ਜਰਮਨੀ ਦੇ ਇਸ ਸ਼ਹਿਰ ਵਿੱਚ ‘ਨਾਜ਼ੀ ਐਮਰਜੈਂਸੀ’ ਕਿਉਂ ਲੱਗੀ

ਪੂਰਬੀ ਜਰਮਨੀ ਦੇ ਇੱਕ ਸ਼ਹਿਰ 'ਚ ਕੱਟੜ ਸੱਜੇ ਪੱਖੀਆਂ ਨੂੰ ਇੱਕ ਗੰਭੀਰ ਸਮੱਸਿਆ ਦੱਸਦਿਆਂ, 'ਨਾਜ਼ੀ ਐਮਰਜੈਂਸੀ' ਦਾ ਐਲਾਨ ਕੀਤਾ ਗਿਆ ਹੈ।

ਡਰੇਜ਼ਡਨ, ਸਾਕਸੂਨੀ ਸੂਬੇ ਦੀ ਰਾਜਧਾਨੀ ਹੈ। ਇਹ ਸ਼ਹਿਰ ਪਿਛਲੇ ਲੰਮੇ ਸਮੇਂ ਤੋਂ ਕੱਟੜ-ਸੱਜੇ ਪੱਖੀਆਂ ਦਾ ਗੜ੍ਹ ਰਿਹਾ ਹੈ ਅਤੇ ਨਾਲ ਹੀ ਇਸਲਾਮ ਵਿਰੋਧੀ ਪੈਗਿਡਾ ਅੰਦੋਲਨ ਦੀ ਜਨਮਭੂਮੀ ਵੀ ਬਣਿਆ ਹੈ।

ਜੋ ਲੋਕ ਜਾਂ ਜਥੇਬੰਦੀ ਧਰਮ, ਜਾਤ ਜਾਂ ਰੰਗ ਦੇ ਆਧਾਰ 'ਤੇ ਕੱਟੜ ਵਿਚਾਰ ਰੱਖਦੇ ਹਨ, ਉਨ੍ਹਾਂ ਨੂੰ ਸੱਜੇ ਪੱਖੀ ਕਿਹਾ ਜਾਂਦਾ ਹੈ।

ਇਹ ਸ਼ਹਿਰ 2025 ਲਈ ਯੂਰਪੀਅਨ ਸੱਭਿਆਚਾਰਕ ਰਾਜਧਾਨੀ ਦਾ ਦਾਅਵੇਦਾਰ ਹੈ ਅਤੇ ਸ਼ਹਿਰ ਦੇ ਕੌਂਸਲਰਾਂ ਨੇ ਇੱਕ ਮਤਾ ਪਾਸ ਕਰਕੇ ਇਸ ਮਸਲੇ ਨਾਲ ਨਜਿੱਠਣ ਲਈ ਕੁਝ ਹੋਰ ਕਦਮ ਚੁੱਕਣ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ।

ਪਰ ਦੂਜੇ ਪਾਸੇ ਵਿਰੋਧੀਆਂ ਦਾ ਮੰਨਣਾ ਹੈ ਕਿ ਮਸਲਾ ਅੱਗੇ ਤੱਕ ਜਾਵੇਗਾ।

ਇਹ ਵੀ ਪੜ੍ਹੋ-

ਨਾਜ਼ੀ ਐਂਮਰਜੈਂਸੀ ਕੀ ਹੈ?

ਇਹ ਮਤਾ ਸਥਾਨਕ ਕੌਂਸਲਰ ਮੈਕਸ ਆਸ਼ਨਬੈਕ ਪੇਸ਼ ਕੀਤਾ ਸੀ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ " ਨਾਜ਼ੀਨੌਟਸਟੈਂਡ" ਦਾ ਮਸਲਾ ਸਾਨੂੰ ਦਰਪੇਸ਼ ਆਉਂਦੀ ਜਲਵਾਯੂ ਐਮਰਜੈਂਸੀ ਵਾਂਗ ਹੀ ਹੈ। ਇਹ ਲੋਕਤੰਤ੍ਰਿਕ ਸਮਾਜ ਲਈ ਖ਼ਤਰਾ ਹੈ।"

ਮੈਕਸ ਆਸ਼ਨਬੈਕ ਖੱਬੇਪੱਖੀ ਝੁਕਾਅ ਰੱਖਣ ਵਾਲੀ ਡਾਇ ਪਾਰਟੀ ਨਾਲ ਸਬੰਧਤ ਹਨ। ਉਨ੍ਹਾਂ ਕਿਹਾ, "ਸਾਨੂੰ ਭਰੋਸਾ ਹੈ ਕਿ ਇਹ ਕਾਰਵਾਈ ਕੀਤੀ ਜਾਣੀ ਲਾਜ਼ਮੀ ਸੀ ਕਿਉਂਕਿ ਸਿਆਸਤਦਾਨ ਫਿਰਕਾਪ੍ਰਸਤੀ ਖ਼ਿਲਾਫ਼ ਸਪੱਸ਼ਟ ਸਟੈਂਡ ਲੈਣ ਲਈ ਠੋਸ ਕਦਮ ਨਹੀਂ ਲੈ ਰਹੇ ਸਨ।"

"ਇਹ ਗੁਜ਼ਾਰਿਸ਼ ਸਥਿਤੀ 'ਚ ਬਦਲਾ ਕਰਨ ਦੀ ਇੱਕ ਕੋਸ਼ਿਸ਼ ਸੀ। ਮੈਂ ਇਹ ਵੀ ਜਾਣਨ ਦਾ ਇਛੁੱਕ ਸੀ ਕਿ ਮੈਂ ਡਰੇਜ਼ਗਨ ਦੀ ਸਿਟੀ ਕੌਂਸਲ 'ਚ ਕਿਸ ਕਿਸਮ ਦੇ ਲੋਕਾਂ ਨਾਲ ਬੈਠਦਾ ਹਾਂ।"

ਮਤੇ ਅਨੁਸਾਰ, “ਸੱਜੇ-ਪੱਖੀ ਧੜੇ ਦੀਆਂ ਗਤੀਵਿਧੀਆਂ ਲਗਾਤਾਰ ਵਧ ਰਹੀਆਂ ਹਨ। ਇਨ੍ਹਾਂ ਕਰਕੇ ਫਿਰਕਾਪ੍ਰਸਤੀ ਹਿੰਸਾ ਦੇ ਪੀੜਤਾਂ ਦੀ ਮਦਦ ਕਰਨ, ਘੱਟ ਗਿਣਤੀਆਂ ਨੂੰ ਸੁਰੱਖਿਆ ਦੇਣ ਅਤੇ ਜਮਹੂਰੀਅਤ ਨੂੰ ਮਜ਼ਬੂਤ ਕਰਨਾ ਸਭ ਤੋਂ ਜ਼ਰੂਰੀ ਹੋ ਗਿਆ ਹੈ।

ਮੈਕਸ ਆਸ਼ਨਬੈਕ ਨੇ ਕਿਹਾ ਕਿ ਇਹ ਮਤਾ ਸੱਜੇਪੱਖੀ ਫਿਰਕਾਪ੍ਰਸਤੀ ਨੂੰ ਰੱਦ ਕਰਕੇ ਇੱਕ ਆਜ਼ਾਦ ਉਦਾਰਵਾਦੀ, ਲੋਕਤੰਤਰੀ ਸਮਾਜ ਸਿਰਜਣ ਤੇ ਘੱਟ ਗਿਣਤੀਆਂ ਦੇ ਸੁਰੱਖਿਆ ਦੇਣ ਲਈ ਸਿਟੀ ਕੌਸਲ ਦੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਾ ਹੈ।

ਇਹ ਵੀ ਪੜ੍ਹੋ-

ਨਾਜ਼ੀ ਐਮਰਜੈਂਸੀ ਦਾ ਐਲਾਨ ਕਿਵੇਂ ਹੋਇਆ?

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਿਕ ਮੈਕਸ ਆਸ਼ਨਬੈਕ ਵੱਲੋਂ ਪੇਸ਼ ਕੀਤੇ ਗਏ ਮਤੇ ਨੂੰ ਬੁੱਧਵਾਰ ਰਾਤ ਨੂੰ ਵੋਟਿੰਗ ਲਈ ਡਰੇਜ਼ਡਨ ਦੀ ਸਿਟੀ ਕੌਂਸਲ 'ਚ ਪੇਸ਼ ਕੀਤਾ ਗਿਆ ਸੀ। ਇਸ ਵੋਟਿੰਗ 'ਚ 29 ਦੇ ਮੁਕਾਬਲੇ 39 ਨੇ ਇਸ ਦੇ ਹੱਕ 'ਚ ਵੋਟ ਪਾਈ ਅਤੇ ਇਸ ਮਤੇ ਨੂੰ ਬਹੁਮਤ ਰਾਹੀਂ ਪਾਸ ਕੀਤਾ ਗਿਆ।

ਇਸ ਮਤੇ ਖ਼ਿਲਾਫ਼ ਭੁਗਤ ਵਾਲਿਆਂ 'ਚ ਜਰਮਨੀ ਦੀ ਸੱਤਾਧਾਰੀ ਕ੍ਰਿਸ਼ਚੀਅਨ ਡੈਮੋਕਰੇਟਸ (ਸੀਡੀਯੂ) ਵੀ ਸ਼ਾਮਲ ਹਨ।

ਸੀਡੀਯੂ ਸਿਟੀ ਕੌਂਸਲ ਗਰੁੱਪ ਦੇ ਚੇਅਰਮੈਨ ਜਾਨ ਡੋਨਹੋਸਰ ਨੇ ਬੀਬੀਸੀ ਨੂੰ ਦੱਸਿਆ ਕਿ " ਸਾਡਾ ਮੰਨਣਾ ਹੈ ਕਿ ਇਹ ਇੱਕ ਭੜਕਾਊ ਪ੍ਰਕ੍ਰਿਆ ਸੀ।"

ਉਨ੍ਹਾਂ ਅੱਗੇ ਕਿਹਾ , " ਐਮਰਜੈਂਸੀ ਦੀ ਸਥਿਤੀ ਦਾ ਮਤਲਬ ਹੁੰਦਾ ਹੈ ਕਿ ਜਨਤਕ ਪ੍ਰਬੰਧ ਦਾ ਢਹਿ-ਢੇਰੀ ਹੋ ਜਾਣਾ ਜਾਂ ਉਸ ਲਈ ਗੰਭੀਰ ਖ਼ਤਰਾ। ਇਹ ਕੋਈ ਮੁੱਢਲੇ ਹਾਲਾਤ ਨਹੀਂ ਹੁੰਦੇ।”

“ਇਸ ਤੋਂ ਵੀ ਅਗਲੀ ਗੱਲ ਕਿ 'ਸੱਜੇ-ਪੱਖੀ ਅੱਤਵਾਦੀ ਵਿਚਾਰਧਾਰਾ' 'ਤੇ ਜ਼ੋਰ ਦੇਣਾ ਸਾਡੀ ਜ਼ਰੂਰਤ ਨਹੀਂ ਹੈ। ਅਸੀਂ ਤਾਂ ਉਦਾਰਵਾਦੀ ਜਮਹੂਰੀਅਤ ਦੇ ਬੁਨਿਆਦੀ ਨਿਯਮਾਂ ਦੀ ਰਾਖੀ ਕਰਦੇ ਹਾਂ ਅਤੇ ਅਸੀਂ ਕਿਸੇ ਵੀ ਤਰੀਕੇ ਦੀ ਹਿੰਸਾ ਦੇ ਵਿਰੋਧੀ ਹਾਂ।"

ਉਨ੍ਹਾਂ ਕਿਹਾ ਕਿ ਡਰੇਜ਼ਡੇਨਰਾਂ ਦੀ 'ਬਹੁਗਿਣਤੀ' ਨਾ ਤਾਂ ਸੱਜੇ-ਪੱਖੀ ਕੱਟੜਪੰਥੀ ਅਤੇ ਨਾ ਹੀ ਲੋਕਤੰਤਰ ਵਿਰੋਧੀ ਹੈ।

ਜਰਮਨੀ ਦੇ ਇੱਕ ਰਾਜਨੀਤੀ ਦੇ ਪ੍ਰੋਫੈਸਰ ਕੇਅ ਅਰਜ਼ਾਮੇਰ, ਜਿੰਨਾਂ ਨੇ ਸੱਜੇ-ਪੱਖੀ ਕੱਟੜਵਾਦ ਸਬੰਧੀ ਵਿਸਥਾਰ ਨਾਲ ਲਿਖਿਆ ਹੈ, ਉਨ੍ਹਾਂ ਨੇ ਕਿਹਾ ਕਿ ਮਤੇ ਦਾ ਪ੍ਰਮੁੱਖ ਪ੍ਰਭਾਵ ਪ੍ਰਤੀਕਾਤਮਕ ਹੈ ਪਰ ਨਾਲ ਹੀ ਇਸ ਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਭਵਿੱਖ 'ਚ ਕੱਟੜਵਾਦ ਦਾ ਮੁਕਾਬਲਾ ਕਰਨ ਵਾਲੇ ਪ੍ਰੋਗਰਾਮਾਂ ਲਈ ਵਧੇਰੇ ਵਿੱਤੀ ਮਦਦ ਪੇਸ਼ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ " ਮੈਨੂੰ ਨਹੀਂ ਲਗਦਾ ਹੈ ਕਿ ਜਰਮਨੀ ਦੇ ਕਿਸੇ ਹੋਰ ਸ਼ਹਿਰ 'ਚ ਨਾਜ਼ੀ ਐਮਰਜੈਂਸੀ ਦਾ ਐਲਾਨ ਹੋਇਆ ਹੈ।ਹਾਲਾਂਕਿ ਸੱਜੇ-ਪੱਖੀ ਅੱਤਵਾਦ ਵਿਰੁੱਧ ਮਤਿਆਂ ਦਾ ਸਿਲਸਿਲਾ ਕੋਈ ਹੈਰਾਨ ਕਰਨ ਵਾਲਾ ਨਹੀਂ ਹੈ।"

ਡਰੇਜ਼ਡਨ ਦਾ ਸੱਜੇ-ਪੱਖੀਆਂ ਨਾਲ ਕੀ ਸਬੰਧ ਹੈ?

ਡਰੇਜ਼ਡਨ ਨੂੰ ਲੰਬੇ ਸਮੇਂ ਤੋਂ ਸੱਜੇਪੱਖੀ ਫਿਰਕਾਪ੍ਰਸਤਾਂ ਨਾਲ ਸਬੰਧਾਂ ਲਈ ਜਾਣਿਆ ਜਾਂਦਾ ਹੈ।

ਅਰਜ਼ਾਮੇਰ ਨੇ ਕਿਹਾ ਕਿ "1990 ਦੇ ਦਹਾਕੇ ਦੇ ਸ਼ੁਰੂਆਤੀ ਦੌਰ 'ਚ ਨਵੇਂ ਨਾਜ਼ੀ ਸਮੂਹਾਂ ਨੇ ਰੈਲੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਦਰਅਸਲ 1945 'ਚ ਬ੍ਰਿਟਿਸ਼ ਅਤੇ ਅਮਰੀਕੀ ਫੌਜਾਂ ਵੱਲੋਂ ਇੱਥੇ ਬੰਬ ਸੁੱਟੇ ਗਏ ਸਨ। ਉਸ ਦੀ ਯਾਦ ਵਿੱਚ ਇਹ ਰੈਲੀਆਂ ਸ਼ੁਰੂ ਹੋਈਆਂ ਸਨ।

ਪੇਗਿਡਾ ਸਮਰਥਕਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸਲਾਮਿਕ ਅੱਤਵਾਦ ਦੇ ਖ਼ਤਰੇ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ।ਉਹ ਚਾਹੁੰਦੇ ਹਨ ਕਿ ਜਰਮਨ ਇਮੀਗ੍ਰੇਸ਼ਨ ਪ੍ਰਕ੍ਰਿਆ 'ਤੇ ਰੋਕ ਲਗਾਵੇ ਅਤੇ ਮੌਜੂਦਾ ਕਾਨੂੰਨਾਂ ਨੂੰ ਅਮਲੀ ਜਾਮਾ ਪਹਿਣਾਉਣ 'ਚ ਅਸਫ਼ਲ ਰਹੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।

ਇਸ ਅੰਦੋਲਨ ਨੇ ਸ਼ਹਿਰ 'ਚ ਵੱਡੀਆਂ ਜਵਾਬੀ ਰੈਲੀਆਂ ਦਾ ਰੂਪ ਧਾਰਨ ਕੀਤਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)