You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਬਾਰੇ ਮੁਹੰਮਦ ਹਨੀਫ਼ ਦਾ ਨਜ਼ਰੀਆ- 'ਨਾ ਇਹ ਵਾਇਰਸ ਹਿੰਦੂ ਹੈ ਨਾ ਮੁਸਲਮਾਨ, ਨਾ ਸ਼ਿਆ ਹੈ ਨਾ ਸੁੰਨੀ'
ਪਾਕਿਸਤਾਨ 'ਚ ਕੋਰੋਨਾ ਨਵਾਂ ਨਵਾਂ ਸ਼ੁਰੂ ਹੋਇਆ ਹੈ ਤੇ ਮੈਨੂੰ ਥੋੜਾ ਜਿਹਾ ਡਰ ਲੱਗਾ।
ਇੱਕ ਵਾਕਫ਼ ਨੂੰ ਮਿਲਿਆ ਤੇ ਦੂਰੋਂ ਹੀ ਮੈਂ ਹੱਥ ਚੁੱਕ ਕੇ ਕਹਿ ਦਿੱਤਾ ਕਿ ਮੈਂ ਅੱਜ ਹੱਥ ਨਹੀਂ ਮਿਲਾਉਣਾ। ਉਨ੍ਹੇ ਅੱਗੋਂ ਵੱਧ ਕੇ ਜ਼ਬਰਦਸਤੀ ਜੱਫੀ ਪਾ ਲਈ ਤੇ ਕਹਿਣ ਲੱਗਾ ਕਿ ਤੇਰਾ ਇਮਾਨ ਇੰਨ੍ਹਾਂ ਕਮਜ਼ੋਰ ਹੈ। ਮੈਂ ਕਿਹਾ ਇਮਾਨ 'ਤੇ ਜਿਹੜਾ ਹੈ ਸੋ ਹੈ, ਬਿਮਾਰ-ਸ਼ਿਮਾਰ ਹੋਣ ਤੋਂ ਡਰ ਲੱਗਦਾ। ਜੇ ਆਪਣਾ ਨਹੀਂ ਤਾਂ ਸਾਡਾ ਹੀ ਖਿਆਲ ਕਰਲੋ।
ਮੈਂ ਹੁਣ ਕਿਵੇਂ ਦੱਸਾਂ ਕਿ ਇਹ ਵਾਇਰਸ ਮਜ਼ਹਬ ਵੇਖ ਕੇ ਹਮਲਾ ਨਹੀਂ ਕਰਦਾ। ਬਈ ਦੱਸੋ ਚੀਨੀਆਂ ਦਾ ਭਲਾ ਕਿਹੜਾ ਮਜ਼ਹਬ ਏ।
ਇਹ ਵੀ ਨਹੀਂ ਵੇਖਦਾ ਕਿ ਬਈ ਬੰਦਾ ਖਾਂਦਾ ਪੀਂਦਾ ਏ ਜਾਂ ਭੁੱਖਾ ਘਰ ਬੈਠਾ ਹੈ। ਇਹ ਵੀ ਖਿਆਲ ਨਹੀਂ ਰੱਖਦਾ ਕਿ ਬੰਦਾ ਹਾਲੀਵੁੱਡ ਦਾ ਐਕਟਰ ਹੈ ਜਾਂ ਤਬਲੀਗੀ ਜਮਾਤ 'ਚ ਜਾਣ ਵਾਲਾ ਕੋਈ ਭਲਾ ਮਾਨਸ ਜਾਂ ਫਿਰ ਕੋਈ ਬਰਤਾਨੀਆ ਦਾ ਸਹਿਜ਼ਾਦਾ।
ਇਹ ਵੀ ਪੜ੍ਹੋ
ਇਸ ਵਾਇਰਸ ਦੀ ਕੋਈ ਜਾਤ ਵੀ ਨਹੀਂ
ਹੁਣ ਤੱਕ ਸਾਰਿਆਂ ਨੂੰ ਸਮਝ ਆ ਗਈ ਹੋਣੀ ਹੈ ਕਿ ਇਹ ਵਾਇਰਸ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ, ਨਾ ਇਹ ਸ਼ੀਆ ਹੈ ਅਤੇ ਨਾ ਹੀ ਸੁੰਨੀ।
ਇਸ ਵਾਇਰਸ ਦੀ ਕੋਈ ਜਾਤ ਵੀ ਨਹੀਂ। ਇਹ ਨਹੀਂ ਸੋਚਦਾ ਅਰਾਈਆਂ ਦੇ ਘਰ ਢੁਕਾਂਗਾ ਤੇ ਚੀਮਿਆਂ, ਚੱਠਿਆਂ, ਅੱਬਾਸੀਆਂ ਤੇ ਮਾਛੀਆਂ ਨਾਲ ਮੈਨੂੰ ਕੋਈ ਮਸਲਾ ਨਹੀਂ। ਇਹ ਕੋਈ ਉਹ ਵਾਇਰਸ ਨਹੀਂ ਜਿਹੜਾ ਕਹੇ ਕਿ ਮੈਂ ਬਾਹਮਣ ਸਾਰੇ ਚੁੱਕ ਲੈਣੇ ਨੇ ਤੇ ਬਾਕੀ ਮਾਤੜ ਮੌਜਾਂ ਕਰੋ।
ਸਾਡਾ ਇਮਾਨ ਹੈ ਕਿ ਜਿਹੜੀ ਰਾਹਤ ਕਬਰ 'ਚ ਆਉਣੀ ਹੈ ਉਹ ਕਬਰ ਤੋਂ ਬਾਹਰ ਨਹੀਂ ਆ ਸਕਦੀ ਹੈ।
ਸਾਡੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਤਾਂ ਕੋਰੋਨਾ ਆਉਣ ਤੋਂ ਪਹਿਲਾਂ ਹੀ ਫ਼ਰਮਾ ਚੁੱਕੇ ਸਨ ਕਿ ਸਾਨੂੰ ਸਕੂਨ ਜਿਹੜਾ ਹੈ ਉਹ ਕਬਰ 'ਚ ਜਾ ਕੇ ਹੀ ਮਿਲਣਾ ਹੈ।
ਇਹ ਵੀ ਪੜ੍ਹੋ- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
ਸਹੀ ਗੱਲ ਹੈ। ਹੌਂਸਲੇ ਵਾਲੀ ਗੱਲ ਹੈ। ਲੇਕਿਨ ਤੁਹਾਨੂੰ ਜਦੋਂ ਸਕੂਨ ਮਿਲਣਾ ਹੈ, ਜਿਵੇਂ ਮਿਲਣਾ ਹੈ, ਉਦੋਂ ਲੈ ਲੈਣਾ।
ਲੇਕਿਨ ਬਾਕੀ ਆਪਣੀ ਹੱਲਾਸ਼ੇਰੀ ਦੇ ਚੱਕਰ 'ਚ ਬੁਜ਼ਰਗਾਂ ਨੂੰ, ਕਮਜ਼ੋਰਾਂ ਨੂੰ ਟਾਈਮ ਤੋਂ ਪਹਿਲਾਂ ਕਬਰਾਂ 'ਚ ਕਿਉਂ ਭੇਜਦੇ ਹੋ?
ਅਸੀਂ ਟੂਣਿਆਂ-ਟੋਟਕਿਆਂ 'ਤੇ ਵੀ ਯਕੀਨ ਕਰਦੇ ਹਾਂ, ਹੱਥ ਦੁਆ ਲਈ ਵੀ ਚੁੱਕ ਲੈਂਦੇ ਹਾਂ, ਪੀੜ ਥੋੜ੍ਹੀ ਵੱਧ ਜਾਵੇ ਤਾਂ ਮੁਨਕਰ ਦੇ ਮੂੰਹੋਂ ਵੀ 'ਯਾ ਮੇਰੇ ਮੌਲਾ' ਹੀ ਨਿਕਲਦਾ ਹੈ।
ਫਿਰ ਠੀਕ ਹੈ ਟੋਟਕੇ ਕਰੋ। ਹਿੰਦੁਸਤਾਨ 'ਚ ਬੈਠੇ ਹੋ ਤਾਂ ਪਲੇਟਾਂ ਖੜਕਾਓ, ਇੱਥੇ ਪਾਕਿਸਤਾਨ 'ਚ ਮੱਥੇ ਟੇਕੋ, ਲੇਕਿਨ ਸਲਾਮ ਫੇਰ ਕੇ ਸੱਜੇ-ਖੱਬੇ ਵੀ ਵੇਖੋ ਬਈ ਇਹ ਵਾਇਰਸ ਕਰਦਾ ਕੀ ਹੈ।
ਇਟਲੀ ਦਾ ਹਸ਼ਰ ਵੇਖ ਲਓ। ਉਹ ਸਾਡੇ ਵਰਗੇ ਖੁੱਲੇ-ਡੁੱਲੇ ਲੋਕ ਹਨ। ਨਾਮ ਬਾਅਦ 'ਚ ਪੁੱਛਦੇ ਹਨ ਤੇ ਜੱਫੀ ਪਹਿਲਾਂ ਪਾ ਲੈਂਦੇ ਹਨ।
ਨਾਲ ਇੱਕ ਪੱਪੀ ਸੱਜੀ ਗੱਲ੍ਹ 'ਤੇ ਅਤੇ ਇੱਕ ਖੱਬੀ ਗੱਲ੍ਹ 'ਤੇ ਵੀ ਲੈ ਲੈਂਦੇ ਹਨ। ਜੇ ਲੰਚ 'ਤੇ ਮਿਲਣ ਜਾਓ ਤਾਂ ਸਲਾਮ ਲਈ ਹੱਥ ਫੜਣਗੇ ਤੇ ਸ਼ਾਮ ਤੱਕ ਹੱਥ ਹੀ ਨਹੀਂ ਛੱਡਦੇ।
ਉੱਥੇ ਹਕੂਮਤ ਨੇ ਬੜਾ ਕਿਹਾ ਕਿ ਕੁੱਝ ਦਿਨ ਬਾਜ਼ ਆ ਜਾਵੋ, ਲੇਕਿਨ ਉਹ ਨਹੀਂ ਮੰਨੇ।
ਹੁਣ ਗੱਲ ਇੱਥੇ ਪਹੁੰਚ ਗਈ ਹੈ ਕਿ ਸਵੇਰੇ-ਸ਼ਾਮ ਮਾਂ-ਪਿਓ ਦੀਆਂ ਪੱਪੀਆਂ-ਜੱਫੀਆਂ ਕਰਨ ਵਾਲੇ ਆਪਣੇ ਮਾਂ-ਪਿਓ ਦੇ ਜਨਾਜ਼ਿਆਂ ਨੂੰ ਵੀ ਹੱਥ ਨਹੀਂ ਸਨ ਲਗਾ ਸਕਦੇ।
ਅੱਲਾ ਇਮਾਨ ਸਲਾਮਤ ਰੱਖੇ। ਪਲੇਟਾਂ ਵਜਾਉਂਦੇ ਰਹੋ, ਮੰਦਿਰਾਂ ਦੀਆਂ ਟੱਲੀਆਂ ਖੜਕਾਉਂਦੇ ਰਹੋ, ਸਜਦੇ ਕਰਦੇ ਰਹੋ, ਲੇਕਿਨ ਕੁੱਝ ਦਿਨ ਪੱਪੀਆਂ ਜੱਫੀਆਂ ਤੋਂ ਪਰਹੇਜ਼ ਕਰੋ।
ਜਦੋਂ ਇਹ ਟੁੱਟ ਪੈਣਾ ਵਾਇਰਸ ਮਗਰੋਂ ਲੱਥਾ ਤੇ ਫਿਰ ਰੱਜ ਕੇ ਜੱਫੀਆਂ ਪਾਵਾਂਗੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫਿਰ ਮਿਲਾਂਗੇ।
ਰੱਬ ਰਾਖਾ
ਇਹ ਵੀ ਪੜ੍ਹੋ
ਇਹ ਵੀ ਦੇਖੋ: