ਪਾਕਿਸਤਾਨ ਤੋਂ Vlog: ਬੰਬ ਹੈ ਪਰ ਬੱਤੀ ਨਹੀਂ - ਮੁਹੰਮਦ ਹਨੀਫ਼ ਦੀ ਸ਼ਾਇਰਾਨਾ ਟਿੱਪਣੀ

    • ਲੇਖਕ, ਮੁਹੰਮਦ ਹਨੀਫ਼
    • ਰੋਲ, ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਅਤੇ ਲੇਖਕ

ਮੁਹੰਮਦ ਹਨੀਫ਼ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਹਨ ਅਤੇ ਉਹ ਲਗਾਤਾਰ ਬੀਬੀਸੀ ਪੰਜਾਬੀ ਦੇ ਪਾਠਕਾਂ/ਦਰਸ਼ਕਾਂ ਨਾਲ ਵੱਖ ਵੱਖ ਮੁੱਦਿਆਂ ਉੱਤੇ ਸਾਂਝ ਪਾਉਂਦੇ ਰਹਿੰਦੇ ਹਨ।

ਇਸ ਵਾਰ ਉਨ੍ਹਾਂ ਨੇ ਪਾਕਿਸਤਾਨ ਵਿਚ ਬਿਜਲੀ ਨੂੰ ਚਿੰਨ੍ਹ ਬਣਾ ਕੇ ਮੁਲਕ ਦੇ ਹਾਲਾਤ ਦਾ ਬੜੇ ਹੀ ਸ਼ਾਇਰਾਨਾ ਢੰਗ ਨਾਲ ਚਿਤਰਣ ਕੀਤਾ ਹੈ, ਪੇਸ਼ ਹੈ ਹਨੀਫ਼ ਦੇ ਸ਼ਾਇਰਾਨਾ ਵਲੌਗ ਦੇ ਹੂਬਹੂ ਸ਼ਬਦ।

ਬੱਤੀ ਕੋਈ ਨਈਂ

ਛੋਟੇ ਹੁੰਦਿਆਂ ਸ਼ਹਿਰ ਜਾਣਾ ਤਾਂ ਸ਼ਹਿਰ ਆਲਿਆਂ ਨੇ ਕਹਿਣਾ, "ਓਏ ਪੇਂਡੂਓ, ਤੁਸੀਂ ਸ਼ਹਿਰ ਕੀ ਬੱਤੀਆਂ ਵੇਖਣ ਆਏ ਹੋ?"

ਹੁਣ ਅਸੀਂ ਆਪ ਸ਼ਹਿਰੀ ਹੋ ਗਏ ਹਾਂ। ਸ਼ਹਿਰ ਵਿੱਚ ਰਹਿ- ਰਹਿ ਕੇ ਬੁੱਢੇ ਵੀ ਹੋ ਗਏ ਆਂ ਪਰ ਬੱਤੀਆਂ ਪਤਾ ਨਹੀਂ ਕਿੱਥੇ ਟੁਰ ਗਈਆਂ ਹਨ।

ਇੱਕ ਛੋਟੀ ਜਿਹੀ ਨਜ਼ਮ ਲਿਖੀ ਏ, ਉਹਦਾ ਨਾਂਅ ਏ - ਬੱਤੀ ਕੋਈ ਨਈਂ-

ਮਾਂ ਨੇ ਪੁੱਛਿਆ, "ਸ਼ਹਿਰ ਕਿਓਂ ਚੱਲੈਂ?"

"ਬੱਤੀਆਂ ਵੇਖਣ?"

ਮੈਂ ਕਿਹਾ, ਆਹੋ।

ਫਿਰ ਲਾਹੌਰ,ਕਰਾਚੀ, ਲੰਦਨ

ਬੱਤੀਆਂ ਹੀ ਬੱਤੀਆਂ,

ਹੁਣ ਬੁੱਢਾ ਹੋ ਕੇ ਮੁੜਕਿਓਂ-ਮੁੜਕੀਂ,

ਘੁੱਪ ਹਨੇਰੇ ਹਬਸ 'ਚ ਬੈਠਾਂ

ਮਾਂਏਂ ਨੀਂ ਮੈਂ ਕੀਹਨੂੰ ਆਖਾਂ ਬੱਤੀ ਕੋਈ ਨੀਂ।

ਜਿਹਨੂੰ ਪੁੱਛੋ ਬੱਤੀ ਕੋਈ ਨਈਂ।

ਗ਼ਰਮੀ ਵਧ ਜਾਏ ਬੱਤੀ ਕੋਈ ਨਈਂ।

ਬਾਰਿਸ਼ ਹੋ ਜਾਏ, ਬੱਤੀ ਕੋਈ ਨਈਂ।

ਕਾਲਾ ਬੱਦਲ਼ ਦੂਰੋਂ ਵੇਖ ਕੇ, ਨੱਸ ਜਾਂਦੀ ਏ।

ਬਿਜਲੀ ਵੇਚਣ ਵਾਲੇ ਸੇਠਾਂ ਦੇ ਘਰ ਵੜ ਜਾਂਦੀ ਏ।

ਖ਼ਾਨਾਂ ਦੇ ਘਰ ਚਾਨਣ-ਚਾਨਣ,

ਬਾਜਵਿਆਂ ਘਰ ਸਭ ਰੁਸ਼ਨਾਈਆਂ।

ਸਾਡੇ ਲਈ ਪਰ ਬੱਤੀ ਕੋਈ ਨਈਂ।

ਕਾਇਦੇ-ਆਜ਼ਮ ਮੁਲਕ ਬਣਾਇਆ,

ਬਹੱਤਰ ਵਰ੍ਹੇ ਇਹ ਸਮਝ ਨਾ ਆਇਆ,

ਬਈ ਪਾਕਿਸਤਾਨ ਕਾ ਮਤਲਬ ਕਿਆ?

ਵੱਡਾ ਬੰਬ ਅਸੀਂ ਆਪ ਬਣਾਇਆ,

ਸੱਜਣਾਂ ਵੈਰੀਆਂ ਨੂੰ ਯਰਕਾਇਆ।

ਆਖ਼ਰ ਕਰ ਕੇ ਸਮਝ ਇਹ ਆਇਆ,

"ਪਾਕਿਸਤਾਨ ਕਾ ਮਤਲਬ ਕਿਆ?"

ਬਈ ਬੰਬ ਤੇ ਹੈ ਪਰ ਬੱਤੀ ਕੋਈ ਨਈਂ।

ਬਾਹਠ ਹਜ਼ਾਰ ਦਾ ਬਿਲ ਵੀ ਭਰਿਐ,

ਬੱਤੀ ਫੇਰ ਨਾ ਆਈ।

ਹਕੂਮਤ ਆਖੇ,"ਤੂੰ ਹਜ਼ਾਰ ਕੁ ਅਰਬ,

ਬਿਜਲੀ ਬਣਾਣ ਵਾਲੇ ਸ਼ਾਹੂਕਾਰਾਂ ਦਾ ਹਾਲੇ ਹੋਰ ਵੀ ਦੇਣੈਂ।"

ਇਹ ਦੇ ਵੀ ਦਿੱਤਾ, ਸੇਠਾਂ ਬਿਜਲੀ ਫੇਰ ਨੀਂ ਦੇਣੀ।

ਬਿਜਲੀ ਦਾ ਬਿਲ ਭੇਜ ਕੇ ਕਹਿਣੈ,

"ਇਹਨੂੰ ਈਂ ਬੱਤੀ ਸਮਝੋ।"

ਘੁੱਪ ਹਨੇਰੇ ਦੀ ਲੁਕਣ-ਮੀਚੀ,

ਜਿਹਦੇ ਹੱਥ ਜੋ ਵੀ ਆਇਆ,

ਸਭ ਹੈ ਮਾਇਆ, ਸਭ ਹੈ ਮਾਇਆ।

ਹੁਣ ਇਹੋ ਤਰਨਾ ਗਾਓ ਬਈ,

ਬੱਤੀ ਕੋਈ ਨਈਂ, ਬੱਤੀ ਕੋਈ ਨਈਂ।

ਕੰਮ ਨੀਂ ਕਰਦੇ ਬੱਤੀ ਕੋਈ ਨਈਂ।

ਪਿਆਰ ਨੀਂ ਕਰਦੇ ਬੱਤੀ ਕੋਈ ਨਈਂ।

ਉਧਾਰ ਨੀਂ ਕਰਦੇ ਬੱਤੀ ਕੋਈ ਨਈਂ।

ਪੱਪੀ ਕੋਈ ਨਈਂ। ਜੱਫ਼ੀ ਕੋਈ ਨਈਂ।

ਵੱਟੀ ਕੋਈ ਨਈਂ। ਖੱਟੀ ਕੋਈ ਨਈਂ।

ਝੂਠੀ ਕੋਈ ਨਈਂ। ਸੱਚੀ ਕੋਈ ਨਈਂ।

ਬੱਤੀ ਕੋਈ ਨਈਂ। ਬੱਤੀ ਕੋਈ ਨਈਂ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)