You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦੇ ਇਲਾਜ ਲਈ ਟਰੰਪ ਵੱਲੋਂ ਸੁਝਾਏ ਗਏ ਤਰੀਕੇ ਦੇ ਅਸਰ ਦੀ ਸੱਚਾਈ
ਕੋਰੋਨਾਵਾਇਰਸ ਦੇ ਇਲਾਜ ਲਈ ਜੀਵਾਣੂ-ਨਾਸ਼ਕਾਂ ਦੇ ਟੀਕੇ ਬਾਰੇ ਖੋਜ ਕਰਨ ਦੀ ਸਲਾਹ ਦੇਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਮੈਡੀਕਲ ਭਾਈਚਾਰਾ ਚੁਫੇਰਿਓਂ ਆਲੋਚਨਾ ਕਰ ਰਿਹਾ ਹੈ।
ਉਨ੍ਹਾਂ ਨੇ ਮਰੀਜ਼ਾਂ ਦਾ ਪਰਾਬੈਂਗਣੀ ਕਿਰਨਾਂ ਨਾਲ ਇਲਾਜ ਕਰਨ ਦੀ ਸਲਾਹ ਵੀ ਕੱਢ ਮਾਰੀ ਸੀ ਜਿਸ ਨੂੰ ਕਿ ਉਸੇ ਪ੍ਰੈੱਸ ਕਾਨਫ਼ਰੰਸ ਵਿੱਚ ਡਾਕਟਰਾਂ ਨੇ ਖਾਰਜ ਕਰ ਦਿੱਤਾ ਸੀ।
ਉਸ ਤੋਂ ਕੁਝ ਦੇਰ ਪਹਿਲਾਂ ਰਾਸ਼ਟਰਪਤੀ ਦੇ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਧੁੱਪ ਅਤੇ ਜੀਵਾਣੂ-ਨਾਸ਼ਕ ਲਾਗ ਨੂੰ ਖ਼ਤਮ ਕਰਦੇ ਹਨ।
ਜੀਵਾਣੂ-ਨਾਸ਼ਕ ਇੱਕ ਜ਼ਹਿਰੀਲੇ ਉਤਪਾਦ ਹਨ ਜੋ ਸਰੀਰ ਵਿੱਚ ਜਾ ਕੇ ਜਾਨਲੇਵਾ ਸਾਬਤ ਹੋ ਸਕਦੇ ਹਨ।
ਇੱਥੋਂ ਤੱਕ ਕਿ ਬਾਹਰੀ ਚਮੜੀ ਦੇ ਸੰਪਰਕ ਵਿੱਚ ਆਉਣ 'ਤੇ ਇਹ ਖੁਜਲੀ, ਅੱਖਾਂ ਅਤੇ ਸਾਹ ਵਿੱਚ ਦਿੱਕਤ ਹੋ ਸਕਦੀ ਹੈ।
ਰਾਸ਼ਟਪਤੀ ਨੇ ਕਿਹਾ ਕੀ ਸੀ?
ਵੀਰਵਾਰ ਨੂੰ ਵ੍ਹਾਈਟ ਹਾਊਸ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਇੱਕ ਅਧਿਕਾਰੀ ਨੇ ਇੱਕ ਸਰਕਾਰੀ ਖੋਜ ਦੇ ਨਤੀਜੇ ਸਾਂਝੇ ਕੀਤੇ। ਇਨ੍ਹਾਂ ਨਤੀਜਿਆਂ ਵਿੱਚ ਕਿਹਾ ਗਿਆ ਸੀ ਕਿ ਕੋਰੋਨਾਵਾਇਰਸ ਧੁੱਪ ਅਤੇ ਪਰਾਬੈਂਗਣੀ ਪ੍ਰਕਾਸ਼ ਵਿੱਚ ਕਮਜ਼ੋਰ ਹੋ ਜਾਂਦਾ ਹੈ।
ਅਧਿਐਨ ਵਿੱਚ ਇਹ ਵੀ ਕਿਹਾ ਗਿਆ ਕਿ ਬਲੀਚ, ਬਲਗ਼ਮ ਅਤੇ ਰੇਸ਼ੇ ਵਿੱਚ ਮੌਜੂਦ ਕੋਰੋਨਾਵਾਇਰਸ ਨੂੰ ਪੰਜਾਂ ਮਿੰਟਾਂ ਵਿੱਚ ਹੀ ਮਾਰ ਸਕਦਾ ਹੈ। ਜਦਕਿ ਇਸੋਪ੍ਰੋਪਾਈਲ ਅਲਕੌਹਲ ਤਾਂ ਇਸ ਨੂੰ ਉਸ ਤੋਂ ਵੀ ਪਹਿਲਾਂ ਮਾਰ ਸਕਦੀ ਹੈ।
ਇਹ ਲੱਭਤਾਂ ਅਮਰੀਕਾ ਦੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਊਰਿਟੀਜ਼ ਸਾਇੰਸ ਐਂਡ ਟੈਕਨੌਲੋਜੀ ਡਾਇਰੈਕਟੋਰੇਟ ਦੇ ਕਾਰਜਾਕਾਰੀ ਨਿਰਦੇਸ਼ਕ ਵਿਲੀਅਮ ਬਰਾਇਨ ਨੇ ਸਾਂਝੀਆਂ ਕੀਤੀਆਂ।
ਇਸ ਤੋਂ ਬਾਅਦ ਟਰੰਪ ਨੇ ਖੋਜ ਬਾਰੇ ਅਹਿਤਿਆਤ ਵਰਤਦਿਆਂ ਖੋਜ ਜਾਰੀ ਰੱਖਣ ਦੀ ਸਲਾਹ ਦਿੱਤੀ।
"ਸੋ, ਇਹ ਮੰਨਦੇ ਹੋਏ ਕਿ ਅਸੀਂ ਸਰੀਰ ਉੱਪਰ ਬੇਹੱਦ ਸ਼ਕਤੀਸ਼ਾਲੀ-ਭਾਵੇਂ ਪਰਾਬੈਂਗਣੀ ਹੋਵੇ ਜਾਂ ਸਿਰਫ਼ ਕੋਈ ਬਹੁਤ ਤਾਕਤਵਰ ਰੌਸ਼ਨੀ ਹੋਵੇ-ਮਾਰੀਏ।"
ਇਸ ਤੋਂ ਬਾਅਦ ਰਾਸ਼ਟਰਪਤੀ ਡਾ ਡੈਬਰਾਹ ਬਰਿਕਸ ਵੱਲ ਮੁੜੇ ਜੋ ਕਿ ਵ੍ਹਾਈਟ ਹਾਊਸ ਦੇ ਕੋਰੋਨਾਵਿਰਸ ਦੇ ਮਾਮਲਿਆਂ ਦੇ ਕੋਆਰਡੀਨੇਟਰ ਹਨ। ਉਨ੍ਹਾਂ ਨੇ ਕਿਹਾ, "ਅਤੇ ਮੈਂ ਸੋਚਦਾ ਹਾਂ ਕਿ ਤੁਸੀਂ ਇਸ ਦੀ ਜਾਂਚ ਨਹੀਂ ਕੀਤੀ ਪਰ ਤੁਸੀਂ ਕਰਨ ਜਾ ਰਹੇ ਹੋ।"
ਰਾਸ਼ਟਰਪਤੀ ਨੇ ਜਾਰੀ ਰਹਿੰਦਿਆਂ ਕਿਹਾ, "ਅਤੇ ਫਿਰ ਮੈਂ ਕਿਹਾ, ਇਹ ਮੰਨਦੇ ਹੋਏ ਕਿ ਤੁਸੀਂ ਪ੍ਰਕਾਸ਼ ਸਰੀਰ ਦੇ ਅੰਦਰ ਲਿਆਏ, ਜੋ ਤੁਸੀਂ ਚਮੜੀ ਰਾਹੀਂ ਜਾਂ ਕਿਸੇ ਹੋਰ ਤਰੀਕੇ ਕਰ ਸਕਦੇ ਹੋ। ਅਤੇ ਮੈਂ ਸੋਚਦਾ ਹਾਂ ਤੁਸੀਂ ਕਿਹਾ ਕਿ ਤੁਸੀਂ ਇਸ ਦੀ ਵੀ ਜਾਂਚ ਕਰਨ ਜਾ ਰਹੇ ਹੋ।"
"ਫਿਰ ਮੈਂ ਦੇਖਦਾ ਹਾਂ ਜੀਵਾਣੂ-ਨਾਸ਼ਕ ਜੋ ਇਸ ਨੂੰ ਇੱਕ ਮਿੰਟ ਵਿੱਚ ਹੀ ਮਾਰ ਦਿੰਦਾ ਹੈ। ਇੱਕ ਮਿੰਟ। ਕੀ ਇਸ ਦਾ ਕੋਈ ਰਾਹ ਹੈ, ਟੀਕੇ ਰਾਹੀਂ ਜਾਂ ਲਗਭਗ ਸਫ਼ਾਈ ਰਾਹੀਂ?"
"ਇਹ ਜਾਂਚਣਾ ਦਿਲਚਸਪ ਹੋਵੇਗਾ।"
ਰਾਸ਼ਟਰਪਤੀ ਨੇ ਆਪਣਾ ਸਿਰ ਹਿਲਾਉਂਦਿਆਂ ਕਿਹਾ, "ਮੈਂ ਕੋਈ ਡਾਕਟਰ ਤਾਂ ਨਹੀਂ ਹਾਂ ਪਰ ਮੈਂ ਇੱਕ ਅਜਿਹਾ ਆਦਮੀ ਹਾਂ ਜਿਸ ਕੋਲ ਚੰਗੀ- ਤੁਹਾਨੂੰ-ਪਤਾ ਹੈ- ਕੀ ਹੈ।"
ਇਸ ਤੋਂ ਪਹਿਲਾਂ ਇੱਕ ਵਾਰ ਉਨ੍ਹਾਂ ਨੇ ਕਿਹਾ ਸੀ ਕਿ ਉਹ ਡਾਕਟਰ ਤਾਂ ਨਹੀਂ ਹਨ ਪਰ ਉਨ੍ਹਾਂ ਕੋਲ ਚੰਗੀ ਸਧਾਰਨ-ਸੂਝ ਹੈ।
ਉਹ ਡਾ. ਬਰਾਇਨ ਵੱਲ ਇੱਕ ਵਾਰ ਫਿਰ ਮੁੜੇ ਅਤੇ ਪੁੱਛਿਆ, ਕੀ ਉਨ੍ਹਾਂ ਨੇ ਕੋਰੋਨਾਵਾਇਰਸ ਨੂੰ ਠੀਕ ਕਰਨ ਲਈ "ਤਾਪ ਅਤੇ ਰੌਸ਼ਨੀ ਨੂੰ ਵਰਤਣ" ਬਾਰੇ ਸੁਣਿਆ ਹੈ।
ਇਸ ਤੇ ਡਾ. ਬਰਾਇਨ ਨੇ ਕਿਹਾ, "ਇਲਾਜ ਵਜੋਂ ਨਹੀਂ।"
ਰਾਸ਼ਟਰਪਤੀ ਟਰੰਪ ਨੇ ਕਿਹਾ, "ਮੈਂ ਸੋਚਦਾ ਹਾਂ ਇਹ ਜਾਂਚਣ ਲਈ ਚੰਗੀ ਚੀਜ਼ ਹੈ।"
ਜੀਵਾਣੂ-ਨਾਸ਼ਕ ਸਰੀਰ ਦੇ ਅੰਦਰ ਕੰਮ ਨਹੀਂ ਕਰਦੇ
ਬੀਬੀਸੀ ਦੀ ਸਿਹਤ ਪੱਤਰਕਾਰ ਰੇਚਲ ਸੈਸ਼ਰ ਦਾ ਵਿਸ਼ਲੇਸ਼ਣ
ਜੀਵਾਣੂ-ਨਾਸ਼ਕ ਬਾਹਰੀ ਸਤਾਹ ਉੱਪਰ ਵਾਇਰਸ ਨੂੰ ਮਾਰ ਸਕਦੇ ਹਨ। ਇਹ ਤੁਹਾਡੇ ਵੱਲੋਂ ਛੂਹੀਆਂ ਜਾਣ ਵਾਲੀਆਂ ਵਸਤਾਂ ਨੂੰ ਐਂਟੀ-ਮਾਈਕ੍ਰੋਬਾਈਅਲ ਤੱਤਾਂ ਵਾਲੇ ਉਤਪਾਦਾਂ — ਜਿਵੇਂ ਅਜਿਹੇ ਉਤਪਾਦ ਜਿਨ੍ਹਾਂ ਵਿੱਚ ਐਲਕੋਹਲ ਦੀ ਮਾਤਰਾ ਕਾਫ਼ੀ ਜ਼ਿਆਦਾ ਹੋਵੇ— ਨਾਲ ਸਾਫ਼ ਰੱਖਣਾ ਇੱਕ ਚੰਗਾ ਵਿਚਾਰ ਹੈ।
ਇਸ ਗੱਲ ਦੇ ਵੀ ਸਬੂਤ ਹਨ ਕਿ ਵਾਇਰਸ ਨੰਗੀਆਂ ਥਾਵਾਂ 'ਤੇ ਸਿੱਧੀ ਧੁੱਪ ਵਿੱਚ ਜਲਦੀ ਮਰ ਜਾਂਦੇ ਹਨ। ਜਦਕਿ ਸਾਨੂੰ ਇਹ ਨਹੀਂ ਪਤਾ ਕਿ ਇਸ ਲਈ ਪਰਾਬੈਂਗਣੀ ਰੌਸ਼ਨੀ ਉਨ੍ਹਾਂ ਉੱਪਰ ਕਿੰਨੀ ਅਤੇ ਕਿੰਨੀ ਦੇਰ ਤੱਕ ਮਾਰਨੀ ਪਵੇਗੀ। ਇਸ ਲਈ ਤੁਸੀਂ ਆਪਣੇ ਹੱਥ ਵਾਰ-ਵਾਰ ਧੋ ਕੇ ਅਤੇ ਆਪਣੇ ਨੱਕ-ਮੂੰਹ ਨੂੰ ਛੋਹਣ ਤੋਂ ਬਚ ਕੇ ਕਿਤੇ ਜ਼ਿਆਦਾ ਸੁਰੱਖਿਅਤ ਰਹਿ ਸਕਦੇ ਹੋ।
ਅਸਲ ਵਿੱਚ ਤਾਂ ਇਸ ਦਾ ਸੰਬੰਧ ਦੂਸ਼ਤ ਵਸਤਾਂ ਅਤੇ ਥਾਵਾਂ ਨਾਲ ਹੈ ਨਾ ਕਿ ਵਾਇਰਸ ਦੇ ਤੁਹਾਡੇ ਸਰੀਰ ਵਿੱਚ ਪਹੁੰਚਣ ਤੋਂ ਬਾਅਦ ਕੀ ਹੁੰਦਾ ਹੈ, ਇਸ ਨਾਲ ਹੈ।
ਲਾਗ ਦਾ ਵੱਡਾ ਸੋਮਾ ਤਾਂ ਲਾਗ ਵਾਲੇ ਵਿਅਕਤੀ ਦੁਆਰਾ ਖੰਘਣ ਜਾਂ ਛਿੱਕਣ ਸਮੇਂ ਹਵਾ ਵਿੱਚ ਛੱਡੇ ਗਏ ਮਹੀਨ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਣ ਨਾਲ ਹੈ। ਇਸ ਤੋਂ ਵਾਇਰਸ ਤੁਰੰਤ ਹੀ ਦੂਣ-ਸਵਾਇਆ ਹੋਣ ਲਗਦਾ ਹੈ ਤੇ ਤੁਹਾਡੇ ਫੇਫੜਿਆਂ ਤੱਕ ਪਹੁੰਚ ਜਾਂਦਾ ਹੈ।
ਜੀਵਾਣੂ-ਨਾਸ਼ਕਾਂ ਦਾ ਸੇਵਨ ਜਾਂ ਟੀਕਾ ਲਗਾਉਣ ਦੇ ਨਾਲ ਨਾ ਸਿਰਫ਼ ਸਰੀਰ ਵਿੱਚ ਜ਼ਹਿਰ ਫ਼ੈਲਣ ਅਤੇ ਮੌਤ ਦਾ ਖ਼ਤਰਾ ਹੈ ਸਗੋਂ ਸਰੀਰ ਵਿੱਚ ਇਹ ਪਦਾਰਥ ਕਿੰਨੇ ਕਾਰਗਰ ਹਨ ਇਸ ਬਾਰੇ ਵੀ ਕੁਝ ਤੈਅ ਨਹੀਂ ਹੈ।
ਇਸੇ ਤਰ੍ਹਾਂ ਜਦੋਂ ਵਾਇਰਸ ਤੁਹਾਡੇ ਸਰੀਰ ਵਿੱਚ ਪਹੁੰਚ ਗਿਆ ਤੇ ਉਸ ਨੇ ਇਸ 'ਤੇ ਕਬਜ਼ਾ ਕਰ ਲਿਆ ਤਾਂ ਕਿੰਨੀ ਹੀ ਤਾਕਤਵਰ ਪਰਾਬੈਂਗਣੀ ਪ੍ਰਕਾਸ਼ ਤੁਹਾਡੀ ਚਮੜੀ ਉੱਪਰ ਪਾਇਆ ਜਾਵੇ। ਇਸ ਨਾਲ ਕੋਈ ਫ਼ਰਕ ਨਹੀਂ ਪੈਣ ਵਾਲਾ।
ਦੂਜਾ ਪਰਾਬੈਂਗਣੀ ਪ੍ਰਕਾਸ਼ ਚਮੜੀ ਲਈ ਨੁਕਸਾਨਦਾਇਕ ਹੈ। ਇਸ ਲਈ ਕੋਰੋਨਾਵਾਇਰਸ ਦੇ ਇਲਾਜ ਲਈ ਇਸ ਦੀ ਵਰਤੋਂ ਕਰਨਾ ਤਾਂ ਇਵੇਂ ਹੀ ਹੋਵੇਗਾ ਜਿਵੇਂ- ਰੋਗ ਨਾਲੋਂ ਇਲਾਜ ਭਾਰੀ ਪੈਣਾ।
ਟਰੰਪ ਦੀ ਸਲਾਹ ਬਾਰੇ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਆ ਰਹੀ ਹੈ?
ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਰਾਸ਼ਟਰਪਤੀ ਦੀ ਸਲਾਹ ਦੇ ਭਿਆਨਕ ਨਤੀਜੇ ਹੋ ਸਕਦੇ ਹਨ।
ਛਾਤੀ ਦੇ ਰੋਗਾਂ ਦੇ ਮਾਹਰ ਡਾ. ਵਿਨ ਗੁਪਤਾ ਨੇ ਬੀਬੀਸੀ ਨੂੰ ਦੱਸਿਆ, "ਸਫ਼ਾਈ ਕਰਨ ਵਾਲੇ ਕਿਸੇ ਵੀ ਉਤਪਾਦ ਦੇ ਸੇਵਨ ਜਾਂ ਟੀਕਾ ਲਗਾਉਣ ਦਾ ਵਿਚਾਰ ਗ਼ੈਰ-ਜ਼ਿੰਮੇਵਾਰ ਅਤੇ ਖ਼ਤਰਨਾਕ ਹੈ।"
"ਇਹ ਖ਼ੁਦਕੁਸ਼ੀ ਕਰਨ ਦਾ ਆਮ ਤਰੀਕਾ ਹੈ।"
ਕਾਸ਼ਿਫ਼ ਮਹਮੂਦ ਵੈਸਟ ਵਰਜੀਨੀਆ ਵਿੱਚ ਇੱਕ ਡਾਕਟਰ ਹਨ। ਉਨ੍ਹਾਂ ਨੇ ਇਸ ਬਾਰੇ ਟਵੀਟ ਕੀਤਾ।
"ਇੱਕ ਫਿਜ਼ੀਸ਼ੀਅਨ ਵਜੋਂ, ਮੈਂ ਡਿਸਅਨਫੈਕਟੈਂਟ ਦਾ ਫ਼ੇਫ਼ੜਿਆਂ ਵਿੱਚ ਟੀਕਾ ਲਾਉਣ ਜਾਂ ਸਰੀਰ ਦੇ ਅੰਦਰ ਕੋਵਿਡ-19 ਦੇ ਇਲਾਜ ਲਈ ਯੂਵੀ ਕਿਰਨਾਂ ਦੀ ਵਰਤੋਂ ਦੀ ਸਿਫ਼ਾਰਿਸ਼ ਨਹੀਂ ਕਰਾਂਗਾ।"
"ਟਰੰਪ ਤੋਂ ਡਾਕਟਰੀ ਸਲਾਹ ਨਾ ਲਵੋ।"
ਜ਼ਕਰਬਰਗ ਸੈਨ ਫਰਾਂਸਿਸਕੋ ਜਨਰਲ ਹਸਪਤਾਲ ਵਿੱਚ ਛਾਤੀ ਦੇ ਰੋਗਾਂ ਦੇ ਮਾਹਰ ਜੌਹਨ ਬਾਲਮਸ ਮੁਤਾਬਕ ਬਲੀਚ ਦੀ ਭਾਫ਼ ਲੈਣਾ ਵੀ ਸਿਹਤ ਲਈ ਗੰਭੀਰ ਖ਼ਤਰੇ ਖੜ੍ਹੇ ਕਰ ਸਕਦੀ ਹੈ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਮਲੇਰੀਏ ਦੇ ਇਲਾਜ ਲਈ ਵਰਤੀ ਜਾਂਦੀ ਇੱਕ ਦਵਾਈ ਬਾਰੇ ਹਊਆ ਖੜ੍ਹਾ ਕਰ ਦਿੱਤਾ ਸੀ। ਹਾਲਾਂਕਿ ਹੁਣ ਉਨ੍ਹਾਂ ਨੇ ਇਸ ਬਾਰੇ ਗੱਲ ਕਰਨਾ ਬੰਦ ਕਰ ਦਿੱਤਾ ਹੈ।
ਇਸ ਹਫ਼ਤੇ ਅਮਰੀਕਾ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਜਿਨ੍ਹਾਂ ਕੋਰੋਨਾ ਮਰੀਜ਼ਾਂ ਦਾ ਦੂਜੇ ਇਲਾਜਾਂ ਦੀ ਥਾਂ ਕਲੋਰੋਕੁਈਨ ਦਿੱਤੀ ਗਈ ਉਨ੍ਹਾਂ ਮਰੀਜ਼ਾਂ ਦੀ ਮੌਤ ਦਰ ਉੱਚੀ ਦੇਖੀ ਗਈ।
ਇਹ ਵੀਡੀਓ ਵੀ ਦੇਖੋ: