Justin Bieber: Lyme ਬਿਮਾਰੀ ਜਿਸ ਤੋਂ ਜਸਟਿਨ ਬੀਬਰ ਨੇ ਪੀੜਤ ਹੋਣ ਦਾ ਖ਼ੁਲਾਸਾ ਕੀਤਾ

ਕੈਨੇਡਾ ਦੇ ਪੌਪ ਸਿੰਗਰ ਜਸਟਿਨ ਬੀਬਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਲਾਈਮ ਨਾਮ ਦੀ ਬਿਮਾਰੀ ਹੈ।

ਪੱਚੀ ਸਾਲਾ ਕਲਾਕਾਰ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਪਿਛਲੇ ਦੋ ਸਾਲ ਕਾਫ਼ੀ ਮੁਸ਼ਕਲ ਰਹੇ ਹਨ।" ਉਨ੍ਹਾਂ ਇਹ ਵੀ ਲਿਖਿਆ ਕਿ ਪਿਛਲੇ ਸਮੇਂ ਦੌਰਾਨ ਉਹ ਵਾਇਰਲ ਇਨਫੈਕਸ਼ਨ ਤੋਂ ਵੀ ਪੀੜਤ ਰਹੇ ਹਨ।

ਉਨ੍ਹਾਂ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਨਸ਼ੇੜੀ ਹੋਣ ਦੀਆਂ ਸਰਗੋਸ਼ੀਆਂ ਤੋਂ ਵੀ ਉਹ ਵਾਕਫ਼ ਸਨ। ਉਨ੍ਹਾਂ ਦੀ ਇੱਕ ਤਸਵੀਰ ਵਾਇਰਲ ਹੋਈ ਸੀ ਜਿਸ ਵਿੱਚ ਉਹ ਬਿਮਾਰ ਨਜ਼ਰ ਆ ਰਹੇ ਸਨ ਤੇ ਉਨ੍ਹਾਂ ਦੇ ਸਰੀਰ 'ਤੇ ਨੀਲ ਵੀ ਨਜ਼ਰ ਆ ਰਹੇ ਸਨ।

ਲਾਈਮ ਬਿਮਾਰੀ (Lyme disease) ਚਿੱਚੜਾਂ ਤੋਂ ਹੋਣ ਵਾਲੀ ਬਿਮਾਰੀ ਹੈ। ਜਿਸ ਦੇ ਲੱਛਣਾਂ ਵਿੱਚ ਮਾਸਪੇਸ਼ੀਆਂ ਦਾ ਦਰਦ, ਥਕਾਨ ਤੇ ਚਕੱਤੇ ਪੈ ਜਾਂਦੇ ਹਨ।

ਇਹ ਵੀ ਪੜ੍ਹੋ:

ਬੀਬਰ ਨੇ ਕੀ ਕਿਹਾ?

ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਉਨ੍ਹਾਂ ਲਿਖਿਆ, "ਲੋਕਾਂ ਨੇ ਸਮਝਿਆ ਕਿ ਮੈਂ ਨਸ਼ਾ ਕਰ ਰਿਹਾ ਸੀ ਪਰ ਉਹ ਇਹ ਨਹੀਂ ਸਮਝ ਸਕੇ ਕਿ ਮੈਨੂੰ ਹਾਲ ਹੀ ਵਿੱਚ ਲਾਈਮ ਬਿਮਾਰੀ ਹੋਣ ਦਾ ਪਤਾ ਚੱਲਿਆ ਸੀ। ਇਸ ਤੋਂ ਇਲਾਵਾ ਮੈਨੂੰ ਗੰਭੀਰ ਮੋਨੋ (ਵਾਇਰਸ ਤੋਂ ਹੋਣ ਵਾਲੀ ਇਨਫੈਕਸ਼ਨ) ਵੀ ਸੀ ਜਿਸ ਨੇ ਮੇਰੀ ਚਮੜੀ, ਦਿਮਾਗ਼ੀ ਕੰਮ, ਊਰਜਾ ਤੇ ਸਮੁੱਚੀ ਸਿਹਤ ਨੂੰ ਪ੍ਰਭਾਵਿਤ ਕੀਤਾ ਸੀ।"

ਉਨ੍ਹਾਂ ਦੱਸਿਆ ਕਿ ਉਨ੍ਹਾਂ ਇਲਾਜ ਕਰਵਾਇਆ ਹੈ ਜਿਸ ਬਾਰੇ ਜ਼ਿਆਦਾ ਜਾਣਕਾਰੀ ਉਨ੍ਹਾਂ ਤੇ ਬਣ ਰਹੀ ਦਸਤਾਵੇਜ਼ੀ ਫ਼ਿਲਮ ਵਿੱਚ ਦਿੱਤੀ ਜਾਵੇਗੀ। ਆਪਣੇ 120 ਮਿਲੀਅਨ ਫੌਲਵਰਸ ਨੂੰ ਉਨ੍ਹਾਂ ਨੇ ਦੱਸਿਆ ਕਿ ਤੁਸੀਂ ਇਸ ਤੋਂ ਸਿੱਖ ਸਕਦੇ ਹੋ ਕਿ ਮੈਂ ਲੜ ਰਿਹਾ ਸੀ ਤੇ ਕਾਬੂ ਪਾ ਰਿਹਾ ਸੀ। ਉਨ੍ਹਾਂ ਲਿਖਿਆ ਕਿ ਉਹ ਪਹਿਲਾਂ ਨਾਲੋਂ ਬਿਹਤਰ ਹੋ ਕੇ ਵਾਪਸੀ ਕਰਨਗੇ।

ਇਹ ਬਿਮਾਰੀ ਕੀ ਹੈ?

  • ਲਾਈਮ ਬਿਮਾਰੀ ਕੁਝ ਕਿਸਮ ਦੇ ਚਿੱਚੜਾਂ ਤੋਂ ਇਨਫੈਕਸ਼ਨ ਰਾਹੀਂ ਫੈਲਦੀ ਹੈ। ਮੰਨਿਆ ਜਾਂਦਾ ਹੈ ਕਿ ਲਗਭਗ 13 ਫ਼ੀਸਦੀ ਬਰਤਾਨਵੀਂ ਲੋਕ ਇਸ ਤੋਂ ਪੀੜਤ ਹਨ।
  • ਹਾਲਾਂਕਿ ਇਹ ਬਿਮਾਰੀ ਇਨਸਾਨ ਤੋਂ ਇਨਸਾਨ ਤੱਕ ਨਹੀਂ ਫ਼ੈਲਦੀ।
  • ਲੱਛਣ— ਥਕਾਨ ਤੇ ਬੁਖ਼ਾਰ, ਲਾਲ ਘੇਰੇ ਵਾਲਾ ਦਾਗ਼ ਜਿਸ ਨੂੰ bulls-eye rash ਕਿਹਾ ਜਾਂਦਾ ਹੈ। ਇਹ ਦਾਗ਼ ਆਮ ਤੌਰ 'ਤੇ ਕੀੜਾ ਕੱਟਣ ਤੋਂ ਤਿੰਨ ਹਫ਼ਤਿਆਂ ਬਾਅਦ ਬਣਦਾ ਹੈ।
  • ਜਿਹੜੇ ਲੋਕ ਤਿੰਨ ਹਫ਼ਤਿਆਂ ਤੱਕ ਇਸ ਦਾ ਪੂਰਾ ਇਲਾਜ ਕਰਵਾਉਂਦੇ ਹਨ ਉਹ ਮੁਕੰਮਲ ਤੌਰ ਤੇ ਠੀਕ ਹੋ ਜਾਂਦੇ ਹਨ। ਜਦਕਿ ਕੁਝ ਲੋਕਾਂ ਵਿੱਚ ਇਸ ਦੇ ਲੱਛਣ ਕਈ ਸਾਲਾਂ ਤੱਕ ਨਜ਼ਰ ਕਾਇਮ ਰਹਿੰਦੇ ਹਨ। ਹਾਲਾਂਕਿ ਇਸ ਦੇ ਕਾਰਨ ਹਾਲੇ ਸਪਸ਼ਟ ਨਹੀਂ ਹਨ। ਇਸੇ ਕਾਰਨ ਇਲਾਜ ਬਾਰੇ ਆਮ ਸਹਿਮਤੀ ਨਹੀਂ ਹੈ। ਫਿਰ ਵੀ ਜਿਨ੍ਹਾਂ ਨੂੰ ਉਪਰੋਕਤ ਲੱਛਣਾਂ ਦੀ ਸ਼ਿਕਾਇਤ ਹੋਵੇ, ਉਨ੍ਹਾਂ ਨੂੰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਹੈ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)