ਇੱਥੇ 350 ਤੋਂ ਜ਼ਿਆਦਾ ਹਾਥੀ ਮਰੇ ਮਿਲੇ ਪਰ ਕਾਰਨ ਸਮਝ ਨਹੀਂ ਆ ਰਿਹਾ

ਪਿਛਲੇ 2 ਮਹੀਨਿਆਂ ਦੌਰਾਨ ਬੋਟਸਵਾਨਾ ਵਿੱਚ ਸੈਂਕੜੇ ਹਾਥੀਆਂ ਦੀ ਮੌਤ ਦਾ ਰਹੱਸ ਗਹਿਰਾਇਆ ਹੋਇਆ ਹੈ।

ਬ੍ਰਿਟੇਨ-ਸਥਿਤ ਚੈਰਿਟੀ ਸੰਸਥਾ 'ਨੈਸ਼ਨਲ ਪਾਰਕ' ਨਾਲ ਸਬੰਧਤ ਡਾ. ਨਾਈਲ ਮੈਕਕੈਨ ਦਾ ਕਹਿਣਾ ਹੈ ਕਿ ਦੱਖਣੀ ਅਫਰੀਕਾ ਦੇ ਸਹਿਯੋਗੀਆਂ ਨੇ ਓਕਾਵਾਂਗੋ ਇਲਾਕੇ ਵਿੱਚ ਮਈ ਤੋਂ ਲੈ ਕੇ ਹੁਣ ਤੱਕ 350 ਤੋਂ ਵੱਧ ਹਾਥੀਆਂ ਦੀਆਂ ਲਾਸ਼ਾਂ ਮਿਲੀਆਂ ਹਨ।

ਅਫਰੀਕਾ ਵਿੱਚ ਉਂਝ ਵੀ ਹਾਥੀਆਂ ਦੀ ਗਿਣਤੀ ਘਟ ਰਹੀ ਹੈ। ਮਹਾਂਦੀਪ ਵਿੱਚ ਹਾਥੀਆਂ ਦੀ ਜਿੰਨੀ ਵੀ ਗਿਣਤੀ ਹੈ, ਉਸ ਦਾ ਤੀਜਾ ਹਿੱਸਾ ਬੋਟਸਵਾਨਾ ਵਿੱਚ ਰਹਿੰਦਾ ਹੈ। ਇਹ ਜਾਨਵਰ ਕਿਉਂ ਮਰ ਰਹੇ ਹਨ? ਸਰਕਾਰ ਮੁਤਾਬਕ ਲੈਬ ਦੇ ਨਤੀਜੇ ਅਜੇ ਹਫ਼ਤਿਆਂ ਬਾਅਦ ਆਉਣਗੇ।

ਇਹ ਵੀ ਪੜ੍ਹੋ:

ਚਿਤਾਵਨੀ: ਕੁਝ ਤਸਵੀਰਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ

ਡਾ. ਮੈਕਕੈਨ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਸਰਕਾਰ ਨੂੰ ਮਈ ਵਿੱਚ ਚਿਤਾਵਨੀ ਦਿੱਤੀ ਸੀ। "ਇੱਕ 3 ਘੰਟਿਆਂ ਦੀ ਉਡਾਣ ਦੌਰਾਨ 169 ਹਾਥੀ ਨਜ਼ਰ ਆਏ ਸਨ।"

"ਇੱਕ ਮਹੀਨੇ ਬਾਅਦ, ਅਗਲੇਰੀ ਜਾਂਚ ਵਿੱਚ ਕਈ ਹੋਰ ਲਾਸ਼ਾਂ ਮਿਲੀਆਂ, ਜਿਸ ਤੋਂ ਬਾਅਦ ਇਹ ਅੰਕੜਾ 350 ਨੂੰ ਪਾਰ ਕਰ ਗਿਆ।"

ਉਨ੍ਹਾਂ ਨੇ ਅੱਗੇ ਦੱਸਿਆ, "ਇੰਨੀ ਵੱਡੀ ਗਿਣਤੀ ਵਿੱਚ ਹਾਥੀਆਂ ਦੀਆਂ ਲਾਸ਼ਾਂ ਮਿਲਣੀਆਂ ਬੇਹੱਦ ਅਜੀਬ ਘਟਨਾ ਹੈ, ਉਹ ਵੀ ਜਦੋਂ ਸੋਕਾ ਵੀ ਨਹੀਂ ਹੈ।"

ਇੱਕ ਹੋਰ ਸੰਸਥਾ ਅਤੇ ਵੈੱਬਸਾਈਟ Phys.org ਮੁਤਾਬਕ ਮਈ ਵਿੱਚ ਬੋਟਸਵਾਨਾ ਸਰਕਾਰ ਨੇ ਹਾਥੀ ਦੰਦ ਕੱਢੇ ਜਾਣ ਦਾ ਹਵਾਲਾ ਦੇ ਕੇ ਗ਼ੈਰ-ਕਾਨੂੰਨੀ ਸ਼ਿਕਾਰ 'ਤੇ ਰੋਕ ਲਗਾ ਦਿੱਤੀ।

ਪਰ ਇੱਥੇ ਗ਼ੈਰ-ਕਾਨੂੰਨੀ ਸ਼ਿਕਾਰ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਨਜ਼ਰ ਆ ਰਹੀਆਂ ਹਨ।

ਡਾ. ਮੈਕਕੇਨ ਕਹਿੰਦੇ ਹਨ, "ਸਿਰਫ਼ ਹਾਥੀ ਹੀ ਮਰ ਰਹੇ ਹਨ, ਹੋਰ ਕੋਈ ਜਾਨਵਰ ਨਹੀਂ। ਜੇਕਰ ਸ਼ਿਕਾਰੀਆਂ ਵੱਲੋਂ ਸਾਇਨਾਈਡ ਦੀ ਵਰਤੋਂ ਕੀਤੀ ਗਈ ਹੈ ਤਾਂ ਹੋਰ ਵੀ ਮੌਤਾਂ ਦੇਖਣ ਨੂੰ ਮਿਲ ਸਕਦੀਆਂ ਹਨ।”

ਡਾ. ਮੈਕਕੈਨ ਨੇ ਫਿਲਹਾਲ ਕਿਹਾ ਹੈ ਕਿ ਐਂਥਰੈਕਸ ਦਾ ਮਾਮਲਾ ਤਾਂ ਨਹੀਂ ਲਗ ਰਿਹਾ। ਐਂਥਰੈਕਸ ਨਾਲ ਪਿਛਲੇ ਸਾਲ 100 ਹਾਥੀਆਂ ਦੀ ਮੌਤ ਹੋਈ ਸੀ।

"ਜਿਸ ਤਰ੍ਹਾਂ ਮੌਤਾਂ ਹੋ ਰਹੀਆਂ ਹਨ ਤੇ ਹਾਥੀ ਸਿਰ ਦੇ ਭਾਰ ਡਿੱਗੇ ਮਿਲੇ ਹਨ, ਇੰਝ ਲਗਦਾ ਹੈ ਕਿ ਉਨ੍ਹਾਂ ਦੇ ਦਿਮਾਗ਼ੀ ਤੰਤਰ ਉੱਤੇ ਕਿਸੇ ਚੀਜ਼ ਦਾ ਅਸਰ ਪਿਆ ਹੈ। ਕਈ ਵਾਰ ਤਾਂ ਹਾਥੀ ਗੋਲ-ਗੋਲ ਘੁੰਮਦੇ ਵੀ ਨਜ਼ਰ ਆਏ।"

ਡਾ. ਮੈਕਕੈਨ ਕਹਿੰਦੇ ਹਨ ਕਿ ਬਿਨਾਂ ਕਿਸੇ ਸਰੋਤ ਦੇ ਇਹ ਕਹਿਣਾ ਅਸੰਭਵ ਹੈ ਕਿ ਇਹ ਬਿਮਾਰੀ ਮਨੁੱਖਾਂ ਵਿੱਚ ਵੀ ਫੈਲ ਸਕਦੀ ਹੈ, ਖ਼ਾਸ ਕਰਕੇ ਜੇ ਕਾਰਨ ਪਾਣੀ ਜਾਂ ਮਿੱਟੀ ਹੋਵੇ, ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਕੋਵਿਡ-19 ਵੀ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਿਆ ਹੈ।

ਬੋਟਸਵਾਨਾ ਵਿੱਚ ਜੰਗਲੀ ਜੀਵਨ ਵਿਭਾਗ ਦੇ ਡਾਇਰੈਕਟਰ ਸਿਰਿਲ ਟੋਅਲੋ ਨੇ ਅਖ਼ਬਾਰ ‘ਗਾਰਡੀਅਨ’ ਨੂੰ ਦੱਸਿਆ ਹੈ ਕਿ ਹੁਣ ਤੱਕ ਘੱਟੋ-ਘੱਟ 280 ਹਾਥੀ ਮਰ ਚੁੱਕੇ ਹਨ ਅਤੇ ਬਾਕੀਆਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਟੈਸਟਿੰਗ ਲਈ ਸੈਂਪਲ ਭੇਜੇ ਹਨ ਅਤੇ ਅਗਲੇ ਕੁਝ ਹਫ਼ਤਿਆਂ ਵਿੱਚ ਇਸ ਦੇ ਨਤੀਜੇ ਆਉਣ ਦੀ ਆਸ ਹੈ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ