ਅਮਰੀਕੀ ਚੋਣਾਂ ਦੇ ਨਤੀਜਿਆਂ ਨੂੰ ਕੀ ਟਰੰਪ ਉਲਟਾ ਵੀ ਸਕਦੇ ਹਨ

ਲਗਭਗ ਦੋ ਹਫ਼ਤੇ ਹੋ ਗਏ ਹਨ ਜੋਅ ਬਾਇਡਨ ਨੂੰ ਅਮਰੀਕੀ ਚੋਣਾਂ ਦਾ ਜੇਤੂ ਬਣੇ ਹੋਏ, ਪਰ ਡੌਨਲਡ ਟਰੰਪ ਹੁਣ ਵੀ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਹਨ। ਕੀ ਉਨ੍ਹਾਂ ਕੋਲ ਇਸ ਫ਼ੈਸਲੇ ਨੂੰ ਬਦਲਣ ਦੀ ਕੋਈ ਯੋਜਨਾ ਹੈ?

ਟਰੰਪ ਦੀ ਨਤੀਜਿਆਂ ਨੂੰ ਕਾਨੂੰਨੀ ਚੁਣੌਤੀ ਦੇਣ ਦੀ ਰਣਨੀਤੀ ਤਾਂ ਕੰਮ ਨਹੀਂ ਕਰ ਰਹੀ, ਟਰੰਪ ਦੀ ਟੀਮ ਨੇ ਦਰਜਨਾਂ ਕੇਸ ਤਾਂ ਦਾਇਰ ਕਰ ਦਿੱਤੇ ਹਨ, ਪਰ ਅਜੇ ਤੱਕ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ।

ਉਨ੍ਹਾਂ ਦੇ ਵਕੀਲ ਅਤੇ ਸਾਬਕਾ ਨਿਊਯਾਰਕ ਮੇਅਰ ਰੂਡੀ ਜਿਊਲਿਆਨੀ ਨੇ ਵੀਰਵਾਰ ਨੂੰ ਕਿਹਾ ਕਿ ਟਰੰਪ ਕੈਂਪੇਨ ਮਿਸ਼ੀਗਨ ਵਿੱਚ ਆਪਣੀ ਕਾਨੂੰਨੀ ਚੁਣੌਤੀ ਵਾਪਸ ਲੈ ਰਿਹਾ ਹੈ। ਮਿਸ਼ੀਗਨ ਵਿੱਚ ਬਾਇਡਨ ਨੂੰ 1,60,000 ਵੋਟਾਂ ਦੇ ਅੰਤਰ ਨਾਲ ਜਿੱਤ ਮਿਲੀ ਹੈ।

ਇਹ ਵੀ ਪੜ੍ਹੋ-

ਜੌਰਜੀਆ ਸੂਬੇ ਵਿੱਚ ਵੀ 50 ਲੱਖ ਬੈਲੇਟ ਦੀ ਦੁਬਾਰਾ ਗਿਣਤੀ ਕੀਤੀ ਹੈ ਅਤੇ ਬਾਇਡਨ ਨੂੰ 12 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਮਿਲੀ ਹੈ। ਸੂਬੇ ਨੇ ਵੀ ਨਤੀਜੇ 'ਤੇ ਮੋਹਰ ਲਗਾ ਦਿੱਤੀ ਹੈ।

ਹੁਣ ਜਦੋਂ ਵਾਰੀ-ਵਾਰੀ ਨਾਲ ਦਰਵਾਜ਼ੇ ਬੰਦ ਹੋ ਰਹੇ ਹਨ ਤਾਂ ਟਰੰਪ ਦੀ ਰਣਨੀਤੀ ਕਾਨੂੰਨੀ ਲੜਾਈ ਤੋਂ ਰਾਜਨੀਤਕ ਲੜਾਈ 'ਤੇ ਸ਼ਿਫਟ ਹੋ ਰਹੀ ਹੈ।

ਟਰੰਪ ਦੀ ਰਣਨੀਤੀ ਕੀ ਹੈ?

ਟਰੰਪ ਸ਼ਾਇਦ ਇਹ ਸਭ ਕਰਨ ਦਾ ਸੋਚ ਰਹੇ ਹਨ-

  • ਜਿੰਨਾ ਹੋ ਸਕੇ, ਓਨੇ ਸੂਬਿਆਂ ਵਿੱਚ ਵੋਟ ਸਰਟੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਰੋਕਣਾ, ਜਾਂ ਤਾਂ ਕਾਨੂੰਨੀ ਮੁਕੱਦਮਿਆਂ ਜ਼ਰੀਏ ਜਾਂ ਫਿਰ ਰਿਪਬਲੀਕਨ ਰੁਝਾਨ ਦੇ ਅਧਿਕਾਰੀਆਂ ਤੋਂ ਇਤਰਾਜ਼ ਕਰਵਾਉਣ ਨਾਲ।
  • ਉਨ੍ਹਾਂ ਸੂਬਿਆਂ ਦੇ ਰਿਪਬਲੀਕਨ ਨੁਮਾਇੰਦਿਆਂ ਨੂੰ ਚੋਣ ਧਾਂਦਲੀ ਕਰਕੇ ਪਾਪੂਲੋਰ ਵੋਟ ਦੇ ਨਤੀਜਿਆਂ ਨੂੰ ਖਾਰਜ ਕਰਨ ਲਈ ਮਨਾਉਣਾ ਜਿੱਥੇ ਬਾਇਡਨ ਬਹੁਤ ਘੱਟ ਅੰਤਰ ਨਾਲ ਜਿੱਤੇ ਹਨ, ।
  • ਉਸ ਦੇ ਬਾਅਦ ਪ੍ਰਤੀਨਿਧੀਆਂ ਨੂੰ ਇਸ ਗੱਲ ਲਈ ਮਨਾਉਣਾ ਕਿ ਉਹ ਆਪਣੇ ਸੂਬੇ ਦੇ ਇਲੈਕਟ੍ਰੋਲ ਕਾਲਜ ਦੀਆਂ ਵੋਟਾਂ ਨੂੰ 14 ਦਸੰਬਰ ਨੂੰ ਬਾਇਡਨ ਦੀ ਬਜਾਇ ਟਰੰਪ ਨੂੰ ਦੇ ਦੇਣ।
  • ਅਜਿਹਾ ਉਚਿਤ ਰਾਜਾਂ ਵਿੱਚ ਕਰਨਾ ਜਿਵੇਂ ਵਿਸਕੌਨਸਿਨ, ਮਿਸ਼ੀਗਨ ਅਤੇ ਪੈਨਸਲਵੇਨੀਆ ਵਿੱਚ ਤਾਂ ਕਿ ਟਰੰਪ ਦੇ 232 ਇਲੈਕਟ੍ਰੋਲ ਵੋਟ ਦਾ ਅੰਕੜਾ 269 ਦੇ ਜਿੱਤ ਦੇ ਅੰਕੜੇ ਨੂੰ ਪਾਰ ਕਰ ਸਕੇ।

ਅਜਿਹਾ ਹੋਣ ਲਈ ਕੀ ਟਰੰਪ ਕੋਸ਼ਿਸ਼ ਕਰ ਰਹੇ ਹਨ?

ਟਰੰਪ ਉਨ੍ਹਾਂ ਲੋਕਾਂ 'ਤੇ ਦਬਾਅ ਬਣਾ ਰਹੇ ਹਨ ਜੋ ਇਸ ਮਾਮਲੇ ਵਿੱਚ ਪ੍ਰਭਾਵ ਰੱਖਦੇ ਹਨ ਕਿ ਸੂਬੇ ਕਿਸ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਨ।

ਜਦੋਂ ਅਮਰੀਕੀ ਲੋਕ ਰਾਸ਼ਟਰਪਤੀ ਚੋਣਾਂ ਵਿੱਚ ਵੋਟਾਂ ਪਾਉਂਦੇ ਹਨ, ਦਰਅਸਲ, ਉਸ ਵੇਲੇ ਉਹ ਸੂਬਾ ਪੱਧਰ 'ਤੇ ਚੋਣ ਕਰ ਰਹੇ ਹੁੰਦੇ ਹਨ ਨਾ ਕਿ ਰਾਸ਼ਟਰੀ ਪੱਧਰ 'ਤੇ।

ਉਹ ਰਾਜ ਦੇ ਇਲੈਕਟਰਜ਼ ਲਈ ਵੋਟਾਂ ਪਾਉਂਦੇ ਹਨ ਜੋ ਜਿੱਤ ਕੇ ਰਾਸ਼ਟਰਪਤੀ ਲਈ ਆਪਣੀ ਵੋਟ ਦਿੰਦੇ ਹਨ। ਅਕਸਰ ਇਹ ਇਲੈਕਟਰਜ਼ ਲੋਕਾਂ ਦੀ ਚੋਣ ਮੁਤਾਬਕ ਹੀ ਵੋਟ ਪਾਉਂਦੇ ਹਨ।

ਉਦਾਹਰਨ ਵਜੋਂ ਜੇਕਰ ਮਿਸ਼ੀਗਨ ਤੋਂ ਜੋਅ ਬਾਇਡਨ ਜਿੱਤੇ ਹਨ ਤਾਂ ਉੱਥੋਂ ਦੇ ਇਲੈਕਟਰਜ਼ ਉਨ੍ਹਾਂ ਨੂੰ ਹੀ ਵੋਟ ਦੇਣਗੇ।

ਟਰੰਪ ਦੇ ਵੱਖ-ਵੱਖ ਸੂਬਿਆਂ 'ਤੇ ਦਬਾਅ ਬਣਾਉਣ ਦਾ ਇਸ਼ਾਰਾ ਉਦੋਂ ਮਿਲਿਆ ਜਦੋਂ ਅਜਿਹੀਆਂ ਖ਼ਬਰਾਂ ਆਈਆਂ ਕਿ ਉਨ੍ਹਾਂ ਨੂੰ ਡੇਟਰੌਇਟ ਦੇ ਨਤੀਜਿਆਂ ਨੂੰ ਸਰਟੀਫਾਈ ਕਰਨ ਤੋਂ ਇਨਕਾਰ ਕਰਨ ਵਾਲੇ ਰਿਪਬਲੀਕਨ ਅਧਿਕਾਰੀਆਂ ਨੂੰ ਉਨ੍ਹਾਂ ਨੇ ਫੋਨ ਕੀਤਾ ਸੀ।

ਛੋਟੇ ਪੱਧਰ ਦੇ ਦੋ ਅਧਿਕਾਰੀਆਂ ਦਾ ਰਾਸ਼ਟਰਪਤੀ ਨਾਲ ਸਿੱਧੀ ਗੱਲ ਕਰਨਾ ਹੀ ਥੋੜ੍ਹੀ ਅਸਾਧਾਰਨ ਗੱਲ ਸੀ। ਮਿਸ਼ੀਗਨ ਦੇ ਰਿਪਬਲੀਕਨ ਪ੍ਰਤੀਨਿਧੀਆਂ ਨੂੰ ਵੀ ਸ਼ੁੱਕਰਵਾਰ ਲਈ ਵ੍ਹਾਈਟ ਹਾਊਸ ਜਾਣ ਦਾ ਸੱਦਾ ਆਇਆ।

ਕੀ ਟਰੰਪ ਕਾਮਯਾਬ ਹੋ ਸਕਦੇ ਹਨ?

ਇਹ ਅਸੰਭਵ ਨਹੀਂ ਹੈ, ਪਰ ਫਿਰ ਵੀ ਚਾਂਸ ਬਹੁਤ ਘੱਟ ਹਨ।

ਪਹਿਲਾਂ ਤਾਂ ਰਾਸ਼ਟਰਪਤੀ ਨੂੰ ਕਈ ਸੂਬਿਆਂ ਵਿੱਚ ਅਜਿਹਾ ਕਰਨਾ ਪਵੇਗਾ ਜਿੱਥੇ ਬਾਇਡਨ ਦੀ ਜਿੱਤ ਦਾ ਅੰਤਰ ਹਜ਼ਾਰਾਂ ਤੋਂ ਲੈ ਕੇ ਲੱਖਾਂ ਤੱਕ ਦਾ ਹੈ। ਇਹ ਸਾਲ 2000 ਵਰਗਾ ਨਹੀਂ ਹੈ ਜਿੱਥੇ ਸਿਰਫ਼ ਫਲੋਰਿਡਾ ਹੀ ਮੁੱਖ ਰਾਜ ਸੀ।

ਇਸ ਦੇ ਇਲਾਵਾ ਜਿਨ੍ਹਾਂ ਸੂਬਿਆਂ ਨੂੰ ਟਰੰਪ ਦੀ ਟੀਮ ਟਾਰਗੇਟ ਕਰ ਰਹੀ ਹੈ ਜਿਵੇਂ ਕਿ ਮਿਸ਼ੀਗਨ, ਵਿਸਕੌਨਸਿਨ, ਪੈਨਸਲਵੇਨੀਆ ਅਤੇ ਨਵਾਡਾ, ਉਨ੍ਹਾਂ ਵਿੱਚੋਂ ਕਈਆਂ ਵਿੱਚ ਡੈਮੋਕਰੇਟਿਕ ਗਵਰਨਰ ਹਨ ਅਤੇ ਉਹ ਇਹ ਸਭ ਹੁੰਦਾ ਦੇਖ ਕੇ ਹੱਥ 'ਤੇ ਹੱਥ ਧਰ ਕੇ ਤਾਂ ਨਹੀਂ ਬੈਠੇ ਰਹਿਣਗੇ।

ਜਿਵੇਂ ਮਿਸ਼ੀਗਨ ਵਿੱਚ ਗਵਰਨਰ ਗ੍ਰੇਚਨ ਵਿਹਟਮਰ ਸਟੇਟ ਇਲੈੱਕਸ਼ਨ ਬੋਰਡ ਨੂੰ ਹਟਾ ਕੇ ਦੂਜਾ ਬੋਰਡ ਲਾ ਸਕਦੇ ਹਨ ਜੋ ਬਾਇਡਨ ਦੀ ਜਿੱਤ ਨੂੰ ਸਰਟੀਫਾਈ ਕਰ ਦੇਵੇਗਾ।

ਡੈਮੋਕਰੇਟਿਕ ਗਵਰਨਰ ਬਾਇਡਨ ਦੇ ਸਮਰਥਨ ਵਾਲੇ ਇਲੈੱਕਟਰਜ਼ ਦਾ ਨਾਂ ਅੱਗੇ ਕਰ ਸਕਦੇ ਹਨ। ਰਿਪਬਲੀਕਨ ਪ੍ਰਤੀਨਿਧੀ ਆਪਣੇ ਨਾਂ ਦੇਣਗੇ, ਫਿਰ ਸਦਨ ਨੂੰ ਫੈਸਲਾ ਕਰਨਾ ਹੋਵੇਗਾ ਕਿ ਉਹ ਕਿਸ ਗਰੁੱਪ ਨੂੰ ਸੁਣੇ।

ਅਜਿਹਾ ਨਹੀਂ ਹੈ ਕਿ ਬਾਇਡਨ ਦੇ ਸਮਰਥਕਾਂ ਲਈ ਚਿੰਤਾ ਦੀ ਗੱਲ ਨਹੀਂ ਹੈ। ਹਾਲਾਂਕਿ ਇਸ ਗੱਲ ਦੇ ਚਾਂਸ ਓਨੇ ਹੀ ਹਨ ਜਿੰਨੇ ਕਿ ਕਿਸੇ ਨੇ ਲਾਟਰੀ ਜਿੱਤੀ ਹੋਵੇ ਤੇ ਉਸ 'ਤੇ ਬਿਜਲੀ ਡਿੱਗ ਜਾਵੇ, ਪਰ ਇਸ ਸਟੇਜ 'ਤੇ ਜਿੱਤ ਹੱਥੋਂ ਖਿਸਕਣਾ ਅਜਿਹਾ ਹੋਵੇਗਾ ਕਿ ਉਸ ਬਾਰੇ ਸੋਚਣ ਵਿੱਚ ਵੀ ਡੈਮੋਕਰੇਟਸ ਨੂੰ ਘਬਰਾਹਟ ਹੋ ਰਹੀ ਹੋਵੇਗੀ।

ਕੀ ਇਹ ਰਣਨੀਤੀ ਕਾਨੂੰਨੀ ਤੌਰ 'ਤੇ ਸਹੀ ਹੈ?

ਟਰੰਪ ਨੇ ਆਪਣੇ ਕਾਰਜਕਾਲ ਦਾ ਵੱਡਾ ਹਿੱਸਾ ਰਾਸ਼ਟਰਪਤੀ ਅਹੁਦੇ ਦੀਆਂ ਪਰੰਪਰਾਵਾਂ ਨੂੰ ਤੋੜਨ ਵਿੱਚ ਬਿਤਾਇਆ ਹੈ। ਅਜਿਹਾ ਲੱਗ ਰਿਹਾ ਹੈ ਕਿ ਕਾਰਜਕਾਲ ਦੇ ਇਹ ਆਖ਼ਰੀ ਦਿਨ ਵੀ ਜ਼ਿਆਦਾ ਵੱਖ ਨਹੀਂ ਹੋਣਗੇ।

ਟਰੰਪ ਚੋਣ ਅਧਿਕਾਰੀਆਂ ਜਾਂ ਰਾਜ ਦੇ ਪ੍ਰਤੀਨਿਧੀਆਂ 'ਤੇ ਦਬਾਅ ਬਣਾ ਰਹੇ ਹਨ ਜੋ ਕਿ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲਿਆ। ਇਹ ਵਿਵਾਦਮਈ ਹੈ, ਪਰ ਗ਼ੈਰ-ਕਾਨੂੰਨੀ ਨਹੀਂ ਹੈ।

ਅਮਰੀਕਾ ਵਿੱਚ ਪਹਿਲਾਂ ਰਾਜ ਦੇ ਪ੍ਰਤੀਨਿਧੀਆਂ ਦੀਆਂ ਸ਼ਕਤੀਆਂ ਜ਼ਿਆਦਾ ਵਿਆਪਕ ਸਨ ਕਿ ਉਹ ਕਿਵੇਂ ਆਪਣੇ ਇਲੈਕਟ੍ਰੋਲ ਵੋਟ ਦੇਣ ਅਤੇ ਅੱਜ ਵੀ ਅਜਿਹੀ ਕੋਈ ਸੰਵਿਧਾਨਕ ਜ਼ਰੂਰਤ ਨਹੀਂ ਹੈ ਕਿ ਉਹ ਪਾਪੂਲਰ ਵੋਟ ਦੇ ਮੁਤਾਬਕ ਵੋਟ ਦੇਣ।

ਪਰ ਉਦੋਂ ਤੋਂ ਪ੍ਰਤੀਨਿਧੀਆਂ ਨੇ ਨਤੀਜਿਆਂ ਅਨੁਸਾਰ ਹੀ ਵੋਟ ਦੇਣਾ ਸ਼ੁਰੂ ਕੀਤਾ ਹੈ, ਪਰ ਮੂਲ ਸਿਸਟਮ ਹੁਣ ਵੀ ਆਪਣੀ ਜਗ੍ਹਾ ਹੈ।

ਜੇਕਰ ਰਾਸ਼ਟਰਪਤੀ ਪ੍ਰਤੀਨਿਧੀਆਂ ਨੂੰ ਮਨਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ ਜਿਵੇਂ ਕਿ ਮਿਸ਼ੀਗਨ ਵਿੱਚ ਤਾਂ ਡੈਮੋਕਰੇਟਸ ਦੇ ਕਾਨੂੰਨੀ ਇਤਰਾਜ਼ ਦਾ ਸਾਹਮਣਾ ਕਰਨਾ ਪਏਗਾ।

ਕਾਨੂੰਨ ਰਾਸ਼ਟਰੀ ਪੱਧਰ 'ਤੇ ਵੀ ਅਤੇ ਰਾਜ ਪੱਧਰ 'ਤੇ ਵੀ ਅਸਪੱਸ਼ਟ ਹੈ। ਇਸ ਤਰ੍ਹਾਂ ਦੀ ਚੀਜ਼ ਪਹਿਲਾਂ ਕਦੇ ਸ਼ਾਇਦ ਹੀ ਮੁਕੱਦਮੇ ਦਾ ਮੁੱਦਾ ਬਣੀ ਹੋਵੇ।

ਕੀ ਰਾਜ ਚੋਣ ਨਾਲ ਸਬੰਧਿਤ ਆਪਣੇ ਕਾਨੂੰਨ ਬਦਲ ਸਕਦੇ ਹਨ? ਸ਼ਾਇਦ, ਪਰ ਆਖ਼ਰੀ ਫ਼ੈਸਲਾ ਜੱਜਾਂ ਦਾ ਹੀ ਹੋਵੇਗਾ।

ਕੀ ਕਿਸੇ ਨੇ ਪਹਿਲਾਂ ਅਜਿਹਾ ਕੀਤਾ ਹੈ?

ਆਖ਼ਰੀ ਵਾਰ ਚੋਣਾਂ ਵਿੱਚ ਕੁਝ ਇਸ ਤਰ੍ਹਾਂ ਦਾ ਮਾਮਲਾ ਸਾਲ 2000 ਵਿੱਚ ਹੋਇਆ ਸੀ ਜਦੋਂ ਅਲ ਗੋਰ ਅਤੇ ਜੌਰਜ ਬੁਸ਼ ਰਾਸ਼ਟਰਪਤੀ ਚੋਣ ਵਿੱਚ ਖੜ੍ਹੇ ਸਨ।

ਫਲੋਰਿਡਾ ਵਿੱਚ ਕੁਝ ਸੌ ਵੋਟਾਂ ਦਾ ਹੀ ਅੰਤਰ ਸੀ। ਸੁਪਰੀਮ ਕੋਰਟ ਨੇ ਦਖ਼ਲ ਦਿੱਤਾ ਅਤੇ ਬੁਸ਼ ਰਾਸ਼ਟਰਪਤੀ ਬਣੇ।

ਜੇਕਰ ਕਈ ਸੂਬਿਆਂ ਵਿੱਚ ਚੋਣਾਂ ਨੂੰ ਲੈ ਕੇ ਵਿਵਾਦ ਦੀ ਗੱਲ ਹੈ ਤਾਂ ਸਾਲ 1876 ਵਿੱਚ ਜਾਣਾ ਪਏਗਾ ਜਿੱਥੇ ਰਿਪਬਲੀਕਨ ਰਦਰਫੋਰਡ ਹੇਜ਼ ਅਤੇ ਡੈਮੋਕਰੇਟ ਸੈਮੂਅਲ ਟਿਲਡਨ ਰਾਸ਼ਟਰਪਤੀ ਚੋਣ ਲੜ ਰਹੇ ਸਨ।

ਫਲੋਰਿਡਾ, ਲੁਸੀਆਨਾ, ਸਾਊਥ ਕੈਰੋਲੀਨਾ ਦੇ ਇਲੈਕਟ੍ਰੋਲ ਕਾਲਜ ਵਿੱਚ ਕਿਸੇ ਨੂੰ ਬਹੁਮਤ ਨਹੀਂ ਮਿਲਿਆ ਸੀ।

ਇਸ ਦੇ ਬਾਅਦ ਇਹ ਮਾਮਲਾ ਹੇਠਲੇ ਸਦਨ ਹਾਊਸ ਆਫ ਰਿਪ੍ਰਜੈਂਟੇਟਿਵਸ ਕੋਲ ਗਿਆ ਜਿਨ੍ਹਾਂ ਨੇ ਹੇਜ਼ ਵੱਲ ਰੁਝਾਨ ਦਿਖਾਇਆ ਅਤੇ ਹੇਜ਼ ਰਾਸ਼ਟਰੀ ਪੱਧਰ 'ਤੇ ਆਪਣੇ ਵਿਰੋਧੀ ਤੋਂ ਉਸੇ ਤਰ੍ਹਾਂ ਹੀ ਜਿੱਤੇ ਜਿਵੇਂ 2000 ਵਿੱਚ ਬੁਸ਼ ਅਤੇ 2016 ਵਿੱਚ ਟਰੰਪ ਜਿੱਤੇ ਸਨ।

ਜੇਕਰ ਟਰੰਪ ਨੇ ਅਹੁਦੇ ਛੱਡਣ ਤੋਂ ਇਨਕਾਰ ਕੀਤਾ ਤਾਂ?

ਜੇਕਰ ਟਰੰਪ ਦੇ ਇਹ ਸਭ ਕਦਮ ਫੇਲ੍ਹ ਹੋ ਗਏ ਤਾਂ 20 ਜਨਵਰੀ ਨੂੰ ਦੁਪਹਿਰ 12 ਵੱਜ ਕੇ 1 ਮਿੰਟ 'ਤੇ ਜੋਅ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਜਾਣਗੇ, ਫਿਰ ਚਾਹੇ ਟਰੰਪ ਹਾਰ ਮੰਨੇ ਜਾਂ ਨਾ ਮੰਨੇ।

ਉਸ ਪੁਆਇੰਟ 'ਤੇ ਸੀਕਰੇਟ ਸਰਵਿਸ ਅਤੇ ਅਮਰੀਕਾ ਦੀ ਸੈਨਾ ਸਾਬਕਾ ਰਾਸ਼ਟਰਪਤੀ ਨਾਲ ਉਸ ਤਰ੍ਹਾਂ ਦਾ ਹੀ ਵਿਵਹਾਰ ਕਰਨ ਲਈ ਆਜ਼ਾਦ ਹੈ ਜਿਵੇਂ ਕਿ ਉਹ ਸਰਕਾਰੀ ਜਾਇਦਾਦ 'ਤੇ ਖੜ੍ਹੇ ਕਿਸੇ ਅਣ-ਅਧਿਕਾਰਤ ਵਿਅਕਤੀ ਨਾਲ ਕਰਦੇ ਹਨ।

ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਜੋਅ ਬਾਇਡਨ ਨੇ ਕਿਹਾ, "ਇਹ ਅਫ਼ਸੋਸਨਾਕ ਹੈ ਜੋ ਟਰੰਪ ਕਰ ਰਹੇ ਹਨ। ਉਹ ਲੋਕਤੰਤਰ ਬਾਰੇ ਦੁਨੀਆ ਨੂੰ ਹਾਨੀਕਾਰਕ ਸੰਦੇਸ਼ ਭੇਜ ਰਹੇ ਹਨ।"

"ਟਰੰਪ ਜੇਕਰ ਕਾਮਯਾਬ ਨਾ ਹੀ ਹੋਏ ਤਾਂ ਵੀ ਉਹ ਆਉਣ ਵਾਲੀਆਂ ਚੋਣਾਂ ਲਈ ਇੱਕ ਅਜਿਹੀ ਮਿਸਾਲ ਕਾਇਮ ਕਰ ਰਹੇ ਹਨ ਜੋ ਕਿਸੇ ਅਮਰੀਕੀ ਲੋਕਾਂ ਦੇ ਅਮਰੀਕੀ ਲੋਕਤੰਤਰ ਅਤੇ ਸੰਸਥਾਨਾਂ ਵਿੱਚ ਭਰੋਸੇ ਨੂੰ ਕਮਜ਼ੋਰ ਕਰੇਗੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)