You’re viewing a text-only version of this website that uses less data. View the main version of the website including all images and videos.
ਕੀ ਖੁਦਕੁਸ਼ੀਆਂ ਕੀਟਨਾਸ਼ਕਾਂ 'ਤੇ ਪਾਬੰਦੀ ਲਗਾਉਣ ਨਾਲ ਘੱਟ ਸਕਦੀਆਂ ਹਨ?
- ਲੇਖਕ, ਰਿਐਲਟੀ ਚੈੱਕ ਟੀਮ
- ਰੋਲ, ਬੀਬੀਸੀ ਨਿਊਜ਼
ਇੱਕ ਅੰਦਾਜ਼ੇ ਮੁਤਾਬਕ ਡੇਢ ਲੱਖ ਲੋਕ ਹਰ ਸਾਲ ਕੀਟਨਾਸ਼ਕ ਪੀ ਕੇ ਆਪਣੀ ਜਾਨ ਦਿੰਦੇ ਹਨ।
ਸੰਯੁਕਤ ਰਾਸ਼ਟਰ ਨੇ ਇਨ੍ਹਾਂ ਉਤਪਾਦਾਂ ਦੀ ਉਪਲਬਧਤਾ ਨੂੰ ਘਟਾਉਣ ਲਈ ਸਖ਼ਤ ਨਿਯਮ ਬਣਾਏ ਹਨ।
ਸ਼੍ਰੀਲੰਕਾ ਨੇ ਦੋ ਦਹਾਕਿਆਂ ਵਿੱਚ ਕੀਟਨਾਸ਼ਕਾਂ 'ਤੇ ਪਾਬੰਦੀ ਲਗਾਈ ਹੈ ਜਿਸਦੇ ਨਾਲ ਮੌਤਾਂ ਦੀ ਗਿਣਤੀ ਵਿੱਚ ਕਮੀ ਵੇਖਣ ਨੂੰ ਮਿਲੀ ਹੈ।
ਪਰ ਹੋਰਨਾਂ ਦੇਸਾਂ ਵਿੱਚ, ਕੁਝ ਜ਼ਹਿਰੀਲੇ ਕੀਟਨਾਸ਼ਕ ਅਜੇ ਵੀ ਉਪਲਬਧ ਹਨ ਜਿਨ੍ਹਾਂ ਦਾ ਸਬੰਧ ਖੁਦਕੁਸ਼ੀਆਂ ਨਾਲ ਹੈ।
1990 ਤੋਂ ਬਾਅਦ ਵਿਸ਼ਵ ਪੱਧਰ 'ਤੇ ਕੀਟਨਾਸ਼ਕਾਂ ਦੀ ਜ਼ਹਿਰ ਵਜੋਂ ਵਰਤੋਂ ਕਰਨੀ ਅੱਧੀ ਹੋ ਗਈ ਹੈ, ਪਰ ਏਸ਼ੀਆ ਦੇ ਪੇਂਡੂ ਖੇਤਰਾਂ ਵਿੱਚ ਅਜੇ ਵੀ ਇਹ ਮੌਤਾਂ ਦਾ ਕਾਰਨ ਹੈ।
ਇਹ ਵੀ ਪੜ੍ਹੋ:
1980 ਅਤੇ 1990 ਵਿੱਚ ਸ਼੍ਰੀਲੰਕਾ 'ਚ ਖੁਦਕੁਸ਼ੀਆਂ ਦਾ ਅੰਕੜਾ ਦੁਨੀਆਂ ਭਰ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਸੀ ਅਤੇ ਉਨ੍ਹਾਂ ਵਿੱਚੋਂ ਹਰ ਦੂਜੀ-ਤੀਜੀ ਮੌਤ ਦਾ ਕਾਰਨ ਜ਼ਹਿਰੀਲੇ ਕੀਟਨਾਸ਼ਕ ਸਨ।
ਪਰ ਸਰਕਾਰ ਵੱਲੋਂ ਇਸ ਸਬੰਧੀ ਦੋ ਦਹਾਕਿਆਂ ਵਿੱਚ ਕੀਤੀ ਗਈ ਕਾਰਵਾਈ ਦੇ ਚੰਗੇ ਨਤੀਜੇ ਵੇਖਣ ਨੂੰ ਮਿਲੇ ਹਨ। ਇਸਦੇ ਨਾਲ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਵਿੱਚ 70 ਫ਼ੀਸਦ ਗਿਰਾਵਟ ਆਈ ਹੈ।
ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦੀ ਦਰ ਲਗਭਗ ਇੱਕੋ ਜਿਹੀ ਰਹੀ ਜਦਕਿ ਕੀਟਨਾਸ਼ਕਾਂ ਦੀ ਵਰਤੋਂ ਨਾਲ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਹਸਪਤਾਲ ਵਿੱਚ ਵੱਧ ਦਾਖ਼ਲ ਕਰਵਾਇਆ ਗਿਆ।
ਇਸ ਨਾਲ ਇਹ ਪਤਾ ਲਗਦਾ ਹੈ ਕਿ ਲੋਕ ਅਜੇ ਵੀ ਖੁਦਕੁਸ਼ੀਆਂ ਕਰ ਰਹੇ ਸਨ ਪਰ ਜਿਹੜੇ ਕੀਟਨਾਸ਼ਕ ਉਨ੍ਹਾਂ ਕੋਲ ਮੁਹੱਈਆ ਸਨ ਉਹ ਘੱਟ ਘਾਤਕ ਸਨ।
ਖੇਤੀ ਉਦਯੋਗ ਦੀ ਚਿੰਤਾ ਨੂੰ ਦੂਰ ਕਰਨ ਲਈ, ਕੀਟਨਾਸ਼ਕਾਂ ਦੀ ਥਾਂ ਉਹ ਕੀਟਨਾਸ਼ਕ ਲਿਆਂਦੇ ਗਏ ਜਿਨ੍ਹਾਂ ਵਿੱਚ ਜ਼ਹਿਰ ਦੀ ਮਾਤਰਾ ਘੱਟ ਸੀ।
ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਇਸ ਗੱਲ ਦੇ ਸਬੂਤ ਘੱਟ ਹਨ ਕਿ ਖ਼ਤਰਨਾਕ ਕੀਟਨਾਸ਼ਕਾਂ ਨੂੰ ਸੁਰੱਖਿਅਤ ਬਦਲਾਂ ਵੱਲੋਂ ਬਦਲੇ ਜਾਣ ਨਾਲ ਖੇਤੀਬਾੜੀ ਉਤਪਾਦਨ ਵਿੱਚ ਘਾਟਾ ਹੁੰਦਾ ਹੈ।
ਅਧਿਕਾਰਤ ਅੰਕੜੇ ਮੁਤਾਬਕ 2015 ਵਿੱਚ ਭਾਰਤ ਵਿੱਚ 1 ਲੱਖ 34 ਹਜ਼ਾਰ ਖ਼ੁਦਕੁਸ਼ੀਆਂ ਹੋਈਆਂ ਜਿਨ੍ਹਾਂ ਵਿੱਚੋਂ 24 ਹਜ਼ਾਰ ਮੌਤਾਂ ਦਾ ਕਾਰਨ ਕੀਟਨਾਸ਼ਕ ਸੀ।
ਹਾਲਾਂਕਿ ਅਜਿਹਾ ਦੇਖਿਆ ਜਾਂਦਾ ਹੈ ਕਿ ਭਾਰਤ ਵਿੱਚ ਖੁਦਕੁਸ਼ੀ ਦੀਆਂ ਰਿਪੋਰਟਾਂ ਘੱਟ ਦਰਜ ਹੋਈਆਂ ਹਨ।
ਚੰਡੀਗੜ੍ਹ ਪੀਜੀਆਈ ਦੇ ਡਾਕਟਰ ਆਸ਼ੀਸ਼ ਭੱਲਾ ਕਹਿੰਦੇ ਹਨ ਕਿ ਲੋਕ ਅਕਸਰ ਖ਼ੁਦਕੁਸ਼ੀ ਦੀ ਰਿਪੋਰਟ ਲਿਖਾਉਣ ਤੋਂ ਡਰਦੇ ਹਨ ਤਾਂ ਜੋ ਮਾਮਲਾ ਪੁਲਿਸ ਕੋਲ ਨਾ ਚਲਾ ਜਾਵੇ।
ਯੂਕੇ-ਆਧਾਰਿਤ ਗਰੁੱਪ ਦੇ ਵਿਸ਼ਲੇਸ਼ਣ ਵਿੱਚ ਇਹ ਦੇਖਿਆ ਗਿਆ ਕਿ ਭਾਰਤ ਵਿੱਚ 10 ਜ਼ਹਿਰੀਲੇ ਪਦਾਰਥ ਆਮ ਤੌਰ 'ਤੇ ਖੁਦਕੁਸ਼ੀ ਲਈ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਬੈਨ ਕੀਤਾ ਗਿਆ ਹੈ ਅਤੇ ਬਾਕੀ ਕੀਟਨਾਸ਼ਕਾਂ 'ਤੇ ਸਰਕਾਰ ਵੱਲੋਂ 2020 ਵਿੱਚ ਪਾਬੰਦੀ ਲਗਾਈ ਜਾਣੀ ਹੈ।
WHO ਗਾਈਡਲਾਈਨਜ਼ ਮੁਤਾਬਕ ਇੱਕ ਦਰਜਨ ਤੋਂ ਵੀ ਵੱਧ ਜ਼ਹਿਰੀਲੇ ਕੀਟਨਾਸ਼ਕ ਅਜੇ ਵੀ ਉਪਲਬਧ ਹਨ।
ਏਸ਼ੀਆ ਵਿੱਚ ਬਾਕੀ ਥਾਵਾਂ 'ਤੇ ਕੀ ਹਾਲ ਹੈ?
2017 ਦੇ ਅਧਿਐਨ ਮੁਤਾਬਕ ਸਾਲ 2000 ਵਿੱਚ ਬੰਗਲਾਦੇਸ਼ 'ਚ ਵੀ ਅਜਿਹੇ ਹੀ ਨਿਯਮ ਲਾਗੂ ਕੀਤੇ ਗਏ ਸਨ, ਜਿਸ ਤੋਂ ਬਾਅਦ ਖੁਦਕੁਸ਼ੀਆਂ ਦੀ ਦਰ ਘੱਟ ਹੋਈ ਸੀ ਜਦਕਿ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਨਾਲ ਹਸਪਤਾਲ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਦੀ ਗਿਣਤੀ 'ਚ ਕੋਈ ਬਦਲਾਅ ਨਹੀਂ ਆਇਆ।
2012 ਵਿੱਚ ਦੱਖਣੀ ਕੋਰੀਆ ਵਿੱਚ ਇੱਕ ਬਹੁਤ ਜ਼ਹਿਰੀਲੀ ਬੂਟੀ 'ਤੇ ਪਾਬੰਦੀ ਲਗਾਈ ਸੀ। ਨਤੀਜੇ ਵਜੋਂ ਬਹੁਤ ਛੇਤੀ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਕੀਤੀਆਂ ਜਾਣ ਵਾਲੀਆਂ ਖੁਦਕੁਸ਼ੀਆਂ ਵਿੱਚ ਗਿਰਾਵਟ ਆਈ ਅਤੇ ਕੁੱਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਘੱਟ ਗਈ।
ਇਹ ਵੀ ਪੜ੍ਹੋ:
2006 ਤੋਂ 2013 ਵਿਚਾਲੇ ਹੋਏ ਅਧਿਐਨ ਤੋਂ ਪਤਾ ਲਗਦਾ ਹੈ ਕਿ ਚੀਨ ਵਿੱਚ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਕਰਕੇ ਹੋਣ ਵਾਲੀਆਂ ਖੁਦਕੁਸ਼ੀਆਂ 'ਚ ਬਹੁਤ ਛੇਤੀ ਗਿਰਾਵਟ ਆਈ। ਇਸਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਸਖ਼ਤ ਨਿਯਮ ਲਾਗੂ ਕਰਨਾ, ਘੱਟ ਲੋਕਾਂ ਦਾ ਖੇਤੀਬਾੜੀ ਕਰਨਾ, ਸ਼ਹਿਰੀਕਰਨ ਅਤੇ ਚੰਗੀਆਂ ਸਿਹਤ ਅਤੇ ਐਮਰਜੈਂਸੀ ਸੇਵਾਵਾਂ।
ਨੇਪਾਲ ਨੇ 2001 ਤੋਂ ਲੈ ਕੇ ਹੁਣ ਤੱਕ 21 ਕੀਟਨਾਸ਼ਕ ਬੈਨ ਕੀਤੇ ਹਨ। ਜਿਨ੍ਹਾਂ ਵਿੱਚੋਂ ਪੰਜ ਇਸ ਸਾਲ ਬੈਨ ਕੀਤੇ ਗਏ ਹਨ।
ਨੇਪਾਲ ਦੇ ਪੈਸਟੀਸਾਈਡ ਮੈਨੇਜਮੈਂਟ ਸੈਂਟਰ ਦੇ ਮੁਖੀ ਡਾ. ਡਿਲੀ ਸ਼ਰਮਾ ਮੁਤਾਬਕ ਕੁਝ ਕੀਟਨਾਸ਼ਕ ਸਿਹਤ ਅਤੇ ਵਾਤਾਵਰਨ ਕਾਰਨਾਂ ਕਰਕੇ ਬੈਨ ਕੀਤੇ ਗਏ ਹਨ। ਪਰ ਕੁਝ ਖਾਸ ਤੌਰ 'ਤੇ ਖੁਦਕੁਸ਼ੀਆਂ ਨੂੰ ਰੋਕਣ ਲਈ ਬੈਨ ਕੀਤੇ ਗਏ ਹਨ।
ਇਹ ਵੀਡੀਓਜ਼ ਵੀ ਵੇਖੋ