'ਜਿਹੜੇ ਪੰਜਾਬੀ ਆਪਣੀ ਜ਼ੁਬਾਨ ਬੋਲਣ ਤੋਂ ਸੰਗਦੇ ਹਨ, ਉਹ ਖ਼ਾਨ ਸਾਹਿਬ ਦੀ ਜ਼ਿੰਦਗੀ ਵੇਖਣ'

    • ਲੇਖਕ, ਮੁਹੰਮਦ ਹਨੀਫ਼
    • ਰੋਲ, ਪਾਕਿਸਤਾਨੀ ਪੱਤਰਕਾਰ ਤੇ ਲੇਖ਼ਕ

ਅਮਾਨਉੱਲਾਹ ਖ਼ਾਨ ਸਾਹਿਬ ਤੁਰ ਗਏ ਨੇ ਤੇ ਦਿੱਲ ਬਹੁਤ ਹੀ ਦੁੱਖੀ ਹੋਇਆ। ਫਿਰ ਦਿੱਲ ਨੂੰ ਸਮਝਾਇਆ ਕਿ ਜਿਹੜਾ ਬੰਦਾ ਸਾਰੀ ਉਮਰ ਹਾਸੇ ਵੰਡਦਾ ਰਿਹਾ, ਉਸ ਦੇ ਜਾਣ 'ਤੇ ਕਾਹਦਾ ਸਿਆਪਾ।

ਖ਼ਾਨ ਸਾਹਿਬ ਖਾ-ਹੰਢਾ ਕੇ ਗਏ ਨੇ, ਭਰਵੀਂ ਜ਼ਿੰਦਗੀ ਗੁਜ਼ਾਰੀ। ਥਿਏਟਰ ਦੇ ਬਾਹਰ ਨਾਂਅ ਲੱਗਾ ਹੋਵੇ ਤਾਂ ਡਰਾਮਾ ਸਾਲੋਂ ਸਾਲ ਚੱਲੇ। ਆਖ਼ਰੀ ਦਿਨਾਂ ਤੱਕ ਟੀ.ਵੀ. ਚੈਨਲਾਂ ਵਾਲੇ ਪਿੱਛੇ-ਪਿੱਛੇ। ਸਭ ਨੂੰ ਪਤਾ ਸੀ ਕਿ ਜਿੱਥੇ ਖ਼ਾਨ ਸਾਹਿਬ ਬੈਠਣਗੇ, ਉੱਥੇ ਰੌਣਕਾਂ ਲੱਗ ਜਾਣਗੀਆਂ, ਬਰਕਤਾਂ ਪੈਣਗੀਆਂ।

ਜਿਹੜੇ ਪੰਜਾਬੀ ਆਪਣੀ ਜ਼ੁਬਾਨ ਬੋਲਣ ਤੋਂ ਸੰਗਦੇ ਹਨ, ਉਹ ਖ਼ਾਨ ਸਾਹਿਬ ਦੀ ਜ਼ਿੰਦਗੀ ਵੇਖਣ। ਜਿਹੜੇ ਚਿੱਟੇ ਅਨਪੜ੍ਹ ਸਨ ਪਰ ਆਪਣੀ ਬੋਲੀ 'ਚ ਗੱਲ ਇੰਨੀ ਸੋਹਣੀ ਕਰਦੇ ਸਨ ਜ਼ਿਆ ਮੁਜ਼ਾਇਉਦੀਨ ਅਤੇ ਅਨਵਰ ਸਜ਼ਾਦ ਵਰਗੇ ਉਰਦੂਦਾਨ ਵੀ ਸੁਣ ਕੇ ਤਾੜੀਆਂ ਮਾਰਦੇ ਸਨ।

ਅਗਰ ਆਲਮ ਲੋਕ ਬੁਰਾ ਨਾ ਮਨਾਉਣ ਤਾਂ ਮੈਨੂੰ ਕਹਿਣ ਦਿਓ ਕਿ ਪਿਛਲੇ 40 ਵਰਿਆਂ 'ਚ ਪੰਜਾਬ ਨੇ ਐੱਡਾ ਵੱਡਾ ਅਵਾਮੀ ਆਲਮ ਪੈਦਾ ਨਹੀਂ ਕੀਤਾ, ਜਿਹੜਾ ਮਾਤੜ ਲੋਕਾਂ ਦੀਆਂ ਪੀੜ੍ਹਾਂ ਸਮਝਦਾ ਸੀ ਤੇ ਇੰਨ੍ਹਾਂ ਪੀੜ੍ਹਾਂ ਨੂੰ ਹਾਸਿਆਂ 'ਚ ਬਦਲ ਦਿੰਦਾ ਸੀ।

ਇਹ ਵੀ ਪੜ੍ਹੋ

ਫੰਕਾਰਾਂ ਦੇ ਦਰਬਾਰੀ

ਪਾਕਿਸਤਾਨ 'ਚ ਹਰ ਫੰਕਾਰ ਨੂੰ ਥੋੜ੍ਹਾ ਬਹੁਤ ਦਰਬਾਰੀ ਹੋਣਾ ਪੈਂਦਾ ਹੈ। ਅਮਾਨਉੱਲਾਹ ਖ਼ਾਨ ਸਾਹਿਬ ਸਿਰਫ਼ ਫੰਕਾਰਾਂ ਦੇ ਦਰਬਾਰੀ ਸਨ। ਸਾਰੀ ਉਮਰ ਇਨਾਇਤ ਸੇਨ ਭੱਟੀ, ਆਲਮ ਲੁਹਾਰ ਤੇ ਗੁਲਾਮ ਅਲ਼ੀ ਦੀਆਂ ਗੱਲਾਂ ਸੁਣਾ ਕੇ ਅਤੇ ਉਨ੍ਹਾਂ ਦੀ ਆਵਾਜ਼ 'ਚ ਗਾ ਕੇ ਸਾਡਾ ਰਾਂਝਾ ਰਾਜ਼ੀ ਕਰਦੇ ਰਹੇ।

ਖ਼ਾਨ ਸਾਹਿਬ ਨੇ ਇਹ ਵੀ ਸਾਬਤ ਕੀਤਾ ਕਿ ਜੁਗਤ ਗਾਲ ਨਹੀਂ ਹੁੰਦੀ। ਜੁਗਤ ਉਸਨੂੰ ਹੀ ਲਗਾਈ ਜਾਂਦੀ ਹੈ ਜਿਹੜਾ ਆਪਣੇ ਤੋਂ ਡਾਡਾ ਹੋਵੇ ।

ਖ਼ਾਨ ਸਾਹਿਬ ਦੀ ਜੁਗਤ 'ਤੇ ਹਾਸਾ ਤਾਂ ਪੈਂਦਾ ਹੀ ਸੀ ਪਰ ਨਾਲ ਹੀ ਕੋਈ ਰਮਜ਼ ਦੀ ਗੱਲ ਵੀ ਕਰ ਜਾਂਦੇ ਸਨ ਕਿ ਅਗਲੇ ਦਿਨ ਵੀ ਯਾਦ ਕਰੋ ਤਾਂ ਸਵਾਦ ਆਵੇ।

ਪਹਿਲੀ ਦਫ਼ਾ ਖ਼ਾਨ ਸਾਹਿਬ ਨੂੰ ਇੱਕ ਸਟੇਜ ਡਰਾਮੇ 'ਚ ਵੇਖਿਆ। ਕੱਪੜੇ ਸੁੱਕਣੇ ਪਾ ਰਹੇ ਸਨ। ਇੱਕ ਗਿੱਲੀ ਚਾਦਰ ਚਾੜ੍ਹੀ, ਉਦੇ 'ਚੋਂ ਪਾਣੀ ਦੀ ਫੁਹਾਰ ਉੱਠੀ, ਇਸ ਫੁਹਾਰ 'ਚ ਲੰਮੀ ਸਾਹ ਲੈ ਕੇ ਫ਼ੁਰਮਾਇਆ ਕਿ ਵੇਖੋ ਅਸੀਂ ਗਰੀਬ ਤਾਂ ਘਰ ਬੈਠੇ ਹੀ ਨਥਿਆਅਲੀ ਬਣਾ ਲਈ ਹੈ।

ਜੁਗਤਬਾਜ਼ੀ ਦਾ ਕੰਮ ਆਮ ਤੌਰ 'ਤੇ ਜਵਾਨਾਂ ਦਾ ਕੰਮ ਸਮਝਿਆ ਜਾਂਦਾ ਹੈ। ਕਈ ਫੰਕਾਰ ਬੁੱਢੇਵਾਰੇ ਖਾਰ ਹੋ ਜਾਂਦੇ ਹਨ। ਪਰ ਅਮਾਨਉੱਲਾਹ ਦਾ ਕੰਮ ਆਖਰੀ ਦਿਨਾਂ ਤੱਕ ਚੱਲਦਾ ਰਿਹਾ ਕਿਉਂਕਿ ਉਨ੍ਹਾਂ ਦੇ ਦਿਲ 'ਚ ਦਾਤਾ ਦਰਬਾਰ 'ਤੇ ਮੰਦਮੱਖਣ ਤੇ ਲੱਛੇ ਵੇਚਣ ਵਾਲਾ ਬੱਚਾ ਸੀ , ਜਿਹੜਾ ਹਮੇਸ਼ਾ ਜ਼ਿੰਦਾ ਰਿਹਾ।

ਜਦੋਂ ਪਹਿਲੀ ਦਫ਼ਾ ਜਹਾਜ਼ 'ਤੇ ਬੈਠਿਆ...

ਇੰਟਰਵਿਊ ਕਰਨ ਵਾਲੇ ਨੇ ਪੁੱਛਿਆ ਸਭ ਤੋਂ ਜ਼ਿਆਦਾ ਖੁਸ਼ੀ ਕਦੋਂ ਹੋਈ ਸੀ। ਖ਼ਾਨ ਸਾਹਿਬ ਨੇ ਬਗ਼ੈਰ ਸੋਚਿਆਂ ਫੋਰਨ ਜਵਾਬ ਦਿੱਤਾ, ਜਦੋਂ ਪਹਿਲੀ ਦਫ਼ਾ ਜਹਾਜ਼ 'ਤੇ ਬੈਠਿਆ ਸੀ।

ਖ਼ਾਨ ਸਾਹਿਬ ਦਾ ਇਕ ਹੋਰ ਵੀ ਵੱਡਾ ਕੰਮ ਸੀ ਕਿ ਮੌਲ੍ਹਾ ਦਾ ਨਾਂਅ ਲੈ ਕੇ ਜੁਗਤ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਹੀ ਮਾਰਦੇ ਸਨ। ਫ਼ਰਮਾਇਆ ਕਿ ਮੇਰੀ ਸ਼ਕਲ ਵਾਲਾ ਬੰਦਾ ਜੇਬ 'ਚ ਪੈਸੇ ਪਾ ਕੇ ਦੁਕਾਨ 'ਤੇ ਸੌਦਾ ਲੈਣ ਵੀ ਜਾਵੇ ਤਾਂ ਦੁਕਾਨਦਾਰ ਅੱਗੋਂ ਚੁਆਨੀ ਫੜ੍ਹਾ ਕੇ ਆਖਦਾ ਹੈ ਕਿ ਉਹ ਤੂੰ ਫਿਰ ਆ ਗਿਆ।

ਹੁਣ ਖ਼ਾਨ ਸਾਹਿਬ ਜਿਹੜੇ ਰੱਬ ਸੱਚੇ ਕੋਲ ਤੁਰ ਗਏ ਨੇ, ਉਹ ਰੱਬ ਵੀ ਹੱਸਦਾ ਹੁਣਾ ਤੇ ਕਹਿੰਦਾ ਹੁਣਾ ਕਿ ਉਏ ਅਮਾਨਉੱਲਾਹ ਤੂੰ ਫਿਰ ਆ ਗਿਆ।

ਇਹ ਵੀ ਪੜ੍ਹੋ

ਇਹ ਵੀ ਦੇਖੋਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)