ਅਬੂ ਬਕਰ ਅਲ-ਬਗ਼ਦਾਦੀ ਦੇ ਮਾਰੇ ਜਾਣ ਮਗਰੋਂ ਕੌਣ ਹੈ Islamic State ਦਾ ਨਵਾਂ ਆਗੂ, ਜਿਸ ਬਾਰੇ ਸੁਰੱਖਿਆ ਬਲਾਂ ਨੂੰ ਵੀ ਨਹੀਂ ਪਤਾ

ਜਿਹਾਦੀ ਗਰੁੱਪ ਇਸਲਾਮਿਕ ਸਟੇਟ (ਆਈਐੱਸ) ਨੇ ਆਪਣੇ ਆਗੂ ਅਬੂ ਬਕਰ ਅਲ-ਬਗ਼ਦਾਦੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਆਪਣੇ ਅਗਲੇ ਆਗੂ ਦੇ ਨਾਮ ਦਾ ਐਲਾਨ ਵੀ ਕਰ ਦਿੱਤਾ ਹੈ।

ਆਈਐੱਸ ਦੇ ਇੱਕ ਆਊਟਲੈੱਟ ਨੇ ਮੈਸੇਜਿੰਗ ਸਰਵਿਸ ਟੈਲੀਗਰਾਮ 'ਤੇ ਐਲਾਨ ਕੀਤਾ ਕਿ ਅਬੂ ਇਬਰਾਹਿਮ ਅਲ-ਹਾਸ਼ਮੀ ਅਲ-ਕੁਰਾਸ਼ੀ ਗਰੁੱਪ ਦਾ ਨਵਾਂ ਆਗੂ ਅਤੇ 'ਖ਼ਲੀਫ਼ਾ' ਹੋਵੇਗਾ।

ਅਮਰੀਕਾ ਦੀਆਂ ਵਿਸ਼ੇਸ਼ ਫੋਰਸਾਂ ਨੇ ਪਿਛਲੇ ਹਫ਼ਤੇ ਉੱਤਰ-ਪੱਛਮੀ ਸੀਰੀਆ ਵਿੱਚ ਬਗ਼ਦਾਦੀ ਦਾ ਪਤਾ ਲਗਾਇਆ ਅਤੇ ਉਸ ਦੀ ਰਿਹਾਇਸ਼ 'ਤੇ ਹਮਲਾ ਕੀਤਾ।

ਅਮਰੀਕਾ ਦਾ ਦਾਅਵਾ ਹੈ ਕਿ ਇਸ ਦੌਰਾਨ ਆਈਐੱਸ ਆਗੂ ਇੱਕ ਸੁਰੰਗ ਵਿੱਚ ਭੱਜ ਗਿਆ ਅਤੇ ਖ਼ੁਦ ਨੂੰ ਉਡਾ ਲਿਆ।

ਬਗ਼ਦਾਦੀ ਦੇ ਸਿਰ ਕਰੀਬ 2.5 ਕਰੋੜ ਡਾਲਰ ਦਾ ਇਨਾਮ ਸੀ ਅਤੇ ਪਿਛਲੇ ਪੰਜਾਂ ਸਾਲਾਂ ਤੋਂ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ ਬਗ਼ਦਾਦੀ ਦੀ ਭਾਲ ਵਿੱਚ ਸਨ।

ਇਹ ਵੀ ਪੜ੍ਹੋ-

ਆਈਐੱਸ ਨੇ ਵੀਰਵਾਰ ਨੂੰ ਆਪਣੇ ਬੁਲਾਰੇ ਅਬੂ ਅਲ-ਹਸਨ ਅਲ ਮੁਹਾਜਿਰ ਦੀ ਮੌਤ ਦੀ ਵੀ ਪੁਸ਼ਟੀ ਕੀਤੀ।

ਅਗਲੇ ਉੱਤਰਾਧਿਕਾਰੀ ਮੰਨੇ ਜਾਂਦੇ ਮੁਹਾਜਿਰ ਨੂੰ ਬਗ਼ਦਾਦੀ ਦੇ ਨਿਸ਼ਾਨਾ ਬਣਾਏ ਜਾਣ ਦੇ ਕੁਝ ਘੰਟਿਆਂ ਬਾਅਦ ਉੱਤਰੀ ਸੀਰੀਆ ਵਿੱਚ ਅਮਰੀਕਾ ਅਤੇ ਸੀਰੀਆ ਦੇ ਕੁਰਦੀ ਬਲਾਂ ਨੇ ਸਾਂਝੇ ਅਪਰੇਸ਼ਨ ਵਿੱਚ ਮਾਰਿਆ ਸੁੱਟਿਆ ਸੀ।

ਇਸ ਦੌਰਾਨ ਆਈਐੱਸ ਦੇ ਨਵੇਂ ਬੁਲਾਰੇ ਅਬੂ ਹਮਜ਼ਾ ਅਲ-ਕੁਰਾਸ਼ੀ ਨੇ ਮੁਸਲਮਾਨਾਂ ਨੂੰ ਵੀ ਅਬੂ ਇਬਰਾਹਿਮ ਅਲ-ਹਾਸ਼ਮੀ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁਕਾਈ।

ਕੌਣ ਹੈ ਅਬੂ ਇਬਰਾਹਿਮ ਅਲ-ਹਾਸ਼ਮੀ ਅਲ-ਕੁਰਾਸ਼ੀ?

ਸੁਰੱਖਿਆ ਬਲ ਹਾਸ਼ਮੀ ਦੇ ਨਾਮ ਨਾਲ ਜਾਣੂ ਨਹੀਂ ਹਨ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਉਸ ਦਾ ਫ਼ਰਜ਼ੀ ਨਾਮ ਸੀ।

ਆਈਐੱਸ ਨੇ ਵੀ ਇਸ ਨਵੇਂ ਆਗੂ ਬਾਰੇ ਵਿਸਥਾਰ 'ਚ ਜਾਣਕਾਰੀ ਜਾਂ ਤਸਵੀਰ ਜਾਰੀ ਨਹੀਂ ਕੀਤੀ, ਪਰ ਇਹ ਜ਼ਰੂਰ ਦੱਸਿਆ ਹੈ ਕਿ ਉਹ ਜਿਹਾਦ ਦੀ ਇੱਕ ਅਹਿਮ ਸ਼ਖ਼ਸੀਅਤ ਹੈ।

ਬਿਆਨ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਹਾਸ਼ਮੀ ਇੱਕ ਜਿਹਾਦੀ ਲੜਾਕੂ ਹੈ ਜੋ ਅਮਰੀਕਾ ਖ਼ਿਲਾਫ਼ ਵੀ ਲੜ ਚੁੱਕਿਆ ਹੈ।

"ਅਲ-ਕੁਰਾਸ਼ੀ" ਨਾਮ ਦੇ ਨਾਲ, ਸਮੂਹ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਹਜ਼ਰਤ ਮੁਹੰਮਦ ਦੀ ਕੁਰੈਸ਼ ਗੋਤ ਵਿਚੋਂ ਹੋਣ ਦਾ ਦਾਅਵਾ ਕਰਦਾ ਹੈ, ਜਿਸ ਨੂੰ ਆਮ-ਤੌਰ 'ਤੇ ਪੁਰਾਤਨ ਸੁੰਨੀ ਵਿਦਵਾਨ ਖ਼ਲੀਫ਼ਾ ਬਣਨ ਦੇ ਕਾਬਿਲ ਸਮਝਦੇ ਹਨ।

ਇਸ ਐਲਾਨ ਤੋਂ ਪਹਿਲਾਂ, ਬੀਬੀਸੀ ਦੇ ਜਿਹਾਦੀ ਮੀਡੀਆ ਮਾਹਿਰ ਮੀਨਾ ਅਲ-ਲਾਮੀ ਨੇ ਕਿਹਾ, "ਜੇ ਆਈਐੱਸ ਆਗੂ ਵਜੋਂ ਅਜਿਹੇ ਕਿਸੇ ਵਿਅਕਤੀ ਚੋਣ ਹੁੰਦੀ ਹੈ ਜੋ 'ਕੁਰਾਸ਼ੀ' ਨਹੀਂ ਹੈ ਤਾਂ ਇਹ ਸਪੱਸ਼ਟ ਤੌਰ 'ਤੇ ਸਵੀਕਾਰ ਕਰਨ ਦੇ ਬਰਾਬਰ ਹੋਵੇਗਾ ਕਿ 'ਖ਼ਲੀਫ਼ਾ' ਨਹੀਂ ਰਿਹਾ।"

ਇਸ ਦੇ ਕੀ ਮਾਅਨੇ

ਸਾਲ 2014 ਵਿੱਚ ਇਰਾਨ ਅਤੇ ਸੀਰੀਆ ਦੇ ਵੱਡੇ ਖੇਤਰ 'ਤੇ ਕਬਜ਼ਾ ਕਰਨ ਤੋਂ ਬਾਅਦ 'ਖ਼ਲੀਫ਼ਾ' ਰਾਜ ਵਜੋਂ ਸ਼ਰੀਆ ਅਤੇ ਇਸਲਾਮਿਕ ਕਾਨੂੰਨ ਦੇ ਤਹਿਤ ਸ਼ਾਸਨ ਦੀ ਸਥਾਪਨਾ ਕੀਤੀ।

ਇਸ ਦੌਰਾਨ ਬਗ਼ਦਾਦੀ ਨੂੰ 'ਖ਼ਲੀਫ਼ਾ ਇਬਰਾਹਿਮ' ਐਲਾਨਿਆ ਗਿਆ ਅਤੇ ਪੂਰੀ ਦੁਨੀਆਂ ਦੇ ਮੁਸਲਮਾਨਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ।

ਮਾਰਚ 2019 ਵਿੱਚ ਸੀਰੀਆ ਦੀਆਂ ਫੌਜਾਂ ਨੇ ਆਈਐੱਸ ਦੇ ਕਬਜ਼ੇ ਵਾਲੇ ਆਖ਼ਰੀ ਖੇਤਰ ਬਾਗੂਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਇਸ ਦੇ ਬਾਵਜੂਦ ਵੀ ਇਹ ਮੰਨਿਆ ਜਾ ਰਿਹਾ ਸੀ ਕਿ ਆਈਐੱਸ ਦੇ ਹਜ਼ਾਰਾਂ ਲੜਾਕੇ ਅਜੇ ਵੀ ਹਨ।

ਅਮਰੀਕਾ ਦੀ ਇੱਕ ਨਵੀਂ ਰਿਪੋਰਟ ਮੁਤਾਬਕ ਅਜੇ ਵੀ ਇਸ ਸਮੂਹ ਦੇ ਇਰਾਕ ਅਤੇ ਸੀਰੀਆ ਵਿੱਚ 14,000 ਤੋਂ 18,000 ਮੈਂਬਰ ਹਨ, ਜਿਨ੍ਹਾਂ ਵਿੱਚ 3,000 ਵਿਦੇਸ਼ੀ ਵੀ ਸ਼ਾਮਲ ਹਨ।

ਆਪਣੇ ਬਿਆਨ ਵਿੱਚ ਆਈਐੱਸ ਦੇ ਨਵੇਂ ਬੁਲਾਰੇ ਨੇ ਕਿਹਾ ਕਿ ਸਮੂਹ ਦੀ ਸ਼ੂਰਾ ਕੌਂਸਲ ਨਾਲ ਮੁਲਾਕਾਤ ਬਗ਼ਦਾਦੀ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਤੁਰੰਤ ਬਾਅਦ ਹੋਈ ਅਤੇ ਹਾਸ਼ਮੀ ਪ੍ਰਤੀ ਵਫ਼ਾਦਾਰੀ ਦਾ ਵਾਅਦਾ ਕੀਤਾ ਗਿਆ।

ਬਗ਼ਦਾਦੀ ਕਿਵੇਂ ਮਾਰਿਆ ਗਿਆ ?

ਆਈਐੱਸ ਦੇ ਨਵੇਂ ਆਗੂ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ, ਅਕਤੂਬਰ ਦੇ ਅਖ਼ੀਰਲੇ ਹਫ਼ਤੇ ਦੌਰਾਨ ਅਮਰੀਕਾ ਦੀਆਂ ਸਪੈਸ਼ਲ ਅਪਰੇਸ਼ਨ ਫੋਰਸਜ਼ ਨੇ ਉੱਤਰ-ਪੱਛਮੀ ਸੀਰੀਆ ਦੇ ਇਦਲਿਬ ਸੂਬੇ ਦੇ ਬਾਰਿਸ਼ਾ ਪਿੰਡ ਵਿੱਚ ਛਾਪਾ ਮਾਰਿਆ।

ਇਸ ਛਾਪੇ ਦਾ ਅਸਲ ਨਿਸ਼ਾਨਾ ਬਗ਼ਦਾਦੀ ਹੀ ਸੀ। ਇਹ ਖੇਤਰ ਕਈ ਸੌ ਕਿਲੋਮੀਟਰ ਵਿੱਚ ਫੈਲਿਆ ਹੋਇਆ ਸੀ ਜਿਸ ਵਿੱਚ ਕਿਸੇ ਵੀ ਥਾਂ ਤੇ ਬਗ਼ਦਾਦੀ ਲੁਕਿਆ ਹੋ ਸਕਦਾ ਸੀ।

ਰਾਸ਼ਟਰਪਤੀ ਟਰੰਪ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਛਾਪੇ ਦੌਰਾਨ ਜਦੋਂ ਅਮਰੀਕੀ ਫੌਜ ਦੇ ਕੁੱਤਿਆਂ ਨੂੰ ਸੁਰੰਗ ਦੇ ਅੰਦਰ ਭੇਜਿਆ ਗਿਆ ਤਾਂ ਬਗ਼ਦਾਦੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਆਪਣੇ-ਆਪ ਨੂੰ ਬੰਬ ਨਾਲ ਉਡਾ ਲਿਆ ਹੈ।

ਧਮਾਕੇ ਵਿੱਚ ਬਗ਼ਦਾਦੀ ਦਾ ਸਰੀਰ ਉੱਡ ਗਿਆ ਪਰ ਟੈਸਟ ਦੇ ਨਤੀਜਿਆਂ ਨੇ ਉਸ ਦੀ ਪਛਾਣ ਕਰ ਦਿੱਤੀ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)