ਕਿਮ ਜੋਂਗ ਉਨ ਦੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀਆਂ ਖ਼ਬਰਾਂ ਨੂੰ ਨਕਾਰਿਆ ਗਿਆ

ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਦਿਲ ਦੇ ਆਪ੍ਰੇਸ਼ਨ ਤੋਂ ਬਾਅਦ ਗੰਭੀਰ ਰੂਪ ਨਾਲ ਬਿਮਾਰ ਹੋਣ ਦੀਆਂ ਰਿਪੋਰਟਾਂ ਸਹੀ ਨਹੀਂ ਹਨ।

ਕਿਮ ਨਾਲ ਜੁੜੀਆਂ ਖ਼ਬਰਾਂ ਕਿ ਉਹ ਆਪ੍ਰੇਸ਼ਨ ਤੋਂ ਬਾਅਦ "ਬੁਰੀ ਤਰ੍ਹਾਂ ਬਿਮਾਰ ਹਨ" ਜਾਂ "ਅਪ੍ਰੇਸ਼ਨ ਤੋਂ ਠੀਕ ਹੋ ਰਹੇ ਸਨ" ਦੀ ਤਸਦੀਕ ਕਰਨਾ ਔਖਾ ਸੀ।

ਪਰ ਸਿਓਲ ਦੇ ਰਾਸ਼ਟਰਪਤੀ ਦਫ਼ਤਰ ਨੇ ਜਾਣਕਾਰੀ ਦਿੱਤੀ ਹੈ ਕਿ ਉੱਤਰੀ ਕੋਰੀਆ ਵੱਲੋਂ ਕੋਈ ਸੰਕੇਤ ਨਹੀਂ ਮਿਲਿਆ ਜੋ ਦਰਸਾਉਂਦਾ ਹੋਵੇ ਕਿ 36 ਸਾਲਾ ਕਿਮ ਗੰਭੀਰ ਰੂਪ ਤੋਂ ਬਿਮਾਰ ਹਨ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਮ ਦੀ ਸਿਹਤ ਬਾਰੇ ਅਫਵਾਹਾਂ ਉਡੀਆਂ ਹੋਣ।

ਅਫ਼ਵਾਹਾਂ ਕਦੋਂ ਸ਼ੁਰੂ ਹੋਈਆਂ?

ਕਿਮ ਹਾਲ ਹੀ ਵਿੱਚ 15 ਅਪ੍ਰੈਲ ਨੂੰ ਆਪਣੇ ਦਾਦਾ ਜੀ ਦੇ ਜਨਮਦਿਨ ਦੇ ਜਸ਼ਨ ਵਿੱਚ ਸ਼ਾਮਲ ਨਹੀਂ ਹੋਏ ਸਨ। ਦੇਸ ਦੇ ਸੰਸਥਾਪਕ ਦਾ ਜਨਮਦਿਨ ਸਾਲ ਦਾ ਸਭ ਤੋਂ ਵੱਡਾ ਸਮਾਗਮ ਹੁੰਦਾ ਹੈ।

ਕਿਮ ਕਦੇ ਵੀ ਇਸ ਸਮਾਗਮ ਤੋਂ ਨਹੀਂ ਖੁੰਝੇ ਅਤੇ ਇਸ ਗੱਲ ਦੀ ਵੀ ਸੰਭਾਵਨਾ ਬਹੁਤ ਘੱਟ ਹੈ ਕਿ ਉਹ ਸਮਾਗਮ ਵਿੱਚ ਨਾ ਜਾਣ ਬਾਰੇ ਸੋਚਣ।

ਲਾਜ਼ਮੀ ਤੌਰ 'ਤੇ, ਉਨ੍ਹਾਂ ਦੀ ਗੈਰਹਾਜ਼ਰੀ ਨੇ ਅਫ਼ਵਾਹਾਂ ਨੂੰ ਉਕਸਾਇਆ, ਜਿਨ੍ਹਾਂ ਵਿੱਚੋਂ ਕੁਝ ਵੀ ਸਾਬਤ ਕਰਨਾ ਆਸਾਨ ਨਹੀਂ ਹੈ।

ਕਿਮ ਆਖਰੀ ਵਾਰ 12 ਅਪ੍ਰੈਲ ਨੂੰ ਸਟੇਟ ਮੀਡੀਆ ਵਿੱਚ "ਇੱਕ ਜਹਾਜ਼ ਦਾ ਮੁਆਇਨਾ ਕਰਦੇ ਹੋਏ" ਇੱਕ ਹੈਂਡਆਊਟ ਵਿੱਚ ਦਿਖੇ ਸੀ। ਇਸ ਫੋਟੋ ਵਿੱਚ ਉਹ ਹਮੇਸ਼ਾਂ ਵਾਂਗ ਠੀਕ ਲੱਗ ਰਹੇ ਸੀ।

ਉਨ੍ਹਾਂ ਨੇ ਇਸ ਤੋਂ ਇੱਕ ਦਿਨ ਪਹਿਲਾਂ ਇੱਕ ਅਹਿਮ ਰਾਜਨੀਤਕ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ ਸੀ। ਪਰ ਉਸ ਮਗਰੋਂ ਉਹ ਨਹੀਂ ਦਿਖੇ।

ਸੂਬੇ ਦੇ ਮੀਡੀਆ ਨੇ ਵੀ ਪਿਛਲੇ ਹਫ਼ਤੇ ਇੱਕ ਮਿਜ਼ਾਈਲ ਪ੍ਰੀਖਣ ਦੌਰਾਨ ਕਿਮ ਦੀ ਮੌਜੂਦਗੀ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਉਹ ਆਮ ਤੌਰ 'ਤੇ ਇਨ੍ਹਾਂ ਥਾਵਾਂ 'ਤੇ ਮੌਜੂਦ ਹੁੰਦੇ ਹਨ।

ਉੱਤਰੀ ਕੋਰੀਆ ਬਾਰੇ ਰਿਪੋਰਟ ਕਰਨਾ ਔਖਾ ਹੋਣ ਕਰਕੇ ਅਫ਼ਵਾਹਾਂ ਫੈਲਣ ਦਾ ਖ਼ਤਰਾ ਰਹਿੰਦਾ ਹੈ।

ਹੁਣ ਇਹ ਹੋਰ ਵੀ ਔਖਾ ਹੋ ਗਿਆ ਹੈ ਜਦੋਂ ਤੋਂ ਕੋਵਿਡ -19 ਮਹਾਂਮਾਰੀ ਕਾਰਨ, ਉੱਤਰੀ ਕੋਰੀਆ ਨੇ ਜਨਵਰੀ ਦੇ ਅਖੀਰ ਤੋਂ ਆਪਣੇ ਬਾਰਡਰ ਬੰਦ ਕਰ ਲਏ ਹਨ।

ਬਿਮਾਰੀ ਦੀ ਪਹਿਲੀ ਰਿਪੋਰਟ

ਕਿਮ ਦੀ ਖਰਾਬ ਸਿਹਤ ਬਾਰੇ ਖ਼ਬਰ ਮੰਗਲਵਾਰ ਨੂੰ ਇੱਕ ਵੈਬਸਾਈਟ ਦੁਆਰਾ ਸਾਹਮਣੇ ਆਈ।

ਇੱਕ ਅਗਿਆਤ ਸਰੋਤ ਨੇ ਡੇਲੀ ਐਨਕੇ ਨੂੰ ਖ਼ਬਰ ਦਿੱਤੀ ਕਿ ਕਿਮ ਨੂੰ ਪਿਛਲੇ ਅਗਸਤ ਤੋਂ ਦਿਲ ਨਾਲ ਜੁੜੀ ਪਰੇਸ਼ਾਨੀ ਹੈ। ਪਰ ਹੁਣ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਹੈ।

ਇਸ ਇਕਲੌਤੀ ਰਿਪੋਰਟ ਦੇ ਅਧਾਰ 'ਤੇ ਕਿਮ ਬਾਰੇ ਕੌਮਾਂਤਰੀ ਪੱਧਰ 'ਤੇ ਖ਼ਬਰਾਂ ਛਾਪੀਆਂ ਗਈਆਂ।

ਨਿਊਜ਼ ਏਜੰਸੀਆਂ ਨੇ ਫਿਰ ਇਸ ਦਾਅਵੇ ਨੂੰ ਉਸ ਵੇਲੇ ਤੱਕ ਲੋਕਾਂ ਅੱਗੇ ਰੱਖਿਆ, ਜਦੋਂ ਇਹ ਸਾਹਮਣੇ ਨਹੀਂ ਆਇਆ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਦੀਆਂ ਖੁਫ਼ੀਆ ਏਜੰਸੀਆਂ ਇਸ ਦਾਅਵੇ ਦੀ ਪੜਤਾਲ ਕਰ ਰਹੀਆਂ ਸਨ।

ਪਰ ਫਿਰ ਅਮਰੀਕਾ ਦੇ ਮੀਡੀਆ ਵਿੱਚ ਇੱਕ ਹੋਰ ਸਨਸਨੀਖੇਜ਼ ਸੁਰਖੀ ਆਈ ਕਿ ਉੱਤਰੀ ਕੋਰੀਆ ਦੇ ਨੇਤਾ ਦਿਲ ਦੀ ਸਰਜਰੀ ਤੋਂ ਬਾਅਦ ਗੰਭੀਰ ਹਾਲਤ ਵਿੱਚ ਸਨ।

ਹਾਲਾਂਕਿ, ਦੱਖਣੀ ਕੋਰੀਆ ਦੀ ਸਰਕਾਰ ਦਾ ਬਿਆਨ, ਅਤੇ ਚੀਨੀ ਖੁਫੀਆ ਏਜੰਸੀ ਦੇ ਸੂਤਰਾਂ ਨੇ ਰੌਇਟਰਜ਼ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੱਚ ਨਹੀਂ ਹੈ।

ਇਹ ਧਿਆਨ ਦੇਣ ਯੋਗ ਹੈ ਕਿ ਕਿਸੇ ਵੀ ਸਮੇਂ ਕਿਸੇ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਕਿਮ ਦੀ ਦਿਲ ਦੀ ਸਰਜਰੀ ਹੋਈ ਹੈ।

ਦੱਖਣੀ ਕੋਰੀਆ ਅਤੇ ਚੀਨ ਦੇ ਬਿਆਨ ਸਿਰਫ਼ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਉੱਤਰੀ ਕੋਰੀਆ ਦੇ ਨੇਤਾ ਗੰਭੀਰ ਰੂਪ ਵਿੱਚ ਬਿਮਾਰ ਹਨ।

ਉੱਤਰੀ ਕੋਰੀਆ ਦੇ ਲੋਕਾਂ ਨੂੰ ਆਮ ਤੌਰ 'ਤੇ ਉਨ੍ਹਾਂ ਦੇ ਨੇਤਾ ਦੀ ਸਿਹਤ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ।

ਉਹ ਪਹਿਲੀ ਵਾਰ ਗਾਇਬ ਨਹੀਂ ਹੋਏ

ਕਿਮ ਸਤੰਬਰ 2014 ਦੇ ਅਰੰਭ ਵਿੱਚ 40 ਦਿਨਾਂ ਲਈ ਗਾਇਬ ਹੋ ਗਏ ਸਨ। ਇਸ ਵੇਲੇ ਅਫ਼ਵਾਹਾਂ ਦਾ ਤੂਫ਼ਾਨ ਪੈਦਾ ਹੋ ਗਿਆ ਸੀ।

ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਸੀ ਹੋਰ ਨੇਤਾਵਾਂ ਨੇ ਤਖਤਾ ਪਲਟ ਤੋਂ ਬਾਅਦ ਉਨ੍ਹਾਂ ਨੂੰ ਹਟਾ ਦਿੱਤਾ ਹੈ।

ਫਿਰ ਉਹ ਦੁਬਾਰਾ ਸਾਹਮਣੇ ਆਏ, ਤੇ ਉਨ੍ਹਾਂ ਨੂੰ ਹੱਥ ਵਿੱਚ ਸੋਟੀ ਫੜੇ ਦੇਖਿਆ ਗਿਆ।

ਮੀਡੀਆ ਨੇ ਉਸ ਸਮੇਂ ਮੰਨਿਆ ਕਿ ਉਹ ਸਰੀਰਕ ਤੌਰ 'ਤੇ ਠੀਕ ਨਹੀਂ ਹਨ, ਪਰ ਉਨ੍ਹਾਂ ਨੇ ਕਿਮ ਨੂੰ ਹੋਣ ਵਾਲੀ ਬਿਮਾਰੀ ਦੀਆਂ ਅਫ਼ਵਾਹਾਂ ਬਾਰੇ ਕੁਝ ਨਹੀਂ ਕਿਹਾ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)