲ ਟਾਕਰਾ ਨਾ ਹੋ ਜਾਵੇ।

ਤਸਵੀਰ ਸਰੋਤ, Getty Images
ਰੱਖਿਆ ਮੰਤਰੀ ਰਾਬਰਟ ਗੇਟਸ ਨੇ ਇਸ ਛਾਪੇਮਾਰੀ ਦਾ ਵਿਰੋਧ ਕੀਤਾ। ਉਨ੍ਹਾਂ ਨੇ ਦਲੀਲ ਦਿੱਤੀ ਕਿ ਅਪ੍ਰੈਲ 1980 'ਚ ਈਰਾਨ 'ਚ ਵੀ ਇਸੇ ਤਰ੍ਹਾਂ 53 ਅਮਰੀਕੀ ਬੰਧਕਾਂ ਨੂੰ ਛੁੜਵਾਉਣ ਦੀ ਕੋਸ਼ਿਸ਼ ਅਸਫਲ ਰਹੀ ਸੀ ਅਤੇ ਅਮਰੀਕਾ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਸੀ। ਜਿਸ ਤੋਂ ਬਾਅਦ ਅਮਰੀਕਾ ਦੀ ਬਹੁਤ ਹੀ ਜੱਗ ਹਸਾਈ ਵੀ ਹੋਈ ਸੀ।
ਇਸ ਮੁਹਿੰਮ 'ਚ ਅਮਰੀਕਾ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਵੀ ਹੋ ਗਿਆ ਸੀ ਅਤੇ ਉਸ 'ਚ ਸਵਾਰ 8 ਸੈਨਿਕ ਵੀ ਮਾਰੇ ਗਏ ਸਨ। ਸ਼ਾਇਦ ਇਸੇ ਕਾਰਨ ਹੀ ਬਾਅਦ 'ਚ ਜਿਮੀ ਕਾਰਟਰ ਰਾਸ਼ਟਰਪਤੀ ਚੋਣਾਂ ਹਾਰ ਗਏ ਸਨ।
ਉਪ ਰਾਸ਼ਟਰਪਤੀ ਜੋਅ ਬਾਇਡਨ ਵੀ ਇਸ ਹਮਲੇ ਦੇ ਖ਼ਿਲਾਫ ਸਨ। ਉਨ੍ਹਾਂ ਦੀ ਦਲੀਲ ਸੀ ਕਿ ਇਸ ਯੋਜਨਾ ਦੇ ਅਸਫਲ ਹੋਣ ਦੇ ਨਤੀਜੇ ਬਹੁਤ ਹੀ ਘਾਤਕ ਹੋ ਸਕਦੇ ਹਨ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਮੁਹਿੰਮ ਨੂੰ ਉਦੋਂ ਤੱਕ ਮੁਲਤਵੀ ਕਰ ਦਿੱਤਾ ਜਾਵੇ ਜਦੋਂ ਤੱਕ ਖ਼ੁਫੀਆ ਸੂਤਰ ਓਸਾਮਾ ਬਿਨ ਲਾਦੇਨ ਦੀ ਮੌਜੂਦਗੀ ਬਾਰੇ ਯਕੀਨੀ ਨਹੀਂ ਹੋ ਜਾਂਦੇ ਹਨ।
ਹਮਲੇ ਲਈ ਓਬਾਮਾ ਦਾ ਹੁਕਮ
28 ਅਪ੍ਰੈਲ ਨੂੰ ਰਾਤ ਦੇ ਖਾਣੇ ਮੌਕੇ ਮੇਜ਼ 'ਤੇ ਬੈਠਿਆਂ ਓਬਾਮਾ ਦੀ ਪਤਨੀ ਮਿਸ਼ੇਲ ਅਤੇ ਉਨ੍ਹਾਂ ਦੀਆਂ ਧੀਆਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਪੁਰਾਣੀ ਚੱਪਲ 'ਤੇ ਛੇੜਿਆ, ਜਿਸ ਨੂੰ ਕਿ ਉਹ ਹਮੇਸ਼ਾਂ ਹੀ ਘਰ 'ਚ ਪਹਿਨਦੇ ਸਨ। ਉਨ੍ਹਾਂ ਨੇ ਇਸ ਗੱਲ ਦਾ ਵੀ ਮਜ਼ਾਕ ਉਡਾਇਆ ਕਿ ਬਰਾਕ ਨੂੰ ਮਿੱਠਾ ਬਿਲਕੁਲ ਵੀ ਪਸੰਦ ਨਹੀਂ ਹੈ।
ਆਪਣੀਆਂ ਧੀਆਂ ਨੂੰ ਸੁਲਾਓਣ ਤੋਂ ਬਾਅਦ ਬਰਾਕ ਓਬਾਮਾ ਆਪਣੇ ਟ੍ਰੀਟੀ ਕਮਰੇ 'ਚ ਚਲੇ ਗਏ ਅਤੇ ਟੀਵੀ 'ਤੇ ਬਾਸਕਟਬਾਲ ਦਾ ਮੈਚ ਵੇਖਣ ਲੱਗ ਪਏ। ਅਗਲੇ ਦਿਨ ਓਬਾਮਾ ਨੇ ਅਲਾਬਾਮਾ 'ਚ ਟੁਸਾਲੂਸ ਚੱਕਰਵਾਤ ਨਾਲ ਹੋਈ ਤਬਾਹੀ ਦਾ ਜਾਇਜ਼ਾ ਲੈਣ ਲਈ ਜਾਣਾ ਸੀ ਅਤੇ ਸ਼ਾਮ ਨੂੰ ਉਨ੍ਹਾਂ ਨੇ ਮਿਆਮੀ 'ਚ ਭਾਸ਼ਣ ਦੇਣਾ ਸੀ।

ਤਸਵੀਰ ਸਰੋਤ, Getty Images
ਜਾਣ ਤੋਂ ਪਹਿਲਾਂ ਓਬਾਮਾ ਨੇ ਟਾਮ ਡਾਨਿਲਨ, ਡੇਨਿਸ ਮੇਕਡਾਨੋ, ਬਿਲ ਡੇਲੀ ਅਤੇ ਜਾਨ ਬਰੇਨੇਨ ਨੂੰ ਈ-ਮੇਲ ਭੇਜੀ ਅਤੇ ਉਨ੍ਹਾਂ ਨੂੰ ਡਿਪਲੋਮੈਟਿਕ ਸਵਾਗਤ ਕਮਰੇ 'ਚ ਮਿਲਣ ਲਈ ਕਿਹਾ।
ਓਬਾਮਾ ਲਿਖਦੇ ਹਨ, "ਮੇਰਾ ਪਰਿਵਾਰ ਸਾਊਥ ਲਾਨ ਵੱਲ ਵੱਧ ਰਿਹਾ ਸੀ, ਜਿੱਥੇ 'ਮਰੀਨ ਵਨ' ਹੈਲੀਕਾਪਟਰ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ। ਹੈਲੀਕਾਪਟਰ ਦੇ ਇੰਜਨ, ਸਾਸ਼ਾ ਅਤੇ ਮਾਲੀਆ ਦੀ ਮਸਤੀ ਦੇ ਰੌਲੇ ਰੱਪੇ 'ਚ ਮੈਂ ਐਬਟਾਬਾਦ ਮਿਸ਼ਨ ਲਈ ਹਾਮੀ ਭਰ ਦਿੱਤੀ। ਮੈਂ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਇਸ ਮੁਹਿੰਮ ਦੀ ਵਾਗਡੋਰ ਐਡਮਿਰਲ ਮੈਕਰੇਵਨ ਸੰਭਾਲਣਗੇ ਅਤੇ ਉਹ ਹੀ ਤੈਅ ਕਰਨਗੇ ਕਿ ਹਮਲਾ ਕਦੋਂ ਹੋਵੇਗਾ।"
ਸੈਟੇਲਾਈਟ ਜ਼ਰੀਏ ਮੁਹਿੰਮ 'ਤੇ ਨਜ਼ਰ
2 ਮਈ, 2011 ਦੀ ਸਵੇਰ ਨੂੰ ਵ੍ਹਾਈਟ ਹਾਊਸ ਦੇ ਆਪਰੇਟਰ ਦੇ ਉੱਠਣ ਤੋਂ ਪਹਿਲਾਂ ਹੀ ਓਬਾਮਾ ਦੀ ਨੀਂਦ ਖੁੱਲ੍ਹ ਗਈ। ਉਨ੍ਹਾਂ ਨੇ ਫ਼ੈਸਲਾ ਲਿਆ ਕਿ ਉਹ ਕੁਝ ਸਮੇਂ ਲਈ ਮਾਰਵਿਨ ਨਿਕਲਸਨ ਨਾਲ ਗੋਲਫ਼ ਖੇਡਣਗੇ, ਜਿਵੇਂ ਕਿ ਉਹ ਹਰ ਐਤਵਾਰ ਨੂੰ ਕਰਦੇ ਸਨ।
ਓਬਾਮਾ ਲਿਖਦੇ ਹਨ, "ਵ੍ਹਾਈਟ ਹਾਊਸ ਪਰਤਣ ਤੋਂ ਬਾਅਦ ਮੈਂ ਓਵਲ ਦਫ਼ਤਰ 'ਚ ਕੁਝ ਕਾਗਜ਼ਾਤ ਵੇਖ ਰਿਹਾ ਸੀ, ਪਰ ਮੇਰਾ ਧਿਆਨ ਇੱਕ ਜਗ੍ਹਾਂ 'ਤੇ ਟਿਕ ਹੀ ਨਹੀਂ ਰਿਹਾ ਸੀ। ਫਿਰ ਥੋੜ੍ਹੀ ਦੇਰ ਬਾਅਦ ਮੈਂ ਆਪਣੇ ਸਹਿਯੋਗੀ ਰੇਗੀ ਲਵ, ਮਾਰਵਿਨ ਨਿਕਲਸਨ ਅਤੇ ਪੀਟ ਰਾਊਜ਼ ਨੂੰ ਓਵਲ ਦੇ ਡਾਇਨਿੰਗ ਰੂਮ 'ਚ ਬੁਲਾਇਆ ਅਤੇ ਅਸੀਂ ਸਾਰੇ 'ਸਪੇਡਸ' ਖੇਡਣ ਲੱਗ ਪਏ।”
“ਈਸਟਰਨ ਸਟੈਂਡਰਡ ਟਾਈਮ ਮੁਤਾਬਕ ਠੀਕ 2 ਵਜੇ ਦੋ ਬਲੈਕ ਹਾਕ ਹੈਲੀਕਾਪਟਰਾਂ ਨੇ ਜਲਾਲਾਬਾਦ ਹਵਾਈ ਠਿਕਾਨੇ ਤੋਂ ਐਬਟਾਬਾਦ ਅਹਾਤੇ ਲਈ ਉਡਾਣ ਭਰੀ। ਉਨ੍ਹਾਂ 'ਚ ਸੀਲ ਦਲ ਦੇ 23 ਮੈਂਬਰ ਸਵਾਰ ਸਨ। ਉਨ੍ਹਾਂ ਨਾਲ ਇੱਕ ਪਾਕਿਸਤਾਨੀ ਅਨੁਵਾਦਕ ਅਤੇ ਸੈਨਿਕ ਕੁੱਤਾ ਕਾਇਰੋ ਵੀ ਸੀ।"
ਓਬਾਮਾ ਓਵਲ ਦਫ਼ਤਰ ਤੋਂ ਉੱਠ ਕੇ ਸਿਚੁਏਸ਼ਨ ਰੂਮ 'ਚ ਪਹੁੰਚ ਗਏ, ਜਿੱਥੇ ਲਿਓਨ ਪਨੇਟਾ ਸੀਆਈਓ ਦੇ ਹੈੱਡਕੁਆਰਟਰ ਲੈਂਗਲੀ ਨਾਲ ਵੀਡੀਓ ਕਾਨਫਰੰਸ ਰਾਂਹੀ ਜੁੜਿਆ ਹੋਇਆ ਸੀ।
ਐਡਮਿਰਲ ਮੈਕਰੇਵਨ ਜਲਾਲਾਬਾਦ 'ਚ ਸੀ ਅਤੇ ਉਹ ਸੀਲਜ਼ ਨਾਲ ਲਗਾਤਾਰ ਸੰਪਰਕ 'ਚ ਸਨ। ਕਾਨਫਰੰਸ ਟੇਬਲ 'ਤੇ ਟਾਮ, ਹਿਲੇਰੀ, ਜੋਅ ਬਾਇਡਨ, ਡੇਨਿਸ ਮੇਕਡਾਨੋ, ਗੇਟਸ, ਮਲੇਨ ਅਤੇ ਐਂਟਨੀ ਬਲਿੰਕਨ ਬੈਠੇ ਹੋਏ ਸਨ। ਓਬਾਮਾ ਨੂੰ ਦੱਸਿਆ ਗਿਆ ਕਿ ਮੁਹਿੰਮ ਦੀ ਸਫਲਤਾ ਜਾਂ ਅਸਫਲਤਾ ਤੋਂ ਬਾਅਦ ਪਾਕਿਸਤਾਨ ਅਤੇ ਦੂਜੇ ਦੇਸ਼ਾਂ ਨੂੰ ਇਸ ਬਾਰੇ ਕਿਸ ਤਰ੍ਹਾਂ ਸੂਚਿਤ ਕੀਤਾ ਜਾਵੇਗਾ।
ਓਬਾਮਾ ਥੋੜੀ ਦੇਰ ਲਈ ਉੱਪਰ ਚਲੇ ਗਏ, ਪਰ ਉਸੇ ਸਮੇਂ ਪਨੇਟਾ ਨੇ ਐਲਾਨ ਕੀਤਾ ਕਿ ਬਲੈਕ ਹਾਕਸ ਐਬਟਾਬਾਦ ਦੇ ਅਹਾਤੇ 'ਚ ਉਤਰਨ 'ਚ ਕਾਮਯਾਬ ਰਹੇ ਹਨ।
ਲਾਈਵ ਫ਼ੀਡ 'ਤੇ ਓਬਾਮਾ ਦੀ ਨਜ਼ਰ
ਓਬਾਮਾ ਲਿਖਦੇ ਹਨ, "ਜਿਵੇਂ ਹੀ ਹੈਲੀਕਾਪਟਰਾਂ ਨੇ ਆਪਣੇ ਨਿਸ਼ਾਨੇ 'ਤੇ ਉਤਰਨਾ ਸ਼ੁਰੂ ਕੀਤਾ ਤਾਂ ਮੈਂ ਆਪਣੀ ਕੁਰਸੀ ਤੋਂ ਉੱਠ ਖੜ੍ਹਾ ਹੋਇਆ। ਮੈਂ ਕਿਹਾ ਕਿ ਮੈਂ ਇਸ ਨੂੰ ਵੇਖਣਾ ਚਾਹੁੰਦਾ ਹਾਂ। ਫਿਰ ਮੈਂ ਅਗਲੇ ਕਮਰੇ 'ਚ ਗਿਆ, ਜਿੱਥੇ ਇਸ ਮੁਹਿੰਮ ਦੀ ਸਿੱਧੀ ਜਾਣਕਾਰੀ ਆ ਰਹੀ ਸੀ। ਉੱਥੇ ਨੀਲੀ ਵਰਦੀ 'ਚ ਹਵਾਈ ਫੌਜ ਦਾ ਬ੍ਰਿਗੇਡੀਅਰ ਜਨਰਲ ਬ੍ਰੈਡ ਵੇਬ ਇੱਕ ਮੇਜ਼ 'ਤੇ ਰੱਖੇ ਕੰਪਿਊਟਰ ਦੇ ਅੱਗੇ ਬੈਠਿਆ ਹੋਇਆ ਸੀ। ਉਨ੍ਹਾਂ ਨੇ ਮੈਨੂੰ ਆਪਣੀ ਕੁਰਸੀ ਦੀ ਪੇਸ਼ਕਸ਼ ਕੀਤੀ, ਪਰ ਮੈਂ ਉਨ੍ਹਾਂ ਦੇ ਮੋਢੇ ਨੂੰ ਥਪਥਪਾ ਕੇ ਬੈਠੇ ਰਹਿਣ ਲਈ ਕਿਹਾ।"
"ਵੇਬ ਨੇ ਤੁਰੰਤ ਮੈਕਰੇਵਨ ਨੂੰ ਸੂਚਿਤ ਕੀਤਾ ਕਿ ਮੈਂ ਕਾਨਫਰੰਸ ਰੂਮ 'ਚੋਂ ਉੱਠ ਕੇ ਉਨ੍ਹਾਂ ਦੇ ਕਮਰੇ 'ਚ ਆ ਗਿਆ ਹਾਂ ਅਤੇ ਲਾਈਵ ਫ਼ੀਡ ਨੂੰ ਵੇਖ ਰਿਹਾ ਹਾਂ। ਕੁਝ ਦੇਰ ਬਾਅਦ ਮੇਰੇ ਹੋਰ ਸਾਥੀ ਵੀ ਉਸ ਛੋਟੇ ਜਿਹੇ ਕਮਰੇ 'ਚ ਇੱਕਠੇ ਹੋ ਗਏ।"
'ਜੇਰੋਨਿਮੋ-ਐਨੀਮੀ ਕਿਲਡ ਇਨ ਐਕਸ਼ਨ'
ਅਜੇ ਓਬਾਮਾ ਨੂੰ ਉੱਥੇ ਬੈਠਿਆਂ ਇਕ ਮਿੰਟ ਹੀ ਹੋਇਆ ਸੀ ਕਿ ਇੱਕ ਬਲੈਕ ਹਾਕ ਹੈਲੀਕਾਪਟਰ ਜ਼ਮੀਨ 'ਤੇ ਉਤਰਨ ਲੱਗਿਆ ਕੁਝ ਹਿੱਲਿਆ ਅਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੇ ਮੈਕਰੇਵਨ ਨੇ ਉਨ੍ਹਾਂ ਨੂੰ ਦੱਸਿਆ ਕਿ ਹੈਲੀਕਾਪਟਰ ਦਾ ਇੱਕ ਵਿੰਗ ਅਹਾਤੇ ਦੀ ਕੰਧ ਨਾਲ ਟਕਰਾ ਗਿਆ ਹੈ।

ਤਸਵੀਰ ਸਰੋਤ, Getty Images
ਓਬਾਮਾ ਲਿਖਦੇ ਹਨ, "ਇੱਕ ਪਲ ਲਈ ਤਾਂ ਮੈਂ ਡਰ ਗਿਆ ਸੀ ਅਤੇ ਮੇਰੇ ਦਿਮਾਗ 'ਚ ਆਉਣ ਲੱਗਾ ਕਿ ਹੁਣ ਜ਼ਰੂਰ ਕੁਝ ਬੁਰਾ ਹੋਣ ਵਾਲਾ ਹੈ। ਫਿਰ ਮੈਕਰੇਵਨ ਦੀ ਆਵਾਜ਼ ਮੇਰੇ ਕੰਨਾਂ 'ਚ ਪਈ, ' ਸਭ ਕੁਝ ਠੀਕ ਹੋਵੇਗਾ'।”
ਉਨ੍ਹਾਂ ਦੀ ਆਵਾਜ਼ ਤੋਂ ਇੰਝ ਲੱਗ ਰਿਹਾ ਸੀ ਕਿ ਜਿਵੇਂ ਉਹ ਕਹਿ ਰਹੇ ਹੋਣ ਕਿ ਇੱਕ ਸ਼ਾਪਿੰਗ ਮਾਲ 'ਚ ਇੱਕ ਕਾਰ ਦੀ ਸ਼ਾਪਿੰਗ ਟਰਾਲੀ ਨਾਲ ਟੱਕਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਰਬੋਤਮ ਪਾਇਲਟ ਹਨ। ਉਹ ਹੈਲੀਕਾਪਟਰ ਨੂੰ ਸੁਰੱਖਿਅਤ ਹੇਠਾਂ ਲੈ ਆਉਣਗੇ ਅਤੇ ਅਜਿਹਾ ਹੀ ਹੋਇਆ।"
"ਘੱਟੋ-ਘੱਟ 20 ਮਿੰਟਾਂ ਤੱਕ ਮੈਕਰੇਵਨ ਨੂੰ ਵੀ ਪੂਰੀ ਤਰ੍ਹਾਂ ਨਾਲ ਵਿਖਾਈ ਨਹੀਂ ਦੇ ਰਿਹਾ ਸੀ ਕਿ ਉੱਥੇ ਕੀ ਹੋ ਰਿਹਾ ਹੈ। ਫਿਰ ਅਚਾਨਕ ਮੈਕਰੇਵਨ ਅਤੇ ਪਨੇਟਾ ਦੋਵਾਂ ਨੇ ਇੱਕਠਿਆਂ ਹੀ ਉਹ ਸ਼ਬਦ ਕਹੇ ਜੋ ਕਿ ਅਸੀਂ ਬੇਸਬਰੀ ਨਾਲ ਸੁਣਨਾ ਚਾਹ ਰਹੇ ਸੀ। 'ਜੇਰੋਨਿਮਾ ਈਕੇਆਈਏ (ਐਨੀਮੀ ਕਿਲਡ ਇਨ ਐਕਸ਼ਨ)'। ਕਮਰੇ 'ਚ ਮੌਜੂਦ ਸਾਰੇ ਹੀ ਲੋਕਾਂ ਦੇ ਮੂੰਹ 'ਚੋਂ ਇੱਕ ਆਹ ਨਿਕਲੀ। ਮੇਰੀਆਂ ਅੱਖਾਂ ਵੀਡੀਓ ਫ਼ੀਡ 'ਤੇ ਹੀ ਟਿੱਕੀਆਂ ਹੋਈਆਂ ਸੀ। ਫਿਰ ਮੈਂ ਹੌਲੀ ਜਿਹੀ ਕਿਹਾ, ' ਵੀ ਗਾਟ ਹਿਮ'।"
ਸੈਨਿਕ ਨੂੰ ਲੰਮਾ ਪਾ ਕੇ ਲਾਦੇਨ ਦਾ ਕੱਦ ਮਾਪਿਆ
ਅਗਲੇ 20 ਮਿੰਟਾਂ ਤੱਕ ਕੋਈ ਵੀ ਟਸ ਤੋਂ ਮਸ ਨਾ ਹੋਇਆ। ਜਿਵੇਂ ਹੀ ਹੈਲੀਕਾਪਟਰ ਨੇ ਵਾਪਸੀ ਲਈ ਉਡਾਣ ਭਰੀ ਤਾਂ ਜੋਅ ਬਾਇਡਨ ਨੇ ਓਬਾਮਾ ਦੇ ਮੋਢੇ 'ਤੇ ਹੱਥ ਰੱਖਦਿਆਂ ਕਿਹਾ, 'ਕਾਂਗ੍ਰੇਚੁਲੇਸ਼ਨ ਬੌਸ'।
ਓਬਾਮਾ ਨੇ ਉੱਠ ਕੇ ਉੱਥੇ ਮੌਜੂਦ ਲੋਕਾਂ ਨਾਲ ਹੱਥ ਮਿਲਾਇਆ। ਪਰ ਜਦੋਂ ਤੱਕ ਹੈਲੀਕਾਪਟਰ ਪਾਕਿਸਤਾਨੀ ਹਦੂਦ 'ਚ ਰਹੇ, ਉਦੋਂ ਤੱਕ ਸਾਰੇ ਲੋਕ ਚੁੱਪ ਹੀ ਰਹੇ। 6 ਵਜੇ ਜਦੋਂ ਹੈਲੀਕਾਪਟਰਾਂ ਨੇ ਜਲਾਲਾਬਾਦ 'ਚ ਲੈਂਡ ਕੀਤਾ, ਉਦੋਂ ਓਬਾਮਾ ਦੀ ਜਾਨ 'ਚ ਜਾਨ ਵਾਪਸ ਆਈ।

ਤਸਵੀਰ ਸਰੋਤ, Publication House
ਮੈਕਰੇਵਨ ਨੇ ਵੀਡੀਓ ਕਾਨਫਰੰਸ ਰਾਹੀਂ ਉਨ੍ਹਾਂ ਨੂੰ ਕਿਹਾ, "ਮੈਂ ਹੁਣ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਲਾਦੇਨ ਦੀ ਲਾਸ਼ ਮੇਰੇ ਸਾਹਮਣੇ ਪਈ ਹੋਈ ਹੈ। ਮੈਂ ਆਪਣੀ ਟੀਮ ਦੇ ਇੱਕ ਮੈਂਬਰ, ਜਿਸ ਦਾ ਕੱਦ ਛੇ ਫੁੱਟ ਦੋ ਇੰਚ ਹੈ ਉਸ ਨੂੰ ਲਾਦੇਨ ਦੀ ਲਾਸ਼ ਨਾਲ ਲਿਟਾ ਕੇ ਵੇਖਿਆ ਹੈ। ਮ੍ਰਿਤਕ ਵਿਅਕਤੀ ਦਾ ਕੱਦ ਛੇ ਫੁੱਟ ਚਾਰ ਇੰਚ ਹੈ।"
ਓਬਾਮਾ ਨੇ ਬਿਲ ਮੈਕਰੇਵਨ ਨਾਲ ਮਜ਼ਾਕ ਕਰਦਿਆਂ ਕਿਹਾ ਕਿ ਬਿਲ ਤੁਸੀਂ ਵੀ ਨਾ… ਇੰਨੀ ਵੱਡੀ ਮੁਹਿੰਮ 'ਤੇ ਗਏ ਅਤੇ ਆਪਣੇ ਨਾਲ ਇੰਚੀਟੇਪ ਲਿਜਾਣਾ ਹੀ ਭੁੱਲ ਗਏ।
ਲਾਦੇਨ ਨੂੰ ਸਮੁੰਦਰ 'ਚ ਦਫ਼ਨਾਇਆ ਗਿਆ
ਓਸਾਮਾ ਬਿਨ ਲਾਦੇਨ ਨੂੰ ਪਹਿਲਾਂ ਤੋਂ ਤੈਅ ਯੋਜਨਾ ਦੇ ਤਹਿਤ ਸਮੁੰਦਰ 'ਚ ਦਫ਼ਨਾਇਆ ਗਿਆ। ਉਸ ਦੀ ਲਾਸ਼ ਨੂੰ ਅਮਰੀਕੀ ਜੰਗੀ ਬੇੜੇ ਕਾਰਲ ਵਿਨਸਨ 'ਤੇ ਲਿਜਾਇਆ ਗਿਆ। ਉਸ ਨੂੰ ਚਿੱਟੇ ਕੱਪੜੇ 'ਚ ਲਪੇਟਿਆ ਗਿਆ ਸੀ ਅਤੇ ਫਿਰ ਇੱਕ ਭਾਰੀ ਕਾਲੇ ਥੈਲੇ 'ਚ ਪਾ ਦਿੱਤਾ ਗਿਆ।
ਸੀਆਈਏ ਦੇ ਸਾਬਕਾ ਨਿਦੇਸ਼ਕ ਲਿਓਨ ਪਨੇਟਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਆਪਣੀ ਸਵੈ ਜੀਵਨੀ 'ਚ ਲਿਖਿਆ ਹੈ, "ਲਾਦੇਨ ਦੀ ਲਾਸ਼ ਵਾਲੇ ਥੈਲੇ 'ਚ 150 ਕਿਲੋ ਦੇ ਭਾਰ ਵਾਲੀਆਂ ਲੋਹੇ ਦੀਆਂ ਜ਼ੰਜੀਰਾਂ ਰੱਖੀਆਂ ਗਈਆਂ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਸ ਦੀ ਲਾਸ਼ ਸਮੁੰਦਰ 'ਚ ਡੁੱਬ ਜਾਵੇ। ਫਿਰ ਉਸ ਥੈਲੇ ਨੂੰ ਬੇੜੇ ਦੀ ਰੇਲਿੰਗ ਤੋਂ ਪਰਾਂ ਕਰਕੇ ਇੱਕ ਮੇਜ਼ 'ਤੇ ਰੱਖਿਆ ਗਿਆ।"

ਤਸਵੀਰ ਸਰੋਤ, Getty Images
"ਲਾਦੇਨ ਦੀ ਲਾਸ਼ ਵਾਲਾ ਥੈਲਾ ਇੰਨ੍ਹਾਂ ਭਾਰੀ ਸੀ ਕਿ ਜਦੋਂ ਉਸ ਨੂੰ ਸਮੁੰਦਰ 'ਚ ਸੁੱਟਿਆ ਗਿਆ ਤਾਂ ਮੇਜ਼ ਵੀ ਪਾਣੀ 'ਚ ਡਿੱਗ ਗਿਆ। ਕੁਝ ਦੇਰ ਬਾਅਦ ਲਾਦੇਨ ਦੀ ਲਾਸ਼ ਵਾਲਾ ਥੈਲਾ ਸਮੁੰਦਰ ਦੀਆਂ ਗਹਿਰਾਈਆਂ 'ਚ ਚਲਾ ਗਿਆ ਪਰ ਉਹ ਮੇਜ਼ ਸਮੁੰਦਰ ਦੀਆਂ ਲਹਿਰਾਂ ਨਾਲ ਤੈਰਦਾ ਵਿਖਾਈ ਪੈ ਰਿਹਾ ਸੀ।"
ਫੌਜੀਆਂ ਨੇ ਓਬਾਮਾ ਨੂੰ ਦਿੱਤਾ ਤੋਹਫ਼ਾ
ਅਗਲੇ ਦਿਨ ਓਬਾਮਾ ਕੈਂਟਕੀ 'ਚ ਫੋਰਟ ਕੈਂਪਬੇਲ ਗਏ, ਜਿੱਥੇ ਮੈਕਰੇਵਨ ਨੇ ਉਨ੍ਹਾਂ ਦੀ ਅਤੇ ਬਾਇਡਨ ਦੀ ਮੁਲਾਕਾਤ ਸੀਲ ਦੀ ਉਸ ਟੀਮ ਨਾਲ ਕਰਵਾਈ, ਜਿਸ ਨੇ ਇਸ ਮੁਹਿੰਮ ਨੂੰ ਅੰਜਾਮ ਦਿੱਤਾ ਸੀ।
ਓਬਾਮਾ ਨੇ ਉਨ੍ਹਾਂ ਸਾਰਿਆਂ ਨਾਲ ਹੱਥ ਮਿਲਾਇਆ। ਉਨ੍ਹਾਂ ਫੌਜੀਆਂ ਨੇ ਓਬਾਮਾ ਨੂੰ ਇੱਕ ਤੋਹਫ਼ਾ ਦਿੱਤਾ।
ਉਨ੍ਹਾਂ ਨੇ ਉਸ ਅਮਰੀਕੀ ਝੰਡੇ 'ਤੇ ਆਪਣੇ ਦਸਤਖ਼ਤ ਕੀਤੇ, ਜਿਸ ਨੂੰ ਉਹ ਆਪਣੇ ਨਾਲ ਐਬਟਾਬਾਦ ਲੈ ਕੇ ਗਏ ਸਨ। ਉਸ ਝੰਡੇ ਨੂੰ ਫਰੇਮ ਕਰਵਾ ਕੇ ਰਾਸ਼ਟਰਪਤੀ ਓਬਾਮਾ ਨੂੰ ਤੋਹਫ਼ੇ ਵੱਜੋਂ ਭੇਟ ਕੀਤਾ ਗਿਆ। ਇਸ ਮੁਲਾਕਾਤ ਦੌਰਾਨ ਕਿਸੇ ਨੇ ਵੀ ਨਹੀਂ ਦੱਸਿਆ ਕਿ ਲਾਦੇਨ ਨੂੰ ਕਿਸ ਨੇ ਗੋਲੀ ਮਾਰੀ ਸੀ ਅਤੇ ਨਾ ਹੀ ਓਬਾਮਾ ਨੇ ਉਨ੍ਹਾਂ ਤੋਂ ਇਹ ਸਵਾਲ ਕੀਤਾ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












