ਦੋ ਸਾਲਾ ਬੱਚੇ ਦੀ ਹਾਲਤ ਨਾਜ਼ੁਕ ਪਰ ਮਾਂ ਆਖਿਰੀ ਨਜ਼ਰ ਦੇਖਣ ਨੂੰ ਤਰਸੀ

ਯਮਨ ਦੀ ਇੱਕ ਮਾਂ ਕੈਲੀਫੋਰਨੀਆ ਵਿੱਚ ਮਰਨ ਕੰਢੇ ਪਏ ਆਪਣੇ ਬੱਚੇ ਨੂੰ ਮਿਲ ਨਹੀਂ ਪਾ ਰਹੀ ਹੈ। ਕਿਉਂਕਿ ਅਮਰੀਕਾ ਵਿੱਚ ਯਮਨ ਦੇ ਲੋਕਾਂ ਦੇ ਦਾਖਿਲ ਹੋਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ।

ਪਰਿਵਾਰ ਦਾ ਦਾਅਵਾ ਹੈ ਕਿ ਦੋ ਸਾਲਾ ਅਬਦੁੱਲਾ ਹਸਨ ਦਿਮਾਗ ਦੀ ਇੱਕ ਬਿਮਾਰੀ ਤੋਂ ਜਨਮ ਤੋਂ ਹੀ ਪੀੜਤ ਸੀ। ਡਾਕਟਰਾਂ ਦਾ ਦਾਅਵਾ ਹੈ ਕਿ ਉਹ ਜ਼ਿੰਦਾ ਨਹੀਂ ਬਚੇਗਾ।

ਲਾਈਫ-ਸਪੋਰਟ ਸਿਸਟਮ ਤੋਂ ਹਟਾਏ ਜਾਣ ਤੋਂ ਪਹਿਲਾਂ ਬੱਚੇ ਨੂੰ ਉਸ ਦੀ ਮਾਂ ਆਖਿਰੀ ਵਾਰੀ ਮਿਲਣਾ ਚਾਹੁੰਦੀ ਹੈ।

ਪਿਤਾ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਪਾਬੰਦੀ ਲਾਏ ਜਾਣ ਕਾਰਨ ਮਾਂ ਬੱਚੇ ਨੂੰ ਮਿਲ ਨਹੀਂ ਪਾ ਰਹੀ। ਜੇ ਬੱਚੇ ਨੂੰ ਮਿਸਰ ਉਸ ਦੀ ਮਾਂ ਕੋਲ ਲਿਜਾਇਆ ਜਾਂਦਾ ਹੈ ਤਾਂ ਹੋ ਸਕਦਾ ਹੈ ਉਸ ਦੀ ਮੌਤ ਹੋ ਜਾਵੇ। ਅਬਦੁੱਲਾ ਹਸਨ ਅਤੇ ਉਸ ਦੇ ਪਿਤਾ ਅਮਰੀਕੀ ਹਨ।

ਬੱਚੇ ਦੇ 22 ਸਾਲਾ ਪਿਤਾ ਅਲੀ ਹਸਨ ਨੇ ਸੈਨ ਫਰਾਂਸਿਸਕੋ ਕਰੋਨੀਕਲ ਨੂੰ ਦੱਸਿਆ, "ਉਸ ਦੀ ਮਾਂ ਦੀ ਸਿਰਫ਼ ਇੱਕ ਹੀ ਇੱਛਾ ਹੈ ਕਿ ਆਖਿਰੀ ਵਾਰੀ ਆਪਣੇ ਬੱਚੇ ਦਾ ਹੱਥ ਫੜ੍ਹ ਲਏ।"

ਇਹ ਵੀ ਪੜ੍ਹੋ:

ਅਲੀ ਹਸਨ ਦੀ ਪਤਨੀ ਸ਼ਾਇਮਾ ਸਵੀਲੇਹ ਇਸ ਵੇਲੇ ਅਮਰੀਕਾ ਦੇ ਦੌਰੇ ਲਈ ਅਮਰੀਕੀ ਵਿਦੇਸ਼ ਵਿਭਾਗ ਤੋਂ ਛੋਟ ਮੰਗ ਰਹੀ ਹੈ।

ਅਮਰੀਕੀ ਯਾਤਰਾ 'ਤੇ ਪਾਬੰਦੀ ਕੀ ਹੈ?

ਡੌਨਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੁੱਖ ਤੌਰ 'ਤੇ ਕੁਝ ਮੁਸਲਮਾਨ ਦੇਸਾਂ 'ਤੇ ਅਮਰੀਕਾ ਵਿੱਚ ਆਉਣ ਉੱਤੇ ਪਾਬੰਦੀ ਲਾ ਦਿੱਤੀ ਸੀ।

ਅਮਰੀਕੀ ਸੁਪਰੀਮ ਕੋਰਟ ਵੱਲੋਂ ਇਹ ਫੈਸਲਾ ਬਰਕਰਾਰ ਰੱਖਣ ਤੋਂ ਪਹਿਲਾਂ ਇਸ ਕਾਰਜਕਾਰੀ ਹੁਕਮ ਨੂੰ ਕਈ ਰੂਪ ਦਿੱਤੇ ਗਏ।

ਇਸ ਹੁਕਮ ਮੁਤਾਬਕ ਈਰਾਨ, ਉੱਤਰੀ ਕੋਰੀਆ, ਵੈਨੇਜ਼ੁਏਲਾ, ਲੀਬੀਆ, ਸੋਮਾਲੀਆ, ਸੀਰੀਆ ਅਤੇ ਯਮਨ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਦਾਖਲ ਹੋਣ ਉੱਤੇ ਪਾਬੰਦੀ ਹੈ।

ਅਮਰੀਕੀ-ਇਸਲਾਮਿਕ ਸਬੰਧਾਂ ਦੀ ਕੌਂਸਲ ਦੇ ਸਾਦ ਸਵੈਲੈਮ ਜੋ ਕਿ ਪਰਿਵਾਰ ਨੂੰ ਮਿਲਾਉਣ ਲਈ ਕੋਸ਼ਿਸ਼ ਕਰ ਰਹੇ ਹਨ, ਦਾ ਕਹਿਣਾ ਹੈ ਕਿ ਅਬਦੁੱਲਾ ਦੀ ਮਾਂ ਨੂੰ ਰੋਕਣਾ 'ਬੇਹੱਦ ਜ਼ਾਲਮਾਨਾ' ਹੈ।

ਅਬਦੁੱਲਾ ਦੇ ਪਿਤਾ ਦਾ ਕੈਲੀਫੋਰਨੀਆ ਵਿੱਚ ਜਨਮ ਹੋਇਆ ਸੀ ਪਰ ਉਨ੍ਹਾਂ ਦੇ ਯਮਨ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਕਰੀਬੀ ਸਬੰਧ ਰਹੇ ਹਨ।

ਯਮਨ ਤੋਂ ਅਮਰੀਕਾ ਕਿਵੇਂ ਪਹੁੰਚਿਆ ਬੱਚਾ

ਅਲੀ ਹਸਨ ਦੀ ਸ਼ਾਇਮਾ ਸਵੀਲੇਹ ਨਾਲ ਮੁਲਾਕਾਤ ਅਰਬ ਦੇਸ ਵਿੱਚ ਹੋਈ ਸੀ ਅਤੇ ਉਨ੍ਹਾਂ ਦੇ ਉੱਥੇ ਸੱਤ ਬੱਚੇ ਹਨ।

ਅਬਦੁੱਲਾ ਹਾਈਪੋਮਾਈਲੀਨੇਸ਼ਨ ਤੋਂ ਪੀੜਤ ਹੈ ਜੋ ਕਿ ਇੱਕ ਦਿਮਾਗੀ ਬਿਮਾਰੀ ਹੈ ਜਿਸ ਕਾਰਨ ਸਾਹ ਲੈਣ ਵਿੱਚ ਮੁਸ਼ਕਿਲ ਹੁੰਦੀ ਹੈ।

ਜਦੋਂ ਉਹ ਅੱਠ ਮਹੀਨਿਆਂ ਦਾ ਸੀ ਤਾਂ ਸਿਵਲ ਜੰਗ ਤੋਂ ਬਚਣ ਲਈ ਪਰਿਵਾਰ ਯਮਨ ਤੋਂ ਕੈਰੋ ਚਲਾ ਗਿਆ।

ਤਿੰਨ ਮਹੀਨੇ ਪਹਿਲਾਂ ਅਲੀ ਹਸਨ ਇਲਾਜ ਲਈ ਅਮਰੀਕਾ ਵਿੱਚ ਲੈ ਆਇਆ। ਉਸ ਨੇ ਸੋਚਿਆ ਸੀ ਕਿ ਪਤਨੀ ਬਾਅਦ ਵਿੱਚ ਆ ਜਾਵੇਗੀ।

ਕੈਲੀਫੋਰਨੀਆ ਦੇ ਓਕਲੈਂਡ ਦੇ ਡਾਕਟਰਾਂ ਨੇ ਜਦੋਂ ਉਨ੍ਹਾਂ ਨੂੰ ਦੱਸਿਆ ਕਿ ਬੱਚਾ ਆਖਿਰੀ ਸਾਹ ਲੈ ਰਿਹਾ ਤਾਂ ਪਰਿਵਾਰ ਨੇ ਮਾਂ ਦੇ ਅਮਰੀਕਾ ਪਹੁੰਚਣ ਜਾਣ ਲਈ ਅਰਜ਼ੀ ਪਾਈ।

ਪਰ ਉਨ੍ਹਾਂ ਨੇ ਕਿਹਾ ਕਿ ਵਿਭਾਗ ਨੇ ਉਨ੍ਹਾਂ ਦੀ ਅਰਜ਼ੀ ਇਹ ਕਹਿੰਦਿਆਂ ਰੱਦ ਕਰ ਦਿੱਤੀ ਕਿ ਅਮਰੀਕੀ ਰਾਸ਼ਟਰਪਤੀ ਨੇ ਯਾਤਰਾ ਪਾਬੰਦੀ ਲਾਈ ਹੋਈ ਹੈ।

ਇਹ ਵੀ ਪੜ੍ਹੋ:

ਵਿਭਾਗ ਦੇ ਇੱਕ ਅਧਿਕਾਰੀ ਨੇ ਕਾਨੂੰਨੀ ਨਿਯਮਾਂ ਕਾਰਨ ਇਸ ਮਾਮਲੇ ਬਾਰੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਕੌਮਾਂਤਰੀ ਸੈਲਾਨੀਆਂ ਦੁਆਰਾ ਜਾਇਜ਼ ਯਾਤਰਾ ਦੀ ਸਹੂਲਤ ਲਈ ਹਰ ਕੋਸ਼ਿਸ਼ ਕਰਦੇ ਹਨ।

"ਅਸੀਂ ਵੀ ਅਮਰੀਕੀ ਪਰਵਾਸ ਕਾਨੂੰਨ ਦੀ ਪਾਲਣਾ ਕਰਨ ਅਤੇ ਸਾਡੇ ਦੇਸ ਦੀਆਂ ਸਰਹੱਦਾਂ ਦੀ ਅਖੰਡਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)