ਟਰੰਪ,ਬਾਇਡਨ ਨੂੰ ਸੱਤਾ ਸੌਂਪਣ ਲਈ ਤਿਆਰ : ਅਮਰੀਕੀ ਰਾਸ਼ਟਰਪਤੀ ਨੇ ਕਿਸ ਝਟਕੇ ਤੋਂ ਬਾਅਦ ਮੰਨੀ ਹਾਰ

ਡੌਨਲਡ ਟਰੰਪ ਨੇ ਆਖ਼ਰਕਾਰ ਸਵੀਕਾਰ ਕੀਤਾ ਹੈ ਕਿ ਨਵੇਂ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਵੱਲੋਂ ਅਹੁਦਾ ਸੰਭਾਲਣ ਲਈ ਅਮਰੀਕੀ ਸਰਕਾਰ ਦੀ ਰਸਮੀ ਟ੍ਰਾਂਜ਼ੀਸ਼ਨ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ।

ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਸਰਕਾਰ ਸੌਂਪਣ ਦੀ ਨਿਗਰਾਨੀ ਕਰ ਰਹੀ ਫੈਡਰਲ ਏਜੰਸੀ "ਉਹ ਕਰੇ ਜੋ ਉਸ ਨੂੰ ਕਰਨਾ ਚਾਹੀਦਾ ਹੈ", ਹਾਲਾਂਕਿ ਉਨ੍ਹਾਂ ਨੇ ਚੋਣ ਨਤੀਜਿਆਂ ਨੂੰ ਚੁਣੌਤੀ ਦੇਣ ਦੀ ਗੱਲ ਬਰਕਰਾਰ ਰੱਖੀ ਹੈ।

ਜਨਰਲ ਸਰਵਿਸਿਜ਼ ਐਡਮਿਨਿਸਟ੍ਰੇਸ਼ਨ (ਜੀਐਸਏ) ਨੇ ਕਿਹਾ ਕਿ ਉਨ੍ਹਾਂ ਨੇ ਜੋਅ ਬਾਇਡਨ ਨੂੰ "ਸਪੱਸ਼ਟ ਵਿਜੇਤਾ" ਮੰਨਿਆ ਹੈ।

ਇਹ ਵੀ ਪੜ੍ਹੋ

ਇਹ ਉਦੋਂ ਆਇਆ ਜਦੋਂ ਮਿਸ਼ੀਗਨ ਰਾਜ ਵਿੱਚ ਬਾਇਡਨ ਦੀ ਜਿੱਤ ਨੂੰ ਅਧਿਕਾਰਤ ਤੌਰ 'ਤੇ ਪ੍ਰਮਾਣਿਤ ਕੀਤਾ ਗਿਆ ਜੋ ਕਿ ਟਰੰਪ ਲਈ ਇੱਕ ਵੱਡਾ ਝਟਕਾ ਹੈ।

ਬਾਇਡਨ ਟੀਮ ਨੇ ਟ੍ਰਾਂਜ਼ੀਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਹੈ।

ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ, "ਅੱਜ ਦਾ ਫੈਸਲਾ ਸਾਡੀ ਕੌਮ ਦੀਆਂ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਜ਼ਰੂਰੀ ਕਦਮ ਹੈ, ਜਿਸ ਵਿੱਚ ਮਹਾਂਮਾਰੀ ਨੂੰ ਕੰਟਰੋਲ ਵਿੱਚ ਲਿਆਉਣਾ ਅਤੇ ਸਾਡੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣਾ ਸ਼ਾਮਲ ਹੈ।"

"ਇਹ ਅੰਤਮ ਫੈਸਲਾ ਫੈਡਰਲ ਏਜੰਸੀਆਂ ਨਾਲ ਸੰਚਾਰ ਪ੍ਰਕਿਰਿਆ ਨੂੰ ਰਸਮੀ ਤੌਰ 'ਤੇ ਸ਼ੁਰੂ ਕਰਨ ਲਈ ਇੱਕ ਨਿਸ਼ਚਤ ਪ੍ਰਬੰਧਕੀ ਕਾਰਵਾਈ ਹੈ।"

ਟਰੰਪ ਨੇ ਕੀ ਕਿਹਾ?

ਟਰੰਪ ਨੇ ਉਸ ਵੇਲੇ ਟਵੀਟ ਕੀਤਾ ਜਦੋ ਜੀਐਸਏ, ਜਿਸਦੀ ਜ਼ਿੰਮੇਵਾਰੀ ਰਾਸ਼ਟਰਪਤੀ ਟ੍ਰਾਂਜ਼ੀਸ਼ਨ ਦੀ ਰਸਮੀ ਸ਼ੁਰੂਆਤ ਕਰਨਾ ਹੈ, ਨੇ ਬਾਇਡਨ ਕੈਂਪ ਨੂੰ ਦੱਸਿਆ ਕਿ ਹੁਣ ਇਹ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਪ੍ਰਸ਼ਾਸਕ ਐਮਿਲੀ ਮਰਫ਼ੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਚੁਣੇ ਜਾਣ ਵਾਲੇ ਅਹੁਦੇਦਾਰ ਲਈ 6.3 ਮਿਲੀਅਨ ਡਾਲਰ ਫੰਡ ਮੁਹਈਆ ਕਰਵਾਏਗੀ।

"ਚੰਗੀ ਲੜਾਈ" ਜਾਰੀ ਰੱਖਣ ਦਾ ਵਾਅਦਾ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ, "ਫਿਰ ਵੀ, ਸਾਡੇ ਦੇਸ਼ ਦੇ ਹਿੱਤ ਵਿੱਚ, ਮੈਂ ਸਿਫਾਰਸ਼ ਕਰ ਰਿਹਾ ਹਾਂ ਕਿ ਐਮੀਲੀ ਅਤੇ ਉਸਦੀ ਟੀਮ ਸ਼ੁਰੂਆਤੀ ਪ੍ਰੋਟੋਕੋਲ ਦੇ ਸੰਬੰਧ ਵਿੱਚ ਜੋ ਕੁਝ ਕਰਨਾ ਚਾਹੁੰਦੀ ਹੈ, ਉਹ ਕਰੇ। ਅਜਿਹਾ ਕਰਨ ਲਈ ਮੈਂ ਆਪਣੀ ਟੀਮ ਨੂੰ ਵੀ ਕਿਹਾ ਹੈ।"

ਟਰੰਪ ਵੱਲੋਂ ਨਿਯੁਕਤ ਕੀਤੀ ਗਈ ਮਰਫ਼ੀ ਨੇ ਪੱਤਰ ਭੇਜਣ ਦੇ ਆਪਣੇ ਫੈਸਲੇ ਵਿੱਚ "ਕਾਨੂੰਨੀ ਚੁਣੌਤੀਆਂ ਅਤੇ ਚੋਣ ਨਤੀਜਿਆਂ ਦੇ ਪ੍ਰਮਾਣ ਪੱਤਰਾਂ ਨਾਲ ਜੁੜੀਆਂ ਤਾਜ਼ਾ ਘਟਨਾਵਾਂ" ਦਾ ਹਵਾਲਾ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ 'ਤੇ ਫੈਸਲੇ ਲੈਣ ਬਾਰੇ ਵ੍ਹਾਈਟ ਹਾਊਸ ਵੱਲੋਂ ਕੋਈ ਦਬਾਅ ਨਹੀਂ ਪਾਇਆ ਗਿਆ।

ਮਰਫੀ ਨੇ ਬਾਇਡਨ ਨੂੰ ਲਿਖੀ ਚਿੱਠੀ ਵਿੱਚ ਕਿਹਾ, "ਇਸ ਫੈਸਲੇ ਵਿੱਚ ਦੇਰੀ ਕਰਨ ਲਈ ਮੈਰੇ 'ਤੇ ਕੋਈ ਦਬਾਅ ਨਹੀਂ ਸੀ।"

ਉਨ੍ਹਾਂ ਕਿਹਾ, "ਹਾਲਾਂਕਿ ਮੇਰੇ ਪਰਿਵਾਰ, ਸਟਾਫ਼ ਅਤੇ ਇੱਥੋਂ ਤਕ ਕਿ ਮੇਰੇ ਪਾਲਤੂ ਜਾਨਵਰਾਂ ਨੂੰ ਆਨਲਾਈਨ, ਫੋਨ ਰਾਹੀਂ ਜਾਂ ਮੇਲ ਰਾਹੀਂ ਧਮਕੀਆਂ ਜ਼ਰੂਰ ਮਿਲ ਰਹੀਆਂ ਹਨ ਤਾਂਕਿ ਮੈਂ ਸਮੇਂ ਤੋਂ ਪਹਿਲਾਂ ਇਸ ਫੈਸਲੇ ਨੂੰ ਲਵਾਂ।"

"ਹਜ਼ਾਰਾਂ ਧਮਕੀਆਂ ਦੇ ਬਾਵਜੂਦ ਵੀ ਮੈਂ ਕਾਨੂੰਨ ਦੀ ਪਾਲਣਾ ਕਰਨ ਲਈ ਵਚਨਬੱਧ ਰਹੀ ਹਾਂ।"

ਟ੍ਰਾਂਜ਼ੀਸ਼ਨ ਪ੍ਰਕਿਰਿਆ ਜਲਦੀ ਆਰੰਭ ਕਰਨ ਵਿੱਚ ਅਸਫਲ ਰਹਿਣ ਲਈ ਉਨ੍ਹਾਂ ਨੂੰ ਦੋਵਾਂ ਰਾਜਨੀਤਿਕ ਪੱਖਾਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਕੀ ਰਿਪਬਲਿਕਨ ਨੇ ਕਿਸੀ ਤਰ੍ਹਾਂ ਦਾ ਕੋਈ ਦਬਾਅ ਪਾਇਆ?

ਟਰੰਪ ਦੇ ਸਾਥੀ ਰਿਪਬਲੀਕਨ ਟ੍ਰਾਂਜ਼ੀਸ਼ਨ ਨੂੰ ਲੈ ਕੇ ਤੇਜ਼ੀ ਨਾਲ ਆਪਣਾ ਪੱਖ ਰੱਖ ਰਹੇ ਹਨ, ਜਿਨ੍ਹਾਂ ਵਿੱਚੋਂ ਕਈ ਸੋਮਵਾਰ ਨੂੰ ਇਸ ਉੱਤੇ ਬੋਲੇ।

ਟੈਨੇਸੀ ਦੇ ਸੈਨੇਟਰ ਲਾਮਰ ਅਲੈਗਜ਼ੈਂਡਰ, ਜੋ ਸੇਵਾਮੁਕਤ ਹੋ ਰਹੇ ਹਨ, ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਟਰੰਪ ਨੂੰ "ਦੇਸ਼ ਨੂੰ ਪਹਿਲਾਂ" ਰੱਖਣਾ ਚਾਹੀਦਾ ਹੈ ਅਤੇ ਬਾਇਡਨ ਨੂੰ ਸਫ਼ਲ ਹੋਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ, "ਜਦੋਂ ਤੁਸੀਂ ਜਨਤਕ ਜੀਵਨ ਵਿੱਚ ਹੁੰਦੇ ਹੋ ਤਾਂ ਲੋਕ ਤੁਹਾਡੇ ਵੱਲੋਂ ਕੀਤੀ ਆਖਰੀ ਚੀਜ਼ ਨੂੰ ਯਾਦ ਰੱਖਦੇ ਹਨ।"

ਵੈਸਟ ਵਰਜੀਨੀਆ ਦੇ ਸੈਨੇਟਰ ਸ਼ੈਲੀ ਮੂਰ ਕੈਪੀਟੋ ਨੇ ਕਿਹਾ, "2020 ਦੀਆਂ ਚੋਣਾਂ ਹੁਣ ਖ਼ਤਮ ਹੋਣੀਆਂ ਚਾਹੀਦੀਆਂ ਹਨ।"

ਓਹੀਓ ਦੇ ਸੈਨੇਟਰ ਰੌਬ ਪੋਰਟਮੈਨ ਨੇ ਬਾਇਡਨ ਨੂੰ ਰਾਸ਼ਟਰੀ ਸੁਰੱਖਿਆ ਬਾਰੇ ਸੀਕਰੇਟ ਬ੍ਰੀਫਿੰਗ ਪ੍ਰਾਪਤ ਕਰਨ ਅਤੇ ਟਰੰਪ ਪ੍ਰਸ਼ਾਸਨ ਦੁਆਰਾ ਕੋਰੋਨਾਵਾਇਰਸ ਟੀਕਾ ਵੰਡਣ ਦੀਆਂ ਯੋਜਨਾਵਾਂ ਬਾਰੇ ਅਪਡੇਟ ਕਰਨ ਦੀ ਦਲੀਲ ਦਿੱਤੀ ਹੈ।

ਇਹ ਵੀ ਪੜ੍ਹੋ

160 ਤੋਂ ਵੱਧ ਕਾਰੋਬਾਰੀ ਨੇਤਾਵਾਂ ਨੇ ਮਰਫ਼ੀ ਨੂੰ ਇੱਕ ਖੁੱਲੇ ਪੱਤਰ ਵਿੱਚ ਅਪੀਲ ਕੀਤੀ ਸੀ ਕਿ ਜੋਅ ਬਾਇਡਨ ਨੂੰ ਤੁਰੰਤ ਪ੍ਰੇਜ਼ੀਡੇਂਟ-ਇਲੈਕਟ ਦੇ ਤੌਰ 'ਤੇ ਮਾਨਤਾ ਦਿੱਤੀ ਜਾਵੇ।

ਉਨ੍ਹਾਂ ਨੇ ਲਿਖਿਆ, "ਆਉਣ ਵਾਲੇ ਪ੍ਰਸ਼ਾਸਨ ਤੋਂ ਸਰੋਤਾਂ ਅਤੇ ਜ਼ਰੂਰੀ ਜਾਣਕਾਰੀ ਨੂੰ ਰੋਕਣਾ ਅਮਰੀਕਾ ਦੀ ਜਨਤਕ ਅਤੇ ਆਰਥਿਕ ਸਿਹਤ ਅਤੇ ਸੁਰੱਖਿਆ ਨੂੰ ਜੋਖਮ ਵਿੱਚ ਪਾਉਂਦਾ ਹੈ।"

ਮਿਸ਼ੀਗਨ ਵਿੱਚ ਕੀ ਹੋਇਆ?

ਮਿਸ਼ੀਗਨ ਸਟੇਟ ਬੋਰਡ ਕੈਨਵਸਸਰਜ਼ ਵਿਖੇ ਦੋ ਰਿਪਬਲੀਕਨ ਵਿਚੋਂ ਇਕ ਸ਼ਖ਼ਸ ਨਤੀਜੇ ਨੂੰ ਅੰਤਮ ਰੂਪ ਦੇਣ ਲਈ ਦੋ ਡੈਮੋਕਰੇਟਸ ਵਿਚ ਸ਼ਾਮਲ ਹੋਇਆ। ਦੂਸਰੇ ਰਿਪਬਲੀਕਨ ਨੇ ਇਸ ਤੋਂ ਦੂਰੀ ਬਣਾਈ ਰੱਖੀ। ਬਾਇਡਨ ਨੇ 1,50,000 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ।

ਰਿਪਬਲੀਕਨ ਬੋਰਡ ਦੇ ਮੈਂਬਰ ਨਾਰਮਨ ਸ਼ਿੰਕਲੇ ਨੇ ਇਕ ਕਾਉਂਟੀ ਵਿਚ ਕੁਝ ਸੌ ਵੋਟਾਂ ਨੂੰ ਪ੍ਰਭਾਵਤ ਕਰਨ ਵਾਲੀਆਂ ਬੇਨਿਯਮੀਆਂ ਕਾਰਨ ਪ੍ਰਮਾਣੀਕਰਣ ਵਿਚ ਦੇਰੀ ਕਰਨ ਦਾ ਸੁਝਾਅ ਦਿੱਤਾ ਸੀ।

ਪਰ ਉਨ੍ਹਾਂ ਦੇ ਸਹਿਯੋਗੀ, ਰਿਪਬਲੀਕਨ ਐਰੋਨ ਵੈਨ ਲੈਂਗੇਵੇਲਡ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਡਿਊਟੀ "ਸਧਾਰਣ" ਸੀ ਅਤੇ ਉਨ੍ਹਾਂ ਕੋਲ ਪ੍ਰਮਾਣੀਕਰਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ।

ਟਰੰਪ ਦੀ ਕਾਨੂੰਨੀ ਟੀਮ ਨੇ ਕਿਹਾ ਕਿ ਉਹ ਅਜੇ ਵੀ ਮਿਸ਼ੀਗਨ ਦੇ ਨਤੀਜਿਆਂ ਨੂੰ ਚੁਣੌਤੀ ਦੇਣਗੇ।

ਸਲਾਹਕਾਰ ਜੈਨਾ ਐਲਿਸ ਨੇ ਕਿਹਾ ਕਿ ਪ੍ਰਮਾਣੀਕਰਣ "ਕੇਵਲ ਇੱਕ ਪ੍ਰਕਿਰਿਆਤਮਕ ਕਦਮ" ਸੀ।

ਉਨ੍ਹਾਂ ਨੇ ਅੱਗੇ ਕਿਹਾ, "ਅਮਰੀਕੀਆਂ ਨੂੰ ਯਕੀਨ ਦਿਵਾਉਣਾ ਚਾਹੀਦਾ ਹੈ ਕਿ ਅੰਤਮ ਨਤੀਜੇ ਸਹੀ ਅਤੇ ਜਾਇਜ਼ ਹਨ।"

ਪਰ ਸਮਾਂ ਲੰਘਦਾ ਜਾ ਰਿਹਾ ਹੈ। 14 ਦਸੰਬਰ ਨੂੰ ਬਾਇਡਨ ਦੀ ਜਿੱਤ ਨੂੰ ਯੂਐਸ ਇਲੈਕਟੋਰਲ ਕਾਲਜ ਦੁਆਰਾ ਮਨਜ਼ੂਰੀ ਮਿਲਣੀ ਤੈਅ ਹੈ।

ਟਰੰਪ ਦੀਆਂ ਹੋਰ ਕਾਨੂੰਨੀ ਚੁਣੌਤੀਆਂ ਬਾਰੇ ਕੀ?

ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀ ਨਤੀਜਿਆਂ ਨੂੰ ਚੁਣੌਤੀ ਦੇਣ ਦੀ ਦੌੜ ਵਿੱਚ ਮਹੱਤਵਪੂਰਨ ਰਾਜਾਂ ਵਿੱਚ ਅਦਾਲਤ ਵੱਲੋਂ ਹਾਰ ਦਾ ਸਾਹਮਣਾ ਕਰ ਚੁੱਕੇ ਹਨ।

ਕਥਿਤ ਤੌਰ 'ਤੇ ਉਨ੍ਹਾਂ ਦੀ ਮੁਹਿੰਮ ਨੇ ਰਿਪਬਲੀਕਨ ਰਾਜ ਦੇ ਸੰਸਦ ਮੈਂਬਰਾਂ ਨੂੰ ਬਾਇਡਨ ਦੀ ਬਜਾਏ ਉਨ੍ਹਾਂ ਨੂੰ ਵੋਟ ਪਾਉਣ ਲਈ ਉਨ੍ਹਾਂ ਦੇ ਆਪਣੇ ਵੋਟਰਾਂ ਦੀ ਨਿਯੁਕਤੀ ਲਈ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਕੋਈ ਫਾਇਦਾ ਨਹੀਂ ਹੋਇਆ।

ਪੈਨਸਿਲਵੇਨੀਆ ਵਿੱਚ, ਇੱਕ ਰਿਪਬਲੀਕਨ ਜੱਜ ਨੇ ਸ਼ਨੀਵਾਰ ਨੂੰ ਇਹ ਫੈਸਲਾ ਸੁਣਾਇਆ ਕਿ ਟਰੰਪ ਦੀ ਮੁਹਿੰਮ ਵਿੱਚ ਕੋਈ ਸਬੂਤ ਨਾ ਹੋਣ ਕਰਕੇ "ਤਕਰੀਬਨ ਸੱਤ ਮਿਲੀਅਨ ਵੋਟਰਾਂ ਦੀ ਵੰਡ" ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਰਾਜ ਵਿੱਚ ਰਾਸ਼ਟਰਪਤੀ ਦੀਆਂ ਹੋਰ ਕਾਨੂੰਨੀ ਕੋਸ਼ਿਸ਼ਾਂ ਬਾਇਡਨ ਦੀਆਂ ਲਗਭਗ 80,000 ਵੋਟਾਂ ਦੀ ਲੀਡ ਬਦਲਣ ਵਿੱਚ ਅਸਫਲ ਰਹੀਆਂ ਹਨ।

ਟਰੰਪ ਦੀ ਮੁਹਿੰਮ ਨੇ ਜੌਰਜੀਆ ਵਿੱਚ ਵੀ ਇੱਕ ਵਾਰ ਦੁਬਾਰਾ ਵੋਟਾਂ ਦੀ ਗਿਣਤੀ ਦੀ ਮੰਗ ਕੀਤੀ ਹੈ, ਕਿਉਂਕਿ ਪਹਿਲਾਂ ਹੱਥੀਂ ਕੀਤੀ ਗਈ ਗਿਣਤੀ ਤੋਂ ਬਾਅਦ ਰਾਜ ਵਿੱਚ ਬਾਇਡਨ ਦੀ ਜਿੱਤ ਦੀ ਪੁਸ਼ਟੀ ਹੋਈ ਸੀ।

ਵਿਸਕਾਨਸਿਨ ਵਿੱਚ ਟਰੰਪ ਦੀ ਮੁਹਿੰਮ ਦੀ ਬੇਨਤੀ ਨਾਲ ਅੰਸ਼ਕ ਤੌਰ 'ਤੇ ਦੁਬਾਰਾ ਵੋਟਿੰਗ ਕੀਤੀ ਜਾ ਰਹੀ ਹੈ। ਚੋਣ ਅਧਿਕਾਰੀਆਂ ਨੇ ਟਰੰਪ ਦੇ ਸਮਰਥਕਾਂ 'ਤੇ ਰਾਜ ਦੀ ਵੋਟਾਂ ਦੀ ਮੁੜ ਗਿਣਤੀ ਵਿਚ ਰੁਕਾਵਟ ਪਾਉਣ ਦਾ ਇਲਜ਼ਾਮ ਲਾਇਆ ਹੈ।

ਉਨ੍ਹਾਂ ਨੇ ਕਿਹਾ ਕਿ ਟਰੰਪ ਦੇ ਨਿਰੀਖਕ ਕੁਝ ਮਾਮਲਿਆਂ ਵਿੱਚ ਜਾਣ ਬੁੱਝ ਕੇ ਕਾਰਵਾਈ ਹੌਲੀ ਕਰਨ ਲਈ ਹਰ ਇੱਕ ਵੋਟ ਨੂੰ ਚੁਣੌਤੀ ਦੇ ਰਹੇ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)