ਕੀੜੇਮਾਰ ਦਵਾਈਆਂ ਦਾ ਕਹਿਰ, 18 ਕਿਸਾਨਾਂ ਦੀ ਮੌਤ

    • ਲੇਖਕ, ਸੰਜੇ ਰਮਾਕਾਂਤ ਤਿਵਾਰੀ
    • ਰੋਲ, ਯਵਤਮਾਲ (ਮਹਾਰਾਸ਼ਟਰ) ਤੋਂ ਬੀਬੀਸੀ ਹਿੰਦੀ ਡਾਟ ਕਾਮ ਲਈ

ਮਹਾਰਾਸ਼ਟਰ ਦੇ ਜ਼ਿਲ੍ਹਾ ਵਿਦਰਭ ਯਵਤਮਾਲ 'ਚ ਕੀਟਨਾਸ਼ਕਾਂ ਕਾਰਨ ਹੁਣ ਤੱਕ 18 ਲੋਕਾਂ ਦੀ ਮੌਤ ਹੋ ਗਈ ਹੈ।

ਇਸ ਸੰਬੰਧੀ ਸਰਕਾਰ ਨੇ ਜਾਂਚ ਲਈ ਉੱਚ-ਪੱਧਰੀ ਕਮੇਟੀ ਬਣਾਈ ਹੈ ਅਤੇ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਹਨ।

ਦਿਨੋਂ-ਦਿਨ ਜ਼ਹਿਰੀਲੀ ਹੁੰਦੀ ਜਾ ਰਹੀ ਰਸਾਇਣਿਕ ਖੇਤੀ ਨੇ ਅਧੁਨਿਕ ਖੇਤੀ ਦੇ ਤੌਰ ਤਰੀਕਿਆਂ ਅਤੇ ਇਨਸਾਨੀ ਜ਼ਿੰਦਗੀ ਅੱਗੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਮਹਾਰਾਸ਼ਟਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਵਸੰਤਰਾਓ ਖੇਤੀ ਸਵੈ-ਨਿਰਭਰਤਾ ਮਿਸ਼ਨ' ਦੇ ਪ੍ਰਧਾਨ ਤੇ ਕਿਸਾਨ ਆਗੂ ਕਿਸ਼ੋਰ ਤਿਵਾਰੀ ਮੁਤਾਬਕ ਪਿਛਲੇ 15 ਦਿਨਾਂ 'ਚ ਯਵਤਮਾਲ ਜ਼ਿਲ੍ਹੇ ਵਿੱਚ ਕੀੜੇਮਾਰ ਦਵਾਈਆਂ ਦੇ ਜ਼ਹਿਰੀਲੇ ਅਸਰ ਕਾਰਨ 18 ਮੌਤਾਂ ਹੋਈਆਂ ਹਨ।

ਤਕਰੀਬਨ 200 ਲੋਕ ਹਸਪਤਾਲ 'ਚ ਭਰਤੀ ਹਨ। ਮਰਨ ਵਾਲਿਆਂ 'ਚ ਕਿਸਾਨ ਅਤੇ ਖੇਤ ਮਜ਼ਦੂਰ ਸਨ।

ਮੁੱਖ ਮੰਤਰੀ ਵੱਲੋਂ ਜਾਂਚ ਦੇ ਆਦੇਸ਼

ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀਆਂ ਹਦਾਇਤਾਂ 'ਤੇ ਸੂਬਾ ਸਰਕਾਰ ਨੇ ਗ੍ਰਹਿ ਮੰਤਰਾਲੇ ਦੇ ਵਧੀਕ ਮੁੱਖ ਸਕੱਤਰ ਨੂੰ ਇਨ੍ਹਾਂ ਘਟਨਾਵਾਂ ਲਈ ਜਾਂਚ ਦੇ ਹੁਕਮ ਦਿੱਤੇ ਹਨ।

ਸੂਬੇ ਦੇ ਊਰਜਾ, ਸੈਰ-ਸਪਾਟਾ ਤੇ ਭੋਜਨ ਤੇ ਦਵਾਈਆਂ ਮਾਮਲਿਆਂ ਦੇ ਰਾਜ ਮੰਤਰੀ ਮਦਨ ਯੇਰਾਵਾਰ ਨੇ ਬੀਬੀਸੀ ਨੂੰ ਦੱਸਿਆ ਕਿ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਲਈ ਦਵਾਈ ਛਿੜਕਾਉਣ ਲਈ ਨਕਾਬ ਅਤੇ ਦਸਤਾਨੇ ਮੁਫ਼ਤ ਵੰਡਣੇ ਸ਼ੁਰੂ ਕਰ ਦਿੱਤੇ ਹਨ।

18 ਮੌਤਾਂ 'ਚ ਇੱਕ ਨਾਂ ਸਾਵਰਾਗਾਓਂ ਦੇ ਗਜਾਨਨ ਫੂਲਮਾਲੀ ਦਾ ਵੀ ਹੈ। ਇਹ 3 ਏਕੜ ਦਾ ਕਿਸਾਨ ਕਪਾਹ ਦੀ ਖੇਤੀ ਕਰਦਾ ਸੀ, ਪਰ ਕੀੜੇਮਾਰ ਦਵਾਈਆਂ ਨੇ ਉਸ ਦੀ ਜਾਨ ਲੈ ਲਈ।

ਉਸ ਦੀ ਪਤਨੀ, ਬਜ਼ੁਰਗ, ਮਾਪੇ, ਦੋ ਧੀਆਂ ਅਤੇ 18 ਸਾਲ ਦੇ ਬੇਟੇ ਨੂੰ ਕੁਝ ਨਹੀਂ ਸੁੱਝ ਰਿਹਾ। ਫੂਲਮਾਲੀ ਦੀ ਧੀ ਨੇ ਦੱਸਿਆ ਕਿ ਪਹਿਲੀ ਵਾਰ ਦਵਾਈ ਛਿੜਕਣ ਕਾਰਨ ਉਨ੍ਹਾਂ ਦੇ ਮੋਢੇ 'ਤੇ ਜਖ਼ਮ ਹੋ ਗਿਆ ਸੀ।

ਉਹ 10-12 ਦਿਨਾਂ ਬਾਅਦ ਇਹ ਦਵਾਈ ਛਿੜਕਣ ਗਏ, ਪਰ ਘਰ ਆਉਂਦਿਆਂ ਹੀ ਉਸ ਨੂੰ ਦਸਤ ਅਤੇ ਉਲਟੀਆਂ ਸ਼ੁਰੂ ਹੋ ਗਈਆਂ ।

ਉਸ ਨੂੰ ਪਿੰਡ ਦੇ ਹਸਪਤਾਲ ਲਿਜਾਇਆ ਗਿਆ, ਪਰ ਲਗਾਤਾਰ ਸਿਹਤ ਵਿਗੜਦੀ ਗਈ। ਫਿਰ ਉਸ ਨੂੰ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।

ਨਿੱਜੀ ਹਸਪਤਾਲ ਦੀ ਫ਼ੀਸ ਨਾ ਭਰਨ ਕਾਰਨ ਫੂਲਮਾਲੀ ਨੂੰ ਵਾਪਸ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਹਾਲਾਂਕਿ ਉਸ ਨੇ ਕੀੜੇਮਾਰ ਦਵਾਈਆਂ ਦੀ ਜ਼ਿਆਦਾ ਮਾਤਰਾ ਤੋਂ ਇਨਕਾਰ ਕੀਤਾ ਹੈ।

ਕੀ ਹੈ ਕੰਪਨੀਆਂ ਦੀ ਜ਼ਿੰਮੇਵਾਰੀ?

ਕਿਸ਼ੋਰ ਤਿਵਾਰੀ ਮੁਤਾਬਕ ਮੰਤਰੀ ਮਦਨ ਯੇਰਾਵਾਰ ਨੇ ਕਿਹਾ ਸੀ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਅੰਨ੍ਹੇਵਾਹ ਕੀੜੇਮਾਰ ਦਵਾਈਆਂ ਨੂੰ ਛਿੜਕਿਆ ਜਾ ਰਿਹਾ ਹੈ।

ਕੀੜੇਮਾਰ ਦਵਾਈਆਂ ਅੱਖਾਂ ਵਿੱਚ ਪੈਣ ਕਾਰਨ ਰੌਸ਼ਨੀ ਘੱਟ ਹੋਣ ਦੇ ਵੀ 25 ਮਾਮਲੇ ਸਾਹਮਣੇ ਆਏ ਹਨ।

ਤਿਵਾਰੀ ਦਾ ਕਹਿਣਾ ਹੈ ਕਿ ਬੀਜ ਕੰਪਨੀਆਂ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਦਵਾਈਆਂ ਦੇ ਛਿੜਕਾਅ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰਨ ਅਤੇ ਇਸ ਦੀ ਸਿਖਲਾਈ ਦੇਣ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)