ਜੰਗ ’ਚ ਬਲਾਤਕਾਰ ਦਾ ਸ਼ਿਕਾਰ ਹੋਈ ਔਰਤ ਦੀ ਦੁਵਿਧਾ: ‘ਮੈਂ ਆਪਣੇ ਪੁੱਤਰ ਨੂੰ ਪਿਆਰ ਹੀ ਨਹੀਂ ਕਰ ਸਕੀ’

ਇੱਕ 24 ਸਾਲਾ ਨੌਜਵਾਨ ਦੀ ਮਾਂ ਨਾਲ ਅਫਰੀਕੀ ਮੁਲਕ ਰਵਾਂਡਾ ਵਿੱਚ ਨਸਲਕੁਸ਼ੀ ਦੌਰਾਨ ਬਲਾਤਕਾਰ ਕੀਤਾ ਗਿਆ ਸੀ। ਉਸ ਨੇ ਬੀਬੀਸੀ ਨੂੰ ਦੱਸਿਆ ਕਿ ਕਿਵੇਂ ਉਸ ਨੂੰ ਆਪਣੇ ਜਨਮ ਦੇ ਹਾਲਾਤ ਬਾਰੇ ਪਤਾ ਲੱਗਿਆ। (ਪਛਾਣ ਗੁਪਤ ਰੱਖਣ ਲਈ ਨੌਜਵਾਨ ਦਾਂ ਨਾਮ ਬਦਲ ਦਿੱਤਾ ਹੈ, ਇਸ ਕਹਾਣੀ ਵਿੱਚ ਉਸ ਨੂੰ 'ਰੌਕੀ' ਨਾਮ ਦਿੱਤਾ ਹੈ।)

ਰੌਕੀ ਦਾ ਕਹਿਣਾ ਹੈ ਕਿ ਪ੍ਰਾਈਮਰੀ ਸਕੂਲ ਦੇ ਇੱਕ ਫਾਰਮ ਵਿੱਚ ਉਸ ਦੇ ਪਿਤਾ ਦਾ ਨਾਮ ਪੁੱਛਿਆ ਗਿਆ ਸੀ। ਉਦੋਂ ਉਸ ਨੇ ਸੋਚਿਆ ਕਿ ਉਸ ਦੇ ਪਿਤਾ ਕੌਣ ਹਨ, "ਮੈਂ ਨਹੀਂ ਜਾਣਦਾ, ਮੈਨੂੰ ਉਸ ਦਾ ਨਾਮ ਨਹੀਂ ਪਤਾ।"

ਪਿਤਾ ਦਾ ਮਰੇ ਹੋਣਾ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਸੀ। ਕਈ ਬੱਚਿਆਂ ਦੇ ਪਿਤਾ ਨਹੀਂ ਸਨ — 8 ਲੱਖ ਤੋਂ ਵੱਧ ਲੋਕ 1994 ਵਿੱਚ ਰਵਾਂਡਾ ’ਚ ਹੋਈ ਨਸਲਕੁਸ਼ੀ ਵਿੱਚ ਮਾਰੇ ਗਏ ਸਨ। ਪਰ ਉਨ੍ਹਾਂ ਨੂੰ ਆਪਣੇ ਮਰੇ ਹੋਏ ਪਿਤਾ ਦੇ ਨਾਮ ਪਤਾ ਸਨ।

ਰੌਕੀ ਨੇ ਲੋਕਾਂ ਨੂੰ ਪਿੰਡ ਵਿੱਚ ਉਸ ਦੇ ਪਿਤਾ ਨੂੰ ਵੱਖ-ਵੱਖ ਨਾਮ ਦਿੰਦਿਆਂ ਸੁਣਿਆ ਸੀ, ਪਰ ਪੂਰਾ ਸੱਚ ਜਾਣਨ ਵਿੱਚ ਕਈ ਸਾਲ ਲੱਗੇ।

ਉਸ ਦੀ ਮਾਂ ਦਾ ਕਹਿਣਾ ਸੀ, "ਇਹ ਇੱਕ ਵਾਰ ਵਿੱਚ ਜਾਣਨ ਵਾਲੀ ਗੱਲ ਨਹੀਂ। ਸਭ ਨੂੰ ਪਤਾ ਹੈ ਕਿ ਮੇਰਾ ਰੇਪ ਹੋਇਆ ਸੀ। ਮੇਰਾ ਪੁੱਤ ਪੁੱਛਦਾ ਰਿਹਾ ਕਿ ਉਸ ਦਾ ਪਿਤਾ ਕੌਣ ਹੈ। ਪਰ 100 ਤੋਂ ਵੱਧ ਮਰਦਾਂ ਨੇ ਮੇਰਾ ਰੇਪ ਕੀਤਾ ਸੀ, ਮੈਂ ਨਹੀਂ ਦੱਸ ਸਕਦੀ ਸੀ ਕਿ ਉਸ ਦਾ ਪਿਤਾ ਕੌਣ ਹੈ।"

ਇਹ ਵੀ ਜ਼ਰੂਰ ਪੜ੍ਹੋ

'ਭੱਜ ਨਹੀਂ ਸਕਦੀ ਸੀ'

1994 ਵਿੱਚ 100 ਦਿਨਾਂ ਦੀ ਨਸਲਕੁਸ਼ੀ ਦੌਰਾਨ ਬਲਾਤਕਾਰ ਤੋਂ ਬਾਅਦ ਕਿੰਨੇ ਬੱਚੇ ਪੈਦਾ ਹੋਏ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਜੰਗ ’ਚ ਰੇਪ ਨੂੰ ਹਥਿਆਰ ਵਜੋਂ ਵਰਤਣ ਨੂੰ ਖ਼ਤਮ ਕਰਨ ਲਈ ਸੰਯੁਕਤ ਰਾਸ਼ਟਰ ਕੋਸ਼ਿਸ਼ਾਂ ਕਰ ਰਿਹਾ ਹੈ।

ਲੋਕ ਸੋਸ਼ਲ ਮੀਡੀਆ ਉੱਤੇ #EndRapeinWar (ਜੰਗ 'ਚ ਬਲਾਤਕਾਰ ਰੋਕੋ) ਨਾਲ ਕਹਾਣੀਆਂ ਸਾਂਝੀਆਂ ਕਰ ਰਹੇ ਹਨ, ਪਰ ਜਿਨ੍ਹਾਂ ਔਰਤਾਂ ਨਾਲ ਇਹ ਹਾਦਸੇ ਵਾਪਰੇ ਹਨ, ਉਨ੍ਹਾਂ ਲਈ ਯਾਦ ਕਰਨਾ ਸੌਖਾ ਨਹੀਂ ਹੈ।

ਰੌਕੀ ਦੀ ਮਾਂ, ਕੈਰਨ (ਬਦਲਿਆ ਹੋਇਆ ਨਾਂ) ਦਾ ਪਹਿਲੀ ਵਾਰੀ ਰੇਪ ਹੋਇਆ ਤਾਂ ਉਹ ਬੱਚੀ ਸੀ। ਉਹ ਉਨ੍ਹਾਂ ਹਜ਼ਾਰਾਂ ਤੁਤਸੀ ਭਾਈਚਾਰੇ ਦੀਆਂ ਔਰਤਾਂ ਤੇ ਕੁੜੀਆਂ ਵਿੱਚ ਸ਼ਾਮਲ ਸੀ ਜਿਨ੍ਹਾਂ ਦਾ ਸਰੀਰਕ ਸ਼ੋਸ਼ਣ ਹੁਤੂ ਲੋਕਾਂ ਨਾਲ ਸਬੰਧਤ ਗੁਆਂਢੀਆਂ, ਫੌਜ਼ ਅਤੇ ਜਵਾਨਾਂ ਨੇ ਕੀਤਾ ਸੀ।

ਨਸਲਕੁਸ਼ੀ ਹਾਲੇ ਸ਼ੁਰੂ ਹੀ ਹੋਈ ਸੀ। ਚਾਕੂ ਦੇ ਵਾਰਾਂ ਕਾਰਨ ਉਸ ਦੇ ਮੂੰਹ ਦੇ ਦੋਹਾਂ ਪਾਸਿਓਂ ਖੂਨ ਨਿਕਲ ਰਿਹਾ ਸੀ। ਅੱਜ ਵੀ ਉਸ ਨੂੰ ਖਾਣ-ਪੀਣ ਅਤੇ ਬੋਲਣ ਵਿੱਚ ਮੁਸ਼ਕਲ ਆਉਂਦੀ ਹੈ।

ਇਹ ਵੀ ਜ਼ਰੂਰ ਪੜ੍ਹੋ

ਉਸ ਦੇ ਹਮਲਾਵਰਾਂ ਨੇ ਉਸ ਨੂੰ ਇੱਕ ਸਕੂਲ ਵਿੱਚ ਇੱਕ ਟੋਏ ਦੇ ਕੰਢੇ ਖਿੱਚ ਲਿਆ ਸੀ। ਉਸ਼ ’ਚ ਉਹ ਉਨ੍ਹਾਂ ਆਦਮੀਆਂ, ਔਰਤਾਂ ਅਤੇ ਬੱਚਿਆਂ ਦੀਆਂ ਲਾਸ਼ਾਂ ਸੁੱਟ ਰਹੇ ਸਨ ਜਿਨ੍ਹਾਂ ਦਾ ਕਤਲ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਸੀ।

ਜ਼ਖਮਾਂ ਅਤੇ ਦਰਦ ਦੇ ਬਾਵਜੂਦ ਕੈਰਨ ਮਰਨਾ ਨਹੀਂ ਚਾਹੁੰਦੀ ਸੀ। ਕੁਝ ਹੀ ਘੰਟਿਆਂ ਬਾਅਦ ਜਦੋਂ ਫੌਜ ਦੇ ਜਵਾਨਾਂ ਦੇ ਇੱਕ ਸਮੂਹ ਨੇ ਉਸ ਦਾ ਦਰਖਤਾਂ ਤੇ ਸੋਟੀਆਂ ਨਾਲ ਸਰੀਰਕ ਸ਼ੋਸ਼ਣ ਕੀਤਾ, ਉਸ ਵੇਲੇ ਵੀ ਉਸ ਨੂੰ ਪਤਾ ਸੀ ਕਿ ਉਹ ਮਰਨਾ ਨਹੀਂ ਚਾਹੁੰਦੀ ਸੀ।

ਜਦੋਂ ਕੁਝ ਹੀ ਦੇਰ ਬਾਅਦ ਹੋਰ ਮਰਦਾਂ ਨੇ ਉਸ 'ਤੇ ਹਮਲਾ ਕੀਤਾ ਅਤੇ ਸਾਰੇ ਸਰੀਰ 'ਤੇ ਦੰਦੀਆਂ ਵੱਢੀਆਂ, ਉਹ ਜ਼ਿੰਦਾ ਨਹੀਂ ਰਹਿਣਾ ਚਾਹੁੰਦੀ ਸੀ। "ਹੁਣ ਮੈਂ ਜਲਦੀ ਮਰਨਾ ਚਾਹੁੰਦੀ ਸੀ। ਮੈਂ ਕਈ ਵਾਰੀ ਮਰਨਾ ਚਾਹੁੰਦੀ ਸੀ।"

ਸਫ਼ਰ ਤਾਂ ਸ਼ੁਰੂ ਹੀ ਹੋਇਆ ਸੀ। ਜਿਸ ਹਸਪਤਾਲ ਨੇ ਉਸ ਦੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕੀਤੀ ਉਸ ਉੱਤੇ ਹੁਤੂ ਫੌਜ ਨੇ ਹਮਲਾ ਕਰ ਦਿੱਤਾ ਸੀ।

"ਮੈਂ ਉਸ ਤੋਂ ਭੱਜ ਨਹੀਂ ਸਕਦੀ ਸੀ। ਮੇਰਾ ਸਭ ਕੁਝ ਤੋੜ ਦਿੱਤਾ ਗਿਆ ਸੀ... ਜੋ ਵੀ ਕੋਈ ਸੈਕਸ ਕਰਨਾ ਚਾਹੁੰਦਾ ਸੀ ਉਹ ਮੇਰੇ ਨਾਲ ਕਰ ਸਕਦਾ ਸੀ। ਜੇ ਹਮਲਾਵਰ ਮੇਰੇ ਤੇ ਪਿਸ਼ਾਬ ਕਰਨਾ ਚਾਹੁੰਦੇ ਸਨ ਤਾਂ ਕਰ ਸਕਦੇ ਸਨ।"

ਜਦੋਂ ਰਵਾਂਡੀਅਨ ਪੈਟਰੀਓਟਿਕ ਫਰੰਟ ਨੇ ਹਸਪਤਾਲ ਨੂੰ ਆਜ਼ਾਦ ਕਰਵਾਇਆ ਤਾਂ ਕੈਰਨ ਦਾ ਇਲਾਜ ਕਰਵਾਇਆ। ਇਸ ਤੋਂ ਬਾਅਦ ਉਹ ਆਪਣੇ ਪਿੰਡ ਪਹੁੰਚੀ-ਕਮਜ਼ੋਰ, ਮਾਯੂਸ, ਖੂਨ ਵਹਿ ਰਿਹਾ ਸੀ ਪਰ ਜ਼ਿੰਦਾ ਸੀ।

ਜਦੋਂ ਡਾਕਟਰਾਂ ਨੂੰ ਪਤਾ ਲੱਗਿਆ ਕਿ ਉਹ ਗਰਭਵਤੀ ਸੀ ਉਹ ਹੈਰਾਨ ਸਨ। "ਮੈਂ ਪੁੱਛ ਰਹੀ ਸੀ ਕਿ ਕੀ ਕਰਾਂ, ਕਿਉਂਕਿ ਸਰੀਰ ਤਾਂ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਕੀ ਹੋਣ ਜਾ ਰਿਹਾ ਸੀ।"

"ਜਦੋਂ ਬੱਚਾ ਪੈਦਾ ਹੋਇਆ, ਮੈਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਇਹ ਮੁੰਡਾ ਮੇਰਾ ਹੈ। ਮੈਂ ਉਸ ਨੂੰ ਰੱਖ ਲਿਆ, ਹਾਲਾਂਕਿ ਮੈਨੂੰ ਉਸ ਨਾਲ ਕੋਈ ਪਿਆਰ ਨਹੀਂ ਸੀ।"

'ਬੱਚੇ ਨੂੰ ਛੱਡਣਾ'

ਅਜਿਹੀ ਕਹਾਣੀ ਰਵਾਂਡਾ ਵਿੱਚ ਪਿਛਲੇ 25 ਸਾਲਾਂ ਤੋਂ ਬੱਚਿਆਂ ਨੂੰ ਦੱਸੀ ਜਾ ਰਹੀ ਹੈ, ਹਾਲਾਂਕਿ ਖੁੱਲ੍ਹ ਕੇ ਘੱਟ ਹੀ ਬੋਲਦੇ ਹਨ।

ਸਰਵਾਈਵਰਜ਼ ਫੰਡ (ਸਰਫ਼) ਇੱਕ ਸੰਸਥਾ ਹੈ ਜੋ ਕਿ ਰਵਾਂਡਾ ਵਿੱਚ ਨਸਲਕੁਸ਼ੀ ਦੌਰਾਨ ਰੇਪ ਤੋਂ ਬਾਅਦ ਮਾਵਾਂ ਤੇ ਬੱਚਿਆਂ ਨੂੰ ਸਿੱਖਿਅਕ ਅਤੇ ਮਾਨਸਿਕ ਸਮਰਥਨ ਦਿੰਦੇ ਹਨ।

ਇਸ ਦੇ ਮੁਖੀ ਸੈਮੁਅਲ ਮੁੰਡਰੇਰ ਦਾ ਕਹਿਣਾ ਹੈ, "ਜ਼ਿਆਦਾਤਰ ਕੇਸਾਂ ਵਿੱਚ ਰੇਪ ਕਾਰਨ ਔਰਤਾਂ ਨੂੰ ਹੀ ਸ਼ਰਮਸਾਰ ਹੋਣਾ ਪੈਂਦਾ ਹੈ, ਮਰਦਾਂ ਨੂੰ ਨਹੀਂ।"

ਕੁਝ ਮਾਮਲਿਆਂ ਵਿੱਚ “ਕਲੰਕ” ਕਾਰਨ ਰਿਸ਼ਤੇਦਾਰਾਂ ਨੇ ਮਾਵਾਂ ਨੂੰ ਬੱਚੇ ਛੱਡਣ ਦੀ ਬੇਨਤੀ ਕੀਤੀ, ਹੋਰਨਾਂ ਵਿੱਚ ਇਹ ਵਿਆਹ ਟੁੱਟਣ ਦਾ ਕਾਰਨ ਬਣਿਆ। ਜਿੱਥੇ ਹੋ ਸਕਿਆ, ਔਰਤਾਂ ਨੇ ਇਸ ਨੂੰ ਗੁਪਤ ਰੱਖਿਆ।

ਬਹੁਤ ਸਾਰੇ ਬੱਚਿਆਂ ਨੂੰ, ਰੌਕੀ ਵਾਂਗ, ਆਪਣੀ ਮਾਂ ਦੇ ਗਰਭਵਤੀ ਹੋਣ ਦੇ ਹਾਦਸੇ ਬਾਰੇ ਮਹਿਜ਼ ਫਾਰਮ ਭਰਨ ਵੇਲੇ ਹੀ ਪਤਾ ਲੱਗਿਆ।

ਇਹ ਵੀ ਜ਼ਰੂਰ ਪੜ੍ਹੋ

ਸੈਮ ਮੁੰਡਰੇਰ ਮੁਤਾਬਕ, "ਮੁੱਦਾ ਨਸਲਕੁਸ਼ੀ ਦੇ ਬਾਅਦ ਹੋਏ ਜਨਮ ਬਾਰੇ ਹੈ। ਇਹ ਕਹਿਣਾ ਸੌਖਾ ਸੀ: 'ਤੇਰੇ ਪਿਤਾ ਜੀ ਨਸਲਕੁਸ਼ੀ ਦੌਰਾਨ ਮਾਰੇ ਗਏ ਸਨ', ਪਰ ਜਿਵੇਂ ਬੱਚੇ ਵੱਡੇ ਹੁੰਦੇ ਹਨ ਉਹ ਬਹੁਤ ਸਾਰੇ ਸਵਾਲ ਪੁੱਛਦੇ ਹਨ। ਮਾਂ ਸੱਚਾਈ ਦੱਸਣ ਲਈ ਮਜ਼ਬੂਰ ਹੋ ਜਾਂਦੀ ਹੈ।"

‘ਫਾਊਂਡੇਸ਼ਨ ਰਵਾਂਡਾ’ ਨੇ ਮਾਵਾਂ ਨੂੰ ਆਪਣੀਆਂ ਕਹਾਣੀਆਂ ਸੁਣਾਉਣ ਵਿੱਚ ਮਦਦ ਕੀਤੀ ਹੈ। ਸੈਮ ਨੇ ਸਵੀਕਾਰ ਕੀਤਾ ਹੈ ਕਿ ਸੱਚ ਸਦਮੇ ਦਾ ਕਾਰਨ ਬਣ ਸਕਦਾ ਹੈ। "ਪ੍ਰਭਾਵ ਲੰਮੇ ਸਮੇਂ ਤੱਕ ਹੋ ਸਕਦੇ ਹਨ; ਕਈ ਪੀੜ੍ਹੀਆਂ ’ਤੇ ਅਸਰ ਪੈ ਸਕਦਾ ਹੈ।"

ਸੈਮ ਮੁੰਡਰੇਰ ਕੋਲ ਮੌਜੂਦ ਇੱਕ ਮਾਂ ਨੇ ਮੰਨਿਆ ਕਿ ਉਸ ਨੇ ਆਪਣੀ ਬੇਟੀ ਨਾਲ ਬਦਸਲੂਕੀ ਕੀਤੀ ਕਿਉਂਕਿ ਉਸ ਦਾ ਮੰਨਣਾ ਸੀ ਕਿ ਉਸ ਦਾ ਵਿਹਾਰ "ਉਸ ਦਾ ਜਨਮ ਕਿਵੇਂ ਹੋਇਆ" ਕਰਕੇ ਸੀ।

ਬਹੁਤ ਸਾਰੀਆਂ ਮਾਵਾਂ ਬੱਚਿਆਂ ਤੋਂ ਦੂਰ ਰਹਿੰਦੀਆਂ ਸਨ। ਮੁੰਡੇਰੇਰ ਨੇ ਦੱਸਿਆ,"ਇਸ ਦੇ ਉਹ ਨਤੀਜੇ ਹੋ ਸਕਦੇ ਹਨ ਜੋ ਅਸੀਂ ਸੋਚ ਵੀ ਨਹੀਂ ਸਕਦੇ।"

"ਨੌਜਵਾਨਾਂ ਦੀਆਂ ਆਪਣੀਆਂ ਚੁਣੌਤੀਆਂ ਹਨ। ਅਸੀਂ ਉਨ੍ਹਾਂ ਨੂੰ ਸਮਰਥਨ ਦੇਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਉਹ ਸਮਾਜ ਵਿੱਚ ਰਸ ਸਕਣ, ਆਮ ਨੌਜਵਾਨਾਂ ਤਰ੍ਹਾਂ ਮਹਿਸੂਸ ਕਰ ਸਕਣ।"

ਬੰਧਨ ਦੇ ਸਦਮੇ

ਆਖਰਕਾਰ ਕੈਰਨ ਨੇ ਰੌਕੀ ਨੂੰ, ਜਦੋਂ ਉਹ 19-20 ਸਾਲਾਂ ਦਾ ਸੀ, ਪੂਰੀ ਕਹਾਣੀ ਬਾਰੇ ਦੱਸਿਆ।

ਉਹ ਕਹਿੰਦਾ ਹੈ ਕਿ ਉਸ ਨੇ ਇਹ ਸਭ ਕਬੂਲ ਕਰ ਲਿਆ ਹੈ। ਫਿਰ ਵੀ ਉਹ ਮਹਿਸੂਸ ਕਰਦਾ ਹੈ ਕਿ ਉਸ ਦੇ ਜੀਵਨ ਵਿੱਚ ਪਿਤਾ ਦੀ ਥਾਂ ਖਾਲੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਉਸ ਆਦਮੀ ਪ੍ਰਤੀ ਨਫ਼ਰਤ ਨਹੀਂ ਮਹਿਸੂਸ ਕਰਦਾ ਜਿਸ ਨੇ ਉਸ ਦੀ ਮਾਂ 'ਤੇ ਹਮਲਾ ਕੀਤਾ ਸੀ।

ਕੈਰਨ ਵੀ ਕਹਿੰਦੀ ਹੈ, "ਜਦੋਂ ਤੁਸੀਂ ਮਾਫ਼ ਕਰ ਦਿੰਦੇ ਹੋ, ਤੁਸੀਂ ਬਿਹਤਰ ਮਹਿਸੂਸ ਕਰਦੇ ਹੋ।”

ਰੌਕੀ ਨੇ ਕਿਹਾ, "ਕਦੇ-ਕਦੇ ਮੈਂ ਉਸ ਬਾਰੇ ਸੋਚਦਾ ਹਾਂ। ਜਦ ਮੈਂ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ ਮੇਰੇ ਪਿਤਾ ਹੋਣੇ ਚਾਹੀਦੇ ਸੀ।"

ਉਹ ਇੱਕ ਮਕੈਨਿਕ ਬਣਨ ਅਤੇ ਪਰਿਵਾਰ ਦੀ ਯੋਜਨਾ ਬਣਾਉਂਦਾ ਹੈ। "ਮੈਂ ਆਪਣੇ ਪਰਿਵਾਰ ਦੀ ਮਦਦ ਕਰਨ ਦੀ ਸੋਚ ਰਿਹਾ ਹਾਂ। ਇਹ ਸਭ ਲਈ ਪੈਸਾ ਚਾਹੀਦਾ ਹੈ ਅਤੇ ਪੈਸੇ ਦੀ ਹੀ ਥੋੜ੍ਹ ਹੈ।”

ਇਹ ਵੀ ਜ਼ਰੂਰ ਪੜ੍ਹੋ

ਜਨਮ ਵੇਲੇ ਉਸ ਨੂੰ ਪਿਆਰ ਨਾ ਕਰਨ ਵਾਲੀ ਕੈਰਨ ਲਈ ਹੁਣ ਰੌਕੀ ਸਭ ਕੁਝ ਹੈ। ਉਨ੍ਹਾਂ ਦੀ ਨਜ਼ਦੀਕੀ ਉਸ ਵੇਲੇ ਦਿਖਦੀ ਹੈ ਜਦੋਂ ਉਹ ਆਪਣੇ ਨਵੇਂ ਘਰ ਦੇ ਦਰਵਾਜ਼ੇ ਤੋਂ ਵਾਦੀਆਂ ਨੂੰ ਵੇਖਦੇ ਹਨ। ਇਹ ਘਰ ‘ਸਰਫ਼’ ਸੰਸਥਾ ਦੀ ਮਦਦ ਨਾਲ ਖਰੀਦਿਆ ਗਿਆ।

ਇਹ ਘਰ ਉਸ ਪਿੰਡ ਦੇ ਬਾਹਰ ਹੈ ਜਿੱਥੇ ਉਹ ਵੱਡੀ ਹੋਈ ਸੀ, ਜਿੱਥੋਂ ਉਹ ਭੱਜ ਗਈ ਸੀ ਜਦੋਂ ਉਸ ਦੇ ਪਰਿਵਾਰ ਨੇ ਉਸ ਨੂੰ ਰੌਕੀ ਨੂੰ ਛੱਡਣ ਲਈ ਕਿਹਾ ਸੀ।

ਹੁਣ ਸ਼ਾਂਤੀ ਹੈ। ਉਹ ਮਹਿਸੂਸ ਕਰ ਰਹੇ ਹਨ ਕਿ ਪਰਿਵਾਰ ਅਤੇ ਸਮਾਜ ਨੇ ਉਨ੍ਹਾਂ ਨੂੰ ਸਵੀਕਾਰ ਕਰ ਲਿਆ ਹੈ।

ਉਹ ਦੱਸਦੀ ਹੈ, "ਉਹ ਜਾਣਦੇ ਹਨ ਕਿ ਮੈਂ ਲੰਮੇ ਸਮੇਂ ਤੋਂ ਸਦਮੇ ਵਿੱਚੋਂ ਗੁਜ਼ਰ ਰਹੀ ਹਾਂ ਅਤੇ ਮੈਂ ਇੱਥੇ ਖ਼ੁਸ਼ ਹਾਂ।"

ਰੌਕੀ ਕਹਿੰਦਾ ਹੈ, "ਜੋ ਕੁਝ ਵੀ ਹੋਇਆ, ਉਹ ਉਸ ਨੇ ਸਵੀਕਾਰ ਕੀਤਾ। ਜਿਸ ਤਰ੍ਹਾਂ ਉਹ ਭਵਿੱਖ ਬਾਰੇ ਅਤੇ ਅਗਾਂਹ ਵੱਧਣ ਬਾਰੇ ਸੋਚਦੀ ਹੈ, ਮੈਨੂੰ ਉਸ 'ਤੇ ਮਾਨ ਹੈ।"

ਇਹ ਵੀ ਜ਼ਰੂਰ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)