You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਇੱਕ ਅਧਿਆਪਕ ਦੀ ਟਿਊਸ਼ਨ ਨਾਲ ਕਿਵੇਂ ‘ਕੋਰੋਨਾ ਫੈਲਿਆ’ ਤੇ ਕੋਰੋਨਾ ਵੇਲੇ ਸਕੂਲ ਚਲਾਉਣ ਬਾਰੇ ਕੀ ਸੋਚਦੇ ਮਾਹਿਰ
- ਲੇਖਕ, ਸਤ ਸਿੰਘ
- ਰੋਲ, ਰੋਹਤਕ ਤੋਂ ਬੀਬੀਸੀ ਪੰਜਾਬੀ ਲਈ
ਹਰਿਆਣਾ ਵਿੱਚ 150 ਵਿਦਿਆਰਥੀ ਕੋਰੋਨਾ ਲਾਗ ਨਾਲ ਪੀੜਤ ਪਾਏ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਸੂਬੇ ਦੇ ਸਕੂਲ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਦਰਅਸਲ ਸੂਬਾ ਸਰਕਾਰ ਨੇ ਮਹਾਂਮਾਰੀ ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਨਾਲ ਸਕੂਲ ਖੋਲ੍ਹੇ ਸਨ ਅਤੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਆਗਿਆ ਦਿੱਤੀ ਸੀ।
ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਅਤੇ ਕਲਾਸ ਵਿੱਚ ਮਾਸਕ ਪਹਿਨਣ ਦੀਆਂ ਹਦਾਇਤਾਂ ਨਾਲ ਸਕੂਲਾਂ ਨੂੰ ਸਿਰਫ਼ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਖੋਲ੍ਹਿਆ ਗਿਆ ਸੀ।
ਇਹ ਵੀ ਪੜ੍ਹੋ-
ਅਜਿਹਾ ਇਸ ਲਈ ਕੀਤਾ ਗਿਆ ਕਿ ਤਾਂ ਜੋ ਲੌਕਡਾਊਨ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਏ ਨੁਕਸਾਨ ਨੂੰ ਪੂਰਾ ਕੀਤਾ ਜਾ ਸਕੇ।
ਸੂਬਾ ਸਰਕਾਰ ਵੱਲੋਂ ਕੋਵਿਡ-19 ਦੇ ਮਾਪਦੰਡਾਂ ਦੀ ਜਾਂਚ ਦੌਰਾਨ ਜਦੋਂ ਬੇਰਤਰੀਬਵਾਰ ਵਿਦਿਆਰਥੀਆਂ ਦੇ ਸੈਂਪਲ ਲਏ ਗਏ ਤਾਂ ਰੇਵਾੜੀ ਵਿੱਚ 78 ਵਿਦਿਆਰਥੀ, 30 ਜੀਂਦ ਵਿੱਚ ਅਤੇ 37 ਝੱਜਰ ਵਿੱਚ ਕੋਵਿਡ-19 ਪੌਜ਼ੀਟਿਵ ਪਾਏ ਗਏ।
ਜਿਨ੍ਹਾਂ ਸਕੂਲਾਂ ਵਿੱਚ ਲਾਗ ਦੇ ਮਾਮਲੇ ਮਿਲੇ, ਉਨ੍ਹਾਂ ਨੂੰ ਸਰਕਾਰ ਦੇ ਮਾਪਦੰਡਾਂ ਮੁਤਾਬਕ ਅਗਲੇ ਦੋ ਹਫ਼ਤੇ ਤੱਕ ਸੀਲ ਕੀਤਾ ਜਾਣਾ ਸੀ।
ਪ੍ਰਸ਼ਾਸਨ ਮੁਤਾਬਕ ਕਿਵੇਂ ਫੈਲਿਆ ਕੋਰੋਨਾ?
ਝੱਜਰ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਨੀਲ ਲਾਕਰਾ ਦਾ ਕਹਿਣਾ ਹੈ ਕਿ ਵਧੇਰੇ ਵਿਦਿਆਰਥੀ ਜਿਨ੍ਹਾਂ ਦਾ ਟੈਸਟ ਪੌਜ਼ੀਟਿਵ ਆਇਆ ਹੈ, ਉਨ੍ਹਾਂ ਵਿੱਚ ਕੋਈ ਲੱਛਣ ਨਹੀਂ ਸਨ।
ਉਨ੍ਹਾਂ ਨੇ ਦੱਸਿਆ, "ਵਿਭਾਗ ਨੇ ਵੱਖ-ਵੱਖ ਸਕੂਲਾਂ ਦੇ 1197 ਵਿਦਿਆਰਥੀਆਂ ਅਤੇ ਸਟਾਫ ਦਾ ਟੈਸਟ ਕੀਤਾ ਗਿਆ ਸੀ ਅਤੇ ਇਨ੍ਹਾਂ ਵਿੱਚੋਂ 34 ਪੌਜ਼ੀਟਿਵ ਆਏ।"
ਸਿਹਤ ਅਧਿਕਾਰੀ ਨੇ ਕਿਹਾ ਕਿ ਸਾਰੇ ਸਕੂਲ ਸੈਨੇਟਾਈਜ਼ ਕੀਤੇ ਜਾਣਗੇ।
ਰੇਵਾੜੀ ਜ਼ਿਲ੍ਹੇ ਦੇ ਪਬਲਿਕ ਰਿਲੇਸ਼ਨ ਅਧਿਕਾਰੀ ਜੇਪੀ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਨੇ ਸਕੂਲਾਂ ਵਿੱਚ ਮਿਲੇ ਪੌਜ਼ੀਟਿਵ ਲੋਕਾਂ ਦੀ ਟ੍ਰੇਸਿੰਗ ਤੋਂ ਪਤਾ ਲਗਾਉਂਦਿਆ ਦੇਖਿਆ ਹੈ ਕਿ ਇੱਕ ਅਧਿਆਪਕ ਕੋਵਿਡ-19 ਨਾਲ ਪੀੜਤ ਸੀ ਤੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਟਿਊਸ਼ਨ ਪੜਾਉਂਦਾ ਸੀ।
ਉਹ ਵਿਦਿਆਰਥੀ ਹੋਰਨਾਂ ਵਿਦਿਆਰਥੀਆਂ ਦੇ ਸੰਪਰਕ ਵਿੱਚ ਆਏ ਤੇ ਉਨ੍ਹਾਂ ਵਿੱਚ ਵਾਇਰਸ ਫੈਲ ਗਿਆ ਤੇ ਅੱਗੇ ਉਨ੍ਹਾਂ ਦੇ ਰਿਸ਼ਤੇਦਾਰ ਵਿਦਿਆਰਥੀਆਂ ਵਿੱਚ ਵੀ ਫੈਲ ਗਿਆ।
ਕੁਝ ਸੂਤਰਾਂ ਮੁਤਾਬਕ ਹਾਲਾਂਕਿ ਸਕੂਲ ਸਟਾਫ ਕਲਾਸਾਂ ਵੇਲੇ ਪੂਰੀ ਸਾਵਧਾਨੀ ਵਰਤਦਾ ਸੀ ਪਰ ਵਿਦਿਆਰਥੀ ਮੁਸ਼ਕਲ ਨਾਲ ਹੀ ਸੋਸ਼ਲ ਡਿਸਟੈਂਸਿੰਗ ਨੇ ਨਿਯਮਾਂ ਦੀ ਪਾਲਣਾ ਕਰਦੇ ਸਨ।
ਕੀ ਸਕੂਲ ਸੁਰੱਖਿਅਤ ਥਾਂ?
ਭਿਵਾਨੀ ਦੇ ਸਿੱਖਿਆ ਮਾਮਲਿਆਂ ਦੇ ਮਾਹਿਰ ਅਮਿਤ ਡਾਗਰ ਦਾ ਕਹਿਣਾ ਹੈ ਕਿ ਸਕੂਲ ਵਿਦਿਆਰਥੀਆਂ ਲਈ ਸੁਰੱਖਿਅਤ ਥਾਂ ਹੈ, ਜਿੱਥੇ ਉਹ ਆਪਣੀਆਂ ਕਲਾਸਾਂ ਲੈ ਸਕਦੇ ਹਨ।
ਉਨ੍ਹਾਂ ਦਾ ਕਹਿਣਾ ਹੈ, "ਇਸ ਦੌਰਾਨ ਸਿਰਫ਼ 9ਵੀਂ ਤੋਂ 12ਵੀਂ ਤੱਕ ਦੇ 60 ਫੀਸਦ ਵਿਦਿਆਰਥੀਆਂ ਨੂੰ ਕਲਾਸਾਂ ਲਈ ਆਗਿਆ ਦਿੱਤੀ ਗਈ ਹੈ ਅਤੇ ਬਾਕੀ ਆਨਲਾਈਨ ਪੜ੍ਹਾਈ ਕਰਨ ਰਹੇ ਹਨ।"
ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਤੇ ਬੱਚੇ ਵੀ ਮਾਸਕ ਲਗਾਉਂਦੇ ਹਨ। ਤਿੰਨ ਘੰਟੇ ਬਾਅਦ ਸੈਨੇਟਾਈਜ਼ਰ ਦੀ ਵਰਤੋਂ ਹੁੰਦੀ ਹੈ।
ਉਨ੍ਹਾਂ ਨੇ ਕਿਹਾ, “ਜਿੱਥੋਂ ਤੱਕ ਸ਼ਹਿਰਾਂ ਦਾ ਸਵਾਲ ਹੈ, ਵਿਦਿਆਰਥੀ ਆਨਲਾਈਨ ਕਲਾਸਾਂ ਲੈ ਰਹੇ ਹਨ ਅਤੇ ਪਰ ਪੇਂਡੂ ਇਲਾਕਿਆਂ ਵਿੱਚ ਵਿਦਿਆਰਥੀ ਆਨਲਾਈਨ ਕਲਾਸਾਂ ਤੋਂ ਵਾਂਝੇ ਹਨ।”
'ਸਿੱਖਿਆ ਸਕੂਲਾਂ ਤੇ ਕਾਲਜਾਂ ਵਿੱਚ ਜਾਰੀ ਰਹਿਣੀ ਚਾਹੀਦੀ ਹੈ'
ਡਾਗਰ ਦਾ ਕਹਿਣਾ ਹੈ, "ਪੇਂਡੂ ਇਲਾਕੇ ਦੇ ਵਿਦਿਆਰਥੀ ਪਹਿਲਾਂ ਹੀ ਪਰੇਸ਼ਾਨੀਆਂ ਝੱਲ ਰਹੇ ਹਨ ਅਤੇ ਅਜਿਹੇ 'ਚ ਸੂਬਾ ਸਰਕਾਰ ਵੱਲੋਂ ਕਲਾਸਾਂ ਬੰਦ ਕੀਤੇ ਜਾਣ ਤੋਂ ਬਾਅਦ ਹੋਰ ਵੀ ਦਿੱਕਤਾਂ ਦਾ ਸਾਹਮਣਾ ਕਰਨਗੇ।"
ਹਰਿਆਣਾ ਵਿਦਿਆਲਿਆ ਅਧਿਆਪਕ ਸੰਘ ਦੇ ਸਾਬਕਾ ਪ੍ਰਧਾਨ ਵਜ਼ੀਰ ਸਿੰਘ ਘੰਘਾਸ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਿੱਖਿਆ ਅਤੇ ਸਿਹਤ ਨੂੰ ਤਰਜੀਹ ਦੇਣੀ ਚਾਹੀਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇ।
ਉਹ ਕਹਿੰਦੇ ਹਨ, "ਸੂਬਾ ਸਰਕਾਰ ਦੀ ਮੰਸ਼ਾ ਸਿੱਖਿਆ ਨੂੰ ਆਨਲਾਈਨ ਕਰਨਾ ਹੈ ਤਾਂ ਜੋ ਯੂਨੀਵਰਸਿਟੀ, ਕਾਲਜ ਵਿਦਿਆਰਥੀ ਅਤੇ ਮਾਪੇ ਸਿੱਖਿਆ ਲਈ ਆਨਲਾਈਨ ਕੋਰਸ ਖਰੀਦਣ ਲਈ ਮਜਬੂਰ ਹੋਣ। ਅਸਲ ਸਿੱਖਿਆ ਤਾਂ ਸਕੂਲਾਂ ਵਿੱਚ ਹੀ ਹੁੰਦੀ ਹੈ, ਜਿੱਥੇ ਅਧਿਆਪਕ ਤੇ ਬੱਚੇ ਆਹਮੋ-ਸਾਹਮਣੇ ਬੈਠ ਕੇ ਪੜ੍ਹਦੇ ਹਨ।"
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਵੱਲੋਂ ਸੈਨੇਟਾਈਜੇਸ਼ਨ, ਸੋਸ਼ਲ ਡਿਸਟੈਂਸਿੰਗ, ਮਾਸਕ ਆਦਿ ਨਿਰਦੇਸ਼ਾਂ ਦਾ ਸੁਆਗਤ ਕਰਦੇ ਹਾਨ ਪਰ ਸਿੱਖਿਆ ਸਕੂਲਾਂ ਤੇ ਕਾਲਜਾਂ ਵਿੱਚ ਜਾਰੀ ਰਹਿਣੀ ਚਾਹੀਦੀ ਹੈ।
ਹਰਿਆਣਾ ਪ੍ਰਾਈਵੇਟ ਸਕੂਲ ਸੰਘ ਦੇ ਪ੍ਰਧਾਨ ਰਾਜਕੁਮਰਾ ਨਰਵਾਲ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਕੋਵਿਡ-19 ਕਰਕੇ ਸਕੂਲਾਂ ਨੂੰ ਬੰਦ ਕਰਨ ਦੇ ਫ਼ੈਸਲੇ ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਸਵਾਲ ਕੀਤਾ, "ਸੈਸ਼ਨ ਦੇ ਸ਼ੁਰੂਆਤ ਵਿੱਚ ਕਲਾਸਾਂ ਨਹੀਂ ਹੋਈਆਂ ਅਤੇ ਹੁਣ ਵੀ 18 ਦਿਨ ਖੁੱਲ੍ਹਣ ਤੋਂ ਬਾਅਦ ਸਕੂਲ ਬੰਦ ਹੋ ਗਏ ਹਨ। ਅਜਿਹੇ ਵਿੱਚ ਵਿਦਿਆਰਥੀ ਆਪਣੀ ਪੜ੍ਹਾਈ ਕਿਵੇਂ ਪੂਰੀ ਕਰਨਗੇ।"
ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ, ਵਿਦਿਆਰਥੀਆਂ ਅਤੇ ਸਟਾਫ਼ ਦੇ ਸੁਰੱਖਿਆ ਲਈ ਸਾਰੇ ਨਿਯਮਾਂ ਦਾ ਪਾਲਣ ਕਰ ਰਹੇ ਹਨ ਅਤੇ ਜੇਕਰ ਕੋਈ ਕੇਸ ਆਏ ਹਨ ਤਾਂ ਉਹ ਵਿਸ਼ੇਸ਼ ਸਕੂਲਾਂ ਨੂੰ ਬੰਦ ਕੀਤਾ ਜਾਵੇ ਨਾ ਕਿ ਸਾਰੇ ਸਕੂਲਾਂ ਨੂੰ।
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਬਾਜ਼ਾਰ, ਖਾਣ-ਪੀਣ ਵਾਲੀਆਂ ਦੁਕਾਨਾਂ, ਰੋਡਵੇਜ਼ ਬੱਸਾਂ ਸਭ ਚੱਲ ਰਹੇ ਹਨ, ਜੋ ਲਾਗ ਦੇ ਹੋਟਸਪੋਟ ਹਨ ਤਾਂ ਸਰਕਾਰ ਸਕੂਲਾਂ ਉੱਤੇ ਹੀ ਗਾਜ਼ ਸੁੱਟ ਰਹੀ ਹੈ, ਜੋ ਕਿ ਹੋਰਨਾਂ ਦੇ ਮੁਕਾਬਲੇ ਵਧੇਰੇ ਸੁਰੱਖਿਅਤ ਥਾਂ ਹਨ।
ਇਹ ਵੀ ਪੜ੍ਹੋ: