You’re viewing a text-only version of this website that uses less data. View the main version of the website including all images and videos.
ਪਾਕਿਸਤਾਨ ’ਚ ਧਾਰਮਿਕ ਆਗੂਆਂ ਨੂੰ ਕਦੋਂ ਔਰਤਾਂ ਤੋਂ ਈਮਾਨ ਦਾ ਖ਼ਤਰਾ ਮਹਿਸੂਸ ਹੁੰਦਾ ਹੈ - ਨਜ਼ਰੀਆ
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ, ਪਾਕਿਸਤਾਨ
ਸਾਡੀ ਤਾਲੀਮ ਸਕੂਲਾਂ ਵਿੱਚ ਘੱਟ ਅਤੇ ਪੰਜਾਬੀ ਫ਼ਿਲਮਾਂ ਵੇਖ ਵੇਖ ਕੇ ਜ਼ਿਆਦਾ ਹੋਈ ਹਏ ਤੇ ਪੁਰਾਣੀਆਂ ਪੰਜਾਬੀ ਫ਼ਿਲਮਾਂ ਦਾ ਇਹ ਅਸੂਲ ਹੁੰਦਾ ਸੀ ਕਿ ਫਿਲਮ ਦੇ ਅੱਧ ਵਿੱਚ ਹੀਰੋ ਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਸੀ।
ਇਸ ਤੋਂ ਬਾਅਦ ਹੀਰੋ ਦੀ ਮਾਂ ਜਾਂ ਉਹਦੀ ਭੈਣ ਜਾਂ ਉਹਦੀ ਮੰਗ ਜਾਂ ਉਹਦੀ ਮਸ਼ੂਕ ਕਿਸੇ ਮਜ਼ਾਰ 'ਤੇ ਪਹੁੰਚ ਜਾਂਦੀ ਸੀ ਕਦੀ ਦਾਤਾ ਸਾਹਬ, ਕਦੀ ਲਾਲ ਸ਼ਹਿਬਾਜ ਕਲੰਦਰ, ਤੇ ਕਦੇ ਕਿਸੇ ਹੋਰ ਬਲੀ ਦੇ ਮਜ਼ਾਰ 'ਤੇ।
ਉੱਥੇ ਵਾਲ ਖੋਲ ਕੇ ਰੱਜ ਕੇ ਧਮਾਲ ਪਾਉਂਦੀ ਸੀ ਉਸ ਤੋਂ ਬਾਅਦ ਹੀਰੋ ਦੀ ਜਾਨ ਬਖਸ਼ੀ ਜਾਂਦੀ ਸੀ ਤੇ ਫ਼ਿਲਮ ਵੀ ਜ਼ਰੂਰ ਹਿੱਟ ਹੋ ਜਾਂਦੀ ਸੀ।
ਇਹ ਵੀ ਪੜ੍ਹੋ-
ਪਿਛਲੇ ਦਿਨ੍ਹਾਂ ਵਿੱਚ ਸਾਡੀ ਪੰਜਾਬ ਦੀ ਹਕੂਮਤ ਨੇ ਪਾਬੰਧੀ ਇਹ ਲਾਈ ਹੈ ਕਿ ਬਈ ਕੋਈ ਔਰਤ ਕਿਸੇ ਮਸੀਤ 'ਤੇ ਜਾਂ ਮਜ਼ਾਰ 'ਤੇ ਜਾ ਕੇ ਫ਼ੋਟੋ ਨਹੀਂ ਲੁਆ ਸਕਦੀ, ਵੀਡੀਓ ਨਹੀਂ ਬਣਵਾ ਸਕਦੀ।
ਹੋਇਆ ਇਹ ਕਿ ਪਾਕਿਸਤਾਨ ਦੀ ਵੱਡੀ ਐਕਟਰ ਸਬ੍ਹਾ ਕਮਰ ਨੇ ਇੱਕ ਨਵਾਂ ਗਾਣਾ ਬਣਾਇਆ, ਉਹ ਗਾਣਾ ਨਿਕਾਹ ਦੇ ਬਾਰੇ 'ਚ, ਉਸਦਾ ਨਾਂ ਏ 'ਕਬੂਲ'।
ਉਨ੍ਹਾਂ ਨੇ ਸੋਚਿਆ ਹੋਣਾ ਬਈ ਇਸ ਨੇਕ ਕੰਮ ਵਿੱਚ ਹੋਰ ਬਰਕਤ ਪਾਉਣ ਲਈ ਇਸ ਗਾਣੇ ਦੀ ਸ਼ੂਟਿੰਗ ਲਹੌਰ ਦੀ ਤਾਰੀਖ਼ੀ ਅਤੇ ਮਸ਼ਹੂਰ ਮਸਜਿਦ ਵਜ਼ਾਰ ਖਾਨ ਵਿੱਚ ਕਰ ਲਈਏ।
ਇਸ ਕੰਮ ਦੀ ਉਨ੍ਹਾਂ ਨੇ ਬਕਾਇਦਾ ਇਜ਼ਾਜਤ ਲਈ, ਫ਼ੀਸ ਭਰੀ, ਦਰਖ਼ਾਸਤ ਦਿੱਤੀ ਉਸ ਤੋਂ ਬਾਅਦ ਆਪਣੇ ਗਾਣੇ ਦਾ ਕੋਈ ਇੱਕ ਹਿੱਸਾ ਉਥੇ ਸ਼ੂਟ ਕਰ ਲਿਆ।
ਸਾਡੇ ਮੌਲਵੀ ਭਰਾਵਾਂ ਨੇ ਉਹ ਗਾਣੇ ਦੀ ਇੱਕ ਕਲਿੱਪ ਵੇਖੀ 'ਤੇ ਰੌਲਾ ਪਾ ਦਿੱਤਾ ਕਿ 'ਵੇਖੋ ਸਾਡੀ ਫ਼ੇਰ ਬੇਇਜ਼ਤੀ ਹੋ ਗਈ ਜੇ'।
ਇਹ ਮੇਰੇ ਭਰਾਵਾਂ ਦਾ ਕੰਮ 'ਤੇ ਅੱਲ੍ਹਾ ਅੱਲ੍ਹਾ ਕਰਨਾ ਏ, ਪਰ ਲੱਗਦਾ ਏ ਕਿ ਫੁੱਲ ਟਾਈਮ ਕੁੜੀਆਂ ਤਾੜ ਕੇ ਆਪਣੇ ਇਮਾਨ ਦਾ ਇਮਤਿਹਾਨ ਲੈਂਦੇ ਰਹਿੰਦੇ ਹਨ।
ਕੁੜੀ ਖਲੋਤੀ ਕਿਵੇਂ ਐਂ? ਕੁੜੀ ਬੈਠੀ ਕਿਵੇਂ ਐਂ? ਕੁੜੀ ਨੇ ਪਾਇਆ ਕੀ ਐ? ਲੱਗਦੈ ਹਰ ਵੇਲੇ ਕੁੜੀਆਂ ਦੇ ਕੱਪੜੇ ਈ ਨਾਪਦੇ ਰਹਿੰਦੇ ਨੇ।
ਕੁੜੀ ਦੀ ਬਾਂਹ ਵੇਖ ਲੈਣ 'ਤੇ ਇਨ੍ਹਾਂ ਦਾ ਇਮਾਨ ਖ਼ਤਰੇ ਵਿੱਚ, ਕੁੜੀ ਮੋਟਰਸਾਈਕਲ ਨੂੰ ਕਿੱਕ ਮਾਰ ਲਵੇ ਤੇ ਇਮਾਨ ਹੋਰ ਖ਼ਤਰੇ ਵਿੱਚ ਤੇ ਕੁੜੀ ਜੇ ਕਦੀ ਸਿਗਰਟ ਦਾ ਇੱਕ ਸੂਟਾ ਲਾ ਲਵੇ ਤੇ ਇਹ ਸਮਝਦੇ ਨੇ ਬਸ ਹਸ਼ਰ ਦਿਹਾੜਾ ਹੁਣ ਆ ਈ ਗਿਆ।
ਪੰਜਾਬ ਦੀ ਹਕੂਮਤ ਵੀ ਏਡੀ ਭਲੀਮਾਣਸ ਏ, ਵਈ ਗਟਰ ਸਾਫ਼ ਨਹੀਂ ਕਰਾ ਸਕਦੀ, ਬਿਜਲੀ ਦੇ ਨਹੀਂ ਸਕਦੀ, ਆਟੇ, ਚੀਨੀ, ਵੇਚਣ ਵਾਲੇ ਮੁਨਾਫ਼ਾਖੋਰ ਸੇਠਾਂ ਦਾ ਕੱਖ ਨਹੀਂ ਕਰ ਸਕਦੀ।
ਪਰ ਜਦੋਂ ਵੀ ਕਦੇ ਮੇਰੇ ਮੁਲਾਣੇ ਭਰਾ ਚੀਕਦੇ ਨੇ, 'ਬਈ ਔਹ ਵੇਖੋ, ਸਬ੍ਹਾ ਕਮਰ ਨੇ ਸਾਡਾ ਇਮਾਨ ਫ਼ੇਰ ਖ਼ਤਰੇ ਵਿੱਚ ਪਾ ਦਿੱਤੈ', ਤੇ ਹਕੂਮਤ ਪਰਚੇ ਕੱਟ ਛੱਡਦੀ ਏ, ਨਵੇਂ ਕਾਨੂੰਨ ਬਣਾ ਸਕਦੀ ਏ। ਆਰਡਰ ਪਾਸ ਕਰ ਸਕਦੀ ਏ।
ਆਰਡਰ ਪਾਸ ਕਰਨ ਵਾਲਿਆਂ ਨੂੰ ਇਹ ਤੇ ਪਤਾ ਈ ਹੋਵੇਗਾ ਬਈ ਔਰਤਾਂ ਮਸੀਤੇ ਘੱਟ ਵੱਧ ਈ ਜਾਂਦੀਆਂ ਨੇ।
ਕਦੀ ਰੋਜ਼ਿਆਂ 'ਚ ਜਾਂ ਕਦੀ ਈਦ 'ਤੇ ਲੇਕਿਨ ਮਜ਼ਾਰਾਂ 'ਤੇ ਹਜ਼ਾਰਾਂ ਔਰਤਾਂ, ਲੱਖਾਂ ਔਰਤਾਂ, ਨਿਮਾਣੀਆਂ ਔਰਤਾਂ ਅਤੇ ਖਾਂਦੀਆਂ-ਪੀਦੀਂਆਂ ਔਰਤਾਂ ਵੀ ਮਜ਼ਾਰਾਂ 'ਤੇ ਜਾਂਦੀਆਂ ਹਨ।
ਕੋਈ ਧੀ ਲਈ ਦੁਆ ਮੰਗਣ ਜਾਂਦੀ ਏ, ਕੋਈ ਪੁੱਤਰ ਦਾ ਵਾਸਤਾ ਪਾਉਣ ਲਈ ਜਾਂਦੀ ਏ, ਕਦੀ ਕਦੀ ਪੂਰੇ ਟੱਬਰ ਨੂੰ ਨਾਲ ਲੈ ਕੇ ਪਿਕਨਿਕ ਕਰਨ ਵੀ ਪਹੁੰਚ ਜਾਂਦੀ ਏ, ਕਦੀ ਕੱਲ੍ਹੇ ਬਹਿ ਕੇ ਰੋਣ ਤੇ ਦਿਲ ਕਰੇ ਤਾਂ ਮਜ਼ਾਰ 'ਤੇ ਆ ਜਾਂਦੀ ਹੈ।
ਕਦੀ ਮਜ਼ਾਰ 'ਤੇ ਪਿਆਰ ਮੰਗਣ ਆਉਂਦੀ ਏ ਤੇ ਫ਼ਿਰ ਇਸ ਪਿਆਰ ਦੇ ਜ਼ੁਲਮ ਤੋਂ ਨਿਜ਼ਾਤ ਮੰਗਣ ਵੀ ਮਜ਼ਾਰ 'ਤੇ ਈ ਆ ਜਾਂਦੀ ਹੈ।
ਸਾਡੇ ਭਰਾ ਭਾਵੇਂ ਮੌਲਵੀ ਹੋਣ ਭਾਂਵੇ ਦਾੜ੍ਹੀ ਮੁੰਨੇ ਜਾਂ ਭਾਵੇਂ ਮਵਾਲੀ ਇੰਨਾਂ ਸਾਰਿਆ ਦਾ ਔਰਤ ਦੇਖ ਕੇ ਕਦੀ ਨਾ ਕਦੀ ਇਮਾਨ ਡੌਲਦਾ ਹੈ।
ਪਰ ਲੇਕਿਨ ਮੈਂ ਵੇਖਿਆ ਹੈ ਕਿ ਮਜ਼ਾਰ 'ਤੇ ਆਕੇ ਸ਼ੌਦੇ ਤੋਂ ਸ਼ੋਦਾ ਮਰਦ ਵੀ ਨਜ਼ਰਾਂ ਨੀਵੀਆਂ ਕਰ ਲੈਂਦੈ।
ਮੈਂ ਸੇਵਣ ਸ਼ਰੀਫ਼ ਦੀਆਂ ਸੜਕਾਂ 'ਤੇ ਲੱਖਾਂ ਮਰਦਾਂ ਦੇ ਦਰਮਿਆਨ ਪੰਜਾਬੀ ਫ਼ਿਲਮਾਂ ਦੀ ਸਭ ਤੋਂ ਵਾਲਬਨ ਵੱਡੀ ਹੀਰੋਇਨ ਅੰਜੁਮਨ ਤੇ ਉਸ ਦੀ ਭੈਣ ਨੂੰ ਢੋਲ 'ਤੇ ਧਮਾਲ ਪਾਉਂਦੇ ਦੇਖਿਆ ਹੈ।
ਇੱਕ ਸੀਟੀ ਨਹੀਂ ਵੱਜੀ। ਕਿਸੇ ਨੇ ਕੋਈ ਗੰਦੀ ਗੱਲ ਨਹੀਂ ਕੀਤੀ। ਮੈਨੂੰ ਇੰਜ ਜਾਪਿਆ ਬਈ ਅਕੀਦਤ ਆਲੀਆਂ ਕੁਝ ਜਗ੍ਹਾ ਐਸੀਆਂ ਬਚੀਆਂ ਨੇ ਜਿੱਥੇ ਮਰਦ ਔਰਤ ਨੂੰ ਦੇਖ ਕੇ ਮਰਦ ਨਹੀਂ ਰਹਿੰਦਾ ਬੰਦੇ ਦਾ ਪੁੱਤਰ ਵੀ ਬਣ ਸਕਦਾ ਹੈ।
ਹੁਣ ਔਰਤ ਮਜ਼ਾਰ 'ਤੇ ਜਾ ਕੇ ਕਰਦੀ ਕੀ ਏ? ਇਸਲਾਮਾਬਾਦ ਜਾਂਦੀ ਹੈ ਤੇ ਆਂਦੀ ਏ, 'ਬਈ ,ਬਰੀ ਬਰੀ ਇਮਾਮ ਬਰੀ ਮੇਰੀ ਖੋਟੀ ਕਿਸਮਤ ਕਰੋ ਖਰੀ'।
ਔਰਤ ਲਾਹੌਰ ਪਹੁੰਚਦੀ ਏ ਤੇ ਗਾਉਂਦੀ ਏ, 'ਇਹ ਨਗਰੀ ਦਾਤਾ ਦੀ, ਇਥੇ ਆਉਂਦਾ ਕੁੱਲ ਜ਼ਮਾਨਾ'।
ਸੇਮਨ ਸ਼ਰੀਫ਼ ਆਉਂਦੀ ਏ 'ਤੇ ਫ਼ਰਿਆਦ ਕਰਦੀ ਏ, 'ਹੁਸੈਨੀ ਲਾਲ ਕਲੰਦਰ, ਮੇਰੇ ਗ਼ਮ ਟਾਲ ਕਲੰਦਰ'।
ਇਹ ਕਿਹੜੇ ਲੋਕ ਨੇ ਜਿੰਨਾ ਨੂੰ ਇਹ ਸੋਹਣੇ ਅਤੇ ਪਵਿੱਤਰ ਬੋਲਾਂ ਵਿੱਚ ਵੀ ਗੰਦ ਨਜ਼ਰ ਆਉਂਦਾ ਹੈ। ਕਰਦੀ ਤਾੜਨਾ ਛੱਡ ਕੇ ਦਿਲ ਦੀ ਗੱਲ ਵੀ ਸੁਣ ਲਿਆ ਕਰੋ।
'ਸ਼ਹਿਬਾਜ਼ ਕਰੇ ਪਰਵਾਜ਼ ਤੇ ਜਾਣੇ ਰਾਜ਼ ਦਿਲ੍ਹਾਂ ਦੇ, ਜਿਉਂਦੇ ਰਹੇ ਤੇ ਲਾਲ ਕਲੰਦਰ, ਆਣ ਮਿਲਾਂਗੇ।'
ਰੱਬ ਰਾਖਾ।