Farmers Protest: ਪੰਜਾਬ ਦੀਆਂ 5 ਹਸਤੀਆਂ ਜਿਨ੍ਹਾਂ ਦੇ ਨਾਮਾਂ 'ਤੇ ਰੱਖੇ ਗਏ ਧਰਨੇ ਵਾਲੀਆਂ ਥਾਵਾਂ ਦੇ ਨਾਮ

ਕੇਂਦਰ ਦੁਆਰਾ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ-ਯੂਪੀ ਨਾਲ ਲੱਗਦੀਆਂ ਕੌਮੀ ਰਾਜਧਾਨੀ ਦਿੱਲੀ ਦੀਆਂ ਹੱਦਾਂ 'ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।

ਸ਼ਨਿੱਚਰਵਾਰ ਨੂੰ ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਈ ਪੰਜਵੇਂ ਦੌਰ ਦੀ ਗੱਲਬਾਤ ਵੀ ਬੇਸਿੱਟਾ ਰਹੀ। ਹੁਣ ਅਗਲੇ ਗੇੜ ਦੀ ਗੱਲਬਾਤ ਲਈ ਕਿਸਾਨਾਂ ਨੂੰ 9 ਦਸੰਬਰ ਨੂੰ ਸੱਦਿਆ ਗਿਆ ਹੈ।

ਇਸ ਸਭ ਦੇ ਬਾਵਜੂਦ ਧਰਨੇ ਵਾਲੀਆਂ ਥਾਵਾਂ 'ਤੇ ਠੰਢ ਵਿੱਚ ਵੀ ਕਿਸਾਨਾਂ ਦਾ ਜੋਸ਼ ਕਾਇਮ ਹੈ। ਸ਼ਨਿੱਚਰਵਾਰ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (ਬੀਕੇਯੂ-ਉਗਰਾਹਾਂ) ਨੇ ਟੀਕਰੀ ਬਾਰਡਰ 'ਤੇ ਪੰਜ ਧਰਨੇ ਵਾਲੀਆਂ ਥਾਵਾਂ ਦੇ ਨਾਮ ਪੰਜਾਬ ਦੀਆਂ ਵੱਡੀਆਂ ਹਸਤੀਆਂ ਦੇ ਨਾਮਾਂ 'ਤੇ ਰੱਖੇ।

ਇਹ ਵੀ ਪੜ੍ਹੋ

ਸਿੰਘੁ ਅਤੇ ਟੀਕਰੀ ਬਾਰਡਰ ਦਿੱਲੀ ਤੇ ਹਰਿਆਣਾ ਵਿਚਲੀ ਹੱਦ ਹੈ ਜਿਥੇ ਕਿਸਾਨਾਂ ਦਾ ਪ੍ਰਦਰਸ਼ਨ ਕਈ ਕਿਲੋਮੀਟਰਾਂ ਤੱਕ ਫ਼ੈਲ ਚੁੱਕਿਆ ਹੈ। ਅੰਦੋਲਨ ਵਿਚਲੀ ਭਾਵਨਾਵਾਂ ਨੂੰ ਦਰਸਾਉਣ ਲਈ ਪ੍ਰਦਰਸ਼ਨ ਸਥਲਾਂ ਦੇ ਨਾਮ ਬੰਦਾ ਸਿੰਘ ਬਹਾਦਰ ਨਗਰ, ਚਾਚਾ ਅਜੀਤ ਸਿੰਘ ਨਗਰ, ਬੀਬੀ ਗ਼ੁਲਾਬ ਕੌਰ ਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸਾਧੂ ਸਿੰਘ ਤਖ਼ਤੁਪੁਰਾ ਨਗਰ ਰੱਖੇ ਗਏ ਹਨ।

ਬੀਕੇਯੂ (ਏਕਤਾ ਉਗਰਾਹਾਂ) ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਹਰਿੰਦਰ ਕੌਰ ਬਿੰਦੂ ਨੇ ਇਨਾਂ ਨਾਵਾਂ ਦੇ ਪਿੱਛੇ ਕਾਰਨ ਵੀ ਮੀਡੀਆ ਨਾਲ ਸਾਂਝਾ ਕੀਤਾ।

ਇਨਾਂ ਦੇ ਨਾਲ ਹੀ ਇੱਕ ਮੀਡੀਆ ਗੈਲਰੀ ਵੀ ਬਣਾਈ ਗਈ ਹੈ ਜਿਸਦਾ ਨਾਮ ਅਜ਼ਾਦੀ ਘੁਲਾਟੀਏ ਅਸ਼ਫ਼ਾਕ ਉੱਲ੍ਹਾ ਖ਼ਾਨ ਦੇ ਨਾਮ 'ਤੇ ਰੱਖਿਆ ਗਿਆ ਹੈ।

ਬੰਦਾ ਸਿੰਘ ਬਹਾਦਰ

ਬੰਦਾ ਸਿੰਘ ਬਹਾਦਰ ਇੱਕ ਪ੍ਰਸਿੱਧ ਯੋਧਾ ਸੀ ਜਿਨ੍ਹਾਂ ਨੇ 1710 ਵਿੱਚ ਮੁਗ਼ਲ ਸੈਨਾ ਨੂੰ ਹਰਾ ਕੇ ਦਰਿਆ ਸਤਲੁਜ ਦੇ ਦੱਖਣ ਵਿੱਚ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ।

ਸਾਲ 1670 ਵਿੱਚ ਜੰਮੂ ਦੇ ਇੱਕ ਹਿੰਦੂ ਪਰਿਵਾਰ ਵਿੱਚ ਉਨ੍ਹਾਂ ਦਾ ਜਨਮ ਹੋਇਆ ਸੀ। ਸਿੱਖਾਂ ਦੇ ਦਸਵੇਂ ਗੁਰੂ ਅਤੇ ਖ਼ਾਲਸਾ ਪੰਥ ਦੀ ਸਥਾਪਨਾ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਦੇ ਪ੍ਰਭਾਵ ਅਧੀਨ ਉਨ੍ਹਾਂ ਨੇ ਸਿੱਖ ਧਰਮ ਅਪਣਾ ਲਿਆ ਸੀ।

ਉਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਜਾਣਿਆ ਗਿਆ ਸੀ। ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਾਅਦ ਉਨ੍ਹਾਂ ਨੇ ਪੰਜਾਬ ਵਿੱਚ ਮੁਗ਼ਲ ਸਲਤਨਤ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੂੰ ਕਾਮਯਾਬੀ ਮਿਲੀ।

ਹਾਲਾਂਕਿ, ਇਹ ਸ਼ਾਸਨ ਬਹੁਤੇ ਦਿਨ ਨਾ ਚੱਲ ਸਕਿਆ ਅਤੇ 1715 ਵਿੱਚ ਮੁਗ਼ਲ ਬਾਦਸ਼ਾਹ ਫ਼ਾਰੁਖ਼ਸਿਆਰ ਦੀ ਫ਼ੌਜ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ 1716 ਵਿੱਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।

ਬੀਕੇਯੂ (ਏਕਤਾ ਉਗਰਾਹਾਂ) ਦਾ ਕਹਿਣਾ ਹੈ ਕਿ ਬੰਦਾ ਸਿੰਘ ਬਹਾਦਰ ਕਿਸਾਨਾਂ ਦੇ ਇੱਕ ਮਹਾਨ ਨਾਇਕ ਸਨ ਜਿਨ੍ਹਾਂ ਨੇ ਕਿਸਾਨਾਂ ਨੂੰ ਉਨ੍ਹਾਂ ਦਾ ਜ਼ਮੀਨ ਦਾ ਹੱਕ ਦਿਵਾਇਆ। ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਵੱਡੇ-ਵੱਡੇ ਜਗੀਰਦਾਰਾਂ ਅਤੇ ਜ਼ਿੰਮੀਦਾਰਾਂ ਦੀ ਗ਼ੁਲਾਮੀ ਤੋਂ ਮੁਕਤ ਕਰਵਾਇਆ ਸੀ।

ਚਾਚਾ ਅਜੀਤ ਸਿੰਘ

1881 ਨੂੰ ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਪੈਂਦੇ ਖਟਕੜ ਕਲਾਂ ਵਿੱਚ ਜਨਮੇਂ ਸਰਦਾਰ ਅਜੀਤ ਸਿੰਘ ਬਰਤਾਨਵੀ ਹਕੂਮਤ ਵਿਰੁੱਧ ਚਲਾਏ ਗਏ, 'ਪੱਗੜੀ ਸੰਭਾਲ ਜੱਟਾ' ਵਰਗੇ ਅੰਦੋਲਨ ਕਰਕੇ ਜਾਣੇ ਜਾਂਦੇ ਹਨ। ਉਹ ਭਗਤ ਸਿੰਘ ਦੇ ਚਾਚਾ ਸਨ।

ਉਹ ਇੱਕ ਰਾਸ਼ਟਰਵਾਦੀ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੇ ਬਰਤਾਨਵੀ ਸਰਕਾਰ ਦੁਆਰਾ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਚਲਾਇਆ ਸੀ। ਉਨ੍ਹਾਂ ਨੇ ਪੰਜਾਬ ਉੱਪਨਿਵੇਸ਼ੀਕਰਨ ਕਾਨੂੰਨ ਅਤੇ ਪਾਣੀ ਦੀ ਕੀਮਤ ਵਧਾਉਣ ਵਿਰੁੱਧ ਮੁਜ਼ਾਹਰੇ ਕੀਤੇ।

ਉਨ੍ਹਾਂ ਦੇ ਪ੍ਰਦਰਸ਼ਨ ਤੋਂ ਘਬਰਾਈ ਹੋਈ ਭਾਰਤ ਦੀ ਬਰਤਾਨਵੀ ਸਰਕਾਰ ਨੇ 1907 ਵਿੱਚ ਉਨ੍ਹਾਂ ਨੂੰ ਲਾਲਾ ਲਾਜਪਤ ਰਾਏ ਨਾਲ ਤੱਤਕਾਲੀਨ ਬਰਮਾਂ ਦੇ ਮੰਡਾਲੇ ਵਿੱਚ ਦੇਸ ਨਿਕਾਲਾ ਦੇ ਦਿੱਤਾ ਪਰ ਬਾਅਦ ਵਿੱਚ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣਾ ਪਿਆ।

ਅੰਗਰੇਜ਼ੀ ਸਰਕਾਰ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਰੱਖਣ ਦੀ ਯੋਜਨਾ ਬਣਾ ਰਹੀ ਸੀ ਪਰ ਉਹ 1909 ਵਿੱਚ ਇਰਾਨ ਚਲੇ ਗਏ ਅਤੇ 1947 ਤੱਕ ਵੱਖ-ਵੱਖ ਦੇਸਾਂ ਵਿੱਚ ਰਹੇ।

ਬੀਕੇਯੂ (ਏਕਤਾ-ਉਗਰਾਹਾਂ) ਦੇ ਪ੍ਰਮੁੱਖ ਸ਼ਿੰਗਾਰਾ ਸਿੰਘ ਮਾਨ ਕਹਿੰਦੇ ਹਨ ਕਿ ਚਾਚਾ ਅਜੀਤ ਸਿੰਘ ਇੱਕ ਸ਼ਾਨਦਾਰ ਸਾਮਰਾਜਵਾਦ ਵਿਰੋਧੀ ਅੰਦੋਲਨ 'ਪਗੜੀ ਸੰਭਾਲ ਜੱਟਾ' ਦੇ ਸੰਸਥਾਪਕ ਸਨ ਜਿਹੜਾ ਅੰਦੋਲਨ ਸੰਘਰਸ਼ਸ਼ੀਲ ਲੋਕਾਂ ਲਈ ਇੱਕ ਪ੍ਰੇਰਣਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ

ਬੀਬੀ ਗ਼ੁਲਾਬ ਕੌਰ

ਗ਼ੁਲਾਬ ਕੌਰ ਭਾਰਤ ਦੀ ਬਰਤਾਨਵੀਂ ਹਕੂਮਤ ਤੋਂ ਆਜ਼ਾਦੀ ਲਈ ਲੜਾਈ ਵਿੱਚ ਸ਼ਾਮਿਲ ਸਨ। 1890 ਵਿੱਚ ਪੰਜਾਬ ਦੇ ਸੰਗਰੂਰ ਵਿੱਚ ਜਨਮੇਂ ਗ਼ੁਲਾਬ ਕੌਰ ਆਪਣੇ ਪਤੀ ਨਾਲ ਫ਼ਿਲੀਪਾਈਨ ਦੇ ਮਨੀਲਾ ਵਿੱਚ ਸਨ ਅਤੇ ਉਥੇ ਹੀ ਉਹ ਗ਼ਦਰ ਪਾਰਟੀ ਵਿੱਚ ਸ਼ਾਮਿਲ ਹੋਏ।

ਗ਼ੁਲਾਬ ਕੌਰ ਨੂੰ 'ਗ਼ਦਰ ਦੀ ਧੀ' ਕਿਹਾ ਜਾਂਦਾ ਹੈ। ਮਨੀਲਾ ਤੋਂ ਉਹ ਵਾਪਸ ਭਾਰਤ ਆ ਗਏ ਅਤੇ ਇਥੇਂ ਆਜ਼ਾਦੀ ਅੰਦੋਲਨ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਇਸੇ ਦੌਰਾਨ ਉਨ੍ਹਾਂ ਨੂੰ ਦੋ ਸਾਲ ਦੀ ਜੇਲ੍ਹ ਵੀ ਹੋਈ।

ਮਾਨ ਕਹਿੰਦੇ ਹਨ ਕਿ 'ਗ਼ਦਰੀ ਗ਼ੁਲਾਬ ਕੌਰ ਸਾਮਰਾਜਵਾਦ ਵਿਰੋਧੀ ਅੰਦੋਲਨ ਦਾ ਹਿੱਸਾ ਸਨ ਅਤੇ ਵਰਤਮਾਨ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਔਰਤ ਮੁਜ਼ਾਹਾਰਕਾਰੀ ਉਨ੍ਹਾਂ ਦੀ ਨੁਮਾਇੰਦਗੀ ਕਰਦੀਆਂ ਹਨ।'

ਭਗਤ ਸਿੰਘ

ਭਾਰਤ ਦੇ ਸੁਤੰਤਰਤਾ ਅੰਦੋਲਨ ਦੇ ਇਤਿਹਾਸ ਵਿੱਚ ਭਗਤ ਸਿੰਘ ਦਾ ਇੱਕ ਅਹਿਮ ਮੁਕਾਮ ਹੈ।

27 ਸਤੰਬਰ, 1907 ਨੂੰ ਭਗਤ ਸਿੰਘ ਦਾ ਜਨਮ ਲਾਇਲਪੁਰ (ਪੰਜਾਬ, ਪਾਕਿਸਤਾਨ) ਵਿੱਚ ਇੱਕ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਕਿਸ਼ਨ ਸਿੰਘ ਅਤੇ ਚਾਚਾ ਅਜੀਤ ਸਿੰਘ ਆਜ਼ਾਦੀ ਅੰਦੋਲਨ ਵਿੱਚ ਸ਼ਾਮਿਲ ਸਨ।

ਏਐਸਪੀ ਸਾਂਡਰਸ ਦੇ ਕਤਲ ਅਤੇ ਦਿੱਲੀ ਦੀ ਕੇਂਦਰੀ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਘਟਨਾ ਵਿੱਚ ਉਹ ਸ਼ਾਮਿਲ ਸਨ। ਇਨਾਂ ਘਟਨਾਵਾਂ ਨੇ ਬਰਤਾਨਵੀ ਹਕੂਮਤ ਨੂੰ ਹਿਲ੍ਹਾ ਕੇ ਰੱਖ ਦਿੱਤਾ ਸੀ।

ਸਾਂਡਰਸ ਹੱਤਿਆ ਮਾਮਲੇ ਵਿੱਚ 23 ਮਾਰਚ 1931 ਨੂੰ ਲਾਹੌਰ ਦੀ ਜੇਲ੍ਹ ਵਿੱਚ ਉਨ੍ਹਾਂ ਨੂੰ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਸਮੇਤ ਫ਼ਾਂਸੀ ਦੀ ਸਜ਼ਾ ਦਿੱਤੀ ਗਈ ਸੀ।

ਬੀਕੇਯੂ (ਏਕਤਾ-ਉਗਰਾਹਾਂ) ਦੇ ਹਰਿੰਦਰ ਕੌਰ ਬਿੰਦੂ ਕਹਿੰਦੇ ਹਨ ਕਿ “ਭਗਤ ਸਿੰਘ ਨੇ ਸ਼ੋਸ਼ਣ ਅਤੇ ਜ਼ੁਲਮ ਮੁਕਤ ਸਮਾਜ ਦਾ ਸੁਫ਼ਨਾ ਦੇਖਿਆ ਸੀ ਅਤੇ ਉਹ ਚੱਲ ਰਹੇ ਕਿਸਾਨੀ ਅੰਦੋਲਨ ਲਈ ਪ੍ਰੇਰਣਾ ਹਨ, ਉਨ੍ਹਾਂ ਦੀਆਂ ਤਸਵੀਰਾਂ ਕਿਸਾਨਾਂ, ਮਜ਼ਦੂਰਾਂ,ਔਰਤਾਂ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੀਆਂ ਹਨ।”

ਸਾਧੂ ਸਿੰਘ ਤਖ਼ਤੁਪੁਰਾ

ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਆਗੂ ਸਾਧੂ ਸਿੰਘ ਤਖ਼ਤੁਪੁਰਾ ਨੂੰ ਸਾਲ 2010 ਵਿੱਚ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ ਸੀ। ਸੂਬੇ ਦੀ ਤਤਕਾਲੀਨ ਅਕਾਲੀ-ਭਾਜਪਾ ਸਰਕਾਰ ਇੱਕ ਵਿਵਾਦਮਈ ਜ਼ਮੀਨ ਤੋਂ ਕਿਸਾਨਾਂ ਨੂੰ ਹਟਾ ਰਹੀ ਸੀ ਜਿਸ ਵਿਰੁੱਧ ਉਹ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ।

16 ਫ਼ਰਵਰੀ 2010 ਨੂੰ ਅੰਮ੍ਰਿਤਸਰ ਵਿੱਚ ਕਥਿਤ ਤੌਰ 'ਤੇ 15 ਲੋਕਾਂ ਨੇ ਲੋਹੇ ਦੇ ਸਰੀਆਂ ਅਤੇ ਡੰਡਿਆਂ ਨਾਲ ਉਨ੍ਹਾਂ ਦਾ ਕੁੱਟ ਕੁੱਟ ਕੇ ਕਤਲ ਕਰ ਦਿੱਤਾ ਸੀ।

17 ਮਾਰਚ 2010 ਨੂੰ ਪੰਜਾਬ ਪੁਲਿਸ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਤਖ਼ਤੁਪੁਰਾ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ।

ਹਰਿੰਦਰ ਕੌਰ ਬਿੰਦੂ ਨੇ ਕਿਹਾ, “ਤਖ਼ਤੁਪੁਰਾ ਸੰਘਰਸ਼ਸ਼ੀਲ ਸਮਾਜ ਦੀ ਰਾਹ ਦਿਖਾਉਂਦੇ ਸਨ ਜਿਨ੍ਹਾਂ ਦੀ ਭੂ-ਮਾਫ਼ੀਏ ਨੇ ਹੱਤਿਆ ਕਰ ਦਿੱਤੀ ਅਤੇ ਉਨ੍ਹਾਂ ਦੀ 'ਸ਼ਹਾਦਤ ਨੇ ਜੱਥੇਬੰਦੀ ਨੂੰ ਲੋਕਾਂ ਦੇ ਮੁੱਦਿਆਂ ਲਈ ਲੋਕ-ਅੰਦੋਲਨ ਕਰਨ ਲਈ ਪ੍ਰੇਰਿਤ ਕੀਤਾ ਹੈ।”

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਨਾਂ ਪ੍ਰਦਰਸ਼ਨ ਸਥਲਾਂ ਦੇ ਨਾਮ ਇਨ੍ਹਾਂ ਹਸਤੀਆਂ ਦੇ ਨਾਮਾਂ 'ਤੇ ਰੱਖਣਾ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੇ ਪ੍ਰਗਤੀਸ਼ੀਲ ਅਤੇ ਧਰਮਨਿਰਪੱਖ ਅਕਸ ਨੂੰ ਦਿਖਾਉਂਦਾ ਹੈ।

ਉਹ ਕਹਿੰਦੇ ਹਨ ਕਿ ਸੰਘਰਸ਼ਸ਼ੀਲ ਲੋਕਾਂ ਦੁਆਰਾ ਬਣਾਏ ਗਏ ਮਾਣਮੱਤੇ ਇਤਿਹਾਸ ਨਾਲ ਅੰਦੋਲਨ ਨਿਰੰਤਰ ਜਾਰੀ ਹੈ ਅਤੇ ਇਹ ਇਤਿਹਾਸ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਨੌਜਵਾਨਾਂ ਨੂੰ ਅਨਿਆਂ ਵਿਰੁੱਧ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)