ਅਫ਼ਗਾਨਿਸਤਾਨ 'ਚ ਬਰਤਾਨਵੀ ਫੌਜ : ''ਫੌਜੀ ਰਾਤ ਨੂੰ ਆਏ ਉਨ੍ਹਾਂ ਮੇਰੇ ਦੋ ਭਰਾ, ਪਿਓ ਤੇ ਚਾਚੇ ਦੇ ਮੁੰਡੇ ਦੇ ਸਿਰ ਵਿਚ ਗੋਲ਼ੀਆਂ ਮਾਰੀਆਂ''

ਤਸਵੀਰ ਸਰੋਤ, Reuters
2012 ਵਿੱਚ ਅਫ਼ਗਾਨਿਸਤਾਨ 'ਚ ਜੰਗ ਸਿਖਰਾਂ ਉੱਤੇ ਸੀ, ਉਸੇ ਦਿਨ ਬ੍ਰਿਟਿਸ਼ ਫ਼ੌਜ ਦੀ ਸਪੈਸ਼ਲ ਫੋਰਸਿਜ਼ ਦੇ ਦੋ ਸੀਨੀਅਰ ਅਫ਼ਸਰ ਬ੍ਰਿਟੇਨ ਦੇ ਡੋਰਸੇਟ ਵਿੱਚ ਖ਼ੁਫ਼ੀਆ ਤੌਰ 'ਤੇ ਮਿਲੇ।
ਇਨ੍ਹਾਂ ਨੂੰ ਖ਼ਦਸ਼ਾ ਸੀ ਕਿ ਯੂਕੇ ਦੇ ਸਭ ਤੋਂ ਟਰੇਂਡ ਫ਼ੌਜੀਆਂ ਵਿੱਚੋਂ ਕੁਝ ਜਾਣ ਬੁੱਝ ਕੇ ਨਿਹੱਥੇ ਲੋਕਾਂ ਦਾ ਕਤਲ ਕਰ ਰਹੇ ਹਨ। ਹੁਣ ਜੋ ਚੀਜ਼ਾਂ ਸਾਹਮਣੇ ਆ ਰਹੀਆਂ ਹਨ ਤਾਂ ਉਨ੍ਹਾਂ ਤੋਂ ਇਹ ਜ਼ਾਹਿਰ ਹੋ ਰਿਹਾ ਹੈ ਕਿ ਇਨ੍ਹਾਂ ਅਫ਼ਸਰਾਂ ਦਾ ਖ਼ਦਸ਼ਾ ਗ਼ਲਤ ਨਹੀਂ ਸੀ।
ਇਹ ਦੋਵੇਂ ਸੀਨੀਅਰ ਅਫ਼ਸਰ ਅਫ਼ਗਾਨਿਸਤਾਨ ਦੇ ਹੇਲਮੰਦ ਸੂਬੇ ਦੀ ਧੂੜ ਅਤੇ ਖ਼ਤਰੇ ਦੇ ਮਾਹੌਲ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਸਨ।
ਇਹ ਵੀ ਪੜ੍ਹੋ:
ਇਨ੍ਹਾਂ ਵਿੱਚੋਂ ਇੱਕ ਅਫ਼ਸਰ ਦੀ ਹਾਲ ਹੀ 'ਚ ਜੰਗ ਤੋਂ ਵਾਪਸੀ ਹੋਈ ਸੀ, ਜਿੱਥੇ ਉਨ੍ਹਾਂ ਦੇ ਫ਼ੌਜੀਆਂ ਨੇ ਦੱਸਿਆ ਕਿ ਸਪੈਸ਼ਲ ਫੋਰਸਿਜ਼ ਦੇ ਲੋਕ ਸਜ਼ਾ ਦੇਣ ਦੇ ਲਈ ਲੋਕਾਂ ਦਾ ਕਤਲ ਕਰਨ ਦੀ ਨੀਤੀ ਉੱਤੇ ਚੱਲ ਰਹੇ ਹਨ।
ਦੂਜੇ ਅਫ਼ਸਰ ਹੈੱਡਕੁਆਰਟਰ 'ਚ ਤਾਇਨਾਤ ਸਨ ਜਿੱਥੇ ਜੰਗ ਦੇ ਮੈਦਾਨ ਤੋਂ ਫ਼ਿਕਰਾਂ ਨਾਲ ਭਰੀਆਂ ਰਿਪੋਰਟਾਂ ਆ ਰਹੀਆਂ ਸੀ। ਉਨ੍ਹਾਂ ਨੂੰ ਸਪੈਸ਼ਲ ਫੋਰਸਿਜ਼ ਦੀ ਕਾਰਵਾਈ ਵਿੱਚ ਮਾਰੇ ਗਏ ਦੁਸ਼ਮਣਾਂ (ਐਨਿਮੀ ਕਿਲਡ ਇਨ ਐਕਸ਼ਨ ) ਦੀ ਗਿਣਤੀ ਵਿੱਚ ਵਾਧਾ ਦਿਖਾਇਆ ਸੀ।
ਸਪੈਸ਼ਲ ਫੋਰਸਿਜ਼ ਯੂਕੇ ਦੇ ਉੱਚ ਦਰਜੇ ਦੇ ਖ਼ਾਸ ਫ਼ੌਜੀ ਹੁੰਦੇ ਸਨ। ਇਨ੍ਹਾਂ ਦੀ ਟ੍ਰੇਨਿੰਗ ਵਿੱਚ ਸਪੈਸ਼ਲ ਏਅਰ ਸਰਵਿਸ (SAS) ਅਤੇ ਸਪੈਸ਼ਲ ਬੋਟ ਸਰਵਿਸ (SBS) ਦੋਵੇਂ ਸ਼ਾਮਿਲ ਹੁੰਦੀਆਂ ਹਨ।

ਮੰਨਿਆਂ ਜਾਂਦਾ ਹੈ ਕਿ ਗੱਲਬਾਤ ਤੋਂ ਬਾਅਦ ਯੂਕੇ ਸਪੈਸ਼ਲ ਫੋਰਸਿਜ਼ ਦੇ ਸਭ ਤੋਂ ਸੀਨੀਅਰ ਅਫ਼ਸਰਾਂ ਵਿੱਚੋਂ ਇੱਕ ਦੇ ਲਿਖੇ ਇੱਕ ਬ੍ਰੀਫਿੰਗ ਨੋਟ ਨੂੰ ਫ਼ੌਜ 'ਚ ਉੱਚ ਪੱਧਰ ਤੱਕ ਭੇਜਿਆ ਗਿਆ।
ਇਹ ਸੁਨੇਹਾ ਸਪੈਸ਼ਲ ਫੋਰਸਿਜ਼ ਦੇ ਉੱਚ ਪੱਧਰ ਲਈ ਇੱਕ ਸਾਫ਼ ਚੇਤਾਵਨੀ ਸੀ ਅਤੇ ਇਸ 'ਚ ਆਖ਼ਿਰ ਵਿੱਚ ਆਖਿਆ ਗਿਆ ਸੀ ਕਿ ਇਹ ''ਚਿੰਤਾਜਨਕ'' ਇਲਜ਼ਾਮ ''ਡੂੰਘਾਈ ਨਾਲ ਜਾਂਚ'' ਹੋਣ ਲਾਇਕ ਹਨ ਤਾਂ ਜੋ ਇਸ ਤਰ੍ਹਾਂ ਦੇ ''ਅਪਰਾਧਿਕ ਵਿਵਹਾਰ ਉੱਤੇ ਰੋਕ ਲਗਾਈ ਜਾ ਸਕੇ।''
ਹਾਈਕੋਰਟ ਵਿੱਚ ਪਹਿਲਾਂ ਤੋਂ ਚੱਲ ਰਹੇ ਇੱਕ ਮਾਮਲੇ ਵਿੱਚ ਇਹ ਦਸਤਾਵੇਜ਼ ਸੌਲਿਸਿਟਰ ਲੀਘ ਡੇਅ ਨੂੰ ਮੁੱਹਈਆ ਕਰਵਾਏ ਗਏ। ਇਸ ਮੁਕੱਦਮੇ ਵਿੱਚ ਇਹ ਪੜਤਾਲ ਹੋਣੀ ਹੈ ਕਿ ਸਪੈਸ਼ਲ ਫੋਰਸਿਜ਼ ਉੱਤੇ ਲ਼ੱਗੇ ਗ਼ੈਰ-ਕਾਨੂੰਨੀ ਕਤਲਾਂ ਦੇ ਇਲਜ਼ਾਮਾਂ ਦੀ ਠੀਕ ਤਰ੍ਹਾਂ ਜਾਂਚ ਹੋਈ ਜਾਂ ਨਹੀਂ।

ਇਸ ਕੇਸ ਨਾਲ UK ਦੀ ਫ਼ੌਜ ਹਿੱਲ ਗਈ
ਇਹ ਮੁਕੱਦਮਾ ਸੈਫ਼ੁੱਲਾ ਗਾਰੇਬ ਯਾਰ ਨੇ ਦਾਇਰ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ 16 ਫ਼ਰਵਰੀ 2011 ਦੀ ਸਵੇਰ ਉਨ੍ਹਾਂ ਦੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਮਾਰ ਦਿੱਤਾ ਗਿਆ ਸੀ।
ਇਸ ਘਟਨਾ ਉੱਤੇ ਪਿਛਲੇ ਸਾਲ ਬੀਬੀਸੀ ਪੈਨੋਰਮਾ ਨੇ ਇੱਕ ਪ੍ਰੋਗਰਾਮ ਕੀਤਾ ਸੀ। ਇਹ ਪ੍ਰੋਗਰਾਮ ਸੰਡੇ ਟਾਇਮਜ਼ ਇਨਸਾਈਟ ਟੀਮ ਦੇ ਨਾਲ ਮਿਲ ਕੇ ਕੀਤਾ ਗਿਆ ਸੀ। ਇਸ ਦਾ ਮਕਸਦ ਯੂਕੇ ਸਪੈਸ਼ਲ ਫੋਰਸਿਜ਼ ਦੇ ਹੱਥੋਂ ਕੀਤੇ ਜਾ ਰਹੇ ਗੈਰਕਾਨੂੰਨੀ ਕਤਲਾਂ ਦੇ ਇੱਕ ਪੈਟਰਨ ਦਾ ਖ਼ੁਲਾਸਾ ਕਰਨਾ ਸੀ।
ਸਰਕਾਰ ਇਸ ਗੱਲ ਉੱਤੇ ਕਾਇਮ ਹੈ ਕਿ ਸੈਫ਼ੁੱਲਾ ਦੇ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਆਤਮ ਰੱਖਿਆ ਵਿੱਚ ਹੋਇਆ ਸੀ।
ਪਰ ਹੁਣ ਨਵੇਂ ਜਾਰੀ ਹੋਏ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਯੂਕੇ ਸਪੈਸ਼ਲ ਫੋਰਸੇਜ਼ ਦੇ ਮਿਸ਼ਨ ਨੂੰ ਲੈ ਕੇ ਕੁਝ ਲੋਕਾਂ ਨੇ ਗੰਭੀਰ ਚਿੰਤਾ ਜਤਾਈ ਸੀ।
ਸਪੈਸ਼ਲ ਫੋਰਸਿਜ਼ ਦੇ ਫ਼ੌਜੀਆਂ ਦੇ ਬੇਸ ਉੱਤੇ ਵਾਪਸ ਪਰਤਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਦੂਜੇ ਬ੍ਰਿਟਿਸ਼ ਫ਼ੌਜੀ ਆਪਸ ਵਿੱਚ ਭੇਜੀਆਂ ਗਈਆਂ ਈੇ-ਮੇਲਜ਼ ਰਾਹੀਂ ਉਸ ਰਾਤ ਦੀ ਘਟਨਾ ਨੂੰ ''ਹਾਲ ਹੀ ਵਿੱਚ ਹੋਏ ਕਤਲੇਆਮ'' ਦੇ ਤੌਰ 'ਤੇ ਦੱਸ ਰਹੇ ਸਨ।

ਖ਼ੌਫ਼ ਦੀ ਰਾਤ
ਹੇਲਮੰਦ ਦੇ ਦਿਹਾਤੀ ਇਲਾਕੇ ਨਾਵਾ ਵਿੱਚ 16 ਫ਼ਰਵਰੀ 2011 ਦੀ ਸਵੇਰ 1 ਵਜੇ ਸੈਫ਼ੁੱਲਾ ਦਾ ਪਰਿਵਾਰ ਆਪਣੇ ਘਰ ਡੂੰਘੀ ਨੀਂਦ ਵਿੱਚ ਸੀ।
ਅਚਾਨਕ ਹੈਲੀਕਾਪਟਰ ਦੀ ਗੜਗੜਾਹਟ ਦੀ ਆਵਾਜ਼ ਨਾਲ ਉਨ੍ਹਾਂ ਦੀ ਨੀਂਦ ਖੁੱਲ੍ਹ ਗਈ। ਇਸ ਤੋਂ ਬਾਅਦ ਮੈਗਾਫ਼ੋਨ ਉੱਤੇ ਚੀਕਣ ਦੀਆਂ ਆਵਾਜ਼ਾਂ ਸੁਣੀਆਂ। ਸੈਫ਼ੁੱਲਾ ਉਸ ਵੇਲੇ ਇੱਕ ਨਾਬਾਲਗ ਸਨ, ਪਰ ਛੇਤੀ ਹੀ ਉਹ ਸਪੈਸ਼ਲ ਫੋਰਸਿਜ਼ ਦੇ ''ਮਾਰਨ ਜਾਂ ਫੜਨ'' ਦੇ ਮਿਸ਼ਨ ਦੇ ਦਰਮਿਆਨ ਆਉਣ ਵਾਲੇ ਸਨ।
ਇਹ ਵੀ ਪੜ੍ਹੋ:
ਕਿਸੇ ਵੇਲੇ ਰਾਤ ਦੇ ਸਮੇਂ ਮਾਰਿਆ ਜਾਣ ਵਾਲਾ ਇਹ ਛਾਪਾ ਇੱਕ ਆਮ ਤਰੀਕਾ ਸੀ। ਆਮ ਤੌਰ 'ਤੇ ਇਹ ਮਿਸ਼ਨ ਅਫ਼ਗ਼ਾਨ ਫੋਰਸਿਜ਼ ਨਾਲ ਮਿਲ ਕੇ ਰਾਤ ਦੇ ਹਨੇਰੇ ਵਿੱਚ ਸਿਰੇ ਚਾੜ੍ਹੇ ਜਾਂਦੇ ਸਨ। ਇਨ੍ਹਾਂ ਦਾ ਮੂਲ ਮਕਸਦ ਤਾਲਿਬਾਨ ਦੇ ਵੱਡੇ ਲੜਾਕਿਆਂ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਸੀ।
ਸੈਫ਼ੁੱਲਾ ਨੇ ਬੀਬੀਸੀ ਪੈਨੋਰਮਾ ਨੂੰ ਦੱਸਿਆ, ''ਮੇਰਾ ਪੂਰ ਸਰੀਰ ਡਰ ਦੇ ਕਾਰਨ ਕੰਬ ਰਿਹਾ ਸੀ। ਹਰ ਕੋਈ ਡਰਿਆ ਹੋਇਆ ਸੀ। ਸਾਰੀਆਂ ਔਰਤਾਂ ਤੇ ਬੱਚੇ ਰੋ ਰਹੇ ਸਨ ਅਤੇ ਚੀਕ ਰਹੇ ਸਨ।''

ਉਹ ਦੱਸਦੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਹੱਥ ਬੰਨ੍ਹ ਦਿੱਤੇ ਗਏ ਸਨ ਅਤੇ ਉਨ੍ਹਾਂ ਨੂੰ ਔਰਤਾਂ ਤੇ ਬੱਚਿਆਂ ਦੇ ਨਾਲ ਵੱਖ ਥਾਂ ਉੱਤੇ ਰੱਖਿਆ ਗਿਆ ਸੀ। ਕੁਝ ਦੇਰ ਬਾਅਦ ਉਨ੍ਹਾਂ ਨੇ ਗੋਲੀਆਂ ਦੀ ਆਵਾਜ਼ ਸੁਣੀ।
ਜਦੋਂ ਫ਼ੌਜੀ ਚਲੇ ਗਏ ਤਾਂ ਉਨ੍ਹਾਂ ਦੇ ਘਰ ਦੇ ਕੋਲ ਖ਼ੇਤਾਂ ਵਿੱਚ ਉਨ੍ਹਾਂ ਦੇ ਦੋ ਭਰਾਵਾਂ ਦੀਆਂ ਲਾਸ਼ਾਂ ਮਿਲੀਆਂ। ਉਨ੍ਹਾਂ ਦੇ ਚਚੇਰੇ ਭਰਾ ਦੀ ਲਾਸ਼ ਗੁਆਂਢ ਦੀ ਬਿਲਡਿੰਗ ਵਿੱਚੋਂ ਮਿਲੀ।
ਘਰ ਆ ਕੇ ਦੇਖਿਆਂ ਤਾਂ ਸੈਫ਼ੁੱਲਾ ਦੇ ਪਿਤਾ ਜ਼ਮੀਨ ਉੱਤੇ ਪਏ ਹੋਏ ਸਨ। ਸੈਫ਼ੁੱਲਾ ਦੱਸਦੇ ਹਨ, ''ਉਨ੍ਹਾਂ ਦੇ ਸਿਰ ਅਤੇ ਮੱਥੇ ਉੱਤੇ ਕਈ ਗੋਲੀਆਂ ਸਨ। ਉਨ੍ਹਾਂ ਦਾ ਪੈਰ ਗੋਲੀਆਂ ਕਰਕੇ ਟੁੱਟ ਗਿਆ ਸੀ।''
ਪਿਛਲੇ ਸਾਲ ਪੈਨੋਰਮਾ ਨੇ ਖ਼ੁਲਾਸਾ ਕੀਤੀ ਸੀ ਕਿ ਕਿਸ ਤਰ੍ਹਾਂ ਇਨ੍ਹਾਂ ਛਾਪਿਆਂ ਦੇ ਲ਼ਈ ਟਾਰਗੈੱਟਸ ਦੀ ਪਛਾਣ ਕਰਨ ਵਾਲੀ ਖ਼ੁਫ਼ੀਆ ਜਾਣਕਾਰੀ ਅਕਸਰ ਅਸਲ ਵਿੱਚ ਨਿਸ਼ਾਨਾ ਬਣੇ ਲੋਕਾਂ ਤੋਂ ਵੱਖ ਹੁੰਦੀ ਸੀ।
ਇਸ ਤਰ੍ਹਾਂ ਦੇ ਕਤਲ ਉੱਤੇ ਯੂਐੱਨ ਦੇ ਵਿਸ਼ੇਸ ਦੂਤ ਫ਼ਿਲਿਪ ਏਲਸਟਨ ਨੇ ਪ੍ਰੋਗ੍ਰਾਮ ਨੂੰ ਦੱਸਿਆ ਸੀ, ''ਮੈਨੂੰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਨ੍ਹਾਂ ਵਿੱਚੋਂ ਕਈ ਇਲਜ਼ਾਮ ਸੱਚ ਹਨ ਅਤੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਰਾਤ ਵਿੱਚ ਮਾਰੇ ਗਏ ਛਾਪਿਆਂ ਵਿੱਚ ਵੱਡੀ ਗਿਣਤੀ 'ਚ ਨਾਗਰਿਕਾਂ ਦੀ ਮੌਤ ਹੋਈ ਸੀ।''

ਗ਼ੈਰ ਕਾਨੂੰਨੀ ਕਤਲ
ਸੈਫ਼ੁੱਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਗ਼ਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਦਾ ਗ਼ੈਰ-ਕਾਨੂੰਨੀ ਤਰੀਕੇ ਨਾਲ ਕਤਲ ਕੀਤਾ ਗਿਆ।
ਨਾਵਾ ਜ਼ਿਲ੍ਹੇ 'ਚ ਇਨ੍ਹਾਂ ਕਤਲਾਂ ਖ਼ਿਲਾਫ਼ ਕਾਫ਼ੀ ਵਿਰੋਧ-ਪ੍ਰਦਰਸ਼ਨ ਹੋਏ ਸਨ। ਹੇਲਮੰਡ ਦੇ ਗਵਰਨਰ ਦਾ ਮੰਨਣਾ ਸੀ ਕਿ ਮਾਰੇ ਗਏ ਲੋਕ ਨਿਰਦੋਸ਼ ਨਾਗਰਿਕ ਸਨ।

ਛਾਪੇਮਾਰੀ ਤੋਂ ਬਾਅਦ ਬ੍ਰਿਟਿਸ਼ ਮਿਲਟਿਰੀ ਦੇ ਈ-ਮੇਲਜ਼ ਤੋਂ ਪਤਾ ਲੱਗਦਾ ਹੈ ਕਿ ਅਫ਼ਗਾਨ ਫ਼ੌਜ ਦੇ ਚਸ਼ਮਦੀਦਾਂ ਨੇ ਵੀ ਸੈਫ਼ੁੱਲਾ ਦੀਆਂ ਗੱਲਾਂ ਦੀ ਤਸਦੀਕ ਕੀਤੀ ਸੀ।
ਅਫ਼ਗਾਨੀ ਫ਼ੌਜ ਦੇ ਇੱਕ ਕਮਾਂਡਿੰਗ ਅਫ਼ਸਰ ਨੇ ਕਿਹਾ ਸੀ ਕਿ ਬ੍ਰਿਟਿਸ਼ ਫ਼ੌਜੀਆਂ ਉੱਤੇ ਕੋਈ ਵੀ ਫ਼ਾਇਰਿੰਗ ਨਹੀਂ ਕਰ ਰਿਹਾ ਸੀ। ਇਸ ਦੇ ਬਾਵਜੂਦ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਮਾਰ ਦਿੱਤਾ ਗਿਆ।
ਅਫ਼ਸਰ ਨੇ ਕਿਹਾ ਕਿ ਸੀ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਨਿਰਦੋਸ਼ ਲੋਕ ਸਨ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ।
ਅਫ਼ਗਾਨ ਕਮਾਂਡਰ ਨੇ ਕਿਹਾ ਕਿ ਦੋ ਲੋਕਾਂ ਨੂੰ ਭੱਜਣ ਦੀ ਕੋਸ਼ਿਸ਼ ਕਰਨ ਦੇ ਦੌਰਾਨ ਮਾਰ ਦਿੱਤਾ ਗਿਆ ਅਤੇ ਬਾਕੀ ਦੋ ਲੋਕਾਂ ਨੂੰ ਫੜਨ ਅਤੇ ਉਨ੍ਹਾਂ ਦੀ ਤਲਾਸ਼ੀ ਲਏ ਜਾਣ ਤੋਂ ਬਾਅਦ ਨਿਸ਼ਾਨਾ ਲਗਾ ਕੇ ਮਾਰ ਦਿੱਤਾ ਗਿਆ।

ਅਫ਼ਗਾਨਿਸਤਾਨ ਵਿੱਚ ਬ੍ਰਿਟੇਨ ਦੇ ਅਕਸ ਉੱਤੇ ਦਾਗ
ਈ-ਮੇਲਜ਼ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਘਟਨਾਵਾਂ ਨੇ ਹੇਲਮੰਦ ਤੋਂ ਲੈ ਕੇ ਲੰਡਨ ਤੱਕ ਬਰਤਾਨਵੀ ਫ਼ੌਜ ਨੂੰ ਹਿਲਾ ਕੇ ਰੱਖ ਦਿੱਤਾ ਸੀ।

ਸਪੈਸ਼ਲ ਫੋਰਸੇਜ਼ ਦੇ ਇੱਕ ਸੀਨੀਅਰ ਅਫ਼ਸਰ ਨੇ ਟਿੱਪਣੀ ਕੀਤੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅਫ਼ਗਾਨਿਸਤਾਨ ਵਿੱਚ ਯੂਕੇ ਦੇ ਅਕਸ ਉੱਤੇ ਬੁਰਾ ਅਸਰ ਪਾ ਸਕਦੀਆਂ ਹਨ।
ਹੇਲਮੰਦ 'ਚ ਜਸਟਿਸ ਐਡਵਾਇਜ਼ਰ ਦੇ ਤੌਰ 'ਤੇ ਸੇਵਾਵਾਂ ਦੇ ਚੁੱਕੇ ਇੱਕ ਸਾਬਕਾ ਮਿਲਟਰੀ ਇੰਟੈਲੀਜੈਂਸ ਅਫ਼ਸਰ ਫ੍ਰੈਂਕ ਲੇਡਵਿਜ ਕਹਿੰਦੇ ਹਨ, ''ਆਪਣੇ ਅਫ਼ਗਾਨ ਸਾਥੀਆਂ ਨੂੰ ਸਾਨੂੰ ਦੂਰ ਕਰਨ ਦੇ ਨਾਲ ਹੀ ਕਾਤਲ ਬ੍ਰਿਟਿਸ਼ ਫ਼ੌਜ ਦਾ ਤਰਕ ਘੜਨ 'ਚ ਵਿਰੋਧੀ ਸਫ਼ਲ ਰਹੇ। ਸਪੈਸ਼ਲ ਫੋਰਸੇਜ਼ ਦੇ ਕੁਝ ਲੋਕਾਂ ਦੇ ਕੰਮਾਂ ਨੇ ਕੱਟੜਪੰਥ ਨੂੰ ਰੋਕਣ ਦੀ ਪੂਰੀ ਮੁਹਿੰਮ ਨੂੰ ਡਾਵਾਂਡੋਲ ਕਰ ਦਿੱਤਾ ਹੈ।''

ਅਧਿਕਾਰਤ ਰਿਪੋਰਟ ਵਿੱਚ ਕੀ ਦਰਜ ਹੈ?
ਅਦਾਲਤ ਨੂੰ ਦਿੱਤੇ ਗਏ ਦਸਤਾਵੇਜ਼ਾਂ ਵਿੱਚੋਂ ਕੁਝ ਨੂੰ ਗੁਪਤ (ਕਾਨਫੀਡੈਂਸ਼ਲ) ਦੱਸਿਆ ਗਿਆ ਸੀ।
ਇਸ ਵਿੱਚ ਕਾਨਫੀਡੈਂਸ਼ਲ ਆਪਰੇਸ਼ਨਲ ਸਮਰੀ ਵੀ ਹੈ, ਜਿਸ 'ਚ ਸੈਫ਼ੁੱਲਾ ਦੇ ਘਰ ਉਸ ਰਾਤ ਕੀ ਗੋਇਆ ਸੀ ,ਇਸ ਦਾ ਅਧਿਕਾਰਤ ਬਿਓਰਾ ਦਰਜ ਹੈ।
ਯੂਕੇ ਸਪੈਸ਼ਲ ਫੋਰਸਿਜ਼ ਨੇ ਖ਼ਬਰ ਦਿੱਤੀ ਸੀ ਕਿ ਕੰਪਲੈਕਸ ਨੂੰ ਸੁਰੱਖਿਅਤ ਕਰਨ ਤੋਂ ਬਾਅਦ ਉਹ ਕਮਰਿਆਂ ਵਿੱਚ ਤਲਾਸ਼ੀ ਲਈ ਜਾ ਰਹੇ ਸਨ ਅਤੇ ਉਨ੍ਹਾਂ ਨੇ ਇੱਕ ਅਫ਼ਗ਼ਾਨ ਨੂੰ ਫੜ ਲਿਆ ਸੀ।
ਉੱਥੇ ਉਸ ਸ਼ਖ਼ਸ ਨੇ ਅਚਾਨਕ ਪਰਦੇ ਦੇ ਪਿੱਛੇ ਪਏ ਗ੍ਰੇਨੇਡ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਰਿਪੋਰਟ 'ਚ ਕਿਹਾ ਗਿਆ ਹੈ, ''ਉਹ ਇੱਕ ਖ਼ਤਰਾ ਸੀ। ਟੀਮ ਨੂੰ ਕਵਰ ਲੈਣਾ ਪਿਆ, ਗ੍ਰੇਨੇਡ ਫਟਿਆ ਨਹੀਂ।''
ਇਹ ਸ਼ਖ਼ਸ ਸੈਫ਼ੁੱਲਾ ਦੇ ਪਿਤਾ ਸਨ।

ਗੋਲੀ ਚੱਲਣ ਤੋਂ ਬਾਅਦ ਇੱਕ ਹੋਰ ਅਫ਼ਗ਼ਾਨ ਗੁਆਂਢ ਦੀ ਇਮਾਰਤ ਵਿੱਚ ਵੜ ਗਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਹਥਿਆਰ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਉਸੇ ਦੌਰਾਨ ਉਹ ਮਾਰਿਆ ਗਿਆ। ਇਹ ਸ਼ਖ਼ਸ ਸੈਫ਼ੁੱਲਾ ਦਾ ਚਚੇਰਾ ਭਰਾ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੈਫ਼ੁੱਲਾ ਦੇ ਦੋਵੇਂ ਭਰਾ ਭੱਜ ਗਏ। ਇੱਕ ਭਰਾ ਝਾੜੀਆਂ ਵਿੱਚ ਲੁਕ ਗਿਆ, ਉਸ ਦੇ ਹੱਥ 'ਚ ਗ੍ਰੇਨੇਡ ਸੀ, ਇਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ ਗਈ।
ਦੂਜਾ ਭਰਾ ਥੋੜ੍ਹੀ ਹੀ ਦੂਰ ਮਸ਼ੀਨਗਨ ਦੇ ਨਾਲ ਲੁਕਿਆ ਹੋਇਆ ਸੀ। ਜਦੋਂ ਉਹ ਹਥਿਆਰ ਦੇ ਨਾਲ ਬਾਹਰ ਨਿਕਲਿਆ ਤਾਂ ਉਸ ਨੂੰ ਵੀ ਗੋਲੀ ਮਾਰ ਦਿੱਤੀ ਗਈ।
ਅਜਿਹਾ ਮੰਨਿਆਂ ਜਾਂਦਾ ਹੈ ਕਿ ਇਸ ਘਟਨਾ ਤੋਂ ਬਾਅਦ ਫ਼ੌਜੀਆਂ ਦੇ ਆਪਸ ਵਿੱਚ ਭੇਜੇ ਗਏ ਈ-ਮੇਲਜ਼ ਵਿੱਚ ਇਸ ਘਟਨਾ ਉੱਤੇ ਚਿੰਤਾ ਜਤਾਈ ਗਈ ਸੀ।
ਡਿਫੈਂਸ ਮਿਨਿਸਟਰੀ ਦੇ ਇੱਕ ਬੁਲਾਰੇ ਨੇ ਕਿਹਾ, ''ਇਹ ਕੋਈ ਨਵੀਂ ਗੱਲ ਨਹੀਂ ਹੈ ਅਤੇ ਇਸ ਇਤਿਹਾਸਿਕ ਕੇਸ ਦੀ ਜਾਂਚ ਸਵਤੰਤਰ ਰੂਪ ਵਿੱਚ ਰਾਇਲ ਮਿਲਟਰੀ ਪੁਲਿਸ ਕਰ ਚੁੱਕੀ ਹੈ। ਇਸ ਦੀ ਇੱਕ ਸਵਤੰਤਰ ਸਮੀਖਿਆ ਟੀਮ ਨੇ ਚਾਰ ਵਾਰ ਸਮੀਖਿਆ ਵੀ ਕੀਤੀ ਹੈ।''
''ਸਰਵਿਸ ਪੁਲਿਸ ਅਤੇ ਸਰਵਿਸ ਪ੍ਰੋਸੀਕਿਊਟਿੰਗ ਅਥਾਰਟੀ ਨਿਸ਼ਚਤ ਤੌਰ 'ਤੇ ਨਵੇਂ ਮਾਮਲੇ ਸਾਹਮਣੇ ਆਉਣ 'ਤੇ ਇਲਜ਼ਾਮਾਂ ਦੀ ਜਾਂਚ ਕਰਨ ਲਈ ਤਿਆਰ ਹਨ।''

ਇਨਸਾਫ਼ ਦੇ ਰਾਹ ਵਿੱਚ ਰੋੜਾ
ਇਸੇ ਤਰ੍ਹਾਂ ਦੇ ਹੋਰ ਮਾਮਲਿਆਂ ਵਿੱਚ ਵੀ ਇੱਕੋ ਜਿਹੇ ਪੈਟਰਨ ਨੇ ਯੂਕੇ ਸਪੈਸ਼ਲ ਫੋਰਸੇਜ਼ ਦੇ ਇੰਗਲੈਂਡ ਵਿੱਚ ਹੈੱਡਕੁਆਰਟਰ 'ਚ ਕਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਅਦਾਲਤ ਦੇ ਦਸਤਾਵੇਜ਼ ਦਿਖਾਉਂਦੇ ਹਨ ਕਿ ਇੱਕ ਰਿਵੀਊ ਦਾ ਹੁਕਮ ਦਿੱਤਾ ਗਿਆ ਸੀ।
ਸਪੈਸ਼ਲ ਫੋਰਸੇਜ਼ ਦੇ ਇੱਕ ਮੇਜਰ ਨੇ ਦਸੰਬਰ 2010 ਤੋਂ ਅਪ੍ਰੈਲ 2011 ਵਿਚਾਲੇ ਸਪੈਸ਼ਲ ਫੋਰਸੇਜ਼ ਵੱਲੋਂ ਮਾਰੇ ਗਏ ਲੋਕਾਂ ਦੀ ਸਾਰੀਆਂ ਅਧਿਕਾਰਤ ਰਿਪੋਰਟਾਂ ਦੀ ਪੜਤਾਲ ਕੀਤੀ।''
ਉਨ੍ਹਾਂ ਨੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਲਿਖਿਆ ਕਿ ਮਾਰੇ ਗਏ ਲੋਕਾਂ ਦੀ ਗਿਣਤੀ ਉਨ੍ਹਾਂ ਨੂੰ ਇਸ ਨਤੀਜੇ ਉੱਤੇ ਲੈ ਜਾਂਦੀ ਹੈ ਕਿ ''ਸਾਨੂੰ ਇਸ ਵੇਲੇ ਕੁਝ ਗ਼ਲਤ ਚੀਜ਼ਾਂ ਹਾਸਿਲ ਹੋ ਰਹੀਆਂ ਹਨ।''
ਉਨ੍ਹਾ ਦੀ ਰਿਪੋਰਟ ਵਿੱਚ ਇਸ ਤਰ੍ਹਾਂ ਦੇ 10 ਮਾਮਲਿਆਂ ਦਾ ਜ਼ਿਕਰ ਹੈ। ਇਨ੍ਹਾਂ ਵਿੱਚ ਅਧਿਕਾਰਤ ਕਾਗਜ਼ੀ ਕਾਰਵਾਈ ਵਿੱਚ ਇੱਕੋ ਤਰ੍ਹਾਂ ਦੇ ਬਿਓਰੇ ਪਾਏ ਗਏ ਹਨ ਜਿਨ੍ਹਾਂ ਤੋਂ ਸ਼ੱਕ ਪੈਦਾ ਹੁੰਦਾ ਹੈ।
ਸਾਰੇ ਮਾਮਲਿਆਂ ਵਿੱਚ ਜਿਹੜੇ ਲੋਕਾਂ ਨੂੰ ਮਾਰ ਦਿੱਤਾ ਗਿਆ ਉਨ੍ਹਾਂ ਨੂੰ ਪਹਿਲਾਂ ਹੀ ਫੜ ਲਿਆ ਗਿਆ ਸੀ ਅਤੇ ਬਿਲਡਿੰਗ ਦੀ ਤਲਾਸ਼ੀ ਦੌਰਾਨ ਅਚਾਨਕ ਉਨ੍ਹਾਂ ਨੇ ਇੱਕ ਹਥਿਆਰ ਚੁੱਕ ਲਿਆ ਸੀ।

ਤਸਵੀਰ ਸਰੋਤ, family of fazel mohammed
ਮੇਜਰ ਨੇ ਇਹ ਵੀ ਪਾਇਆ ਕਿ ਘੱਟੋ-ਘੱਟ ਪੰਜ ਵੱਖ-ਵੱਖ ਮਾਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਉਨ੍ਹਾਂ ਕੋਲੋਂ ਬਰਾਮਦ ਹੋਏ ਹਥਿਆਰਾਂ ਦੇ ਮੁਕਾਬਲੇ ਜ਼ਿਆਦਾ ਸੀ। ਇਸ ਦਾ ਮਤਲਬ ਹੈ ਕਿ ਜਾਂ ਤਾਂ ਹਥਿਆਰ ਗਾਇਬ ਹੋ ਗਏ ਜਾਂ ਫ਼ਿਰ ਜੋ ਲੋਕ ਮਾਰੇ ਗਏ ਉਨ੍ਹਾਂ ਕੋਲ ਹਥਿਆਰ ਨਹੀਂ ਸਨ।
ਇੱਕ ਮਾਮਲੇ ਵਿੱਚ 9 ਲੋਕਾਂ ਦਾ ਕਤਲ ਹੋਇਆ ਅਤੇ ਸਿਰਫ਼ ਤਿੰਨ ਹਥਿਆਰ ਬਰਾਮਦ ਹੋਏ।
ਪੈਨੋਰਮਾ ਦੀ ਰਿਪੋਰਟ ਸੀ ਕਿ ਰਾਇਲ ਮਿਲਟਿਰੀ ਪੁਲਿਸ (RMP) ਦੀ ਵੱਡੇ ਪੱਧਰ ਉੱਤੇ ਖੋਜਬੀਨ ਨੂੰ ਆਪਰੇਸ਼ ਨੌਰਥਮੂਰ ਦਾ ਨਾਮ ਦਿੱਤਾ ਗਿਆ। ਇਸ ਜਾਂਚ ਵਿੱਚ ਰਾਤ 'ਚ ਮਾਰੇ ਗਏ ਛਾਪਿਆਂ ਵਿੱਚ ਦਰਜਨਾਂ ਕਤਲ ਸ਼ਾਮਿਲ ਸਨ। ਇਨ੍ਹਾਂ ਵਿੱਚੋਂ ਸੈਫ਼ੁੱਲਾ ਦੇ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਵੀ ਸ਼ਾਮਲ ਸੀ।
16 ਫ਼ਰਵਰੀ 2011 ਦੀ ਛਾਪੇਮਾਰੀ ਵਿੱਚ ਹਿੱਸਾ ਲੈਣ ਵਾਲੇ ਸਪੈਸ਼ਲ ਫੋਰਸੇਜ਼ ਦੇ ਫ਼ੌਜੀਆਂ ਨਾਲ RMP ਨੇ ਗੱਲਬਾਤ ਕੀਤੀ। ਇਸ ਗੱਲਬਾਤ ਵਿੱਚ ਇਨ੍ਹਾਂ ਸਾਰੇ ਫ਼ੌਜੀਆਂ ਨੇ ਦਾਅਵਾ ਕੀਤਾ ਕਿ ਉਹ ਉਸ ਰਾਤ ਦੇ ਮਿਸ਼ਨ ਦੇ ਬਿਓਰੇ ਨੂੰ ਸਹੀ ਢੰਗ ਨਾਲ ਯਾਦ ਨਹੀਂ ਕਰ ਪਾ ਰਹੇ ਹਨ।
ਪਰ ਸਰਕਾਰ ਨੇ ਆਪਰੇਸ਼ਨ ਨੌਰਥਮੂਰ ਨੂੰ ਬੰਦ ਕਰ ਦਿੱਤਾ। ਸਾਰੇ ਇਲਜ਼ਾਮ ਹਟਾ ਦਿੱਤੇ ਗਏ ਅਤੇ ਇਸ 'ਚ ਇੱਕ ਵੀ ਕੇਸ ਨਹੀਂ ਚੱਲਿਆ।
ਫ੍ਰੈਂਕ ਲੇਡਵਿਜ ਕਹਿੰਦੇ ਹਨ, ''ਇੰਝ ਲਗਦਾ ਹੈ ਕਿ ਬ੍ਰਿਟਿਸ਼ ਸਪੈਸ਼ਲ ਫੋਰਸੇਜ਼ ਦੀ ਇੱਕ ਖ਼ਾਸੀਅਤ ਇਹ ਹੈ ਕਿ ਉਹ ਅਸਲ 'ਚ ਕਿਸੇ ਦੇ ਲਈ ਜਵਾਬਦੇਹ ਨਹੀਂ ਹੈ।''

ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












