ਭਾਰਤੀ ਸਿੰਘ: 'ਮਾਂ 22 ਸਾਲ ਦੀ ਉਮਰ ’ਚ ਵਿਧਵਾ ਹੋ ਗਈ ਸੀ ਤੇ ਅਸੀਂ ਹਰ ਤਿਓਹਾਰ ਵਾਲੇ ਦਿਨ ਰੋਂਦੇ ਸੀ'

    • ਲੇਖਕ, ਤਨੀਸ਼ਾ ਚੌਹਾਨ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਡਰੱਗ ਮਾਮਲੇ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਪਤੀ ਹਰਸ਼ ਲਿੰਬਚਿਆ ਤੋਂ ਵੀ ਪੁੱਛਗਿੱਛ ਹੋ ਰਹੀ ਹੈ।

ਸ਼ਨਿਵਾਰ ਨੂੰ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਚਿਆ ਦੇ ਪ੍ਰੋਡਕਸ਼ਨ ਹਾਊਸ ਅਤੇ ਘਰ 'ਚ NCB ਨੇ ਛਾਪਾ ਮਾਰਿਆ ਸੀ। NCB ਨੇ ਦਾਅਵਾ ਕੀਤਾ ਹੈ ਕਿ ਦੋਵਾਂ ਥਾਵਾਂ 'ਤੇ ਉਨ੍ਹਾਂ ਤੋਂ ਨਸ਼ੀਲਾ ਪਦਾਰਥ (ਗਾਂਜਾ) ਮਿਲਿਆ ਹੈ, ਜਿਸ ਦੀ ਮਾਤਰਾ ਕਰੀਬ 86.5 ਗ੍ਰਾਮ ਦੱਸੀ ਜਾ ਰਹੀ ਹੈ।

ਐੱਨਸੀਬੀ ਨੇ NDPS ਐਕਟ ਤਹਿਤ ਭਾਰਤੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

ਇਹ ਵੀ ਪੜ੍ਹੋ

36 ਸਾਲਾਂ ਦੀ ਭਾਰਤੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਹੈ। ਭਾਰਤੀ ਨੇ ਪਿਛਲੇ ਕਰੀਬ 10 ਸਾਲਾਂ 'ਚ ਖੂਬ ਨਾਮਨਾ ਖੱਟਿਆ ਅਤੇ ਲੋਕ ਉਸ ਨੂੰ 'ਕਾਮੇਡੀ ਕੁਇਨ' ਵੀ ਆਖਦੇ ਹਨ।

ਭਾਰਤੀ ਸਿੰਘ ਦੇ ਫੇੱਸਬੁੱਕ 'ਤੇ 7.2 ਮਿਲੀਅਨ (72 ਲੱਖ) ਤੋਂ ਵੱਧ ਫੋਲੋਅਰਜ਼ ਹਨ ਅਤੇ ਇੰਸਟਾਗ੍ਰਾਮ 'ਤੇ ਭਾਰਤੀ ਦੇ 3.6 ਮਿਲੀਅਨ (36 ਲੱਖ) ਤੋਂ ਵੱਧ ਫੋਲੋਅਰਜ਼ ਹਨ।

ਆਪਣੀ ਕਾਮਯਾਬੀ ਦੀ ਇਬਾਰਤ ਭਾਰਤੀ ਸਿੰਘ ਨੇ ਖ਼ੁਦ ਲਿਖੀ ਪਰ ਹੁਣ ਇਸ ਵਿਵਾਦ ਨੇ ਭਾਰਤੀ ਨੂੰ ਮੁਸ਼ਕਲਾਂ ’ਚ ਪਾ ਦਿੱਤਾ ਹੈ।

'ਪੈਸਿਆਂ ਦੇ ਲੈਣਦਾਰ ਮੇਰੀ ਮਾਂ ਨੂੰ ਗਾਲਾਂ ਕੱਢਦੇ ਸਨ'

ਭਾਰਤੀ ਸਿੰਘ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ 'ਚ 3 ਜੁਲਾਈ 1984 ਨੂੰ ਹੋਇਆ। ਭਾਰਤੀ ਸਿਰਫ਼ ਦੋ ਸਾਲਾਂ ਦੀ ਹੀ ਸੀ ਜਦੋਂ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਚਲਾ ਗਿਆ।

ਗਰੀਬੀ ਨੂੰ ਭਾਰਤੀ ਸਿੰਘ ਨੇ ਖ਼ੂਬ ਕਰੀਬ ਨਾਲ ਵੇਖਿਆ ਹੈ। ਇਸ ਦਾ ਜ਼ਿਕਰ ਉਨ੍ਹਾਂ ਕਈ ਵਾਰ ਆਪਣੇ ਇੰਟਰਵਿਊ 'ਚ ਕੀਤਾ।

ਇੱਕ ਇੰਟਰਵਿਊ ਦੌਰਾਨ ਭਾਰਤੀ ਸਿੰਘ ਨੇ ਦੱਸਿਆ ਕਿ ਕਿਵੇਂ ਪੈਸੇ ਕਮਾਉਣ ਲਈ ਉਨ੍ਹਾਂ ਨੇ ਆਪਣੇ ਮੋਟਾਪੇ ਤੇ ਗਰੀਬੀ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।

ਜ਼ੀ ਟੀਵੀ 'ਤੇ ਪ੍ਰਸਾਰਿਤ ਹੁੰਦੇ ਸ਼ੋਅ 'ਜਜ਼-ਬਾਤ' 'ਚ ਭਾਰਤੀ ਸਿੰਘ ਨੇ ਦੱਸਿਆ ਕਿ ਕਿਵੇਂ ਉਸ ਦੀ ਮਾਂ ਘਰ ਦਾ ਗੁਜ਼ਾਰਾ ਕੱਪੜੇ ਸੀਅ ਕੇ ਕਰਦੀ ਸੀ ਤੇ ਉਸ ਸਿਲਾਈ ਮਸ਼ੀਨ ਦੀ ਆਵਾਜ਼ ਕਿਵੇਂ ਅੱਜ ਵੀ ਉਸ ਦੀਆਂ ਦਰਦਨਾਕ ਯਾਦਾ ਨੂੰ ਤਾਜ਼ਾ ਕਰ ਦਿੰਦੀ ਹੈ।

ਉਸ ਸ਼ੋਅ ਵਿੱਚ ਉਨ੍ਹਾਂ ਨੇ ਕਿਹਾ ਸੀ, "ਮੇਰੇ ਪਹਿਲਾਂ ਹੀ ਦੋ ਭੈਣ-ਭਰਾ ਸੀ, ਮੇਰੀ ਮਾਂ ਮੈਨੂੰ ਜਨਮ ਨਹੀਂ ਦੇਣਾ ਚਾਹੁੰਦੀ ਸੀ। ਉਨ੍ਹਾਂ ਨੇ ਮੈਨੂੰ ਗਰਭ 'ਚ ਹੀ ਮਾਰਨ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਸੀ। ਪਰ ਮੇਰਾ ਜਨਮ ਹੋਣਾ ਸ਼ਾਇਦ ਤੈਅ ਸੀ।"

ਘਰ ਦੇ ਮਾਹੌਲ ਬਾਰੇ ਦੱਸਦਿਆ ਭਾਰਤੀ ਨੇ ਦੱਸਿਆ, "ਮੈਂ ਦੋ ਸਾਲ ਦੀ ਸੀ ਜਦੋਂ ਮੇਰੇ ਪਿਤਾ ਦੀ ਮੌਤ ਹੋ ਗਈ ਸੀ। ਉਸ ਵੇਲੇ ਮੇਰੀ ਮਾਂ ਸਿਰਫ਼ 22 ਸਾਲਾਂ ਦੀ ਸੀ। ਅਸੀਂ ਬੜੇ ਦੁਖ਼ ਵੇਖੇ। ਮੇਰੀ ਮਾਂ ਕੰਬਲਾਂ ਦੀ ਫੈਕਟਰੀ 'ਚ ਕੰਮ ਕਰਦੀ ਸੀ।"

"ਉਹ ਫੈਕਟਰੀ ਤੋਂ ਬਾਅਦ ਘਰ 'ਚ ਚੁੰਨੀਆਂ ਨੂੰ ਗੋਟੇ ਲਗਾਉਂਦੇ ਸੀ। ਹਰ ਤਿਉਹਾਰ 'ਚ ਅਸੀਂ ਰੋਂਦੇ ਸੀ ਕਿਉਂਕਿ ਸਾਡੇ ਕੋਲ ਪੈਸੇ ਹੀ ਨਹੀਂ ਹੁੰਦੇ ਸਨ। ਪੈਸੇ ਮੰਗਣ ਵਾਲੇ ਮੇਰੀ ਮਾਂ ਨੂੰ ਗਾਲਾਂ ਕੱਢਦੇ ਸੀ। ਮੈਂ ਉਮਰ ਤੋਂ ਪਹਿਲਾਂ ਹੀ ਵੱਡੀ ਹੋਣ ਲੱਗ ਪਈ।"

ਇਹ ਵੀ ਪੜ੍ਹੋ

ਇੰਨ੍ਹੀਆਂ ਔਕੜਾਂ ਦੇ ਬਾਵਜੂਦ ਭਾਰਤੀ ਦੇ ਮੁਕੱਦਰ 'ਚ ਸ਼ਾਇਦ ਕੁਝ ਹੋਰ ਹੀ ਲਿਖਿਆ ਸੀ।

ਅੰਮ੍ਰਿਤਸਰ 'ਚ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਭਾਰਤੀ ਸਿੰਘ ਕਾਮੇਡੀ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ ਨੂੰ ਜਾਣਦੀ ਸੀ ਅਤੇ ਦੋਵਾਂ ਦਾ ਇਹ ਤਰੱਕੀ ਦਾ ਸਫ਼ਰ ਕਾਫ਼ੀ ਇੱਕੋ-ਜਿਹਾ ਰਿਹਾ ਹੈ।

ਬੁਲੰਦੀਆਂ ਦਾ ਸਫ਼ਰ

ਭਾਰਤੀ ਸਿੰਘ ਦੀ ਸ਼ੌਹਰਤ ਵਾਲੀ ਦੁਨੀਆਂ ਦੀ ਸ਼ੁਰੂਆਤ ਸਾਲ 2008 'ਚ ਹੋਈ ਜਦੋਂ ਭਾਰਤੀ 'ਦਿ ਗ੍ਰੇਟ ਇੰਡੀਅਨ ਲਾਫ਼ਟਰ ਚੈਲੇਂਜ' ਦੀ ਸੈਕਿੰਡ ਰਨਰ-ਅੱਪ ਚੁਣੀ ਗਈ। ਸਾਲ 2009 'ਚ 'ਕਾਮੇਡੀ ਸਰਕਸ-3 ਕਾ ਤੜਕਾ' ਸ਼ੋਅ ਕੀਤਾ।

ਫਿਰ ਹਰ ਕਾਮੇਡੀ ਸ਼ੋਅ 'ਚ ਭਾਰਤੀ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ।

ਭਾਰਤੀ ਨੇ 2010 'ਚ 'ਕਾਮੇਡੀ ਸਰਕਸ ਮਹਾਸੰਗਰਾਮ', 'ਕਾਮੇਡੀ ਸਰਕਸ ਕੇ ਸੁਪਰਸਟਾਰਸ', 'ਕਾਮੇਡੀ ਸਰਕਸ ਕਾ ਜਾਦੂ', 'ਕਾਮੇਡੀ ਸਰਕਸ ਕੇ ਤਾਨਸੇਨ', 'ਕਾਮੇਡੀ ਸਰਕਸ ਕਾ ਨਯਾ ਦੌਰ', 'ਕਹਾਣੀ ਕਾਮੇਡੀ ਸਰਕਸ ਕੀ', 'ਕਾਮੇਡੀ ਸਰਕਸ ਕੇ ਅਜੂਬੇ' ਵਰਗੇ ਕਈ ਸ਼ੋਅ ਕੀਤੇ।

ਫਿਰ ਟੀਵੀ ਡਾਂਸ ਸ਼ੋਅ 'ਝਲਕ ਦਿਖਲਾ ਜਾ ਸੀਜ਼ਨ 5' 'ਚ ਭਾਰਤੀ ਸਿੰਘ ਆਪਣੀ ਨਵੀਂ ਪ੍ਰਤਿਭਾ ਦਿਖਾਉਂਦੀ ਨਜ਼ਰ ਆਈ।

ਇਸ ਤੋਂ ਬਾਅਦ ਭਾਰਤੀ 'ਬਿਗ ਬੌਸ' ਸ਼ੋਅ ਅਤੇ 'ਨੱਚ ਬਲੀਏ' ਸ਼ੋਅ ਦੇ ਕਈ ਸੀਜ਼ਨ 'ਚ ਗੈਸਟ ਦੇ ਤੌਰ 'ਤੇ ਆਈ।

ਬੱਸ ਫਿਰ ਤਾਂ ਭਾਰਤੀ ਦਾ ਨਾਮ ਸਭ ਦੀ ਜ਼ਬਾਨ 'ਤੇ ਸੀ।

ਭਾਰਤੀ ਸਿੰਘ ਨੇ 'ਇੰਡਿਆਜ਼ ਗੌਟ ਟੈਲੇੰਟ', 'ਇੰਡਿਆਸ ਬੈਸਟ ਡਾਂਸਰ' ਵਰਗੇ ਅਣਗਿਣਤ ਸ਼ੋਅ ਹੋਸਟ ਕੀਤੇ।

ਇਨ੍ਹਾਂ ਹੀ ਨਹੀਂ, ਭਾਰਤੀ ਸਿੰਘ 'ਕਾਮੇਡੀ ਦੰਗਲ' ਸ਼ੋਅ ਦੀ ਜੱਜ ਵੀ ਰਹਿ ਚੁੱਕੀ ਹੈ।

ਮਸ਼ਹੂਰ ਟੀਵੀ ਸ਼ੋਅ 'ਖਤਰੋ ਕੇ ਖਿਲਾੜੀ' ਦੇ ਕਈ ਸੀਜ਼ਨ 'ਚ ਭਾਰਤੀ ਗੈਸਟ ਵਜੋਂ ਸ਼ਾਮਲ ਹੋਈ ਅਤੇ 2020 ਦੌਰਾਨ ਇਸ ਸ਼ੋਅ ਦੀ ਤੀਸਰੀ ਰਨਰ-ਅੱਪ ਵੀ ਰਹੀ ਹੈ।

ਕਪਿਲ ਸ਼ਰਮਾ ਸ਼ੋਅ 'ਚ ਵੀ ਭਾਰਤੀ ਸਿੰਘ ਵੱਖ-ਵੱਖ ਕਿਰਦਾਰਾਂ 'ਚ ਨਜ਼ਰ ਆਉਂਦੀ ਹੈ।

ਭਾਰਤੀ ਦਾ ਇੱਕ ਕਿਰਦਾਰ 'ਲੱਲੀ' ਲੋਕਾਂ 'ਚ ਕਾਫ਼ੀ ਮਸ਼ਹੂਰ ਹੋਇਆ ਸੀ। ਲੱਲੀ ਦੇ ਕਿਰਦਾਰ ਵਿੱਚ ਭਾਰਤੀ ਦਾ ਬੱਚੇ ਵਾਂਗ ਰੋਣਾ, ਹੱਸਣਾ ਤੇ ਇੱਕ ਵੱਖਰੇ ਤਰੀਕੇ ਦੀ ਅਵਾਜ਼ ਨਾਲ ਬੋਲਣਾ ਲੋਕਾਂ ਨੂੰ ਕਾਫੀ ਪਸੰਦ ਆਇਆ। ਉਨ੍ਹਾਂ ਨੇ ਹਮੇਸ਼ਾ ਆਪਣੇ ਮੋਟਾਪੇ ਨਾਲ ਜੁੜੇ ਚੁਟਕਲਿਆਂ ਨੂੰ ਖੁੱਲ੍ਹ ਕੇ ਪੇਸ਼ ਕੀਤਾ।

ਸਟੈਂਡ ਅਪ ਕਾਮੇਡੀ ਦੇ ਖੇਤਰ ਵਿੱਚ ਮਰਦਾਂ ਦਾ ਹੀ ਬੋਲਬਾਲਾ ਹੈ ਪਰ ਭਾਰਤੀ ਨੇ ਆਪਣੀ ਵੱਖਰੇ ਤਰੀਕੇ ਦੀ ਪਛਾਣ ਕਾਇਮ ਕੀਤੀ।

ਭਾਰਤੀ ਸਿੰਘ ਕਈ ਹਿੰਦੀ ਅਤੇ ਪੰਜਾਬੀ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।

ਭਾਰਤੀ ਵੈੱਡਸ ਹਰਸ਼

3 ਦਸੰਬਰ 2017 ਨੂੰ ਭਾਰਤੀ ਸਿੰਘ ਨੇ ਹਰਸ਼ ਲਿੰਬਚਿਆ ਨਾਲ ਵਿਆਹ ਕੀਤਾ। ਹਰਸ਼ ਭਾਰਤੀ ਤੋਂ ਤਿੰਨ ਸਾਲ ਛੋਟੇ ਹਨ।

ਹਰਸ਼ ਲਿੰਬਚਿਆ ਸਕਰੀਨਰਾਇਟਰ, ਪ੍ਰੋਡਿਊਸਰ ਅਤੇ ਹੋਸਟ ਹਨ। ਹਰਸ਼ ਕਾਮੇਡੀ ਸਰਕਸ ਦੇ ਤਾਨਸੇਨ, ਕਾਮੇਡੀ ਨਾਇਟ੍ਸ ਬਚਾਓ ਅਤੇ ਕਾਮੇਡੀ ਨਾਇਟਸ ਲਾਈਵ ਵਰਗੇ ਸ਼ੋਅ ਲਿੱਖ ਚੁੱਕੇ ਹਨ।

ਇਨ੍ਹਾਂ ਹੀ ਨਹੀਂ, ਹਰਸ਼ ਨੇ 'ਪੀਐੱਮ ਨਰਿੰਦਰ ਮੋਦੀ' ਫ਼ਿਲਮ ਦੇ ਡਾਇਲਾਗ ਵੀ ਲਿਖੇ ਸਨ ਅਤੇ 'ਮਲੰਗ' ਫ਼ਿਲਮ ਦਾ ਟਾਇਟਲ ਟ੍ਰੈਕ ਵੀ ਲਿਖਿਆ।

ਹਰਸ਼ ਨੇ 'ਖ਼ਤਰਾ, ਖ਼ਤਰਾ, ਖ਼ਤਰਾ' ਅਤੇ 'ਹਮ ਤੁਮ ਔਰ ਕੁਆਰੰਟੀਨ' ਸ਼ੋਅ ਹੋਸਟ ਅਤੇ ਪ੍ਰੋਡਿਊਸ ਵੀ ਕੀਤਾ। ਇਸ ਵੇਲੇ ਹਰਸ਼ ਆਪਣੀ ਪਤਨੀ ਭਾਰਤੀ ਸਿੰਘ ਨਾਲ 'ਇੰਡੀਆਜ਼ ਬੈਸਟ ਡਾਂਸਰ' ਸ਼ੋਅ ਹੋਸਟ ਕਰ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)