ਡੇਰਾ ਪ੍ਰੇਮੀ ਦੇ ਕਤਲ ਦੇ ਰੋਸ ਵਜੋਂ ਡੇਰਾ ਪ੍ਰੇਮੀਆਂ ਨੇ ਹਾਈਵੇ ਕੀਤਾ ਜਾਮ, ਕਹਿੰਦੇ, ‘ਸਾਨੂੰ ਇਨਸਾਫ਼ ਚਾਹੀਦਾ’

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਸ਼ੁੱਕਰਵਾਰ ਨੂੰ ਬਠਿੰਡਾ ਦੇ ਭਗਤਾ ਭਾਈ ਪਿੰਡ ਵਿੱਚ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੇ ਰੋਸ ਵਿੱਚ ਡੇਰਾ ਪ੍ਰੇਮੀਆਂ ਨੇ ਸਲਾਬਤਪੁਰਾ ਪਿੰਡ ਨੇੜੇ ਬਰਨਾਲਾ-ਮੁਕਤਸਰ ਹਾਈਵੇ ਜਾਮ ਕਰ ਦਿੱਤਾ ਹੈ।

ਹਾਈਵੇ 'ਤੇ ਮ੍ਰਿਤਕ ਮਨੋਹਰ ਲਾਲ ਦੀ ਮ੍ਰਿਤਕ ਦੇਹ ਨਾਲ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਮ੍ਰਿਤਕ ਮਨੋਹਰ ਲਾਲ ਦੇ ਪਰਿਵਾਰ ਨਾਲ ਬੈਠੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਧਰਨਾ ਜਾਰੀ ਰੱਖਣਗੇ।

ਇਹ ਵੀ ਪੜ੍ਹੋ

ਸਲਾਬਤਪੁਰਾ ਪਿੰਡ ਵਿੱਚ ਡੇਰਾ ਸੱਚਾ ਸੌਦਾ ਦਾ ਕੇਂਦਰ ਹੈ ਤੇ ਵੱਡੀ ਗਿਣਤੀ ਵਿੱਚ ਇਸ ਪਿੰਡ ’ਚ ਡੇਰਾ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਧਰਨ ਵਾਲੀ ਥਾਂ ’ਤੇ ਡੇਰਾ ਪ੍ਰੇਮੀ ਪਹੁੰਚ ਰਹੇ ਹਨ। ਪ੍ਰਸ਼ਾਸਨ ਵੱਲੋਂ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਡੇਰਾ ਪ੍ਰੇਮੀਆਂ ਨਾਲ ਗੱਲਬਾਤ ਕਰ ਰਹੇ ਹਨ।

ਧਰਨੇ ਵਾਲੀ ਥਾਂ 'ਤੇ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਮੌਜੂਦ ਹੈ।

ਡੇਰਾ ਸੱਚਾ ਸੌਦਾ ਦੀ ਸਟੇਟ ਕਮੇਟੀ ਮੈਂਬਰ ਹਰਚਰਨ ਸਿੰਘ ਦਾ ਕਹਿਣਾ ਹੈ ਕਿ ਡੇਰਾ ਪ੍ਰੇਮੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ, “ਇਹ ਹੁਣ ਤੱਕ 7ਵਾਂ ਕਤਲ ਹੈ। ਹਰ ਵਾਰ ਕੋਈ ਕਤਲ ਹੁੰਦਾ ਹੈ ਤਾਂ ਪੁਲਿਸ ਮਾਮਲਾ ਦਰਜ ਕਰਦੀ ਹੈ ਪਰ ਫਿਰ ਕੁਝ ਮਹੀਨਿਆਂ ਬਾਅਦ ਕਤਲ ਹੋ ਜਾਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਸਾਨੂੰ ਦੱਸੇ ਕਿ ਸਾਨੂੰ ਕਿਉਂ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਕੀ ਹੈ ਮਾਮਲਾ?

ਸ਼ੁੱਕਰਵਾਰ ਨੂੰ ਬਠਿੰਡਾ ਦੇ ਪਿੰਡ ਭਗਤਾ ਭਾਈ ਵਿੱਚ ਦੋ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਇੱਕ ਦੁਕਾਨਦਾਰ ਦਾ ਕਤਲ ਕਰ ਦਿੱਤਾ ਸੀ।

53 ਸਾਲਾ ਮ੍ਰਿਤਕ ਮਨੋਹਰ ਲਾਲ ਪਿੰਡ ਵਿੱਚ ਮਨੀ ਐਕਸਚੇਂਜ ਦੀ ਦੁਕਾਨ ਚਲਾਉਂਦੇ ਸੀ।

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਦੋ ਮੋਟਰ ਸਾਈਕਲ ਅਣਪਛਾਤੇ ਨੌਜਵਾਨ ਸ਼ਹਿਰ ਦੇ ਬੱਸ ਅੱਡੇ ਕੋਲ ਮ੍ਰਿਤਕ ਮਨੋਹਰ ਲਾਲ ਦੀ ਵਿਦੇਸ਼ੀ ਕਰੰਸੀ ਬਦਲਣ ਵਾਲੀ ਦੁਕਾਨ ਵਿਚ ਦਾਖ਼ਲ ਹੋ ਗਏ ਅਤੇ ਮਨੋਹਰ ਲਾਲ 'ਤੇ ਗੋਲੀਆਂ ਚਲਾ ਦਿੱਤੀਆਂ ਜੋ ਕਿ ਉਸ ਦੇ ਸਿਰ ਅਤੇ ਬਾਂਹ ਵਿਚ ਲੱਗੀਆਂ ਸਨ।

ਮਨੋਹਰ ਲਾਲ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਸੀ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਸ ਘਟਨਾ ਨਾਲ ਜੁੜੀ ਸੀਸੀਟੀਵੀ ਫੁਟੇਜ ਵੀ ਹੈ ਜਿਸ ਵਿੱਚ ਦੋ ਨੌਜਵਾਨ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ।

ਮ੍ਰਿਤਕ ਜਵਾਹਰ ਲਾਲ ਦੇ ਪੁੱਤਰ ਨੂੰ ਸਾਲ 2019 ਵਿੱਚ ਬਠਿੰਡਾ ਦੇ ਜਲਾਲ ਪਿੰਡ ਵਿੱਚ ਹੋਈ ਬੇਅਦਬੀ ਦੀ ਘਟਨਾ ਦੇ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਸੀ। ਪੁਲਿਸ ਨੇ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ।

ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹੈ।

ਜ਼ਿਲ੍ਹਾ ਬਠਿੰਡਾ ਦੇ ਐੱਸ ਐੱਸ ਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਬੀਬੀਸੀ ਪੰਜਾਬੀ ਲਈ ਸੁਰਿੰਦਰ ਮਾਨ ਨੂੰ ਦੱਸਿਆ, "ਇਸ ਮਾਮਲੇ ਦੀ ਹਾਲੇ ਜਾਂਚ ਚੱਲ ਰਹੀ ਹੈ ਤੇ ਜਾਂਚ ਮਗਰੋਂ ਹੀ ਸਾਫ਼ ਹੋ ਸਕੇਗਾ ਕਿ ਇਸ ਘਟਨਾ ਪਿੱਛੇ ਕੌਣ ਲੋਕ ਹਨ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)