ਕੀ ਆਉਣ ਵਾਲੇ ਸਮੇਂ ਵਿੱਚ ਸੋਨਾ ਮਿਲਣਾ ਘੱਟ ਜਾਵੇਗਾ

    • ਲੇਖਕ, ਕ੍ਰਿਸ ਬਾਰਾਨਿਕ
    • ਰੋਲ, ਬੀਬੀਸੀ ਫ਼ਿਊਚਰ

ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਸੋਨੇ ਦੀ ਕੀਮਤ ਅਸਮਾਨ ਛੂੰਹਣ ਲੱਗੀ ਹੈ। ਅਚਾਨਕ ਸੋਨੇ ਦੀ ਕੀਮਤ ਵਧੀ ਹੈ।

ਪਿਛਲੇ ਸਾਲ ਹੀ ਕੌਮਾਂਤਰੀ ਪੱਧਰ 'ਤੇ ਸੋਨੇ ਦੇ ਉਤਪਾਦਨ ਵਿੱਚ ਇੱਕ ਫ਼ੀਸਦ ਦੀ ਕਮੀ ਦਰਜ ਕੀਤੀ ਗਈ ਹੈ। ਸੋਨੇ ਦੇ ਉਤਪਾਦਨ ਵਿੱਚ ਆਈ ਇਹ ਪਿਛਲੇ ਇੱਕ ਦਹਾਕੇ ਦੀ ਸਭ ਤੋਂ ਵੱਡੀ ਗਿਰਾਵਟ ਹੈ।

ਕੁਝ ਜਾਣਕਾਰਾਂ ਦਾ ਤਰਕ ਹੈ ਕਿ ਖਾਨਾਂ ਵਿੱਚੋਂ ਸੋਨਾ ਕੱਢਣ ਦੀ ਹੱਦ ਹੁਣ ਪੂਰੀ ਹੋ ਚੁੱਕੀ ਹੈ। ਜਦੋਂ ਤੱਕ ਸੋਨੇ ਦੀਆਂ ਖਾਨਾਂ ਵਿੱਚ ਖ਼ੁਦਾਈ ਪੂਰੀ ਤਰ੍ਹਾਂ ਬੰਦ ਨਹੀਂ ਹੋ ਜਾਂਦੀ ਸੋਨੇ ਦਾ ਉਤਪਾਦਨ ਘੱਟਦਾ ਰਹੇਗਾ।

ਇਹ ਵੀ ਪੜ੍ਹੋ

ਸੋਨੋ ਦੀ ਕੀਮਤ ਉੱਚੀ ਹੋਣ ਦਾ ਕਾਰਨ ਇਹ ਵੀ ਹੈ ਕਿ ਐਮਾਜ਼ੋਨ ਦੇ ਜੰਗਲਾਂ ਵਿੱਚ ਵੱਡੇ ਪੱਧਰ 'ਤੇ ਸੋਨੇ ਦੀ ਗ਼ੈਰ-ਕਾਨੂੰਨੀ ਮਾਈਨਿੰਗ ਹੋਈ ਹੈ।

ਸੋਨੇ ਦੀ ਕੀਮਤ ਭਾਵੇਂ ਵੱਧ ਗਈ ਹੋਵੇ, ਪਰ ਇਸਦੀ ਮੰਗ ਵਿੱਚ ਕੋਈ ਕਮੀ ਨਹੀਂ ਆਈ ਹੈ। CFR ਇਕਵਿਟੀ ਰਿਸਰਚ ਦੇ ਮਾਹਰ ਜਾਣਕਾਰ ਮੈਟ ਮਿਲਰ ਦਾ ਕਹਿਣਾ ਹੈ ਕਿ ਸੋਨੇ ਦੀ ਜਿੰਨੀ ਮੰਗ ਇਨਾਂ ਦਿਨਾਂ ਵਿੱਚ ਵਧੀ ਹੈ, ਉਸ ਤੋਂ ਪਹਿਲਾਂ ਇੰਨੀ ਮੰਗ ਕਦੀ ਵੀ ਨਹੀਂ ਸੀ।

ਮਿਲਰ ਮੁਤਾਬਕ ਦੁਨੀਆਂ ਵਿੱਚ ਪਾਏ ਜਾਣ ਵਾਲੇ ਕੁੱਲ ਸੋਨੇ ਦਾ ਤਕਰੀਬਨ ਅੱਧਾ ਹਿੱਸਾ ਗਹਿਣੇ ਬਣਾਉਣ ਵਿੱਚ ਇਸਤੇਮਾਲ ਹੁੰਦਾ ਹੈ।

ਇਸ ਵਿੱਚ ਉਹ ਹਿੱਸਾ ਵੀ ਸ਼ਾਮਿਲ ਹੈ, ਜਿਹੜਾ ਜ਼ਮੀਨ ਵਿੱਚ ਦਫ਼ਨ ਹੈ। ਬਾਕੀ ਬਚੇ ਅੱਧੇ ਸੋਨੇ ਵਿੱਚੋਂ ਇੱਕ ਚੌਥਾਈ ਕੇਂਦਰੀ ਬੈਂਕਾਂ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ ਜਦੋਂ ਕਿ ਬਾਕੀ ਦਾ ਸੋਨਾ ਨਿਵੇਸ਼ਕਾਂ ਜਾਂ ਨਿੱਜੀ ਕੰਪਨੀਆਂ ਦੁਆਰਾ ਇਸਤੇਮਾਲ ਕੀਤਾ ਜਾਂਦਾ ਹੈ।

ਸੋਨਾ ਇੱਕ ਭਰੋਸੇਮੰਦ ਸੰਪਤੀ

ਮਿਲਰ ਕਹਿੰਦੇ ਹਨ ਕਿ ਕੋਵਿਡ-19 ਕਰਕੇ ਪੂਰੀ ਦੁਨੀਆਂ ਦਾ ਅਰਥਚਾਰਾ ਡਗਮਗਾਇਆ ਹੈ। ਅਮਰੀਕੀ ਡਾਲਰ ਤੋਂ ਲੈ ਕੇ ਰੁਪਇਆ ਤੱਕ ਕਮਜ਼ੋਰ ਹੋਇਆ ਹੈ।

ਤਕਰੀਬਨ ਸਾਰੇ ਦੇਸਾਂ ਦੇ ਸਰਕਾਰੀ ਖ਼ਜ਼ਾਨਿਆਂ ਦਾ ਵੱਡਾ ਹਿੱਸਾ ਮਹਾਂਮਾਰੀ ਕਾਬੂ ਕਰਨ 'ਤੇ ਖ਼ਰਚ ਹੋ ਰਿਹਾ ਹੈ।

ਕਰੰਸੀ ਦੀ ਛਪਾਈ ਲਈ ਭਾਰੀ ਰਕਮ ਉਧਾਰ ਲਈ ਜਾ ਰਹੀ ਹੈ।

ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਕਰਕੇ ਕਰੰਸੀ ਦਾ ਮੁੱਲ ਜ਼ਿਆਦਾ ਅਸਥਿਰ ਹੋ ਗਿਆ ਹੈ। ਉਥੇ ਹੀ ਦੂਸਰੇ ਪਾਸੇ ਨਿਵੇਸ਼ਕ ਸੋਨੇ ਨੂੰ ਭਰੋਸੇਮੰਦ ਸੰਪਤੀ ਮੰਨਦੇ ਹਨ।

ਕੋਰੋਨਾ ਮਹਾਂਮਾਰੀ ਨੇ ਸੋਨੇ ਦੀ ਖੁਦਾਈ ਦੇ ਕੰਮ ਨੂੰ ਵੀ ਪ੍ਰਭਾਵਿਤ ਕੀਤਾ ਹੈ। ਨੇੜਲੇ ਭਵਿੱਖ ਵਿੱਚ ਇਸ ਦੀ ਸਪਲਾਈ ਵੱਧਣ ਦੀ ਸੰਭਾਵਨਾ ਵੀ ਨਹੀਂ ਹੈ।

ਬੀਬੀਸੀ ਪੰਜਾਬੀ ਵੈੱਬਸਾਈਟ ਨੂੰ ਆਪਣੇ ਐਂਡਰਾਇਡ ਫ਼ੋਨ ਵਿੱਚ ਇੰਝ ਲੈ ਕੇ ਆਓ:

ਮਿਲਰ ਦਾ ਕਹਿਣਾ ਹੈ ਕਿ ਸੋਨੇ ਦੀ ਮੰਗ ਹਾਲੇ ਇਸੇ ਤਰ੍ਹਾਂ ਵੱਧਦੀ ਰਹੇਗੀ ਅਤੇ ਬਾਜ਼ਾਰ ਵਿੱਚ ਵੀ ਹਾਲੇ ਜੋ ਸੋਨਾ ਆ ਰਿਹਾ ਹੈ ਉਹ ਜ਼ਿਆਦਾਤਰ ਰੀਸਾਇਕਲ ਕੀਤਾ ਹੋਇਆ ਹੈ।

ਮਿਲਰ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਰੀਸਾਇਕਲ ਕੀਤਾ ਸੋਨਾ, ਸੋਨੇ ਦੇ ਸਿੱਕੇ, ਇਥੋਂ ਤੱਕ ਕੇ ਇਲੈਕਟ੍ਰਾਨਿਕ ਉਪਕਰਣਾਂ ਦੇ ਸਰਕਰਟ ਬੋਰਡ ਵਿੱਚ ਇਸਤੇਮਾਲ ਹੋਣ ਵਾਲਾ ਸੋਨਾ ਵੀ ਭਵਿੱਖ ਵਿੱਚ ਇਸ ਧਾਤ ਦਾ ਇੱਕ ਮਹੱਤਵਪੂਰਣ ਸਾਧਨ ਬਣ ਜਾਵੇਗਾ।

ਇੱਕ ਅਧਿਐਨ ਵਿੱਚ ਪਤਾ ਲੱਗਿਆ ਹੈ ਕਿ ਪਿਛਲੇ 20 ਸਾਲਾਂ ਵਿੱਚ ਸੋਨੇ ਦੀ ਜਿੰਨੀ ਸਪਲਾਈ ਹੋਈ ਹੈ, ਉਸਦਾ 30 ਫ਼ੀਸਦ ਹਿੱਸਾ ਰੀਸਾਇਕਲ ਤੋਂ ਆਇਆ ਸੀ।

ਖੁਦਾਈ ਦਾ ਵਿਰੋਧ

ਸੋਨੇ ਦੀ ਰੀਸਾਇਕਲਿੰਗ ਵਿੱਚ ਕੁਝ ਜ਼ਹਿਰੀਲੇ ਰਸਾਇਣਾਂ ਦਾ ਇਸਤੇਮਾਲ ਹੁੰਦਾ ਹੈ, ਜਿਹੜੇ ਵਾਤਾਵਰਣ ਲਈ ਨੁਕਸਾਨਦਾਇਕ ਹਨ। ਫ਼ਿਰ ਵੀ ਇਹ ਸੋਨੇ ਦੀ ਖੁਦਾਈ ਦੀ ਪ੍ਰਿਕਿਰਿਆ ਤੋਂ ਘੱਟ ਘਾਤਕ ਹਨ।

ਜਰਮਨੀ ਦੀ ਗੋਲਡ ਰਿਫ਼ਾਇਨਰੀ ਦੀ ਹਾਲ ਹੀ ਵਿੱਚ ਕੀਤੀ ਰਿਸਰਚ ਦੱਸਦੀ ਹੈ ਇੱਕ ਕਿਲੋ ਸੋਨਾ ਰੀਸਾਇਕਲ ਕਰਨ ਵਿੱਚ ਤਕਰਬੀਨ 53 ਕਿਲੋਂ ਕਾਰਬਨ ਡਾਈਆਕਸਾਈਡ ਨਿਕਲਦੀ ਹੈ।

ਜਦੋਂਕਿ ਖਾਨ ਵਿੱਚੋਂ ਇੰਨਾਂ ਹੀ ਸੋਨਾ ਕੱਢਣ ਲੱਗਿਆਂ ਤਕਰੀਬਨ 16 ਟਨ ਕਾਰਬਨ ਡਾਈਆਕਸਾਈਡ ਨਿਕਲਦੀ ਹੈ।

ਸੋਨੇ ਦੀ ਖੁਦਾਈ ਵਿੱਚ ਵਾਤਾਵਰਣ 'ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਇਸ ਲਈ ਦੁਨੀਆਂ ਭਰ ਵਿੱਚ ਜਿਥੇ ਕਿਤੇ ਵੀ ਸੋਨੇ ਦੀ ਖਾਨ ਹੈ, ਉਥੇ ਸਥਾਨਕ ਲੋਕ ਖੁਦਾਈ ਦਾ ਵਿਰੋਧ ਕਰਦੇ ਹਨ।

ਇਸ ਵਿਰੋਧ ਕਰਕੇ ਵੀ ਸੋਨੇ ਦੇ ਉਤਪਾਦਨ ਵਿੱਚ ਕਮੀ ਆ ਰਹੀ ਹੈ। ਮਿਸਾਲ ਵਜੋਂ ਚਿਲੀ ਵਿੱਚ ਪਾਸਕੁਆ-ਲਾਮਾ ਖਾਨ ਵਿੱਚ ਖੁਦਾਈ ਦਾ ਕੰਮ ਇਸ ਲਈ ਰੋਕ ਦਿੱਤਾ ਗਿਆ ਕਿ ਉਥੋਂ ਦੇ ਸਥਾਨਕ ਵਾਤਾਵਰਣ ਸੰਭਾਲ ਕਾਰਕੁਨ ਵਿਰੋਧ ਕਰਨ ਲੱਗੇ ਸਨ।

ਇਸੇ ਤਰ੍ਹਾਂ ਉੱਤਰੀ ਆਇਰਲੈਂਡ ਦੇ ਦੇਸ ਆਈਰੋਨ ਵਿੱਚ ਲੋਕ ਸੜਕਾਂ 'ਤੇ ਉੱਤਰ ਆਏ। ਇਸ ਇਲਾਕੇ ਵਿੱਚ ਸੋਨੇ ਦੀਆਂ ਖਾਨਾਂ ਹਨ। ਕਈ ਕੰਪਨੀਆਂ ਇਥੇ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੀਆਂ ਹਨ। ਪਰ ਸਥਾਨਕ ਕਾਰਕੁਨ ਇਸਦਾ ਲਗਾਤਾਰ ਵਿਰੋਧ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਖੁਦਾਈ ਨਾਲ ਇਲਾਕੇ ਨੂੰ ਜੋ ਨੁਕਸਾਨ ਹੁੰਦਾ ਹੈ ਉਸ ਦੀ ਭਰਪਾਈ ਸਥਾਨਕ ਲੋਕਾਂ ਨੂੰ ਕਰਨੀ ਪੈਂਦੀ ਹੈ।

ਹਾਲਾਂਕਿ ਇਸ ਇਲਾਕੇ ਵਿੱਚ ਪਿਛਲੇ ਤੀਹ ਸਾਲਾਂ ਤੋਂ ਲੋਕ ਰੋਜ਼ਗਾਰ ਦੀ ਕਮੀ ਨਾਲ ਜੂਝ ਰਹੇ ਹਨ। ਕੰਪਨੀ ਨੇ ਉਨ੍ਹਾਂ ਨੂੰ ਰੋਜ਼ਗਾਰ ਦੇ ਨਾਲ ਨਾਲ ਹੋਰ ਸੁਵਿਧਾਵਾਂ ਦੇਣ ਦਾ ਵੀ ਕੀਤਾ ਹੈ ਪਰ ਫ਼ਿਰ ਵੀ ਲੋਕ ਰਾਜ਼ੀ ਨਹੀਂ ਹਨ।

ਇਹ ਵੀ ਪੜ੍ਹੋ

ਖੁਦਾਈ ਵਾਲੀ ਥਾਂ 'ਤੇ ਬਦਲੀ ਜ਼ਿੰਦਗੀ

ਪਰ ਇੱਕ ਸੱਚ ਇਹ ਵੀ ਹੈ ਕਿ ਇਥੇ ਸੋਨੇ ਦੀਆਂ ਖਾਨਾਂ ਸਥਾਪਿਤ ਹੋ ਗਈਆਂ ਹਨ ਉਥੋਂ ਦੇ ਲੋਕਾਂ ਦੀ ਜ਼ਿੰਦਗੀ ਬਦਲ ਗਈ ਹੈ।

ਅਮਰੀਕਾ ਦੇ ਨੇਵਾੜਾ ਸੂਬੇ ਦੀ ਗੋਲਡ ਮਾਈਨ ਦੁਨੀਆਂ ਦੀ ਸਭ ਤੋਂ ਵੱਡੀ ਸੋਨੇ ਦੀ ਖਾਨ ਹੈ। ਜਿਥੋਂ ਹਰ ਸਾਲ 100 ਟਨ ਤੋਂ ਵੱਧ ਸੋਨਾ ਕੱਢਿਆ ਜਾਂਦਾ ਹੈ।

ਇਸ ਇਲਾਕੇ ਦੇ ਨੇੜੇ ਤੇੜੇ ਦੇ ਲੋਕਾਂ ਨੂੰ ਨਾ ਸਿਰਫ਼ ਖਾਨਾਂ ਕਰਕੇ ਨੌਕਰੀ ਮਿਲੀ ਬਲਕਿ ਉਨ੍ਹਾਂ ਦੇ ਜੀਵਨ ਦਾ ਪੱਧਰ ਵੀ ਬਿਹਤਰ ਹੋਇਆ ਹੈ।

ਸੋਨੇ ਦੀ ਖਾਨ ਵਿੱਚੋਂ ਸਿਰਫ਼ ਸੋਨਾ ਨਹੀਂ ਨਿਕਲਦਾ, ਬਲਕਿ ਇਸਦੇ ਨਾਲ ਹੋਰ ਕੀਮਤੀ ਧਾਤਾਂ ਜਿਵੇਂ ਤਾਂਬਾ ਅਤੇ ਸ਼ੀਸ਼ਾ ਵੀ ਨਿਕਲਦੇ ਹਨ।

ਉੱਤਰੀ ਆਇਰਲੈਂਡ ਦੇ ਕਿਉਰੈਘੀਨਾਲਟ ਖਾਨ ਵਿੱਚੋਂ ਸੋਨਾ ਕੱਢਣ ਵਿੱਚ, ਆਇਰਲੈਂਡ ਦੇ ਸਿਆਸੀ ਹਾਲਾਤ ਵੀ ਕਾਫ਼ੀ ਹੱਦ ਤੱਕ ਰੋੜਾ ਬਣੇ ਰਹੇ ਹਨ। ਦੇਸ ਵਿੱਚ ਫ਼ੈਲੇ ਆਤੰਕ ਅਤੇ ਹਿੰਸਾ ਦੇ ਚਲਦਿਆਂ ਵੀ ਇਥੇ ਕੰਮ ਕਰਨਾ ਕਾਫ਼ੀ ਮੁਸ਼ਕਿਲ ਹੋ ਗਿਆ ਸੀ।

ਕਿਉਰੇਘੀਨਾਲਟ, ਯੂਕੇ ਵਿੱਚ ਪਾਈ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਸੋਨੇ ਦੀ ਖਾਨ ਹੈ। ਖਾਨ ਦੇ ਆਸ ਪਾਸ ਕਰੀਬ 20 ਹਜ਼ਾਰ ਲੋਕਾਂ ਦੀ ਆਬਾਦੀ ਹੈ। ਇਹ ਇਲਾਕਾ ਕੁਦਰਤੀ ਖ਼ੂਬਸੂਰਤੀ ਨਾਲ ਭਰਿਆ ਹੋਇਆ ਹੈ।

ਆਲੇ ਦੁਆਲੇ ਸੰਘਣੇ ਜੰਗਲ ਅਤੇ ਖੇਤ ਹਨ। ਇਥੇ ਕੰਮ ਕਰਨ ਵਾਲੀ ਕੰਪਨੀ ਲੋਕਾਂ ਨੂੰ ਹਰ ਤਰ੍ਹਾਂ ਨਾਲ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕੰਪਨੀ ਨੇ ਇੱਕ ਖੁੱਲ੍ਹੇ ਟੋਏ ਵਾਲੇ ਤਰੀਕੇ ਦੀ ਬਜਾਇ ਇੱਕ ਧਰਤੀ ਹੇਠਾਂ ਖਾਨ ਦਾ ਨਿਰਮਾਣ ਕਰਨ ਅਤੇ ਵਿਦੇਸ਼ਾਂ ਵਿੱਚ ਇਸੇਤਮਾਲ ਹੋਣ ਵਾਲੀ ਤਕਨੀਕ ਦੇ ਸਹਾਰੇ ਸਟਿਕਸ ਕੱਢਣ ਦੀ ਯੋਜਨਾ ਵੀ ਬਣਾਈ ਹੈ।

ਕੰਪਨੀ ਨੇ ਲੋਕਾਂ ਨੂੰ ਇਥੋਂ ਤੱਕ ਕਿਹਾ ਹੈ ਕਿ ਪਾਣੀ ਦਾ 30 ਫ਼ੀਸਦ ਹਿੱਸਾ ਘੱਟ ਇਸਤੇਮਾਲ ਕੀਤਾ ਜਾਵੇਗਾ।

ਕਾਰਬਨ ਦੇ ਨਿਕਾਸ ਦਾ 25 ਫ਼ੀਸਦ ਤੱਕ ਨਿਯੰਤਰਨ ਕਰਕੇ, ਇਸਨੂੰ ਯੂਰਪ ਦੀ ਪਹਿਲੀ ਕਾਰਬਨ ਨਿਊਟਰਲ ਮਾਈਨ ਬਣਾਇਆ ਜਾਵੇਗਾ।

ਪਰ ਲੋਕ ਕਿਸੇ ਵੀ ਹਾਲ ਵਿੱਚ ਰਾਜ਼ੀ ਨਹੀਂ ਹਨ। ਥੱਕ ਹਾਰ ਕੇ ਕੰਪਨੀ ਨੇ ਸਾਲ 2019 ਵਿੱਚ ਹੀ ਪ੍ਰੋਜੈਕਟ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)