You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਸਪੇਨ 'ਚ 2100 ਤੋਂ ਵੱਧ ਮੌਤਾਂ
ਸਪੇਨ ਵਿੱਚ ਮੌਤਾਂ ਦਾ ਅੰਕੜਾ 2100 ਤੋਂ ਪਾਰ ਹੋ ਗਿਆ ਹੈ।
ਕੋਰੋਨਾਵਾਇਰਸ ਕਾਰਨ ਸਪੇਨ ਵਿੱਚ ਹੁਣ ਤੱਕ 2182 ਮੌਤਾਂ ਹੋਈਆਂ ਹਨ। ਇਸ ਦਾ ਐਲਾਨ ਸਰਕਾਰ ਨੇ ਖ਼ੁਦ ਕੀਤਾ। ਬੀਤੇ 24 ਘੰਟਿਆਂ ਵਿੱਚ 462 ਲੋਕਾਂ ਦੀ ਮੌਤ ਹੋਈ ਹੈ।
ਪਾਕਿਸਤਾਨ ਦਾ ਸਿੰਧ ਸੂਬਾ 15 ਦਿਨਾਂ ਲਈ ਲੌਕਡਾਊਨ
ਪਾਕਿਸਤਾਨ ਦੇ ਸਿੰਧ ਸੂਬੇ 'ਚ ਅਧਿਕਾਰੀਆਂ ਨੇ 15 ਦਿਨਾਂ ਲਈ ਲੌਕਡਾਊਨ ਦਾ ਐਲਾਨ ਕੀਤਾ ਹੈ ਤਾਂ ਜੋ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਪਾਕਿਸਤਾਨ ਵਿੱਚ ਹੁਣ ਤੱਕ 799 ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 352 ਸਿੰਧ ਸੂਬੇ ਵਿੱਚ ਹਨ।
ਕਰਾਚੀ ਵਿੱਚ 130 ਮਾਮਲੇ ਸਾਹਮਣੇ ਆਏ ਹਨ। ਕਰਾਚੀ ਪਾਕਿਸਤਾਨ ਦਾ ਸਭ ਤੋਂ ਵੱਡਾ ਉਦਯੋਗਿਕ ਸ਼ਹਿਰ ਹੈ ਅਤੇ ਇਸਦੀ ਆਬਾਦੀ ਢੇਡ ਕਰੋੜ ਹੈ।
ਹਾਲ ਹੀ ਦੇ ਟੈਸਟ ਰਿਜ਼ਲਟ ਤੋਂ ਪਤਾ ਲੱਗਿਆ ਹੈ ਕਿ ਸਿੰਧ ਦੇ ਜਿਆਦਾਤਰ ਮਾਮਲੇ ਵਿਦੇਸ਼ ਤੋ ਆਏ ਲੋਕਾਂ ਵਿੱਚ ਦੇਖਣ ਨੂੰ ਮਿਲੇ ਹਨ।
ਇਨ੍ਹਾਂ ਵਿੱਚੋਂ ਬਹੁਤੇ ਲੋਕ ਈਰਾਨ ਤੋਂ ਆਏ ਸਨ, ਇਸ ਤੋਂ ਬਾਅਦ ਉਨ੍ਹਾਂ ਦੇ ਕਰੀਬੀਆਂ ਤੋਂ ਉਨ੍ਹਾਂ ਨੂੰ ਇਹ ਵਾਇਰਸ ਆਇਆ। ਸਾਰੇ ਪਾਰਕ, ਮੁੱਖ ਬਾਜ਼ਾਰ, ਪਬਲਿਕ ਟਰਾਂਸਪੋਰਟ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਮੈਡੀਕਲ ਤੇ ਰਾਸ਼ਨ ਦੀਆਂ ਦੁਕਾਨਾਂ ਖੁੱਲ੍ਹੀਆ ਰਹਿਣਗੀਆਂ।
ਪੱਤਰਕਾਰਾਂ ਤੇ ਅਖ਼ਬਾਰ ਵੰਡਣ ਵਾਲਿਆਂ ਨੂੰ ਛੋਟ ਦਿੱਤੀ ਗਈ ਹੈ। ਮੰਗਲਵਾਰ ਨੂੰ ਦੋ ਮੁੱਖ ਹਵਾਈ ਅੱਡੇ ਕਰਾਚੀ ਤੇ ਸੁੱਕੁੱਰ ਨੂੰ ਵੀ ਬੰਦ ਕਰਨ ਦਾ ਹੁਕਮ ਦਿੱਤਾ ਗਿਆ। ਕੌਮਾਂਤਰੀ ਉਡਾਨਾਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਗਈਆਂ ਸਨ।
ਸੋਸਲ ਮੀਡੀਆ ਕੰਪਨੀ ਫੇਸਬੁੱਕ ਨੇ ਕੋਰੋਨਾਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਦੇਖਦਿਆਂ 72 ਹਜ਼ਾਰ ਮਾਸਕ ਅਮਰੀਕਾ ਦੇ ਸਿਹਤ ਕਰਮੀਆਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ।
ਇਸ ਦਾ ਐਲਾਨ ਖ਼ੁਦ ਫੇਸਬੁੱਕ ਦੇ CEO ਮਾਰਕ ਜ਼ੁਕਰਬਰਗ ਨੇ ਕੀਤਾ ਅਤੇ ਦੱਸਿਆ ਕਿ ਕੰਪਨੀ ਨੇ ਐਮਰਜੈਂਸੀ ਦੇ ਹਾਲਾਤ ਨੂੰ ਦੇਖਦਿਆਂ ਮਾਸਕ ਆਪਣੇ ਕੋਲ ਸਟੋਕ ਕਰ ਲਏ ਹਨ।
ਕੋਰੋਨਾਵਾਇਰਸ ਦੇ ਕਹਿਰ ਕਰਕੇ ਕੈਨੇਡਾ ਨੇ ਜਾਪਾਨ ਦੇ ਟੋਕਿਓ ਵਿੱਚ ਹੋਣ ਵਾਲੇ ਓਲੰਪਿਕਸ 2020 ਤੋਂ ਆਪਣੇ ਆਪ ਨੂੰ ਬਾਹਰ ਕਰ ਲਿਆ ਹੈ।
ਇਸ ਤੋਂ ਪਹਿਲਾਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਨਜ਼ੋ ਆਬੇ ਨੇ ਕਿਹਾ ਸੀ ਕਿ ਦੇਸ ਵਿੱਚ ਕੋਰੋਨਾਵਾਇਰਸ ਦੀਆਂ ਪਾਬੰਦੀਆਂ ਦੇ ਮੱਦੇਨਜ਼ਰ ਟੋਕਿਓ ਓਪਲੰਪਿਕਸ 2020 ਨੂੰ ਅੱਗੇ ਪਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਜਾਪਾਨੀ ਸੰਸਦ ਵਿੱਚ ਬੋਲਦਿਆਂ ਕਿਹਾ ਕਿ ਮਹਾਂਮਾਰੀ ਕੋਵਿਡ-19 ਕਰਕੇ ਜੇਕਰ ਖੇਡਾਂ ਨੂੰ ਸੁਰੱਖਿਅਤ ਢੰਗ ਨਾਲ ਪ੍ਰਬੰਧਿਤ ਨਾ ਕੀਤਾ ਗਿਆ ਤਾਂ ਇਨ੍ਹਾਂ ਨੂੰ ਅੱਗੇ ਪਾਇਆ ਜਾ ਸਕਦਾ ਹੈ। ਫਿਲਹਾਲ ਖੇਡਾਂ 24 ਜੁਲਾਈ ਤੋਂ ਸ਼ੁਰੂ ਹੋਣੀਆਂ ਹਨ।
ਇਹ ਵੀ ਪੜ੍ਹੋ:
ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ
- ਪੰਜਾਬ ਵਿੱਚ 26 ਪੌਜ਼ੀਟਿਵ ਕੇਸ, ਇੱਕ ਮੌਤ। ਚੰਡੀਗੜ੍ਹ 'ਚ ਵੀ 7 ਕੇਸ ਪੌਜ਼ੀਟਿਵ।
- ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਲੌਕਡਾਊਨ, ਤਿੰਨੋਂ ਸੂਬਿਆਂ ਦੀਆਂ ਸਰਹੱਦਾਂ ਸੀਲ।
- ਭਾਰਤ 'ਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਤੇ ਦਿੱਲੀ ਵਿੱਚ 7 ਮੌਤਾਂ।
- ਦੁਨੀਆਂ ਭਰ ਪੀੜਤਾਂ ਦੀ ਗਿਣਤੀ 3 ਲੱਖ ਤੋਂ ਪਾਰ ਤੇ ਮੌਤਾਂ ਦਾ ਅੰਕੜਾ 14,600 ਤੋਂ ਪਾਰ।
- ਦੁਨੀਆਂ ਭਰ ਵਿੱਚ ਚੀਨ ਮਗਰੋਂ ਇਟਲੀ ਸਭ ਤੋਂ ਵੱਧ ਤ੍ਰਸਤ। ਮੌਤ ਦਾ ਅੰਕੜਾ 5400 ਤੋਂ ਵੱਧ।
ਕੋਰੋਨਾਵਾਇਰਸ ਆਸਟਰੇਲੀਆ ਵਿੱਚ ਕੌਮੀ ਸ਼ਟਡਾਊਨ (22 ਮਾਰਚ)
ਆਸਟਰੇਲੀਆ ਨੇ ਪੂਰੇ ਦੇਸ ਦੀਆਂ ਸਾਰੀਆਂ ਗ਼ੈਰ-ਜ਼ਰੂਰੀ ਸੇਵਾਵਾਂ ਬੰਦ ਕਰ ਦਿੱਤੀਆਂ।
ਆਸਟਰੇਲੀਆ ਵਿੱਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।
ਆਸਟਰੇਲੀਆ ਵਿੱਚ ਹਾਲ ਦੇ ਦਿਨਾਂ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 1300 ਤੋਂ ਪਾਰ ਹੋ ਗਈ ਹੈ।
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ।
ਇਟਲੀ ਵਿੱਚ ਨਹੀਂ ਰੁਕ ਰਹੇ ਮਾਮਲੇ
ਇਟਲੀ ਵਿੱਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਸ਼ਨੀਵਾਰ ਨੂੰ ਹੀ ਤਕਰੀਬਨ 800 ਮੌਤਾਂ ਦਰਜ ਕੀਤੀਆਂ ਗਈਆਂ। ਹੁਣ ਇਟਲੀ ਵਿੱਚ ਇਸ ਵਾਇਰਸ ਕਰਨ ਮਰਨ ਵਾਲਿਆਂ ਦੀ ਗਿਣਤੀ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਹੋ ਗਈ ਹੈ।
ਇਟਲੀ ਵਿੱਚ ਕੁੱਲ 4825 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇੱਥੇ ਦਾ ਲੋਮਬਾਰਡੀ ਸਭ ਤੋਂ ਵੱਧ ਪ੍ਰਭਾਵਿਤ ਹੈ ਅਤੇ ਸਿਰਫ਼ ਇਸੇ ਖੇਤਰ ਵਿੱਚ ਤਿੰਨ ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ।
ਇਸ ਨੂੰ ਦੇਖਦਿਆਂ ਇਥੇ ਕਿਸੇ ਵੀ ਤਰ੍ਹਾਂ ਦੀ ਖੇਡ ਗਤੀਵਿਧੀ ਉੱਤੇ ਰੋਕ ਲੱਗ ਗਈ ਹੈ। ਇਕੱਲੇ ਸ਼ਖਸ ਉੱਤੇ ਵੀ ਇਹ ਨਿਯਮ ਲਾਗੂ ਹੈ ਅਤੇ ਵੈਂਡਿੰਗ ਮਸ਼ੀਨਾਂ ਦੀ ਵਰਤੋਂ ਕਰਨ ਉੱਤੇ ਵੀ ਰੋਕ ਲੱਗ ਗਈ ਹੈ।
ਕੋਰੋਨਾਵਾਇਰਸ: ਅਮਰੀਕਾ ਵਿੱਚ ਹੋਰ ਸਖ਼ਤ ਆਦੇਸ਼ (21 ਮਾਰਚ)
ਅਮਰੀਕਾ ਵਿੱਚ ਕਈ ਸੂਬਿਆਂ ਦੁਆਰਾ ਲੌਕਡਾਊਨ ਦੇ ਹੁਕਮਾਂ ਦੇ ਕਾਰਨ ਪੰਜ ਵਿੱਚੋਂ ਇੱਕ ਸ਼ਖ਼ਸ ਹੁਣ ਘਰ ਹੀ ਰਹੇਗਾ।
ਇਲੇਨੌਏ ਤੇ ਕੈਲੀਫੋਰਨੀਆ ਤੋਂ ਬਾਅਦ ਕਨੈਟੀਕਟ ਤੇ ਨਿਉ ਜਰਸੀ ਨੇ ਵੀ ਹੁਣ ਲੋਕਾਂ ਨੂੰ ਘਰ ਰਹਿਣ ਲਈ ਕਿਹਾ ਹੈ।
ਕੋਰੋਨਾਵਾਇਰਸ ਕਾਰਨ ਹੁਣ ਤੱਕ ਅਮਰੀਕਾ ਵਿੱਚ 230 ਲੋਕਾਂ ਦੀ ਮੌਤ ਹੋ ਗਈ ਹੈ ਤੇ 18,500 ਲੋਕ ਪ੍ਰਭਾਵਾਤ ਹਨ।
ਲੰਡਨ ਦੇ ਮੇਅਰ ਦਾ ਸੰਦੇਸ਼
''ਕਿਰਪਾ ਕਰਕੇ ਤੁਰੰਤ ਉਨ੍ਹਾਂ ਗੱਲਾਂ ਵੱਲ ਧਿਆਨ ਦੇਵੋ ਜੋ ਅਸੀਂ ਕਹਿ ਰਹੇ ਹਾਂ। ਬਾਹਰ ਤਾਹੀਂ ਨਿਕਲੋ ਜੇਕਰ ਬਹੁਤਾ ਜ਼ਰੂਰੀ ਹੋਵੇ।''
ਇਹ ਅਪੀਲ ਕੀਤੀ ਹੈ ਲੰਡਨ ਦੇ ਮੇਅਰ ਸਾਦਿਕ ਖਾਨ ਨੇ। ਉਨ੍ਹਾਂ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਲੋਕ ਪਬਲਿਕ ਟਰਾਂਸਪੋਰਤ ਦੀ ਵਰਤੋਂ ਨਾ ਕਰਨ ਅਤੇ ਲੋੜ ਪੈਣ ਤੇ ਹੀ ਬਾਹਰ ਜਾਣ।
ਉਨ੍ਹਾਂ ਵੀਡੀਓ ਵਿੱਚ ਅੱਗੇ ਕਿਹਾ, ''ਜੇਕਰ ਤੁਸੀਂ ਇਸ ਸਲਾਹ ਨੂੰ ਅਣਗੌਲਿਆਂ ਕਰਦੇ ਹੋ ਤਾਂ ਲੋਕ ਕੋਰੋਨਾਵਾਇਰਸ (COVID19) ਕਾਰਨ ਮਰ ਸਕਦੇ ਹਨ। ''
ਕੋਰੋਨਾਵਾਇਰਸ ਦਾ ਖੌਫ ਦੁਨੀਆਂ ਦੇ ਕਈ ਮੁਲਕਾਂ ਨੂੰ ਹੈ। ਯੂਕੇ ਵਿੱਚ ਸ਼ਨੀਵਾਰ ਸਵੇਰੇ ਤੱਕ ਮੌਤਾਂ ਦਾ ਅੰਕੜਾ 167 ਹੋ ਗਿਆ ਹੈ।
ਯੂਕੇ ਸਾਰੇ ਨਾਈਟਕਲੱਬ, ਥੀਏਟਰ, ਸਿਨੇਮਾ ਅਤੇ ਜਿਮ ਨੂੰ ਜਿੰਨੀ ਜਲਦੀ ਹੋ ਸਕੇ ਬੰਦ ਕਰਨ ਨੂੰ ਕਿਹਾ ਗਿਆ ਹੈ।
ਕੋਰੋਨਾਵਾਇਰਸ: ਕੈਲੇਫੋਰਨੀਆ ਨੇ 4 ਕਰੋੜ ਲੋਕਾਂ ਨੂੰ ਘਰਾਂ ਅੰਦਰ ਡੱਕਿਆ (20 ਮਾਰਚ)
ਅਮਰੀਕਾ ਦੇ ਸਭ ਤੋਂ ਵੱਧ ਅਬਾਦੀ ਵਾਲੇ ਸੂਬੇ ਕੈਲੇਫੋਰਨੀਆ ਨੇ ''ਘਰਾਂ ਅੰਦਰ ਰਹੋ'' ਦਾ ਫ਼ਰਮਾਨ ਜਾਰੀ ਕਰ ਦਿੱਤਾ ਹੈ।
ਸੂਬੇ ਦਾ ਰਾਜਪਾਲ ਗੇਵਿਨ ਨਿਊਜ਼ਓਮ ਨੇ ਕਿਹਾ ਕਿ ਅੱਤ ਦੀ ਜਰੂਰਤ ਤੋਂ ਬਿਨਾਂ ਕੋਈ ਵੀ ਘਰ ਤੋਂ ਬਾਹਰ ਨਾ ਆਵੇ। ਪਹਿਲਾ ਕਿਹਾ ਗਿਆ ਸੀ ਕਿ ਸੂਬੇ ਦੀ ਕੁੱਲ 40 ਮਿਲੀਅਨ ਅਬਾਦੀ ਦੇ ਅੱਧੀ ਦਾ ਅਗਲੇ ਦੋ ਮਹੀਨਿਆਂ ਦੌਰਾਨ ਵਾਇਰਸ ਲਾਗ ਤੋਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।
ਅਮਰੀਕਾ ਵਿਚ ਵਾਇਰਸ ਨਾਲ ਹੁਣ ਤੱਕ 14 ਮੌਤਾਂ ਹੋ ਚੁੱਕੀਆਂ ਹਨ ਅਤੇ 14 ਹਜ਼ਾਰ ਤੋਂ ਵੱਧ ਪ੍ਰਭਾਵਿਤ ਹਨ।
ਪੂਰੀ ਦੁਨੀਆਂ ਵਿੱਚ 250,000 ਪੌਜ਼ੀਟਿਵ ਕੇਸ ਪਾਏ ਗਏ ਹਨ ਅਤੇ 10000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਉਡਾਣਾਂ 'ਤੇ ਪਾਬੰਦੀ
22 ਮਾਰਚ ਤੋਂ ਕੋਈ ਵੀ ਕੌਮਾਂਤਰੀ ਉਡਾਣ ਭਾਰਤ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਹ ਪਾਬੰਦੀ ਇੱਕ ਹਫ਼ਤੇ ਲਈ ਲਾਈ ਗਈ ਹੈ।
ਇਟਲੀ ਵਿੱਚ ਬੁੱਧਵਾਰ ਨੂੰ ਇੱਕੋ ਦਿਨ ਵਿੱਚ 475 ਮੌਤਾਂ ਕੋਰੋਨਾਵਾਇਰਸ ਕਾਰਨ ਹੋ ਗਈਆਂ ਜਿਸ ਤੋਂ ਉੱਥੇ ਮੌਤਾਂ ਦੀ ਗਿਣਤੀ 3000 ਦੇ ਕਰੀਬ ਹੋ ਗਈ ਹੈ।
ਭਾਰਤ ਵਿਚ 151 ਵਿਅਕਤੀ ਪੀੜ੍ਹਤ ਹਨ, ਜਿੰਨ੍ਹਾਂ ਵਿਚੋਂ 25 ਵਿਦੇਸ਼ੀ ਨਾਗਰਿਕ ਹਨ। ਸਭ ਤੋਂ ਵੱਧ ਕੇਸ ਮਹਾਰਾਸ਼ਟਰ ( 42) ਕੇਰਲ ਵਿਚ (19) ਉੱਤਰ ਪ੍ਰਦੇਸ਼ ਵਿਚ 16 ਅਤੇ ਕਰਨਾਟਕ 11 ਮਰੀਜ਼ ਹਨ।
ਸੰਯੁਕਤ ਅਰਬ ਅਮੀਰਾਤ ਦੇ ਅਟਾਰਨੀ ਜਨਰਲ ਨੇ ਐਲਾਨ ਕੀਤਾ ਹੈ ਕਿ ਜੋ ਵੀ ਯੂਏਈ ਵਿਚ ਆਵੇਗਾ ਉਸ ਨੂੰ 14 ਦਿਨ ਆਪਣੇ ਘਰ ਵਿਚ ਬੰਦ ਰਹਿਣਾ ਪਵੇਗਾ।
ਉੱਧਰ ਅਮਰੀਕਾ ਨੇ ਕੈਨੇਡਾ ਨਾਲ ਲੱਗਦੀ ਆਪਣੀ ਸਰਹੱਦ ਨੂੰ ਸੀਲ ਕਰ ਦਿੱਤਾ ਹੈ।
ਪਾਕਿਸਤਾਨ ਵਿਚ ਈਰਾਨ ਦੀ ਸਰਹੱਦ ਨਾਲ ਲੱਗਦੇ ਇਲਾਕੇ ਜਿੱਥੇ ਸਭ ਤੋਂ ਵੱਧ ਮਰੀਜ਼ ਹਨ, ਵਿਚ ਲੋਕਾਂ ਨੇ ਕੋਏਟਾ ਦੇ ਤਫ਼ਤਾਨ ਸ਼ਹਿਰ ਵਿਚ ਕੁਆਰੰਟਾਇਨ ਨੂੰ ਅੱਗ ਲਗਾ ਕੇ ਫੂਕ ਦਿੱਤਾ। ਸਥਾਨਕ ਲੋਕ ਮੰਗ ਕਰ ਰਹੇ ਸਨ ਕਿ ਇਸ ਨੂੰ ਵਸੋਂ ਤੋਂ ਦੂਰ ਬਣਾਇਆ ਜਾਵੇ।
ਓਲੰਪਿਕ ਦੀ ਟ੍ਰੇਨਿੰਗ ਕੀਤੀ ਰੱਦ ( 17 ਮਾਰਚ)
ਜਪਾਨ ਦੇ ਪਬਲਿਕ ਬ੍ਰਾਡਕਾਸਟਰ ਐੱਨਕੇਐੱਚ ਮੁਤਾਬਕ, ਕਈ ਦੇਸਾਂ ਨੇ ਆਪਣੀ ਨੈਸ਼ਨਲ ਟੀਮਾਂ ਦੇ ਟੋਕੀਓ ਓਲੰਪਿਕ ਅਤੇ ਪੈਰਾਲੰਪਿਕ ਲਈ ਟ੍ਰੇਨਿੰਗ ਕੈਂਪ ਰੱਦ ਕਰ ਦਿੱਤੇ ਹਨ ਜਾਂ ਮੁਲਤਵੀ ਕਰ ਦਿੱਤੀ ਹੈ।
ਕੋਲੰਬੋ ਦੀ ਟੇਬਲ ਟੈਨਿਸ ਤੇ ਜਿਮਨਾਸਟਿਕ ਟੀਮਾਂ ਨੇ ਕੀਤਾਕਯੁਸ਼ੂ ਵਿੱਚ ਹੋਣ ਵਾਲੀ ਆਪਣੀ ਟ੍ਰੇਨਿੰਗ ਰੱਦ ਕਰ ਦਿੱਤੀ ਹੈ।
ਬ੍ਰਿਟੇਨ ਦੀ ਵ੍ਹੀਲਚੇਅਰ ਬਾਸਕਟਬਾਲ ਟੀਮ ਨੇ ਅਗਲੇ ਮਹੀਨੇ ਟੋਕੀਓ ਦੇ ਨੇੜੇ ਉਰਯਾਸੂ ਸ਼ਹਿਰ ਵਿੱਚ ਟ੍ਰੇਨਿੰਗ ਕਰਨੀ ਸੀ। ਖਿਡਾਰੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਇਹ ਰੱਦ ਕਰ ਦਿੱਤੀ ਗਈ ਹੈ।
ਇੱਕ ਨਜ਼ਰ ਮਾਰਦੇ ਹਾਂ ਪੂਰੇ ਵਿਸ਼ਵ ਵਿੱਚ ਕੋਰੋਨਾਵਾਇਰਸ ਨੇ ਕਿਸ ਤਰ੍ਹਾਂ ਅਸਰ ਪਾਇਆ ਹੈ।
ਪਾਕਿਸਤਾਨ ਸੁਪਰ ਲੀਗ ਮੁਲਤਵੀ
ਪਾਕਿਸਤਾਨ ਕ੍ਰਿਕਟ ਬੋਰਡ ਦੇ ਚੀਫ਼ ਐਗਜ਼ੀਕਿਊਟਿਵ ਵਸੀਮ ਖ਼ਾਨ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਕਾਰਨ ਸ਼ੱਕੀ ਤੌਰ 'ਤੇ ਪੀੜਤ ਵਿਦੇਸ਼ੀ ਖਿਡਾਰੀਆਂ ਕਾਰਨ ਪਾਕਿਸਤਾਨ ਸੁਪਰ ਲੀਗ ਦੇ ਮੈਚਾਂ ਨੂੰ ਮੁਲਤਵੀ ਕੀਤਾ ਗਿਆ ਹੈ।
ਮੰਗਲਵਾਰ ਨੂੰ ਲਾਹੌਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਖਿਡਾਰੀ ਵਿੱਚ ਕੋਰੋਨਾਵਾਇਰਸ ਦੇ ਲੱਛਣ ਦਿਖੇ ਸੀ ਜਿਸ ਤੋਂ ਬਾਅਦ ਹੁਣ ਕ੍ਰਿਕਟਰ ਪਾਕਿਸਤਾਨ ਤੋਂ ਜਾ ਚੁੱਕਿਆ ਹੈ।
ਵਸੀਮ ਖਾਨ ਨੇ ਉਸ ਖਿਡਾਰੀ ਦਾ ਨਾਂ ਜਨਤਕ ਨਹੀਂ ਕੀਤਾ ਹੈ। ਦੱਸ ਦੇਈਏ ਕਿ ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਪੀਐੱਸਐੱਲ ਵਿੱਚ ਸ਼ਾਮਿਲ 10 ਤੋਂ ਵੱਧ ਵਿਦੇਸ਼ੀ ਖਿਡਾਰੀ ਪਾਕਿਸਤਾਨ ਤੋਂ ਵਾਪਸ ਜਾ ਚੁੱਕੇ ਹਨ।
ਯੂਰਪ ਆਪਣੇ ਬਾਰਡਰ ਨੂੰ ਬੰਦ ਕਰਨ 'ਤੇ ਵਿਚਾਰ ਕਰ ਰਿਹਾ ਹੈ
ਯੂਰਪੀ ਕਮਿਸ਼ਨ ਕੋਰਾਨਾਵਾਇਰਸ ਦੇ ਡਰ ਤੋਂ ਯੂਰਪ ਦੇ ਸ਼ੈਨੇਗਨ ਫ੍ਰੀ-ਟਰੈਵਲ ਜ਼ੋਨ ਵਿੱਚ ਸਾਰੇ ਗੈਰ-ਜ਼ਰੂਰੀ ਸਫ਼ਰ 'ਤੇ ਬੈਨ ਲਾਉਣ ਦੀ ਯੋਜਨਾ ਬਣਾ ਰਿਹਾ ਹੈ।
ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਕਹਿ ਚੁੱਕੇ ਹਨ ਕਿ ਯੂਰਪੀ ਯੂਨੀਅਨ ਸਰਹੱਦਾਂ ਨੂੰ ਬੰਦ ਕਰਨ 'ਤੇ ਵਿਚਾਰ ਕਰ ਰਿਹਾ ਹੈ।
ਫਰਾਂਸ ਦੇ ਗ੍ਰਹਿ ਮੰਤਰੀ ਕ੍ਰਿਸਟੋਫ ਕੈਸਟਨਰ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਇਰਾਦੇ ਨਾਲ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਯਕੀਨੀ ਕਰਨ ਲਈ ਇੱਕ ਲੱਖ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਜਾਵੇਗੀ।
ਚੀਨ ਵਿੱਚ ਕੁੱਝ ਸਕੂਲ ਦੁਬਾਰਾ ਖੁੱਲ੍ਹੇ
ਚੀਨ ਦੇ ਗਵਾਂਗਝੂ ਸੂਬੇ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਬਾਅਦ ਬੱਚੇ ਸਕੂਲ ਵੱਲ ਪਰਤਣ ਲੱਗੇ ਹਨ।
ਚੀਨ ਦੇ ਸਰਕਾਰੀ ਚੈਨਲ ਚਾਇਨਾ ਸੈਂਟਰਲ ਟੈਲੀਵਿਜ਼ਨ (ਸੀਸੀਟੀਵੀ) ਮੁਤਾਬਕ ਦੱਖਣ-ਪੱਛਮੀ ਸੂਬੇ ਗਵਾਗਝੂ ਵਿੱਚ ਕੁੱਝ ਸਕੂਲ ਦੁਬਾਰਾ ਖੁਲ੍ਹ ਗਏ ਹਨ।
ਸਕੂਲ ਆ ਰਹੇ ਹਨ ਕਿ ਬੱਚਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਆਉਣ-ਜਾਣ ਲਈ ਵੱਖ ਰਾਹ ਬਣਾਇਆ ਗਿਆ ਹੈ।
ਚੀਨ ਵਿੱਚ ਇਸ ਸਾਲ ਜਨਵਰੀ ਵਿੱਚ ਹੀ ਸਾਰੇ ਸਕੂਲਾਂ ਨੂੰ ਬਦ ਕਰ ਦਿੱਤਾ ਗਿਆ ਸੀ।
ਯੂਕੇ, ਆਸਟਰੇਲੀਆ ਤੇ ਥਾਈਲੈਂਡ ਵਿੱਚ ਕੀ ਹੋ ਰਿਹਾ
ਯੂਕੇ ਵਿੱਚ ਬਾਰ ਤੇ ਰੈਸਟੋਰੈਂਟਜ਼ ਤੋਂ ਲੋਕਾਂ ਨੂੰ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਪਰ ਬਾਰ ਅਤੇ ਰੈਸਟੋਰੈਂਟਜ਼ ਨੂੰ ਬੰਦ ਕਰਨ ਦੇ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਹਨ।
ਯੂਕੇ ਵਿੱਚ ਓਡੀਅਨ ਸਿਨੇਮਾ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਯੂਕੇ ਸਰਕਾਰ ਨੇ ਬਰਤਾਨਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗੈਰ-ਜ਼ਰੂਰੀ ਵਿਦੇਸ਼ੀ ਯਾਤਰਾ ਨਾ ਕੀਤੀ ਜਾਵੇ।
ਆਸਟਰੇਲੀਆਈ ਸਰਕਾਰ ਨੇ ਕਿਹਾ ਹੈ ਕਿ ਜੇ ਵਿਦੇਸ਼ਾਂ ਵਿੱਚ ਗਏ ਨਾਗਰਿਕ ਦੇਸ ਪਰਤਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜਲਦੀ ਵਾਪਸ ਆਉਣਾ ਚਾਹੀਦਾ ਹੈ।
ਮੰਗਲਵਾਰ ਨੂੰ ਥਾਈਲੈਂਡ ਨੇ ਸਕੂਲ ਬੰਦ ਕਰਨ ਅਤੇ ਅਗਲੇ ਮਹੀਨੇ ਆਉਣ ਵਾਲੇ ਥਾਈ ਨਿਊ ਈਅਰ ਸਮਾਗਮ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।