You’re viewing a text-only version of this website that uses less data. View the main version of the website including all images and videos.
IS: ਕੌਣ ਸੀ ਅਬੁ ਬਕਰ ਅਲ-ਬਗਦਾਦੀ, ਜਿਸ ਨੂੰ ਅਮਰੀਕਾ ਨੇ ‘ਮਾਰਿਆ’
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਆਈਐੱਸ ਆਗੂ ਅਬੂ ਬਕਰ ਅਲ-ਬਗਦਾਦੀ ਅਮਰੀਕੀ ਆਪ੍ਰੇਸ਼ਨ ਵਿੱਚ ਮਾਰਿਆ ਗਿਆ ਹੈ।
ਟਰੰਪ ਅਨੁਸਾਰ ਇਹ ਆਪ੍ਰੇਸ਼ਨ ਅਮਰੀਕੀ ਕਮਾਂਡੋਜ਼ ਵੱਲੋਂ ਉੱਤਰੀ-ਪੱਛਮ ਸੀਰੀਆ ਵਿੱਚ ਅੰਜਾਮ ਦਿੱਤਾ ਗਿਆ ਹੈ। ਖੁਦ ਨੂੰ ਖਲੀਫਾ ਇਬਰਾਹਿਮ ਕਹਾਉਣ ਵਾਲੇ ਬਗਦਾਦੀ 'ਤੇ 25 ਮਿਲੀਅਨ ਡਾਲਰ ਦਾ ਇਨਾਮ ਸੀ।
ਜਦੋਂ ਆਈਐੱਸ ਚੜਤ 'ਤੇ ਸੀ ਤਾਂ ਉਸ ਨੇ 88,000 ਵਰਗ ਕਿਲੋਮੀਟਰ ਦਾ ਇਲਾਕਾ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇਸ ਖੇਤਰ ਵਿੱਚ ਰਹਿੰਦੇ 80 ਲੱਖ ਲੋਕਾਂ ਉੱਤੇ ਆਈਐੱਸ ਨੇ ਜ਼ਾਲਮ ਰਾਜ ਕੀਤਾ। ਆਈਐੱਸ ਨੇ ਇਸ ਖੇਤਰ ਤੋਂ ਤੇਲ, ਫਿਰੌਤੀ ਤੇ ਲੋਕਾਂ ਨੂੰ ਅਗਵਾ ਕਰਕੇ ਅਰਬਾਂ ਰੁਪਏ ਕਮਾਏ।
ਭਾਵੇਂ ਆਈਐੱਸ ਦੇ ਆਗੂ ਬਗਦਾਦੀ ਦੀ ਮੌਤ ਹੋ ਚੁੱਕੀ ਹੈ ਪਰ ਅਜੇ ਵੀ ਉਹ ਇੱਕ ਅਨੁਸ਼ਾਸਿਤ ਫੌਜੀ ਦਸਤਾ ਹੈ ਜਿਸ ਨੂੰ ਹਰਾਉਣਾ ਸੌਖਾ ਨਹੀਂ ਹੈ।
ਬਗ਼ਦਾਦੀ ਦਾ ਜਨਮ ਮੱਧ ਵਰਗੀ ਸੁੰਨੀ ਭਾਈਚਾਰੇ ਦੇ ਪਰਿਵਾਰ ਵਿੱਚ 1971 ਵਿੱਚ ਉੱਤਰੀ ਬਗ਼ਦਾਦ ਦੇ ਸਮਰਾ 'ਚ ਹੋਇਆ ਸੀ। ਉਸ ਦਾ ਅਸਲੀ ਨਾਂ ਇਬਰਾਹਿਮ ਅਵਦ ਅਲ-ਬਦਰੀ ਹੈ।
ਪੈਂਗਬਰ ਮੁਹੰਮਦ ਦੇ ਵਾਰਿਸ ਹੋਣ ਦਾ ਦਾਅਵਾ
ਬਗਦਾਦੀ ਇੱਕ ਸੁੰਨੀ ਧਾਰਮਿਕ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਸ ਦੇ ਪਰਿਵਾਰ ਦਾ ਦਾਅਵਾ ਸੀ ਕਿ ਉਹ ਪੈਗੰਬਰ ਮੁਹੰਮਦ ਦੇ ਕੁਰੈਸ਼ ਕਬੀਲੇ ਤੋਂ ਹੈ। ਪੁਰਾਤਨ ਸੁੰਨੀ ਵਿਦਵਾਨ ਇਸ ਕਬੀਲੇ ਨਾਲ ਸਬੰਧ ਰੱਖਣ ਵਾਲੇ ਨੂੰ ਖਲੀਫਾ ਬਣਨ ਦੀ ਇੱਕ ਮੁੱਖ ਸ਼ਰਤ ਮੰਨਦੇ ਸਨ।
ਜਦੋਂ ਬਾਗਦਾਦੀ ਨੌਜਵਨ ਸੀ ਤਾਂ ਉਸ ਨੂੰ ਕੁਰਾਨ ਦੇ ਪਾਠ ਦਾ ਇੱਕ ਜਨੂੰਨ ਸੀ ਅਤੇ ਧਰਮ ਦਾ ਪਾਲਣ ਵੀ ਬੜੀ ਸਾਵਧਾਨੀ ਨਾਲ ਕਰਦਾ ਸੀ।
ਉਸ ਦੇ ਪਰਿਵਾਰ ਨੇ ਉਸ ਦਾ ਨਾਮ 'ਖੁਦਾ ਨੂੰ ਮੰਨਣ ਵਾਲਾ' ਰੱਖਿਆ ਸੀ ਕਿਉਂਕਿ ਉਹ ਬਹੁਤ ਸਾਰਾ ਸਮਾਂ ਕੁਰਾਨ ਦਾ ਪਾਠ ਸਿੱਖਣ ਤੇ ਲਾਉਂਦਾ ਸੀ ਤੇ ਅਕਸਰ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੰਦਾ ਸੀ ਜੋ ਸ਼ਰੀਅਤ ਦੀ ਪਾਲਣ ਨਹੀਂ ਕਰਦੇ ਸੀ।
ਬਗਦਾਦੀ ਦੇ ਹਮਇਤੀਆਂ ਵੱਲੋਂ ਛਾਪੀ ਉਸ ਦੀ ਆਤਮਕਥਾ ਅਨੁਸਾਰ ਆਪਣੀ ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਬਗਦਾਦੀ 90 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਬਗਦਾਦ ਆ ਗਿਆ ਸੀ। ਉੱਥੇ ਉਸ ਨੇ ਇਸਲਾਮਿਕ ਸੱਟਡੀਜ਼ ਵਿੱਚ ਮਾਸਟਰ ਡਿਗਰੀ ਹਾਸਿਲ ਕੀਤੀ ਸੀ ਤੇ ਬਾਅਦ ਵਿੱਚ ਬਗਦਾਦ ਦੀ ਇਸਲਾਮਿਕ ਯੂਨੀਵਰਸਿਟੀ ਤੋਂ ਪੀਐੱਚਡੀ ਦੀ ਡਿਗਰੀ ਵੀ ਲਈ ਸੀ।
ਬਗਦਾਦੀ ਵਿਦਿਆਰਥੀ ਰਹਿੰਦਿਆਂ ਹੋਇਆਂ ਬਗਦਾਦ ਦੇ ਤੋਬਚੀ ਜ਼ਿਲ੍ਹੇ ਵਿੱਚ ਇੱਕ ਮਸਜਿਦ ਨੇੜੇ ਰਹਿੰਦਾ ਸੀ। ਬਗਦਾਦੀ ਚੁੱਪਚਾਪ ਰਹਿੰਦਾ ਸੀ ਅਤੇ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਸੀ।
ਉਹ ਕੇਵਲ ਕੁਰਾਨ ਪੜ੍ਹਨ ਵੇਲੇ ਲੋਕਾਂ ਨਾਲ ਗੱਲਬਾਤ ਕਰਦਾ ਸੀ ਜਾਂ ਮਸਜਿਦ ਦੇ ਫੁੱਟਬਾਲ ਕਲੱਬ ਵਿੱਚ ਫੁੱਟਬਾਲ ਖੇਡਣ ਵੇਲੇ। ਮੰਨਿਆ ਜਾਂਦਾ ਹੈ ਕਿ ਉਸੇ ਵੇਲੇ ਉਸ ਨੇ ਇਸਲਾਮਿਕ ਜਿਹਾਦ ਵੱਲ ਆਪਣਾ ਝੁਕਾਅ ਕੀਤਾ।
'ਜਿਹਾਦੀ ਯੂਨੀਵਰਸਿਟੀ'
2003 ਵਿੱਚ ਇਰਾਕ ਉੱਤੇ ਅਮਰੀਕੀ ਹਮਲੇ ਵੇਲੇ ਬਗਦਾਦੀ ਨੇ ਕਥਿਤ ਤੌਰ ’ਤੇ ਇੱਕ ਜਿਹਾਦੀ ਗਰੁੱਪ ਬਣਾਉਣ ਵਿੱਚ ਮਦਦ ਕੀਤੀ ਸੀ। ਇਸ ਗਰੁੱਪ ਦਾ ਨਾਂ ਸੀ ਜਮਾਤ ਜਾਇਸ਼ ਅਹਲ ਅਲ-ਸੁੰਨਾਹ ਵਾ-ਅਲ-ਜਮਾਹ। ਇਹ ਗਰੁੱਪ ਅਮਰੀਕਾ ਤੇ ਉਸ ਦੇ ਸਾਥੀ ਦੇਸਾਂ ਉੱਤੇ ਹਮਲੇ ਕਰਦਾ ਸੀ।
ਬਗਦਾਦੀ ਉਸ ਗਰੁੱਪ ਦੀ ਸ਼ਰੀਆ ਕਮੇਟੀ ਦਾ ਮੁਖੀ ਸੀ। 2004 ਵਿੱਚ ਬਗਦਾਦੀ ਨੂੰ ਅਮਰੀਕੀ ਫੌਜਾਂ ਨੇ ਫਲੂਜਾ ਸ਼ਹਿਰ ਵਿੱਚ ਹਿਰਾਸਤ ਵਿੱਚ ਲਿਆ ਸੀ। ਉਸ ਨੂੰ ਬੁੱਕਾ ਕੈਂਪ ਦੇ ਡਿਟੈਂਨਸ਼ਨ ਸੈਂਟਰ ਵਿੱਚ ਰੱਖਿਆ ਗਿਆ ਸੀ।
ਬੁੱਕਾ ਕੈਂਪ ਨੂੰ ਭਵਿੱਖ ਦੇ ਆਈਐੱਸ ਆਗੂਆ ਲਈ ਯੂਨੀਰਵਸਿਟੀ ਵਜੋਂ ਜਾਣਿਆ ਗਿਆ ਕਿਉਂਕਿ ਉੱਥੇ ਬੰਦ ਕੈਦੀਆਂ ਕੱਟੜਪੰਥ ਵੱਲ ਰੁੱਖ ਕਰ ਰਹੇ ਸੀ।
ਇਹ ਕਿਹਾ ਜਾਂਦਾ ਹੈ ਕਿ ਬਗਦਾਦੀ ਉੱਥੇ ਨਮਾਜ਼ ਦੀ ਅਗਵਾਈ ਕਰਦਾ ਸੀ ਅਤੇ ਕੈਦੀਆਂ ਦੀਆਂ ਕਲਾਸਾਂ ਲੈਂਦਾ ਸੀ। ਉਸ ਨੂੰ ਕਈ ਵਾਲ ਜੇਲ੍ਹ ਪ੍ਰਸ਼ਾਸਨ ਵੱਲੋਂ ਕੈਦੀਆਂ ਦੇ ਮਸਲੇ ਸੁਲਝਾਉਣ ਲਈ ਮਦਦ ਮੰਗੀ ਜਾਂਦੀ ਸੀ।
ਉਸ ਵੇਲੇ ਅਮਰੀਕਾ ਨੇ ਉਸ ਨੂੰ ਵੱਡਾ ਖ਼ਤਰਾ ਨਹੀਂ ਮੰਨਿਆ ਸੀ ਤੇ ਉਸ ਨੂੰ 10 ਮਹੀਨੇ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਸੀ।
2014 ਵਿੱਚ ਨਿਊਯਾਰਕ ਟਾਈਮਜ਼ ਨੂੰ ਪੈਂਟਾਗਨ ਦੇ ਇੱਕ ਅਫ਼ਸਰ ਨੇ ਦੱਸਿਆ ਸੀ, "2004 ਵਿੱਚ ਜਦੋਂ ਉਸ ਨੂੰ ਅਸੀਂ ਫੜ੍ਹਿਆ ਸੀ ਤਾਂ ਉਸ ਵੇਲੇ ਉਹ ਇੱਕ ਮਾਮੁਲੀ ਅਪਰਾਧੀ ਸੀ। ਉਸ ਵੇਲੇ ਅਸੀਂ ਨਹੀਂ ਸੋਚਿਆ ਸੀ ਕਿ ਇਹ ਕਦੇ ਆਈਐੱਸ ਵਰਗੇ ਗਰੁੱਪ ਦਾ ਹੈੱਡ ਬਣ ਜਾਵੇਗਾ।"
ਅਲ-ਕਾਇਦਾ ਨੂੰ ਇਰਾਕ ਵਿੱਚ ਮੁੜ ਕਾਇਮ ਕਰਨਾ
ਇਹ ਮੰਨਿਆ ਜਾਂਦਾ ਹੈ ਕਿ ਬੁੱਕਾ ਕੇ ਕੈਂਪ ਨੂੰ ਛੱਡਣ ਤੋਂ ਬਾਅਦ ਬਗਦਾਦੀ ਇਰਾਕ ਦੇ ਅਲ ਕਾਇਦਾ ਦੇ ਸੰਪਰਕ ਵਿੱਚ ਆਇਆ। ਜੋਰਡਨ ਦੇ ਰਹਿਣ ਵਾਲੇ ਅਬੂ ਮੁਸਬ ਅਲ ਜ਼ਰਕਾਵੀ ਦੀ ਅਗਵਾਈ ਵਿੱਚ ਅਲ-ਕਾਇਦਾ ਇਰਾਕ ਵਿੱਚ ਵੱਡੀ ਤਾਕਤ ਬਣਿਆ ਸੀ। ਉਸ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿਨ੍ਹਾਂ ਵਿੱਚ ਕਈ ਲੋਕਾਂ ਦੇ ਸਿਰ ਵੱਢਣੇ ਵੀ ਸ਼ਾਮਲ ਸਨ।
2006 ਵਿੱਚ ਅਲਕਾਇਦਾ ਨੇ ਇਰਾਕ ਵਿੱਚ ਇੱਕ ਵੱਡਾ ਗਰੁੱਪ ਬਣਾਇਆ ਜਿਸਦਾ ਨਾਂ ਰੱਖਿਆ ਗਿਆ ਮੁਜਾਹੀਦੀਨ ਸ਼ੁਰਾ ਕੌਂਸਲ। ਬਗਦਾਦੀ ਦਾ ਗਰੁੱਪ ਵੀ ਇਸ ਵਿੱਚ ਸ਼ਾਮਲ ਹੋਇਆ ਸੀ।
ਉਸੇ ਸਾਲ ਜ਼ਰਕਾਵੀ ਦੀ ਅਮਰੀਕੀ ਹਵਾਈ ਹਮਲੇ ਵਿੱਚ ਮੌਤ ਹੋ ਜਾਂਦੀ ਹੈ। ਜ਼ਰਕਾਵੀ ਦੀ ਮੌਤ ਤੋਂ ਬਾਅਦ ਗਰੁੱਪ ਨੇ ਆਪਣਾ ਨਾਂ ਇਸਲਾਮਿਕ ਸਟੇਟ ਆਫ ਇਰਾਕ ਰੱਖ ਲਿਆ। ਬਗਦਾਦੀ ਆਈਐੱਸ ਦੀ ਸ਼ਰੀਆ ਕਮੇਟੀ ਦਾ ਕੰਮ ਦੇਖਦਾ ਸੀ।
ਅਮਰੀਕੀ ਹਮਲੇ ਵਿੱਚ 2010 ਵਿੱਚ ਆਈਐੱਸ ਦਾ ਆਗੂ ਅਬੂ ਉਮਰ ਮਾਰਿਆ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਅਬੂ ਬਕਰ ਅਲ ਬਗਦਾਦੀ ਆਈਐੱਸ ਦਾ ਆਗੂ ਬਣਿਆ।
ਅਮਰੀਕੀ ਕਮਾਂਡਰਾਂ ਅਨੁਸਾਰ ਉਸ ਵੇਲੇ ਆਈਐੱਸ ਰਣਨੀਤਿਕ ਪੱਖੋੰ ਹਾਰ ਰਿਹਾ ਸੀ। ਪਰ ਸੱਦਾਮ ਵੇਲੇ ਦੇ ਖ਼ੂਫੀਆ ਵਿਭਾਗ ਵਿੱਚ ਕੰਮ ਕਰ ਚੁੱਕੇ ਅਫਸਰਾਂ ਤੇ ਬੁੱਕਾ ਕੈਂਪ ਵਿੱਚ ਰਹੇ ਉਸ ਦੇ ਸਾਥੀਆਂ ਦੀ ਮਦਦ ਨਾਲ ਬਗਦਾਦੀ ਨੇ ਆਈਐੱਸ ਨੂੰ ਮੁੜ ਤੋਂ ਖੜ੍ਹਾ ਕਰ ਲਿਆ ਸੀ।
'ਖ਼ਲੀਫਾ ਇਬਰਾਹਿਮ'
2013 ਦੀ ਸ਼ੁਰੂਆਤ ਵਿੱਚ ਆਈਐੱਸ ਵੱਲੋਂ ਇਰਾਕ ਵਿੱਚ ਕਈ ਹਮਲੇ ਕੀਤੇ ਗਏ। ਸੀਰੀਆ ਵਿੱਚ ਰਾਸ਼ਟਰਪਤੀ ਬਸ਼ਰ ਅਲ-ਅਸਦ ਖਿਲਾਫ਼ ਬਗਾਵਤ ਵਿੱਚ ਵੀ ਆਈਐੱਸ ਸ਼ਾਮਿਲ ਹੋ ਗਿਆ ਸੀ ਤੇ ਆਪਣੇ ਲੜਾਕੇ ਸੀਰੀਆ ਵਿੱਚ ਵੀ ਭੇਜ ਰਿਹਾ ਸੀ। ਉਨ੍ਹਾਂ ਨੂੰ ਹਥਿਆਰਾਂ ਦੀ ਸਪਲਾਈ ਆਸਾਨੀ ਨਾਲ ਹੋ ਰਹੀ ਸੀ।
ਅਪ੍ਰੈਲ ਵਿੱਚ ਉਸੇ ਸਾਲ ਬਗਦਾਦੀ ਨੇ ਇਰਾਕ ਤੇ ਸੀਰੀਆ ਵਿੱਚ ਆਪਣੀਆਂ ਫੌਜਾਂ ਦੇ ਰਲੇਵੇਂ ਦਾ ਐਲਾਨ ਕੀਤਾ ਤੇ ਨਾਂ ਦਿੱਤਾ ਇਸਲਾਮਿਕ ਸਟੇਟ ਇਨ ਇਰਾਕ ਐਂਡ ਲਿਵਾਂਟ। ਇਸ ਦਾ ਵਿਰੋਧ ਵੀ ਹੋਇਆ ਪਰ ਵੱਡੀ ਗਿਣਤੀ ਵਿੱਚ ਲੜਾਕੇ ਬਗਦਾਦੀ ਨਾਲ ਜੁੜ ਗਏ।
2013 ਦੇ ਆਖਰੀ ਵਿੱਚ ਆਈਐੱਸ ਨੇ ਆਪਣਾ ਧਿਆਨ ਫਿਰ ਤੋਂ ਇਰਾਕ ਉੱਤੇ ਟਿਕਾਇਆ । ਆਈਐੱਸ ਨੇ ਸ਼ੀਆ ਬਹੁਲਕ ਵਾਲੀ ਸਰਕਾਰ ਤੇ ਸੁੰਨੀ ਭਾਈਚਾਰੇ ਦੇ ਟਕਰਾਅ ਦਾ ਫਾਇਦਾ ਚੁੱਕਿਆ।
ਕਈ ਇਲਾਕੇ ਕਬਜ਼ੇ ਵਿੱਚ ਲਏ
ਸਾਲ 2014 ਵਿੱਚ ਸੈਂਕੜੇ ਅੱਤਾਦੀਆਂ ਨੇ ਮੌਸੂਲ ਸ਼ਹਿਰ ਉੱਤੇ ਹਮਲਾ ਕਰ ਦਿੱਤਾ ਤੇ ਉਹ ਇਰਾਕੀ ਫੌਜ ਨੂੰ ਪਿੱਛੇ ਧਕਲਦੇ ਹੋਏ ਬਗਦਾਦ ਵੱਲ ਵਧੇ। ਉਨ੍ਹਾਂ ਦੇ ਇਰਾਕ ਦੀਆਂ ਘੱਟ ਗਿਣਤੀ ਕੌਮਾਂ ਦਾ ਵੱਡੇ ਪੱਧਰ ਉੱਤੇ ਕਤਲੇਆਮ ਕੀਤਾ ਤੇ ਉਨ੍ਹਾਂ ਕੌਮਾਂ ਦਾ ਵਜੂਦ ਹੀ ਖ਼ਤਰੇ ਵਿੱਚ ਕਰ ਦਿੱਤਾ ਗਿਆ ਸੀ।
ਹੌਲੀ-ਹੌਲੀ ਆਈਐਐੱਸ ਨੇ ਦਰਜਨ ਭਰ ਇਰਾਕੀ ਸ਼ਹਿਰ ਆਪਣੇ ਕਬਜ਼ੇ ਵਿੱਚ ਲੈ ਲਏ ਤੇ ਆਈਐੱਸ ਨੇ ਖਲੀਫਾ ਰਾਜ ਦੀ ਸਥਾਪਨਾ ਦਾ ਐਲਾਨ ਕਰ ਦਿੱਤਾ।
ਇਹ ਉਹ ਰਾਜ ਸੀ ਜੋ ਸ਼ਰੀਅਤ ਦੇ ਹਿਸਾਬ ਨਾਲ ਚੱਲਦਾ ਸੀ। ਇਸ ਰਾਜ ਵਿੱਚ ਬਗਦਾਦੀ ਨੂੰ ਖ਼ਲੀਫਾ ਐਲਾਨ ਦਿੱਤਾ ਗਿਆ ਤੇ ਪੂਰੀ ਦੁਨੀਆਂ ਦੇ ਮੁਸਲਮਾਨਾਂ ਨੂੰ ਇਸ ਰਾਜ ਪ੍ਰਤੀ ਨਿਸ਼ਠਾ ਦਿਖਾਉਣ ਲਈ ਕਿਹਾ ਗਿਆ ਸੀ।
ਪੰਜ ਦਿਨਾਂ ਬਾਅਦ ਇੱਕ ਵੀਡੀਓ ਜਾਰੀ ਕੀਤਾ ਗਿਆ ਜਿਸ ਵਿੱਚ ਬਗਦਾਦੀ ਮੋਸੂਲ ਦੀ ਅਲ-ਨੂਰੀ ਮਸਜਿਦ ਵਿੱਚ ਭਾਸ਼ਨ ਦਿੰਦਾ ਦਿਖਾਈ ਦਿੱਤਾ। ਇਹ ਉਹ ਸਮਾਂ ਸੀ ਜਦੋਂ ਉਹ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਇਆ ਸੀ।
ਮਾਹਰਾਂ ਦਾ ਮੰਨਣਾ ਸੀ ਕਿ ਇਹ ਭਾਸ਼ਨ ਉਸੇ ਤਰੀਕੇ ਦਾ ਸੀ ਜਿਹੜਾ ਸਦੀਆਂ ਪਹਿਲਾਂ ਇਸਲਾਮ ਦੇ ਖ਼ਲੀਫਾ ਦਿੰਦੇ ਸੀ। ਇਸ ਭਾਸ਼ਣ ਵਿੱਚ ਬਗਦਾਦੀ ਨੇ ਪੂਰੀ ਦੁਨੀਆਂ ਦੇ ਮੁਸਲਮਾਨਾਂ ਨੂੰ ਇਰਾਕ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਤਾਂ ਜੋ ਇਸਲਾਮ ਨੂੰ ਨਾ ਮੰਨਣ ਵਾਲਿਆਂ ਖਿਲਾਫ਼ ਜੰਗ ਸ਼ੁਰੂ ਕੀਤੀ ਦਾ ਸਕੇ।
ਦੁਨੀਆਂ ਭਰ ਤੋਂ ਹਜ਼ਾਰਾਂ ਲੜਾਕੇ ਲੜਾਈ ਦਾ ਹਿੱਸਾ ਬਣਨ ਲਈ ਇਰਾਕ ਪਹੁੰਚੇ।
ਇੱਕ ਮਹੀਨੇ ਬਾਅਦ ਆਈਐੱਸ ਦੇ ਅੱਤਵਾਦੀਆਂ ਨੇ ਘੱਟ ਗਿਣਤੀ ਕੁਰਦਿਸ਼ ਇਲਾਕਿਆਂ ਵਿੱਚ ਕਤਲੋਗਾਰਤ ਸ਼ੁਰੂ ਕਰ ਦਿੱਤੀ ਅਤੇ ਕਈ ਕੁਰਦਿਸ਼ ਲੋਕਾਂ ਨੂੰ ਗੁਲਾਮ ਬਣਾ ਲਿਆ।
ਅਮਰੀਕਾ ਤੇ ਉਸ ਦੇ ਸਾਥੀ ਦੇਸਾਂ ਨੇ ਆਈਐੱਸ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ। ਆਈਐੱਸ ਵੱਲੋਂ ਕਈ ਪੱਛਮੀ ਦੇਸਾਂ ਦੇ ਬੰਦੀਆਂ ਦਾ ਸਿਰ ਕਲਮ ਕੀਤਾ ਗਿਆ ਜਿਸ ਤੋਂ ਬਾਅਦ ਅਮਰੀਕਾ ਤੇ ਉਸ ਦੇ ਸਾਥੀ ਦੇਸਾਂ ਨੇ ਜਿਹਾਦੀਆਂ ਖਿਲਾਫ਼ ਹਵਾਈ ਹਮਲੇ ਸ਼ੁਰੂ ਕੀਤੇ।
ਇਹ ਵੀ ਪੜ੍ਹੋ-
ਆਈਐੱਸ ਦੀ ਹਾਰ
ਸਾਂਝੀਆਂ ਫੌਜਾਂ ਵੱਲੋਂ ਅਗਲੇ ਪੰਜਾਂ ਸਾਲਾਂ ਦੌਰਾਨ ਜਿਹਾਦੀ ਸਮੂਹਾਂ ਨੂੰ ਉਨ੍ਹਾਂ ਦੇ ਕਬਜ਼ੇ ਵਾਲੇ ਖੇਤਰਾਂ ਵਿੱਚੋਂ ਖਦੇੜ ਦਿੱਤਾ ਗਿਆ।
ਇਸ ਲੜਾਈ ਵਿੱਚ ਦੋਹਾਂ ਦੇਸ਼ਾਂ ਦੇ ਲੱਖਾਂ ਲੋਕ ਮਾਰੇ ਗਏ ਤੇ ਲੱਖਾਂ ਬੇਘਰ ਹੋ ਗਏ ਅਤੇ ਜੰਗ ਦੀ ਮਾਰ ਹੇਠ ਆਏ ਸਾਰੇ ਇਲਾਕੇ ਤਾਬਾਹੀ ਦੇ ਮੰਜ਼ਰ ਬਣ ਕੇ ਰਹਿ ਗਏ।
ਇਰਾਕ ਵਿੱਚ ਫੈਡਰਲ ਸਕਿਊਰਿਟੀ ਫੋਰਸਜ਼ ਅਤੇ ਕੁਰਦ ਪੇਸ਼ਮੇਰਗਾ ਲੜਾਕਿਆਂ ਨੂੰ ਅਮਰੀਕੀ ਅਗਵਾਈ ਵਾਲੀਆਂ ਸਾਂਝੀਆਂ ਫੌਜਾਂ ਦੇ ਨਾਲ ਇਰਾਨ ਦੀ ਮਦਦ ਹਾਸਲਵ ਇੱਕ ਮਿਲੀਟੈਂਟ ਮਮੂਹ ਦੇ ਲੜਾਕਿਆਂ ਦੀ ਹਮਾਇਤ ਹਾਸਲ ਸੀ।
ਦੂਸਰੇ ਪਾਸੇ ਸੀਰੀਆ ਦੇ ਦੱਖਣੀ ਰੇਗਿਸਾਨ ਵਿੱਚ ਸਾਂਝੀਆਂ ਫੌਜਾਂ ਸੀਰੀਆ ਦੇ ਕੁਰਦ, ਅਰਬ ਲੜਾਕਿਆਂ, ਸੀਰੀਅਨ ਡਿਫ਼ੈਂਸ ਫੋਰਸਜ਼ ਅਤੇ ਕੁਝ ਸੀਰੀਆਈ ਬਾਗ਼ੀਆਂ ਦੀ ਪਿੱਠ 'ਤੇ ਖੜ੍ਹੀਆਂ ਸਨ। ਇਸੇ ਦੌਰਾਨ ਸੀਰੀਆ ਦੇ ਰਾਸ਼ਟਰਪਤੀ ਅਸਾਦ ਨਾਲ ਵਫ਼ਾਦਾਰੀ ਰੱਖਣ ਵਾਲੀਆਂ ਫੌਜਾਂ ਰੂਸੀ ਹਵਾਈ ਫ਼ੌਜ ਅਤੇ ਇਰਾਨੀ ਸਹਾਇਤਾ ਪ੍ਰਪਤ ਮਿਲੀਟੈਂਟਾਂ ਦੀ ਮਦਦ ਨਾਲ ਆਈਐੱਨਸ ਨਾਲ ਵੀ ਦੋ ਹੱਥ ਕਰ ਰਹੀਆਂ ਸਨ।
ਇਸ ਸਾਰੇ ਗਹਿਗੱਚ ਦੌਰਾਨ ਬਗ਼ਦਾਦੀ ਜਿਊਂਦਾ ਹੈ ਜਾਂ ਨਹੀਂ ਇਸ ਬਾਰੇ ਸਵਾਲ ਅਤੇ ਸ਼ਸ਼ੋਪੰਜ ਲਗਾਤਾਰ ਬਣਿਆ ਰਿਹਾ।
ਜੂਨ 2017 ਵਿੱਚ ਇਰਾਕੀ ਫੌਜਾਂ ਨੇ ਆਈਐੱਸ ਨੂੰ ਉਸਦੇ ਕਬਜ਼ੇ ਹੇਠਲੇ ਆਖ਼ਰੀ ਇਲਾਕੇ ਮੌਸੂਲ ਤੋਂ ਖਦੇੜਿਆ। ਰੂਸੀ ਹਵਾਈ ਫ਼ੌਜ ਦੇ ਅਫ਼ਸਰਾਂ ਨੇ ਇਸ ਇਨ੍ਹਾਂ ਹਵਾਈ ਹਮਲਿਆਂ ਦੌਰਾਨ ਰਾਕਾ ਵਿੱਚ ਬਗਦਾਦੀ ਦੇ ਮਾਰੇ ਜਾਣ ਦੀ ਪੂਰੀ ਸੰਭਾਵਨਾ ਜ਼ਾਹਰ ਕੀਤੀ।
ਆਖ਼ਰ ਸਤੰਬਰ ਵਿੱਚ ਆਈਐੱਸ ਨੇ ਆਪਣੇ ਹਮਾਇਤੀਆਂ ਲਈ ਇੱਕ ਆਡੀਓ ਸੁਨੇਹਾ ਜਾਰੀ ਕੀਤਾ ਜੋ ਕਿ ਨਿਸ਼ਚਿਤ ਹੀ ਬਗ਼ਦਾਦੀ ਦੀ ਆਵਾਜ਼ ਵਿੱਚ ਸੀ। ਸੁਨੇਹੇ ਵਿੱਚ ਕਿਹਾ ਗਿਆ ਸੀ,"ਆਪਣੇ ਦੁਸ਼ਮਣਾਂ ਲਈ ਜੰਗ ਦੀ ਅੱਗ ਬਾਲ ਦਿਓ।"
ਅਗਸਤ 2018 ਵਿੱਚ ਬਗਦਾਦੀ ਨੇ ਨਵੀਂ ਆਡੀਓ ਟੇਪ ਜਾਰੀ ਕੀਤੀ। ਉਸ ਨੇ ਆਈਐੱਸ ਲੜਾਕਿਆਂ ਨੂੰ ਸੀਰੀਆ ਵਿੱਚ ਹਾਰ ਦਾ ਸਾਹਮਣਾ ਬਹਾਦਰੀ ਨਾਲ ਕਰਨ ਦੀ ਅਪੀਲ ਕੀਤੀ।
ਅਗਲੇ ਮਹੀਨੇ ਸੀਰੀਅਨ ਫੌਜਾਂ ਨੇ ਆਈਐੱਸ ਦੇ ਉੱਤਰੀ ਸੀਰੀਆ ਵਿਚਲੇ ਆਖ਼ਰੀ ਇਲਾਕੇ ਉੱਪਰ ਆਖ਼ਰੀ ਹਮਲਾ ਕੀਤਾ। ਯੂਫਰੈਟਸ ਦਰਿਆ ਨਾਲ ਲਗਦੇ ਇਸ ਇਲਕੇ ਵਿੱਚ ਲੱਖਾਂ ਆਈਐੱਸ ਲੜਾਕਿਆਂ ਨੇ ਮੌਸੂਲ ਤੇ ਰਾਕਾ ਤੋਂ ਜਾਨ ਬਚਾ ਕੇ ਆਪਣੇ ਪਰਿਵਾਰਾਂ ਨਾਲ ਪਨਾਹ ਲਈ ਹੋਈ ਸੀ। ਫੌਜਾਂ ਨੇ ਪਰਿਵਾਰਾਂ ਨੂੰ ਉੱਥੋਂ ਨਿਕਲ ਜਾਣ ਦੀ ਚੇਤਾਵਨੀ ਦਿੱਤੀ।
ਬਾਗਦਾਦੀ ਦੇ ਇਨ੍ਹਾਂ ਲੜਾਕਿਆਂ ਦੇ ਨਾਲ ਹੋਣ ਦੇ ਕੋਈ ਸੰਕੇਤ ਨਹੀਂ ਸਨ। ਹਾਲਾਂਕਿ ਕਿਹਾ ਜਾ ਰਿਹਾ ਸੀ ਕਿ ਉਸ ਨੂੰ ਆਪਣੇ ਹੀ ਬਾਗੀਆਂ ਦੀ ਬਗਾਵਤ ਕਾਰਨ ਦੱਖਣੀ ਇਰਾਕ ਵੱਲ ਭੱਜਣਾ ਪਿਆ ਹੈ।
ਮਾਰਚ 2019 ਵਿੱਚ ਸੀਰੀਅਨ ਫੌਜਾਂ ਨੇ ਆਈਐੱਸ ਦੇ ਕਬਜ਼ੇ ਵਾਲੇ ਆਖ਼ਰੀ ਖੇਤਰ ਬਾਗੂਜ਼ ਨੂੰ ਆਪਣੇ ਕਬਜ਼ੇ ਵਿੱਚ ਲਿਆ। ਜਿਸ ਨਾਲ ਬਗਦਾਦੀ ਦੀ ਖਲੀਫੇਟ ਦਾ ਰਸਮੀ ਅੰਤ ਹੋ ਗਿਆ।
ਰਾਸ਼ਟਰਪਤੀ ਟਰੰਪ ਨੇ ਸੀਰੀਆ ਦੇ ਆਈਐੱਸ ਮੁਕਤ ਹੋ ਜਾਣ ਤੇ ਵਧਾਈ ਦਿੱਤੀ ਪਰ ਕਿਹਾ ਕਿ ਅਸੀਂ ਆਈਐੱਸ ਪ੍ਰਤੀ ਸੁਚੇਤ ਰਹਾਂਗਾਂ।
'ਕਰੋ ਜਾਂ ਮਰੋ ਦੀ ਲੜਾਈ'
ਹਾਲੇ ਵੀ ਇਹ ਮੰਨਿਆ ਜਾ ਰਿਹਾ ਸੀ ਕਿ ਆਈਐੱਸ ਦੇ ਹਜ਼ਾਰਾਂ ਲੜਾਕੇ ਹਨ। ਉਹ ਇਰਾਕ ਵਿੱਚ ਸਰਕਾਰ ਤੰਤਰ ਨੂੰ ਚੁਣੌਤੀ ਦੇਣ ਲਈ ਗਾਹੇ-ਬਗਾਹੇ ਹਮਲੇ ਵੀ ਕਰਦੇ ਰਹਿੰਦੇ ਸਨ।
ਅਪ੍ਰੈਲ 2019 ਵਿੱਚ ਬਗਦਾਦੀ ਪੰਜਾਂ ਸਾਲਾਂ ਬਾਅਦ ਇੱਕ ਵੀਡੀਓ ਟੇਪ ਵਿੱਚ ਸਾਹਮਣੇ ਆਇਆ। ਇਸ ਵਾਰ ਉਹ ਕਿਸੇ ਮਸਜਿਦ ਵਿੱਚੋਂ ਨਹੀਂ ਸਗੋਂ ਇੱਕ ਕਮਰੇ ਵਿੱਚ ਕਾਲੀਨ 'ਤੇ ਚੌਂਕੜੀ ਮਾਰੀ ਬੈਠਾ ਸੀ ਤੇ ਉਸ ਦੇ ਪਿੱਛੇ ਇੱਕ ਬੰਦੂਕ ਵੀ ਪਈ ਸੀ।
ਬਗਦਾਦੀ ਨੇ ਮੰਨਿਆ ਕਿ ਆਈਐੱਸ ਦਾ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਉਹ ਕਰੋ ਜਾਂ ਮਰੋ ਦੀ ਲੜਾਈ ਲੜ ਰਹੀ ਹੈ। ਉਸ ਨੇ ਆਪਣੇ ਹਮਾਇਤੀਆਂ ਨੂੰ ਅਪੀਲ ਕੀਤੀ ਕਿ ਉਹ ਦੁਸ਼ਮਣਾ ਦੇ ਇਨਸਾਨੀ, ਫੌਜੀ ਅਤੇ ਹੋਰ ਵਸੀਲੇ ਤਬਾਹ ਕਰ ਦੇਣ।
ਉਸ ਨੇ ਕਿਹਾ, "ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਜਿਹਾਦ ਕਿਆਮਤ ਦੇ ਦਿਨ ਤੱਕ ਜਾਰੀ ਰਹੇਗੀ ਤੇ ਅੱਲ੍ਹਾ ਨੇ ਸਾਨੂੰ ਜਿਹਾਦ ਕਰਨ ਦਾ ਹੁਕਮ ਦਿੱਤਾ ਹੈ ਜਿੱਤਣ ਦਾ ਨਹੀਂ।"
ਇਹ ਵੀਡੀਓ ਕਦੋਂ ਤੇ ਕਿੱਥੇ ਰਿਕਾਰਡ ਕੀਤੀ ਗਈ ਇਸ ਬਾਰੇ ਤਾਂ ਨਹੀਂ ਪਤਾਂ ਪਰ ਵੀਡੀਓ ਵਿੱਚ ਉਹ ਪੂਰਨ ਤੌਰ ਤੇ ਤੰਦਰੁਸ ਨਜ਼ਰ ਆ ਰਿਹਾ ਸੀ।
ਇਸ ਤੋਂ ਬਾਅਦ ਸਤੰਬਰ ਤੱਕ ਉਸਦੀ ਕੋਈ ਖ਼ਬਰ ਨਹੀਂ ਆਈ।
ਅਕਤੂਬਰ 2019 ਵਿੱਚ ਜਦੋਂ ਤੁਰਕੀ ਫੌਜਾਂ ਨੇ ਸੀਰੀਆ ਦੇ ਕੁਰਦ ਲੜਾਕਿਆਂ ਖ਼ਿਲਾਫ ਫੌਜੀ ਕਾਰਵਾਈ ਅਰੰਭੀ ਤੇ ਇਸ ਇਲਾਕੇ ਤੋਂ ਅਮਰੀਕਾ ਨੇ ਫੌਜਾਂ ਹਟਾਉਣ ਦਾ ਫੈਸਲਾ ਕੀਤਾ ਤਾਂ ਲੱਗ ਰਿਹਾ ਸੀ ਆਈਐੱਸ ਵਾਪਸੀ ਕਰ ਲਵੇਗੀ।
23 ਅਕਤੂਬਰ ਦੀ ਤੜਕ ਸਵੇਰ ਅਮਰੀਕਾ ਦੀਆਂ ਸਪੇਸ਼ਲ ਅਪਰੇਸ਼ਨ ਫੋਰਸਜ਼ ਨੇ ਉੱਤਰ-ਪੱਛਮੀ ਸੀਰੀਆ ਦੇ ਇਦਲਿਬ ਸੂਬੇ ਦੇ ਬਾਰਿਸ਼ਾ ਪਿੰਡ ਦੇ ਬਾਹਰ ਇੱਕ ਛਾਪਾ ਮਾਰਿਆ। ਇਸ ਛਾਪੇ ਦਾ ਅਸਲ ਨਿਸ਼ਾਨਾ ਬਗਦਾਦੀ ਹੀ ਸੀ। ਇਹ ਖੇਤਰ ਕਈ ਸੌ ਕਿਲੋਮੀਟਰ ਵਿੱਚ ਫੈਲਿਆ ਹੋਇਆ ਸੀ ਜਿਸ ਵਿੱਚ ਕਿਸੇ ਵੀ ਥਾਂ ਤੇ ਬਗਦਾਦੀ ਛੁਪਿਆ ਹੋ ਸਕਦਾ ਸੀ।
ਰਾਸ਼ਟਰਪਤੀ ਟਰੰਪ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਛਾਪੇ ਦੌਰਾਨ ਜਦੋਂ ਅਮਰੀਕੀ ਫੌਜ ਦੇ ਕੁੱਤਿਆਂ ਨੂੰ ਸੁਰੰਗ ਦੇ ਅੰਦਰ ਭੇਜਿਆ ਗਿਆ ਤਾਂ ਬਗਦਾਦੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਆਪਣੇ-ਆਪ ਨੂੰ ਬੰਬ ਨਾਲ ਉਡਾ ਲਿਆ ਹੈ। ਧਮਾਕੇ ਵਿੱਚ ਬਗਦਾਦੀ ਦਾ ਸਰੀਰ ਉੱਡ ਗਿਆ ਪਰ ਟੈਸਟ ਦੇ ਨਤੀਜਿਆਂ ਨੇ ਉਸ ਦੀ ਪਛਾਣ ਕਰ ਦਿੱਤੀ ਹੈ।
ਆਈਐੱਸ ਵੱਲੋਂ ਬਗਦਾਦੀ ਦੇ ਮਾਰੇ ਜਾਣ ਦੀ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਹ ਵੀਡੀਓ ਜ਼ਰੂਰ ਦੇਖੋ