You’re viewing a text-only version of this website that uses less data. View the main version of the website including all images and videos.
ਟਰੰਪ ਦੇ ਬਗ਼ਦਾਦੀ ਅਤੇ ਓਬਾਮਾ ਦੇ ਲਾਦੇਨ ਆਪਰੇਸ਼ਨ ’ਚ ਕੀ ਹੈ ਫਰਕ
- ਲੇਖਕ, ਐਂਥਨ ਜ਼ਰਕਰ
- ਰੋਲ, ਉੱਤਰੀ ਅਮਰੀਕਾ, ਪੱਤਰਕਾਰ
ਕੱਟੜਪੰਥੀ ਸੰਗਠਨ ਇਸਲਾਮਿਕ ਸਟੇਟ ਦੇ ਮੁਖੀ ਅਬੁ ਬਕਰ ਅਲ-ਬਗ਼ਦਾਦੀ ਦਾ ਮਾਰਿਆ ਜਾਣਾ ਡੌਨਲਡ ਟਰੰਪ ਲਈ ਕਿਸੇ ਵੱਡੀ ਜਿੱਤ ਤੋਂ ਘੱਟ ਨਹੀਂ ਹੈ।
ਪਰ ਇਹ ਰਾਸ਼ਟਰਪਤੀ ਦੇ ਕੰਮ ਕਰਨ ਦੀ ਟਕਰਾਅ ਭਰੀ ਸ਼ੈਲੀ ਦੇ ਖ਼ਤਰੇ ਅਤੇ ਖ਼ਰਾਬ ਭਾਈਵਾਲੀਆਂ ਦੀ ਇੱਕ ਸਪੱਸ਼ਟ ਉਦਾਹਰਣ ਵੀ ਹੈ।
ਇਸ ਦੀ ਸ਼ੁਰੂਆਤ ਡੌਨਲਡ ਟਰੰਪ ਦੇ ਐਤਵਾਰ ਸਵੇਰ ਦੇ ਐਲਾਨ ਨਾਲ ਹੋਈ ਸੀ। ਉਨ੍ਹਾਂ ਨੇ ਐਲਾਨ 'ਚ ਬਗ਼ਦਾਦੀ 'ਕੁੱਤੇ ਵਰਗੀ ਮੌਤ' ਮਾਰਿਆ, ਇਹ ਕਹਿ ਕੇ ਖੁਸ਼ੀ ਜਾਹਰ ਕੀਤੀ।
ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਕਿਵੇਂ ਇੱਕ ਫਿਲਮ ਵਾਂਗ ਇਸ ਪੂਰੇ ਆਪਰੇਸ਼ਨ ਨੂੰ ਦੇਖਿਆ ਹੈ।
ਇਹ ਵੀ ਪੜ੍ਹੋ-
ਬਗ਼ਦਾਦੀ ਨੂੰ ਮਾਰਨ ਦੀ ਮੁਹਿੰਮ ਅਤੇ ਜਾਣਕਾਰੀ ਦੇਣ ਦਾ ਡੌਨਲਡ ਟਰੰਪ ਦਾ ਤਰੀਕਾ ਬਰਾਕ ਓਬਾਮਾ ਦੀ ਉਸ ਸ਼ਾਮ ਦੇ ਐਲਾਨ ਤੋਂ ਬਿਲਕੁਲ ਉਲਟ ਸੀ, ਜਿਸ ਵਿੱਚ ਉਨ੍ਹਾਂ ਨੇ ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਸੀ।
ਡੌਨਲਡ ਟਰੰਪ ਦੇ ਇਸ ਵਿਹਾਰ ਨੂੰ ਲੈ ਕੇ ਬਹੁਤੀ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਪਹਿਲਾ ਹੀ ਕਹਿ ਚੁੱਕੇ ਹਨ ਕਿ ਇਹ 'ਆਧੁਨਿਕ ਸਮੇਂ ਦਾ ਰਾਸ਼ਟਰਪਤੀ ਸ਼ਾਸਨ' ਹੈ ਅਤੇ ਉਨ੍ਹਾਂ ਦੀ ਰੁੱਖ਼ੀ ਅਤੇ ਲਾਪਰਵਾਹੀ ਵਾਲੀ ਭਾਸ਼ਾ ਇਸ ਪੈਕੇਜ ਦਾ ਹਿੱਸਾ ਹੈ।
ਪੱਤਰਕਾਰਾਂ ਦੇ ਸਵਾਲਾਂ 'ਤੇ ਉਨ੍ਹਾਂ ਨੇ ਯੂਰਪੀ ਸਹਿਯੋਗੀਆਂ ਦੀ ਆਲੋਚਨਾ ਵੀ ਕੀਤੀ ਅਤੇ ਆਈਐੱਸ ਕੈਦੀਆਂ ਨੂੰ ਬੰਦ ਰੱਖਣ 'ਚ ਬਹੁਤਾ ਸਹਿਯੋਗ ਨਾ ਦੇਣ ਕਰਕੇ ਉਸ ਨੂੰ 'ਬੇਹੱਦ ਨਿਰਾਸ਼ਾ ਵਾਲਾ ਵਤੀਰਾ' ਦੱਸਿਆ।
ਇਸ ਦੇ ਨਾਲ ਹੀ ਡੌਨਲਡ ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਬਗ਼ਦਾਦੀ ਦੀ ਮੌਤ 2011 'ਚ ਓਸਾਮਾ ਬਿਨ ਲਾਦੇਨ ਨੂੰ ਮਾਰਨ ਤੋਂ ਜ਼ਿਆਦਾ ਵੱਡੀ ਸੀ।
ਓਸਾਮਾ ਬਿਨ ਲਾਦੇਨ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਮਾਰਿਆ ਗਿਆ ਸੀ।
ਓਸਾਮਾ ਦੇ ਤੁਲਨਾ
ਡੌਨਲਡ ਟਰੰਪ ਆਪਣੀਆਂ ਗੱਲਾਂ 'ਚ ਵਾਰ-ਵਾਰ ਓਸਾਮਾ ਬਿਨ ਲਾਦੇਨ ਦਾ ਜ਼ਿਕਰ ਕਰ ਰਹੇ ਸਨ। ਟਰੰਪ ਨੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੇ 'ਵਰਲਡ ਟਰੇਡ ਸੈਂਟਰ' 'ਤੇ ਹਮਲੇ ਤੋਂ ਪਹਿਲਾਂ ਆਪਣੀ ਕਿਤਾਬ ਵਿੱਚ ਓਸਾਮਾ ਬਿਨ ਲਾਦੇਨ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ ਪਰ ਉਸ 'ਤੇ ਕਿਸੇ ਨੇ ਗ਼ੌਰ ਨਹੀਂ ਕੀਤਾ।
ਉਨ੍ਹਾਂ ਨੇ ਕਿਹਾ, "ਜੇਕਰ ਮੇਰੀ ਗੱਲ ਸੁਣੀ ਗਈ ਹੁੰਦੀ ਤਾਂ ਅੱਜ ਬਹੁਤ ਸਾਰੀਆਂ ਚੀਜ਼ਾਂ ਵੱਖ ਹੁੰਦੀਆਂ।"
ਹਾਲਾਂਕਿ, ਤੱਥ ਇਹ ਵੀ ਹੈ ਓਸਾਮਾ ਬਿਨ ਲਾਦੇਨ ਲੰਬੇ ਸਮੇਂ ਤੋਂ ਅਮਰੀਕਾ ਦੇ ਨਿਸ਼ਾਨੇ 'ਤੇ ਰਹੇ ਅਤੇ ਟਰੰਪ ਨੇ ਆਪਣੀ ਕਿਤਾਬ 'ਦਿ ਅਮਰੀਕਾ ਵੀ ਡਿਜ਼ਰਵ' 'ਚ ਅਜਿਹਾ ਕੁਝ ਨਹੀਂ ਲਿਖਿਆ ਸੀ।
ਰਿਪਬਲਿਕਨ ਪਾਰਟੀ ਨੂੰ ਸੂਚਨਾ ਨਹੀਂ
ਡੌਨਲਡ ਟਰੰਪ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੇ ਪਰੰਪਰਾ ਨੂੰ ਤੋੜਦੇ ਹੋਏ ਸੰਸਦ ਦੇ ਹੇਠਲੇ ਸਦਨ ਦੀ ਸਪੀਕਰ ਅਤੇ ਡੈਮੋਟਕ੍ਰੇਟ ਪਾਰਟੀ ਦੀ ਨੇਤਾ ਨੈਨਸੀ ਪੈਲੋਸੀ ਅਤੇ ਹਾਊਸ ਇੰਟੈਲੀਜੈਂਸ ਕਮੇਟੀ ਦੇ ਮੁਖੀ ਐਡਮ ਸ਼ਿਫ ਨੂੰ ਵੀ ਇਸ ਮੁਹਿੰਮ ਬਾਰੇ ਨਹੀਂ ਦੱਸਿਆ ਸੀ।
ਇਸ ਦਾ ਕਾਰਨ ਦਿੰਦਿਆਂ ਹੋਇਆ ਉਨ੍ਹਾਂ ਨੇ ਕਿਹਾ, "ਅਸੀਂ ਉਨ੍ਹਾਂ ਨੂੰ ਪਿਛਲੀ ਰਾਤ ਦੱਸਣ ਵਾਲੇ ਸੀ ਪਰ ਫਿਰ ਅਸੀਂ ਅਜਿਹਾ ਨਾ ਕਰਨ ਦਾ ਫ਼ੈਸਲਾ ਲਿਆ ਕਿਉਂਕਿ ਵਾਸ਼ਿੰਗਟਨ 'ਚ ਇਸ ਤੋਂ ਪਹਿਲਾਂ ਇੰਨੀਆਂ ਸਾਰੀਆਂ ਗੱਲਾਂ ਲੀਕ ਹੁੰਦਿਆਂ ਨਹੀਂ ਦੇਖੀਆਂ ਸਨ।"
ਇਹ ਵੀ ਪੜ੍ਹੋ-
ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਕੁਝ ਰਿਪਬਲਿਕਨ ਸੰਸਦ ਮੈਂਬਰਾਂ ਜਿਵੇਂ ਸੀਨੇਟ ਇੰਟੈਲੀਜੈਂਸ ਮੁਖੀ ਰਿਚਰਡ ਬਰ ਅਤੇ ਸੰਸਦ ਮੈਂਬਰ ਲਿੰਡਸੇ ਗ੍ਰਾਹਮ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਸੀ।
ਡੌਨਲਡ ਟੰਰਪ ਨੇ ਰੂਸ ਅਤੇ ਤੁਰਕੀ ਦੇ ਅਧਿਕਾਰੀਆਂ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਇਸ ਮੁਹਿੰਮ ਦਾ ਪਹਿਲਾਂ ਹੀ ਸੰਕੇਤ ਦੇ ਦਿੱਤਾ ਗਿਆ ਸੀ।
ਵਿਰੋਧੀ ਧਿਰ ਨੂੰ ਇਹ ਗੱਲ ਖਟਕਣੀ ਲਾਜ਼ਮੀ ਸੀ। ਨੈਨਸੀ ਪੈਲੋਸੀ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆ ਕਿਹਾ, "ਇਸ ਮੁਹਿੰਮ ਬਾਰੇ ਸਦਨ 'ਚ ਬਿਆਨ ਦਿੱਤਾ ਜਾਣਾ ਚਾਹੀਦਾ ਹੈ। ਉਹ ਮੁਹਿੰਮ ਜਿਸ ਬਾਰੇ 'ਚ ਰੂਸ ਨੂੰ ਦੱਸਿਆ ਗਿਆ ਪਰ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਨਹੀਂ। ਸਾਡੀ ਫੌਜ ਅਤੇ ਸਹਿਯੋਗੀ ਇੱਕ ਵਧੇਰੇ ਮਜ਼ਬੂਤ, ਕੁਸ਼ਲ ਅਤੇ ਰਣਨੀਤਕ ਭਾਈਵਾਲੀਆਂ ਚਾਹੁੰਦੇ ਹਨ।"
ਅਗਲੇ ਦਿਨ ਸ਼ਿਕਾਗੋ ਜਾਣ ਦੌਰਾਨ ਉਨ੍ਹਾਂ ਨੇ ਐਡਮ ਸ਼ਿਫ ਨੂੰ ਭ੍ਰਿਸ਼ਟਾਚਾਰੀ ਅਤੇ ਜਾਣਕਾਰੀ ਲੀਕ ਕਰਨ ਵਾਲਾ ਦੱਸਿਆ।
ਉਨ੍ਹਾਂ ਨੇ ਕਿਹਾ, "ਮੈਂ ਐਡਮ ਸ਼ਿਫ ਦੀ ਲੀਕ ਜਾਣਕਾਰੀ ਨੂੰ ਦੇਖਿਆ ਹੈ। ਇਹ ਇੱਕ ਭ੍ਰਿਸ਼ਟ ਨੇਤਾ ਹੈ।" ਐਡਮ ਸ਼ਿਫ ਰਾਸ਼ਟਰਪਤੀ ਦੇ ਖ਼ਿਲਾਫ਼ ਮਹਾਦੋਸ਼ ਮਾਮਲੇ ਦੀ ਜਾਂਚ ਦੀ ਅਗਵਾਈ ਕਰ ਰਹੇ ਹਨ।
ਬਰਾਕ ਓਬਾਮਾ ਦੌਰਾਨ ਹਾਲਾਤ ਇਸ ਤੋਂ ਵੱਖ ਸਨ। ਓਸਾਮਾ ਬਿਨ ਲਾਦੇਨ ਦੇ ਖ਼ਿਲਾਫ਼ ਮੁਹਿੰਮ ਚਲਾਉਣ ਤੋਂ ਪਹਿਲਾਂ ਬਰਾਕ ਓਬਾਮਾ ਨੇ ਦੋਵੇਂ ਪਾਰਟੀਆਂ ਦੇ ਨੇਤਾਵਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ।
ਇਹ ਵੀ ਪੜ੍ਹੋ-
ਉਨ੍ਹਾਂ ਵਿਚੋਂ ਕੁਝ ਰਿਪਬਲਿਕਨ ਨੇਤਾ ਹਾਊਸ ਇੰਟੈਲੀਜੈਂਸ ਕਮੇਟੀ ਵਿੱਚ ਵੀ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸ ਮੁਹਿੰਮ ਦੌਰਾਨ ਵ੍ਹਾਈਟ ਹਾਊਸ ਦੇ ਸੰਪਰਕ 'ਚ ਸਨ।
ਵਾਸ਼ਿੰਗਟਨ ਐਗਜ਼ਾਮੀਨਰ 'ਚ ਲਿਖਣ ਵਾਲੇ ਇੱਕ ਲੇਖਕ ਬੈਰੋਕ ਯਾਰਕ ਨੇ ਟਵਿੱਟਰ ਰਾਹੀਂ ਜ਼ਿਕਰ ਕੀਤਾ ਹੈ ਕਿ ਓਸਾਮਾ ਅਤੇ ਬਗ਼ਦਾਦੀ ਦੇ ਮਾਰੇ ਜਾਣ 'ਤੇ ਨੈਨਸੀ ਪੈਲੋਸੀ ਦੀ ਪ੍ਰਤੀਕਿਰਿਆ 'ਚ ਕਿਸ ਤਰ੍ਹਾਂ ਦਾ ਅੰਤਰ ਹੈ।
ਉਸ ਵੇਲੇ ਨੈਨਸੀ ਪੈਲੋਸੀ ਨੇ ਓਬਾਮਾ ਨੂੰ ਸੈਲਿਊਟ ਕੀਤਾ ਸੀ। ਹਾਲਾਂਕਿ, ਉਨ੍ਹਾਂ ਨੇ ਆਪਣੇ ਬਿਆਨ ਵਿੱਚ ਇਹ ਤਾਰੀਫ਼ ਸਿਰਫ਼ ਸੈਨਾ ਅਤੇ ਖ਼ੂਫ਼ੀਆਂ ਅਧਿਕਾਰੀਆਂ ਤੱਕ ਹੀ ਸੀਮਤ ਰੱਖੀ ਸੀ।
ਰਾਸ਼ਟਰਪਤੀ ਟਰੰਪ ਵੀ ਲਾਦੇਨ ਦੀ ਮੌਤ ਦਾ ਸਿਹਰਾ ਓਬਾਮਾ ਦੇ ਸਿਰ ਬੰਨ੍ਹਣ ਤੋਂ ਬਚਦੇ ਰਹੇ ਹਨ।
ਸਿਆਸੀ ਲਾਹਾ
ਇਸ ਸਮੇਂ ਇਹ ਕਹਿਣਾ ਥੋੜ੍ਹਾ ਮੁਸ਼ਕਿਲ ਹੋਵੇਗਾ ਕਿ ਆਉਣ ਵਾਲੀਆਂ ਚੋਣਾਂ 'ਚ ਟਰੰਪ ਨੂੰ ਬਗ਼ਦਾਦੀ ਦੀ ਮੌਤ ਦਾ ਲਾਹਾ ਮਿਲੇਗਾ ਜਾਂ ਨਹੀਂ।
ਓਬਾਮਾ ਨੂੰ ਵੀ ਲਾਦੇਨ ਦੀ ਮੌਤ ਦਾ ਬਹੁਤਾ ਫਾਇਦਾ ਨਹੀਂ ਮਿਲਿਆ ਸੀ।
ਡੌਨਲਡ ਟਰੰਪ ਦੇ ਬਗ਼ਦਾਦੀ 'ਤੇ ਵਾਰ-ਵਾਰ ਜ਼ੋਰ ਦੇਣ ਦੇ ਬਾਵਜੂਦ ਇਹ ਨਾਮ ਅਮਰੀਕੀ ਲੋਕਾਂ ਵਿਚਾਲੇ ਬਹੁਤ ਵੱਡਾ ਨਹੀਂ ਹੈ। ਹਾਲਾਂਕਿ, ਟਰੰਪ ਸੀਰੀਆ ਤੋਂ ਅਮਰੀਕੀ ਸੈਨਾ ਹਟਾਉਣ ਅਤੇ ਉੱਥੇ ਤੁਰਕੀ ਹਮਲੇ ਲਈ ਆਲੋਚਨਾ ਦਾ ਸਾਹਮਣਾ ਜ਼ਰੂਰ ਕਰ ਰਹੇ ਸਨ।
ਅਜਿਹੇ ਵਿੱਚ ਇਹ ਮੁਹਿੰਮ ਰਿਪਬਲੀਕਨ ਪਾਰਟੀ ਦਾ ਸਮਰਥਨ ਵਧਾਉਣ 'ਚ ਮਦਦ ਕਰ ਸਕਦੀ ਹੈ, ਡੈਮੋਕ੍ਰੇਟਸ 'ਚ ਹੋਰ ਗੁੱਸਾ ਪੈਦਾ ਕਰ ਸਕਦੀ ਹੈ, ਜਿਸ ਨਾਲ ਅਮਰੀਕਾ ਦੋ ਧੜਿਆਂ ਵਿੱਚ ਵੰਡਿਆ ਜਾ ਸਕਦਾ ਹੈ।
ਇਹ ਵੀਡੀਓ ਜ਼ਰੂਰ ਦੇਖੋ