ਕੋਰੋਨਾਵਾਇਰਸ: ਯੂਰਪ ਤੋਂ ਅਮਰੀਕਾ ਆਉਣ 'ਤੇ ਪਾਬੰਦੀ, ਬਾਕੀ ਦੁਨੀਆਂ 'ਚ ਕੀ ਹੋ ਰਿਹਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੋਰੋਨਾਵਾਇਰਸ ਕਾਰਨ ਨਵੀਆਂ ਯਾਤਰਾ ਪਾਬੰਦੀਆਂ ਦਾ ਐਲਾਨ ਕੀਤਾ ਹੈ। ਯੂਰਪ ਤੋ ਹਰ ਤਰ੍ਹਾਂ ਦੀ ਯਾਤਰਾ ਅਗਲੇ 30 ਦਿਨਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਟੈਲੀਵਿਜ਼ਨ ਉੱਤੇ ਦਿੱਤੇ ਆਪਣੇ ਸੰਦੇਸ਼ ਵਿੱਚ ਇਹ ਐਲਾਨ ਕੀਤਾ ਹੈ।

ਇਹ ਪਾਬੰਦੀਆਂ ਯੂਕੇ ਉੱਤੇ ਲਾਗੂ ਨਹੀਂ ਹੋਣਗੀਆਂ। ਯੂਕੇ ਵਿੱਚ 460 ਕੇਸਾਂ ਦੀ ਪੁਸ਼ਟੀ ਹੋਈ ਹੈ।

ਅਮਰੀਕਾ ਵਿੱਚ 1135 ਕੇਸ ਕੋਰੋਨਾਵਾਇਰਸ ਦੇ ਸਾਹਮਣੇ ਆਏ ਹਨ ਜਦਕਿ 38 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ।

ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਕਿੱਥੇ-ਕਿੱਥੇ ਆਏ ਹਨ, ਇਸ ਬਾਰੇ ਤੁਸੀਂ ਇਸ ਨਕਸ਼ੇ ਰਾਹੀਂ ਸਮਝ ਸਕਦੇ ਹੋ।

ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ 'ਚ ਕੀ-ਕੀ ਹੋ ਰਿਹਾ

  • ਪੰਜਾਬ- ਇੱਕ ਕੇਸ ਦੀ ਪੁਸ਼ਟੀ, ਕੁੱਲ 85, 791ਲੋਕਾਂ ਦੀ ਸਕਰੀਨਿੰਗ। ਹਸਪਤਾਲਾਂ 'ਚ 11 ਅਤੇ ਘਰਾਂ ਵਿੱਚ 2081 ਸ਼ੱਕੀ ਮਰੀਜ਼।
  • ਭਾਰਤ ਵਿੱਚ ਕਰਨਾਟਕ ਦੇ ਇੱਕ ਬਜ਼ੁਰਗ ਦੀ ਕੋਰੋਨਾਵਾਇਰਸ ਕਾਰਨ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ।
  • ਭਾਰਤ ਵਿੱਚ IPL 15 ਅਪਰੈਲ ਤੱਕ ਟਲਿਆ।
  • ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਵੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ।
  • ਪੂਰੀ ਦੁਨੀਆਂ ਵਿੱਚ 4600 ਤੋਂ ਵੱਧ ਮੌਤਾਂ, 1.25 ਲੱਖ ਲੋਕ ਪ੍ਰਭਾਵਿਤ। ਚੀਨ ਵਿੱਚ ਸਿਰਫ 8 ਕੇਸ ਦਰਜ।

ਟਰੰਪ ਨੇ ਇੱਕ ਟਵੀਟ ਕਰ ਕੇ ਕਿਹਾ,"ਮੈਂ ਕੋਰੋਨਾਵਾਇਰਸ ਦੀ ਚੁਣੌਤੀ ਨਾਲ ਲੜਨ ਲਈ ਸੰਘੀ ਸਰਕਾਰ ਦੀਆਂ ਸਾਰੀਆਂ ਤਾਕਤਾ ਦੀ ਵਰਤੋਂ ਕਰਨ ਨੂੰ ਤਿਆਰ ਹਾਂ"

ਇੱਕ ਹੋਰ ਟਵੀਟ ਰਾਹੀਂ ਟਰੰਪ ਨੇ ਦੇਸ਼ ਦੇ ਮੀਡੀਆ ਨੂੰ ਵੀ ਇਕਜੁੱਟਤਾ ਦਿਖਾਉਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਲਿਖਿਆ, "ਸਾਡਾ ਸਾਂਝਾ ਦੁਸ਼ਮਣ ਹੈ। ਅਸਲ ਵਿੱਚ ਇਹ ਪੂਰੀ ਦੁਨੀਆਂ ਦਾ ਦੁਸ਼ਮਣ ਹੈ। ਕੋਰੋਨਾਵਾਇਰਸ। ਸਾਨੂੰ ਇਸ ਨੂੰ ਛੇਤੀ ਤੇ ਸੁਰੱਖਿਅਤ ਤਰੀਕੇ ਨਾਲ ਹਰਾਉਣਾ ਹੋਵੇਗਾ। ਮੇਰੇ ਲਈ ਅਮਰੀਕੀ ਲੋਕਾਂ ਦੀ ਹਿਫ਼ਾਜ਼ਤ ਤੇ ਜ਼ਿੰਦਗੀ ਤੋਂ ਮਹੱਤਵਪੂਰਨ ਕੁਝ ਵੀ ਨਹੀਂ ਹੈ।

ਇਹ ਵੀ ਪੜ੍ਹੋ:

ਆਰਥਿਕਤਾ ਨੂੰ ਸਹਾਰਾ ਦੇਣ ਦੀ ਯੋਜਨਾ

  • ਰਾਸ਼ਟਰਪਤੀ ਨੇ ਇਸ ਤੋਂ ਇਲਾਵਾ ਲਘੂ ਉਦਯੋਗਾਂ ਨੂੰ ਕਰੋੜਾਂ ਡਾਲਰ ਕਰਜ਼ੇ ਦੇ ਰੂਪ ਵਿੱਚ ਦੇਣ ਦਾ ਵੀ ਐਲਾਨ ਕੀਤਾ। ਤਾਂ ਜੋ ਅਮਰੀਕਾ ਦੀ ਆਰਥਿਕਤਾ ਤੇ ਪੈਣ ਵਾਲਾ ਕੋਰੋਨਾਵਾਇਰਸ ਦਾ ਅਸਰ ਕਾਬੂ ਵਿੱਚ ਰੱਖਿਆ ਜਾ ਸਕੇ।
  • ਇਸ ਤੋਂ ਪਹਿਲਾਂ ਹਾਂਗ-ਕਾਂਗ ਵੀ ਕੋਰੋਨਾਵਾਇਰਸ ਕਾਰਨ ਛੁੱਟੀ ਤੇ ਜਾਣ ਵਾਲੇ ਮੁਲਾਜ਼ਮਾਂ ਦੇ ਬਦਲੇ ਉਦਯੋਗਾਂ ਨੂੰ ਪ੍ਰਤੀ ਮੁਲਾਜ਼ਮ ਕੁਝ ਰਾਸ਼ੀ ਦੇਣ ਦਾ ਐਲਾਨ ਕਰ ਚੁੱਕਿਆ ਹੈ।
  • ਰਾਸ਼ਟਰਪਤੀ ਨੇ ਕਾਂਗਰਸ ਨੂੰ ਵੀ ਟੈਕਸ ਰਾਹਤ ਸੰਬੰਧੀ ਰਾਹਤ ਦੇਣ ਲਈ ਵੱਡੇ ਬਿਲ ਪਾਸ ਕਰਨ ਦੀ ਅਪੀਲ ਕੀਤੀ ।

ਇਹ ਵੀ ਪੜ੍ਹੋ:

ਅਮਰੀਕਾ ਵਿੱਚ ਕੀ ਹਾਲਤ ਹੈ?

  • ਅਧਿਕਾਰੀਆਂ ਮੁਤਾਬਕ ਅਮਰੀਕੀ ਲੋਕਾਂ ਵਿੱਚ ਲਾਗ ਦਾ ਖ਼ਤਰਾ ਘੱਟ ਸੀ ਪਰ ਇਹ ਸਾਹਮਣੇ ਆ ਰਹੇ ਨਵੇਂ ਕੇਸਾਂ 'ਤੇ ਨਿਰਭਰ ਕਰਦਾ ਹੈ।
  • ਨਿਊ ਰੌਸ਼ੈਲ ਜੋ ਕਿ ਨਿਊ ਯਾਰਕ ਦੇ ਬਿਲਕੁਲ ਉੱਤਰ ਵਿੱਚ ਸਥਿਤ ਹੈ ਉੱਥੇ ਫੌਜ ਲਾ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਉੱਥੇ ਵਾਇਰਸ ਫੁੱਟ ਪਿਆ ਹੈ।
  • ਨੈਸ਼ਨਲ ਗਾਰਡ ਉਨ੍ਹਾਂ ਲੋਕਾਂ ਨੂੰ ਖਾਣਾ ਪਹੁੰਚਾਉਣਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਕੁਅਰੰਟੀਨ ਕਰ ਕੇ ਰੱਖਿਆ ਹੋਇਆ ਹੈ।
  • ਵਾਸ਼ਿੰਗਟਨ ਦੇ ਕਈ ਇਲਾਕਿਆਂ ਵਿੱਚ ਵੱਡੇ ਇਕੱਠਾਂ 'ਤੇ ਰੋਕ ਲਾ ਦਿੱਤੀ ਗਈ ਹੈ।
  • ਅਲਰਜੀ ਤੇ ਲਾਗ ਦੀਆਂ ਬਿਮਾਰੀਆਂ ਦੇ ਕੌਮੀ ਇੰਸਟੀਚਿਊਟ ਦੇ ਨਿਰਦੇਸ਼ਕ ਡਾ਼ ਐਨਥਨੀ ਫਾਉਸ਼ੀ ਨੇ ਕਾਂਗਰਸ ਨੂੰ ਦੱਸਿਆ ਕਿ 'ਸਥਿਤੀ ਖ਼ਰਾਬ ਹੋਣ ਜਾ ਰਹੀ ਹੈ' ਤੇ ਇਹ ਪੀੜਤਾਂ ਨੂੰ ਰੋਕ ਕੇ ਰੱਖ ਸਕਣ 'ਤੇ ਨਿਰਭਰ ਕਰੇਗਾ।
  • ਅਮਰੀਕਾ ਵਿੱਚ ਦਵਾਈਆਂ ਮਹਿੰਗੀਆਂ ਹੋਣਾ ਵੀ ਇੱਕ ਸਮੱਸਿਆ ਹੈ। ਇਸ ਕਾਰਨ ਬਹੁਤ ਸਾਰੇ ਲੋਕ ਡਾਕਟਰੀ ਸਲਾਹ ਨਹੀਂ ਲੈਂਦੇ ਕਿਉਂਕਿ ਡਾਕਟਰਾਂ ਦੀ ਫ਼ੀਸ ਦਾ ਖ਼ਰਚਾ ਨਹੀਂ ਚੁੱਕ ਸਕਦੇ। ਤਨਖ਼ਾਹ ਸਮੇਤ ਛੁੱਟੀ ਦੀ ਕਮੀ ਵੀ ਵੱਡੀ ਸਮੱਸਿਆ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਜ਼ੁਕਾਮ-ਬੁਖਾਰ ਹੀ ਲੱਛਣ ਹਨ ਤਾਂ ਕਿਵੇਂ ਪਤਾ ਲੱਗੇ ਕਿ ਕੋਰੋਨਾਵਾਇਰਸ ਤਾਂ ਨਹੀਂ

ਵੀਡੀਓ: ਕੋਰੋਨਾਵਾਇਰਸ ਮਾਸਕ ਕਦੋਂ ਪਾਉਣ ਦੀ ਲੋੜ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)