ਆਈਵੀਐਫ਼ ਬਾਰੇ ਸੋਚ ਰਹੀ ਮਾਂ ਜਿਸਦੇ ਤਿੰਨ ਬੱਚਿਆਂ ਦੀ ਮੌਤ ਸ਼ਾਇਦ 'ਕਜ਼ਨ' ਨਾਲ ਵਿਆਹ ਕਾਰਨ ਹੋਈ

- ਲੇਖਕ, ਸੂ ਸਿਸ਼ੇਲ
- ਰੋਲ, ਬੀਬੀਸੀ ਨਿਊਜ਼ ਬ੍ਰੈਡਫੋਰਡ
ਰੂਬਾ ਅਤੇ ਸਾਕਿਬ ਪਤੀ ਪਤਨੀ ਹਨ ਉਨ੍ਹਾਂ ਵਿੱਚ ਇੱਕ ਅਜਿਹਾ ਜੀਨ ਹੈ। ਜੋ ਇੱਕ ਲਾਇਲਾਜ ਲਾਇਲਾਜ ਸਥਿਤੀ ਦਾ ਕਾਰਨ ਬਣਦਾ ਹੈ।
ਇਸ ਜੀਨ ਤੋਂ ਪੈਦਾ ਹੋਈ ਸਥਿਤੀ ਕਾਰਨ, ਉਨ੍ਹਾਂ ਦੇ ਬੱਚੇ ਦੀ ਮੌਤ ਦੀ 4 ਵਿੱਚੋਂ 1 ਸੰਭਾਵਨਾ ਹੁੰਦੀ ਹੈ।
ਰੂਬਾ ਚਾਹੁੰਦੀ ਹੈ ਕਿ ਉਹ ਇੱਕ ਸਿਹਤਮੰਦ ਭਰੂਣ ਦੀ ਚੋਣ ਲਈ ਆਈਵੀਐਫ਼ ਤਕਨੀਕ ਦੀ ਸਹਾਇਤਾ ਲਵੇ। ਪਤੀ ਸਾਕਿਬ ਨੂੰ ਅੱਲ੍ਹਾ 'ਤੇ ਹੀ ਭਰੋਸਾ ਹੈ। ਕੁਝ ਰਿਸ਼ਤੇਦਾਰ ਚਾਹੁੰਦੇ ਹਨ ਕਿ ਉਹ ਵੱਖ ਹੋ ਜਾਣ ਅਤੇ ਕਿਸੇ ਹੋਰ ਨਾਲ ਵਿਆਹ ਕਰਵਾਉਣ।
ਰੂਬਾ ਬੀਬੀ ਇੰਨੀ ਛੋਟੀ ਉਮਰ ਵਿੱਚ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਅਤੇ ਏ-ਲੈਵੇਲ ਦੀ ਪੜ੍ਹਾਈ ਤੋਂ ਬਾਅਦ ਯੂਨੀਵਰਸਿਟੀ ਜਾ ਕੇ ਪੜ੍ਹਾਈ ਕਰਨਾ ਚਾਹੁੰਦੀ ਸੀ।
ਪਰ ਉਸਦੇ ਮਾਪਿਆਂ ਨੇ ਸਕੈਂਡਰੀ ਸਕੂਲ ਦੀ ਪੜ੍ਹਾਈ ਖਤਮ ਕਰਦਿਆਂ ਹੀ ਪਾਕਿਸਤਾਨ ਵਿੱਚ ਉਸਦੇ ਕਜ਼ਨ, ਸਾਕਿਬ ਮਹਿਮੂਦ ਨਾਲ ਰੂਬਾ ਬੀਬੀ ਦਾ ਵਿਆਹ ਤੈਅ ਕਰ ਦਿੱਤਾ।
ਇਹ ਵੀ ਪੜ੍ਹੋ:
ਰੂਬਾ ਬੀਬੀ ਇੰਗਲੈਂਡ ਦੇ ਬ੍ਰੈਡਫੋਰਡ ਵਿੱਚ ਪਲੀ-ਵੱਡੀ ਹੋਈ ਉਹ ਆਪਣੇ ਵਿਆਹ ਤੋਂ ਪਹਿਲਾਂ ਦੋ ਵਾਰ ਪਾਕਿਸਤਾਨ ਗਈ ਸੀ। ਪਹਿਲੀ ਵਾਰ ਉਹ ਚਾਰ ਸਾਲ ਦੀ ਸੀ ਅਤੇ ਦੂਸਰੀ ਵਾਰ 12 ਸਾਲ ਦੀ ਸੀ।
ਜਿਸ ਆਦਮੀ ਨਾਲ ਉਸਦੀ ਸਗਾਈ ਹੋਈ ਰੂਬਾ ਬੀਬੀ ਨੂੰ ਉਹ ਚੇਤੇ ਨਹੀਂ ਸੀ ਅਤੇ ਨਾ ਹੀ ਦੋਵਾਂ ਨੇ ਕਦੇ ਇਕੱਲਿਆਂ ਸਮਾਂ ਬਤੀਤ ਕੀਤਾ ਸੀ।
ਸਗਾਈ ਸਮੇਂ ਹੁਣ ਉਹ 27 ਸਾਲਾਂ ਦਾ ਸੀ ਅਤੇ ਇੱਕ ਡਰਾਈਵਰ ਸੀ ਅਤੇ ਰੂਬਾ 17 ਸਾਲਾਂ ਦੀ ਸੀ।
ਰੂਬਾ ਪੁਰਾਣਾ ਸਮਾਂ ਯਾਦ ਕਰਦੇ ਹੋਏ ਦੱਸਦੀ ਹੈ ਕਿ, "ਮੈਂ ਬਹੁਤ ਘਬਰਾਈ ਹੋਈ ਸੀ ਕਿਉਂਕਿ ਮੈਂ ਉਸਨੂੰ ਨਹੀਂ ਜਾਣਦੀ ਸੀ।"
"ਮੈਂ ਬਹੁਤ ਸ਼ਰਮੀਲੀ ਸੀ, ਮੈਂ ਜ਼ਿਆਦਾ ਗੱਲ ਨਹੀਂ ਕਰ ਸਕੀ ਅਤੇ ਮੇਰੀ ਕਦੇ ਵੀ ਮੁੰਡਿਆਂ ਵਿੱਚ ਦਿਲਚਸਪੀ ਨਹੀਂ ਰਹੀ। ਮੈਂ ਡਰੀ ਹੋਈ ਸੀ ਅਤੇ ਆਪਣੇ ਮਾਪਿਆਂ ਨੂੰ ਬੇਨਤੀ ਵੀ ਕੀਤੀ ਕਿ ਇਹ ਸਭ ਕੁਝ ਦੇਰ ਲਈ ਟਾਲ ਦਿਓ ਤਾਂ ਜੋ ਸੈਂ ਸਕੂਲ ਦੀ ਪੜ੍ਹਾਈ ਪੂਰੀ ਕਰ ਸਕਾਂ, ਪਰ ਉਹ ਅਜਿਹਾ ਨਾ ਕਰ ਸਕੇ।"
ਪਾਕਿਸਤਾਨ ਵਿੱਚ ਤਿੰਨ ਮਹੀਨੇ ਬਿਤਾਉਣ ਤੋਂ ਬਾਅਦ ਉਹ ਗਰਭਵਤੀ ਹੋ ਗਈ। ਦੋ ਮਹੀਨੇ ਬਾਅਦ ਉਹ ਬ੍ਰੈਡਫੋਰਡ ਵਾਪਿਸ ਆ ਗਈ। ਇੰਨੀ ਛੇਤੀ ਮਾਂ ਬਨਣ 'ਤੇ ਉਹ ਕਾਫੀ ਹੈਰਾਨ ਸੀ ਅਤੇ ਖੁਸ਼ ਵੀ ਸੀ।
ਉਨ੍ਹਾਂ ਦਾ ਬੇਟਾ, ਹਸਮ 2007 ਵਿੱਚ ਪੈਦਾ ਹੋਇਆ। ਰੂਬਾ ਨੇ ਬੜੇ ਹੀ ਉਤਸ਼ਾਹ ਨਾਲ ਸਾਕਿਬ ਨੂੰ ਫੋਨ 'ਤੇ ਦੱਸਿਆ ਕਿ ਸਭ ਠੀਕ ਹੈ, ਹਾਲਾਂਕਿ ਬੱਚਾ ਕਾਫ਼ੀ ਜ਼ਿਆਦਾ ਸੌਂਦਾ ਸੀ ਅਤੇ ਉਸ ਨੂੰ ਦੁੱਧ ਚੁੰਘਾਉਣ ਵਿੱਚ ਵੀ ਦਿੱਕਤ ਆ ਰਹੀ ਸੀ।
ਰੂਬਾ ਨੂੰ "ਲੱਗਿਆ ਕਿ ਇਹ ਸਭ ਆਮ ਹੈ।"

ਕੁਝ ਹਫ਼ਤਿਆਂ ਬਾਅਦ ਉਹ ਡਾਕਟਰ ਕੋਲ ਗਈ। ਡਾਕਟਕ ਨੇ ਹਸਮ ਨੂੰ ਦੇਖਿਆ ਤਾਂ ਉਨ੍ਹਾਂ ਨੂ ਲੱਗਿਆ ਕਿ ਹਸਮ ਦੇ ਕੂਲ੍ਹੇ ਕੁਝ ਸਖ਼ਤ ਸਨ।
ਰੂਬਾ ਦੱਸਦੀ ਹੈ, "ਡਾਕਟਰ ਹਸਮ ਨੂੰ ਰੈਫ਼ਰ ਕਰ ਰਹੇ ਹਨ ਪਰ ਮੈਂ ਇਸ ਨੂੰ ਮਾਮੂਲੀ ਗੱਲ ਹੀ ਸਮਝਿਆ। ਉਨ੍ਹਾਂ ਨੇ ਕੁਝ ਟੈਸਟ ਕੀਤੇ ਅਤੇ ਫਿਰ ਮੈਨੂੰ ਨਤੀਜੇ ਦੱਸਣ ਲਈ ਬੱਚਿਆਂ ਦੇ ਵਾਰਡ ਵਿੱਚ ਬੁਲਾਇਆ।"
"ਜਦੋਂ ਮੈਂ ਅੰਦਰ ਗਈ ਤਾਂ ਡਾਕਟਰ ਨੇ ਮੈਨੂੰ ਦੱਸਿਆ ਕਿ ਇੱਕ ਬੁਰੀ ਖਬਰ ਹੈ। ਉਨ੍ਹਾਂ ਨੇ ਮੈਨੂੰ ਇੱਕ ਪਰਚਾ ਫੜਾਉਂਦਿਆਂ ਕਿਹਾ ਕਿ ਹਸਮ ਇਸ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ ਜੋ ਕਿ ਬਹੁਤ ਦੁਰਲੱਭ ਹੈ।"
"ਮੇਰੇ ਕੁਝ ਸਮਝ ਸੀ ਆ ਰਿਹਾ, ਮੈਂ ਬਹੁਤ ਰੋ ਰਹੀ ਸੀ। ਘਰ ਪਹੁੰਦਿਆਂ ਹੀ ਮੈਂ ਪਾਕਿਸਤਾਨ ਵਿੱਚ ਆਪਣੇ ਪਤੀ ਨੂੰ ਫ਼ੋਨ ਕੀਤਾ, ਉਨ੍ਹਾਂ ਨੇ ਮੈਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਹਰ ਕੋਈ ਮੁਸ਼ਕਿਲਾਂ ਚੋਂ ਗੁਜ਼ਰਦਾ ਹੈ, ਅਤੇ ਅਸੀਂ ਵੀ ਇਕੱਠੇ ਮਿਲ ਕੇ ਇਸ ਮੁਸ਼ਕਿਲ ਤੋਂ ਬਾਹਰ ਆ ਜਾਵਾਂਗੇ।"
ਰੂਬਾ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਸਦੇ ਅਤੇ ਉਸਦੇ ਪਤੀ (ਜੋ ਕਿ ਰਿਸ਼ਤੇ ਵਿੱਚ ਉਸਦਾ ਕਜ਼ਨ ਸੀ) ਦੋਹਾਂ ਵਿੱਚ ਹੀ ਇੱਕ ਰੀਸੈੱਸਿਵ ਜੀਨ (I-cell) ਸੀ। ਆਈ-ਸੈੱਲ ਕਾਰਨ ਬੱਚੇ ਦੇ ਵਾਧੇ ਅਤੇ ਸਹੀ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ।
ਰੀਸੈੱਸਿਵ ਜੀਨ ਉਹ ਜੀਨ ਹੁੰਦੇ ਹਨ ਜੋ ਕਿਸੇ ਵਿੱਚ ਹੁੰਦੇ ਹਨ ਪਰ ਕਿਸੇ ਦੂਸਰੇ ਤਾਕਤਵਰ ਜੀਨ ਵੱਲੋਂ ਦਬਾ ਲਏ ਜਾਂਦੇ ਹਨ। ਜਿਵੇਂ ਕਿਸੇ ਵਿੱਚ ਕਾਲੇ ਵਾਲਾਂ ਵਾਲੇ ਜੀਨ ਭਾਰੂ ਹੋਣ ਤਾਂ ਉਸ ਦੇ ਵਾਲਾਂ ਦਾ ਰੰਗ ਕਾਲਾ ਹੋਵੇਗਾ ਪਰ ਉਸ ਵਿੱਚ ਭੂਰੇ ਵਾਲਾਂ ਵਾਲੇ ਜੀਨ ਵੀ ਹੋ ਸਕਦੇ ਹਨ। ਇਸ ਸਥਿਤੀ ਵਿੱਚ ਭੂਰੇ ਵਾਲਾਂ ਵਾਲੇ ਜੀਨ ਨੂੰ ਰੀਸੈੱਸਿਵ ਜੀਨ ਕਿਹਾ ਜਾਂਦਾ ਹੈ।
ਸੱਤ ਮਹੀਨੇ ਬਾਅਦ ਸਕਿਬ ਨੂੰ ਯੂਕੇ ਵਿਚ ਰਹਿਣ ਲਈ ਵੀਜ਼ਾ ਪ੍ਰਾਪਤ ਹੋਇਆ ਅਤੇ ਉਹ ਆਪਣੇ ਬੇਟੇ ਨੂੰ ਪਹਿਲੀ ਵਾਰ ਗੋਦ ਵਿੱਚ ਲੈ ਸਕਿਆ।
ਰੂਬਾ ਮੁਤਾਬਕ, "ਮੇਰੇ ਪਤੀ ਨੇ ਕਿਹਾ ਕਿ ਹਸਮ ਆਮ ਬੱਚਿਆਂ ਵਾਂਗ ਹੀ ਦਿੱਖਦਾ ਸੀ। ਉਹ ਨਾ ਬੈਠਦਾ ਸੀ ਅਤੇ ਨਾ ਹੀ ਰਿੜ੍ਹਦਾ ਸੀ, ਪਰ ਉਨ੍ਹਾਂ ਕਿਹਾ ਕਿ ਕੁਝ ਬੱਚੇ ਹੌਲੀ-ਹੌਲੀ ਵੱਧਦੇ ਹਨ।"

ਪਰ ਰੂਬਾ ਨੂੰ ਆਪਣੇ ਬੱਚੇ ਵਿੱਚ ਉਸਦੇ ਹਮ ਉਮਰਾਂ ਨਾਲੋਂ ਕਾਫੀ ਵੱਡਾ ਫ਼ਰਕ ਨਜ਼ਰ ਆ ਰਿਹਾ ਸੀ। ਹਸਮ ਬਹੁਤ ਹੌਲੀ ਵੱਧ ਰਿਹਾ ਸੀ। ਛਾਤੀ ਦੀ ਇਨਫੈਕਸ਼ਨ ਕਾਰਨ ਉਸਨੂੰ ਹਸਪਤਾਲ ਵੀ ਛੇਤੀ ਹੀ ਲੈਕੇ ਜਾਣਾ ਪੈਂਦਾ। ਜਿਵੇਂ-ਜਿਵੇਂ ਹਸਮ ਵੱਡਾ ਹੋ ਰਿਹਾ ਸੀ, ਉਸਦੇ ਸਿਰ ਵੱਡਾ ਹੋ ਰਿਹਾ ਸੀ।
ਸਾਲ 2010 ਵਿੱਚ ਉਨ੍ਹਾਂ ਦੀ ਅਗਲੀ ਬੱਚੀ ਅਲੀਸ਼ਬਾਹ ਪੈਦਾ ਹੋਈ। ਉਸੇ ਸਮੇਂ ਜਾਂਚ ਤੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਉਹ ਵੀ ਆਈ-ਸੈੱਲ ਨਾਲ ਪੀੜਤ ਸੀ। ਆਪਣੇ ਵੱਡੇ ਭਰਾ ਦੀ ਮੌਤ ਤੋਂ ਤਕਰੀਬਨ ਇੱਕ ਸਾਲ ਬਾਅਦ, 2013 ਦੇ ਅਖੀਰ ਵਿੱਚ ਅਲੀਸ਼ਬਾਹ ਦੀ ਵੀ ਤਿੰਨ ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ।
ਤੀਜੀ ਵਾਰ ਗਰਭਵਤੀ ਹੋਣ ਤੋਂ ਪਹਿਲਾਂ, ਰੂਬਾ ਨੇ ਲੀਡਜ਼ ਟੀਚਿੰਗ ਹਸਪਤਾਲ ਵਿੱਚ ਮੌਲਵੀ ਮੁਫ਼ਤੀ ਜ਼ੁਬੈਰ ਬੱਟ ਨਾਲ ਸੰਪਰਕ ਕੀਤਾ। ਉਹ ਜਾਨਣਾ ਚਾਹੁੰਦੀ ਸੀ ਕਿ ਗਰਭ ਦੌਰਾਨ ਭਰੂਣਜਾਂਚ ਕਰਵਾਉਣ ਦੀ ਅਤੇ ਆਈ-ਸੈੱਲ ਦੀ ਪੁਸ਼ਟੀ ਹੋਣ 'ਤੇ ਗਰਭਪਾਤ ਕਰਵਾਉਣ ਲਈ ਉਸਦਾ ਧਰਮ ਇਜਾਜ਼ਤ ਦਿੰਦਾ ਹੈ ਜਾਂ ਨਹੀਂ।।
ਮੁਫ਼ਤੀ ਨੇ ਰੂਬਾ ਨੂੰ ਦੱਸਿਆ ਕਿ ਇਹ ਪ੍ਰਵਾਨਯੋਗ ਪ੍ਰਕਿਰਿਆ ਹੋਵੇਗੀ ਪਰ ਉਸਨੂੰ ਬਹੁਤ ਧਿਆਨ ਨਾਲ ਸੋਚਣ ਤੋਂ ਬਾਅਦ ਹੀ ਕੋਈ ਫ਼ੈਸਲਾ ਲੈਣ ਦੀ ਸਲਾਹ ਦਿੱਤੀ।
ਇਹ ਵੀ ਪੜ੍ਹੋ:
"ਜੇਕਰ ਤੁਸੀਂ ਇਸ ਅਵਸਥਾ ਵਿੱਚ ਹੋ ਕਿ ਹਰ ਹਾਲਤ ਵਿੱਚ ਬੱਚੇ ਦੀ ਮੌਤ ਹੋਣੀ ਤੈਅ ਹੀ ਹੈ, ਭਾਵੇਂ ਉਸਦੀ ਮੌਤ ਛੇਤੀ ਨਾ ਹੋਵੇ ਪਰ ਉਹ ਅਜਿਹੀਆਂ ਬਿਮਾਰੀਆਂ ਵਿੱਚ ਘਿਰਿਆ ਰਹੇਗਾ ਜੋ ਉਸ ਨੂੰ ਬਹੁਤ ਕਮਜ਼ੋਰ ਬਣਾ ਦੇਣਗੀਆਂ। ਮੁਸਲਿਮ ਪੈਗੰਬਰ ਦੇ ਕਹੇ ਮੁਤਾਬਿਕ ਸਰੀਰ ਵਿੱਚ ਰੂਹ ਦੇ ਦਾਖ਼ਿਲ ਹੋਣ ਤੋਂ ਪਹਿਲਾ ਗਰਭਪਾਤ ਕਰਵਾਉਣ ਲਈ ਇਹ ਕਾਰਨ ਕਾਫ਼ੀ ਹਨ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਰੂਬਾ ਨੂੰ ਅਜਿਹਾ ਸਿਰਫ਼ ਇਹ ਸੋਚ ਕੇ ਹੀ ਨਹੀਂ ਕਰਨਾ ਚਾਹੀਦਾ ਕਿ ਉਸ ਨੂੰ ਮਨਜ਼ੂਰੀ ਮਿਲ ਗਈ ਹੈ ਕਿਉੰਕਿ ਉਸਨੇ ਆਪਣੇ ਇਸ ਫ਼ੈਸਲੇ ਨਾਲ ਪੂਰੀ ਜ਼ਿੰਦਗੀ ਬਤੀਤ ਕਰਨੀ ਹੈ।
ਉਨ੍ਹਾਂ ਨੇ ਰੂਬਾ ਨੂੰ ਸਹਾਲ ਦਿੱਤੀ ਕਿ ਉਹ ਆਪਣੇ ਭਾਈਚਾਰੇ ਵਿੱਚ ਬਾਕੀਆਂ ਨਾਲ ਇਸ ਬਾਰੇ ਗੱਲ ਕਰੇ ਅਤੇ ਵਿਚਾਰ ਸਾਂਝੇ ਕਰੇ। ਇਨ੍ਹਾਂ ਵਿਚੋਂ ਕੁਝ ਲੋਕ ਅਜਿਹੇ ਵੀ ਹੋਣਗੇ ਜੋ ਗਰਭਪਾਤ ਕਰਵਾਉਣ ਦਾ ਵਿਰੋਧ ਕਰਨਗੇ। ਮੁਫ਼ਤੀ ਜ਼ੁਬੈਰ ਮੁਤਾਬਿਕ, "ਇਕੱਲਿਆ ਇਸ ਨਾਲ ਝੂਝਨਾ ਇੱਕ ਬਹੁਤ ਵੱਡੀ ਚੁਣੌਤੀ ਹੈ।"

ਬਰੈਡਫੋਰਡ ਅਧਿਐਨ
- ਰੂਬਾ ਅਤੇ ਉਸਦਾ ਪਹਿਲਾ ਬੱਚਾ ਹਸਮ ਬ੍ਰੈਡਫੋਰਡ ਸ਼ਹਿਰ ਵਿੱਚ ਪੈਦਾ ਹੋਣ ਵਾਲਿਆਂ (ਬੌਰਨ ਇਨ ਬ੍ਰੈਡਫੋਰਡ) ਬਾਰੇ ਕੀਤੇ ਜਾ ਰਹੇ ਇੱਕ ਅਧਿਐਨ ਵਿੱਚ ਸ਼ਾਮਲ ਕੀਤੇ ਪਹਿਲੇ ਲੋਕਾਂ ਵਿਚੋਂ ਸਨ। 14000 ਪਰਿਵਾਰਾਂ ਦੀ ਸ਼ਮੂਲੀਅਤ ਵਾਲੇ ਇਸ ਲੰਬੇ ਸਮੇਂ ਤੋਂ ਚੱਲ ਰਹੇ ਅਧਿਐਨ ਵਿੱਚ 46% ਪਰਿਵਾਰ ਪਾਕਿਸਤਾਨੀ ਸਨ।
- ਇਸ ਸ਼ਹਿਰ ਦੀ ਬਾਲ ਮੌਤ ਦਰ - ਕੌਮੀ ਔਸਤ ਤੋਂ ਦੁੱਗਣੀ ਹੈ - ਜਿਸ ਕਾਰਨ ਇਹ ਅਧਿਐਨ ਕਰਨ ਦਾ ਫੈਸਲਾ ਲਿਆ ਗਿਆ।
- ਡਾਕਟਰਾਂ ਨੇ 200 ਤੋਂ ਵੱਧ ਦੁਰਲੱਭ ਸਥਿਤੀਆਂ ਦੀ ਪਛਾਣ ਕੀਤੀ ਹੈ ਅਤੇ ਜੋੜਿਆਂ ਦੀ ਬਿਹਤਰ ਜਾਂਚ ਅਤੇ ਸਲਾਹਕਾਰੀ ਲਈ ਕੰਮ ਕਰ ਰਹੇ ਹਨ।

ਰੂਬਾ ਨੇ ਆਪਣਾ ਮਨ ਬਣਾ ਲਿਆ ਅਤੇ ਗਰਭਪਾਤ ਨਾ ਕਰਵਾਉਣ ਦਾ ਫ਼ੈਸਲਾ ਲਿਆ।
ਸਾਲ 2015 ਵਿੱਚ ਜਦੋਂ ਰੂਬਾ ਤੀਸਰੇ ਬੱਚੇ 'ਇਨਾਰਾ' ਨਾਲ ਗਰਭਵਤੀ ਹੋਈ ਤਾਂ, ਉਸਨੇ ਡਾਕਟਰਾਂ ਵੱਲੋਂ ਵਾਰ-ਵਾਰ ਕਹੇ ਜਾਣ ਦੇ ਬਾਵਜੂਦ ਮੈਡੀਕਲ ਸਕੈਨ ਕਰਵਾਉਣ ਤੋਂ ਇਨਕਾਰ ਕਰ ਦਿੱਤਾ।
ਰੂਬਾ ਮੁਤਾਬਿਕ, "ਮੈਂ ਚਾਹੁੰਦੀ ਸੀ ਕਿ ਉਹ ਇਸਨੂੰ ਕਿਸੇ ਆਮ ਗਰਭ ਵਾਂਗ ਹੀ ਸਮਝਣ। ਮੈਂ ਨਹੀਂ ਚਾਹੁੰਦੀ ਸੀ ਕਿ ਉਹ ਮੇਰੇ ਮਨ ਅੰਦਰ ਕਿਸੇ ਵੀ ਤਰ੍ਹਾਂ ਦਾ ਸ਼ੱਕ ਪੈਦਾ ਕਰਨ। ਮੈਂ ਗਰਭਪਾਤ ਨਹੀਂ ਕਰਵਾਉਣਾ ਸੀ, ਮੈਂ ਗਰਭ ਦਾ ਆਨੰਦ ਮਾਣਨਾ ਚਾਹੁੰਦੀ ਸੀ।"
"ਮੈਂ ਆਪਣੇ ਪਤੀ ਨੂੰ ਕਹਿੰਦੀ ਕਿ ਹੋ ਸਕਦਾ ਹੈ ਕਿ ਇਹ ਬੱਚਾ ਵੀ ਬਿਮਾਰ ਪੈਦਾ ਹੋਵੇ ਪਰ ਉਨ੍ਹਾਂ ਨੇ ਕਿਹਾ ਕਿ, 'ਕੋਈ ਗੱਲ ਨਹੀਂ।' ਮੇਰੇ ਮਨ ਅੰਦਰ ਬਹੁਤ ਦੁਬਿਧਾ ਸੀ, ਮੈਂ ਜਾਣਦੀ ਸੀ ਕਿ ਇਸ ਬੱਚੇ ਦੀ ਵੀ ਬਿਮਾਰ ਜਾਂ ਤੰਦਰੁਸਤ ਹੋਣ ਦੀ ਸੰਭਾਵਨਾ ਪਹਿਲੇ ਬੱਚਿਆਂ ਜਿੰਨੀ ਹੀ ਸੀ।"
ਪਰ ਇਨਾਰਾ ਦਾ ਵੀ ਜਨਮ ਆਈ-ਸੈੱਲ ਡਿਸਆਰਡਰ ਨਾਲ ਹੀ ਹੋਇਆ।
ਰੂਬਾ ਦਾ ਕਹਿਣਾ ਹੈ ਕਿ, "ਮਾਂ ਬਣਨ 'ਤੇ ਮੈਂ ਬਹੁਤ ਖੁਸ਼ ਸੀ, ਪਰ ਬੱਚੀ ਨੂੰ ਦੇਖਦੇ ਹੀ ਅਸੀਂ ਸਮਝ ਗਈ ਸੀ। ਮੈਂ ਦੁਖੀ ਅਤੇ ਪਰੇਸ਼ਾਨ ਹੋ ਗਈ। ਇਸ ਗਰਭ ਤੋਂ ਅਸੀਂ ਇੱਕ ਸਿਹਤਮੰਦ ਬੱਚਾ ਚਾਹੁੰਦੇ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਬੱਚੀ ਨੂੰ ਕਿੰਨਾ ਕੁ ਦਰਦ ਸਹਿਣਾ ਪਵੇਗਾ ਪਰ ਮੇਰੇ ਪਤੀ ਖੁਸ਼ ਸਨ ਅਤੇ ਉਨ੍ਹਾਂ ਮੈਨੂੰ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਨ ਲਈ ਕਿਹਾ।"
ਤਕਰੀਬਨ ਇੱਕ ਸਾਲ ਪਹਿਲਾਂ ਦੋ ਸਾਲ ਦੀ ਉਮਰ ਵਿੱਚ ਇਨਾਰਾ ਦੀ ਮੌਤ ਹੋ ਗਈ। ਪਿਛਲੇ ਸਾਲ ਦਸੰਬਰ ਵਿੱਚ ਉਹ ਬਿਮਾਰ ਹੋ ਗਈ ਅਤੇ ਛਾਤੀ ਵਿੱਚ ਇਨਫੈਕਸ਼ਨ ਕਾਰਨ ਉਸਦੀ ਹਾਲਤ ਕਾਫ਼ੀ ਖਰਾਬ ਹੋ ਗਈ। ਉਸ ਨੂੰ ਬ੍ਰੈਡਫੋਰਡ ਰੌਇਲ ਇਨਫਰਮਰੀ ਤੋਂ ਯਾਰਕ (ਇੰਗਲੈਂਡ ਦਾ ਇੱਕ ਸ਼ਹਿਰ) ਲਿਆਂਦਾ ਗਿਆ।
"ਯਾਰਕ ਦੇ ਡਾਕਟਰਾਂ ਨੇ ਉਸ ਨੂੰ ਜ਼ਿੰਦਾ ਰੱਖਣ ਦੀ ਪੂਰੀ ਵਾਹ ਲਾਈ, ਮੇਰੇ ਮਨ ਵਿੱਚ ਆਸ ਦੇ ਬਾਵਜੂਦ ਮੈਂ ਦੇਖ ਸਕਦੀ ਸੀ ਕਿ ਉਹ ਦਰਦ ਵਿੱਚ ਹੈ। ਮਰਨ ਤੋਂ ਪਹਿਲਾਂ ਉਸ ਨੂੰ ਦਵਾਈਆਂ ਦੇ ਕੇ ਸ਼ਾਂਤ ਰੱਖਿਆ ਗਿਆ। ਮੈਂ ਉਸਦੇ ਨਾਲ ਹੀ ਲੇਟੀ ਹੋਈ ਸੀ ਅਤੇ ਉਹ ਜ਼ਿਆਦਾਤਰ ਸਮਾਂ ਮੇਰੀ ਬਾਹਾਂ ਵਿੱਚ ਹੀ ਸੀ। ਮੇਰੇ ਪਤੀ ਨੂੰ ਅਹਿਸਾਸ ਹੋ ਗਿਆ ਸੀ ਕਿ ਉਹ ਆਖ਼ਰੀ ਸਾਹ ਲੈ ਰਹੀ ਸੀ।"
ਰੂਬਾ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਤਿੰਨ ਬੱਚੇ ਗੁਆਉਣ ਦਾ ਦਰਦ ਅਤੇ ਛੇ ਵਾਰ ਗਰਭਪਾਤ ਦੀ ਪੀੜਾ ਕਿਸ ਤਰ੍ਹਾਂ ਸਹੀ ਹੈ, ਜਿਨ੍ਹਾਂ ਵਿੱਚੋਂ ਇੱਕ ਤਾਂ ਇਨਾਰਾ ਦੀ ਮੌਤ ਤੋਂ ਕੁਝ ਹਫ਼ਤੇ ਬਾਅਦ ਹੀ ਹੋਇਆ ਹੈ।

ਰੂਬਾ ਮੁਤਾਬਿਕ, "ਮੇਰਾ ਆਖਰੀ ਗਰਭਪਾਤ ਇਨਾਰਾ ਨੂੰ ਦਫ਼ਨਾਉਣ ਤੋਂ ਬਾਅਦ ਹੋਇਆ, ਉਸ ਵੇਲੇ ਤਾਂ ਮੈਨੂੰ ਪਤਾ ਵੀ ਨਹੀਂ ਸੀ ਕਿ ਮੈਂ ਗਰਭਵਤੀ ਹਾਂ।"
ਰੂਬਾ ਕਹਿੰਦੀ ਹੈ ਕਿ ਇਨਾਰਾ ਦੀ ਮੌਤ ਨੇ ਉਸ ਨੂੰ ਇਹ ਗੱਲ ਮੰਨਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਸਦੇ ਬੱਚਿਆਂ ਦੀ ਬਦਨਸੀਬੀ ਅਤੇ ਕਜ਼ਨ ਨਾਲ ਵਿਆਹੇ ਜਾਣਾ, ਆਪਸ ਵਿੱਚ ਜੁੜੇ ਹੋਏ ਹਨ।
ਪਹਿਲਾਂ ਕਾਫ਼ੀ ਸਮੇਂ ਤੱਕ ਉਹ ਇਸ ਗੱਲ ਵਿੱਚ ਯਕੀਨ ਨਹੀਂ ਕਰ ਰਹੀ ਸੀ। ਇਸਦਾ ਕਾਰਨ ਇਹ ਵੀ ਸੀ ਕਿ ਜਦੋਂ ਉਹ ਹਸਪਤਾਲਾਂ ਵਿੱਚ ਬਾਕੀ ਬਿਮਾਰ ਅਤੇ ਅਪਾਹਜ ਬੱਚਿਆਂ ਨੂੰ ਦੇਖਦੀ ਤਾਂ ਰੂਬਾ ਸੋਚਦੀ ਕਿ ਇਹ ਸਾਰੇ ਬੱਚੇ ਵੀ ਰਿਸ਼ਤੇ ਦੇ ਭੈਣ-ਭਰਾਵਾਂ ਦੇ ਵਿਆਹ ਤੋਂ ਨਹੀਂ ਜਨਮੇ ਹੋਣਗੇ। ਕਿਉਂਕਿ ਕੁਝ ਬੱਚੇ ਗੋਰਿਆਂ ਦੇ ਵੀ ਸਨ।
ਉਸਦਾ ਕਹਿਣਾ ਹੈ ਕਿ, "ਮੇਰੇ ਪਤੀ ਹੁਣ ਵੀ ਇਹ ਗੱਲ ਨਹੀਂ ਮੰਨਦੇ। ਮੈਂ ਮੰਨਦੀ ਹਾਂ ਕਿਉਂਕਿ ਇਹ ਮੇਰੇ ਨਾਲ ਤਿੰਨ ਵਾਰੀ ਹੋ ਚੁੱਕਾ ਹੈ। ਇਸ ਲਈ ਜੋ ਕੁਝ ਵੀ ਕਿਹਾ ਜਾ ਰਿਹਾ ਹੈ, ਉਸ ਵਿੱਚ ਕੁਝ ਤਾਂ ਸੱਚਾਈ ਹੋਵੇਗੀ ਹੀ।"

ਰਿਸ਼ਤੇ 'ਚ ਭੈਣ ਭਰਾਵਾਂ ਦਾ ਵਿਆਹ
- ਸਾਲ 2013 ਵਿੱਚ ਸਾਈਂਸਦਾਨਾਂ ਵੱਲੋਂ ਰਿਸ਼ਤੇ ਵਿੱਚ ਭੈਣ-ਭਰਾ ਲੱਗਦੇ ਲੋਕਾਂ ਦੇ ਵਿਆਹ ਬਾਰੇ ਆਪਣੀਆਂ ਕੁਝ ਖੋਜਾਂ 'ਦਿ ਲੈਨਸੇਟ' ਰਸਾਲੇ ਵਿੱਚ ਪ੍ਰਕਾਸ਼ਿਤ ਕੀਤੀਆਂ। ਬ੍ਰੈਡਫੋਰਡ ਵਿੱਚ ਪੈਦਾ ਹੋਣ ਵਾਲੀਆਂ ਪਾਕਿਸਤਾਨੀ ਮਾਵਾਂ ਵਿੱਚੋਂ 63% ਆਪਣੇ ਕਜ਼ਨਾਂ ਨਾਲ ਵਿਆਹੀਆਂ ਗਈਆਂ ਸਨ। ਇਨ੍ਹਾਂ ਮਾਵਾਂ ਨੇ ਬੱਚਿਆਂ ਦਾ ਜਮਾਂਦਰੂ ਨੁਕਸ ਨਾਲ ਪੈਦਾ ਹੋਣ ਦਾ ਖਤਰਾ ਦੁਗਣਾ ਅਨੁਭਵ ਕੀਤਾ।
- ਹਾਲਾਂਕਿ ਬੱਚੇ ਦਾ ਜਮਾਂਦਰੂ ਹੀ ਦਿਲ ਅਤੇ ਨਾੜੀ ਤੰਤਰ ਸਬੰਧੀ ਬਿਮਾਰੀਆਂ ਨਾਲ ਪੈਦਾ ਹੋਣ ਦਾ ਖਤਰਾ ਘੱਟ ਹੈ ਪਰ ਪਾਕਿਸਤਾਨੀ ਵਸੋਂ ਵਿੱਚ ਇਹ ਆਂਕੜਾ 3 ਫ਼ੀਸਦੀ ਤੋਂ ਸ਼ੁਰੂ ਹੋਕੇ, ਰਿਸ਼ਤੇ ਵਿੱਚ ਭੈਣ-ਭਰਾਵਾਂ ਦੇ ਵਿਆਹ ਵਾਲੀ ਜੋੜੀਆਂ ਵਿੱਚ 6 ਫ਼ੀਸਦੀ ਤੱਕ ਦੇਖਿਆ ਗਿਆ ਹੈ।
- ਬ੍ਰੈਡਫੋਰਡ ਵਿੱਚ ਵਸ ਰਹੇ ਪਰਿਵਾਰ ਅਜੇ ਵੀ ਆਪਣੇ ਮੁੰਡੇ ਅਤੇ ਕੁੜੀਆਂ ਨੂੰ ਵਿਆਹੁਣ ਲਈ ਆਪਣੇ ਮੂਲ ਦੇਸ਼ ਤੋਂ ਖੂਨ ਦੇ ਰਿਸ਼ਤੇ ਵਿੱਚ ਹੀ ਲਾੜਾ ਜਾਂ ਲਾੜਾ ਲੱਭਦੇ ਹਨ। ਅਧਿਐਨ ਵਿੱਚ ਸ਼ਾਮਿਲ ਕੀਤੇ ਗਏ ਹਰ ਚਾਰ ਵਿੱਚੋਂ ਇੱਕ ਬੱਚੇ ਦੇ ਪਿਤਾ ਜਾਂ ਮਾਂ ਨੂੰ ਵਿਆਹ ਲਈ ਇਸ ਦੇਸ਼ ਬੁਲਾਇਆ ਗਿਆ।

ਇਨਾਰਾ ਦੀ ਮੌਤ ਤੋਂ ਬਾਅਦ, ਰੂਬਾ ਅਤੇ ਸਾਕਿਬ ਦੇ ਇੰਗਲੈਂਡ ਅਤੇ ਪਾਕਿਸਤਾਨ ਵਿੱਚ ਰਹਿਣ ਵਾਲੇ ਕੁਝ ਰਿਸ਼ਤੇਦਾਰ ਇਸ ਸਿੱਟੇ 'ਤੇ ਪਹੁੰਚੇ ਕਿ ਇਨ੍ਹਾਂ ਲਈ ਇੱਕ ਸਿਹਤਮੰਦ ਬੱਚੇ ਨੂੰ ਜਨਮ ਦੇਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਿਆਹ ਨੂੰ ਖਤਮ ਕਰਕੇ, ਦੋਵਾਂ ਨੂੰ ਖੁਸ਼ੀ-ਖੁਸ਼ੀ ਵੱਖ ਕਰ ਦੇਣਾ ਚਾਹੀਦਾ ਹੈ। ਰਿਸ਼ਤੇਦਾਰਾਂ ਮੁਤਾਬਿਕ ਅਹਿਜਾ ਕਰਨ ਨਾਲ ਰੂਬਾ ਅਤੇ ਸਾਕਿਬ ਕਿਸੇ ਹੋਰ ਨਾਲ ਵਿਆਹ ਕਰ ਸਕਣਗੇ, ਜਿਸ ਨਾਲ ਉਨ੍ਹਾਂ ਦੇ ਬੱਚੇ ਤੰਦਰੁਸਤ ਪੈਦਾ ਹੋਣਗੇ।
ਰੂਬਾ ਦੱਸਦੀ ਹੈ, "ਅਸੀਂ ਦੋਵਾਂ ਨੇ ਮਨ੍ਹਾਂ ਕਰ ਦਿੱਤਾ।"
"ਮੇਰੇ ਪਤੀ ਦਾ ਕਹਿਣਾ ਹੈ ਕਿ, 'ਜੇਕਰ ਰੱਬ ਨੇ ਮੈਨੂੰ ਬੱਚਾ ਦੇਣਾ ਹੈ ਤਾਂ ਤੁਹਾਡੇ ਤੋਂ ਹੀ ਦੇ ਦੇਣਗੇ। ਉਨ੍ਹਾਂ ਨੇ ਮੈਨੂੰ ਤੁਹਾਡੇ ਤੋਂ ਬੱਚੇ ਦਿੱਤੇ ਹਨ, ਅਤੇ ਉਹ ਮੈਨੂੰ ਤੁਹਾਡੇ ਤੋਂ ਤੰਦਰੁਤਸ ਬੱਚਾ ਵੀ ਦੇ ਸਕਦੇ ਹਨ। ਜੋ ਸਾਡੇ ਲਈ ਲਿਖਿਆ ਗਿਆ ਹੈ, ਉਸ ਨੂੰ ਮਿਟਾਇਆ ਨਹੀਂ ਜਾ ਸਕਦਾ। ਮੈਂ ਦੁਬਾਰਾ ਵਿਆਹ ਨਹੀਂ ਕਰਵਾਵਾਂਗਾ, ਨਾ ਹੀ ਤੁਸੀਂ ਕਰਵਾ ਸਕਦੇ ਓ। ਅਸੀਂ ਦੋਵੇਂ ਮਿਲ ਕੇ ਕੋਸ਼ਿਸ਼ ਕਰਾਂਗੇ।'"
ਹਾਲਾਂਕਿ 2007 ਵਿਚ ਰੂਬਾ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ, ਪਰ ਵਿਆਹ ਦੇ 10 ਸਾਲਾਂ ਬਾਅਦ ਉਹ ਸਾਕਿਬ ਤੋਂ ਵੱਖ ਵੀ ਨਹੀਂ ਹੋਣਾ ਚਾਹੁੰਦੀ।
"ਰਿਸ਼ਤੇਦਾਰ ਚਾਹੁੰਦੇ ਸਨ ਕਿ ਅਸੀਂ ਕਿਸੇ ਹੋਰ ਨਾਲ, ਸਿਹਤਮੰਦ ਬੱਚੇ ਪੈਦਾ ਕਰਨ ਲਈ ਖੁਸ਼ੀ-ਖੁਸ਼ੀ ਵੱਖ ਹੋ ਜਾਈਏ। ਉਨ੍ਹਾਂ ਹਾਲਾਤਾਂ ਵਿੱਚ ਮੈਂ ਕੀ ਕਰਾਂਗੀ ਜੇ ਮੇਰੇ ਬੱਚੇ ਸਿਹਤਮੰਦ ਪੈਦਾ ਹੁੰਦੇ ਹਨ, ਪਰ ਉਸ ਨਵੇਂ ਵਿਅਕਤੀ ਨਾਲ ਮੈਂ ਉਸ ਤਰ੍ਹਾਂ ਮਹਿਸੂਸ ਨਹੀਂ ਕਰਦੀ ਜਿਸ ਤਰ੍ਹਾਂ ਮੈਂ ਆਪਣੇ ਪਤੀ ਨਾਲ ਕਰਦੀ ਹਾਂ? ਕੀ ਹੋਵੇਗਾ ਜੇਕਰ ਮੇਰਾ ਨਵਾਂ ਵਿਆਹ ਖੁਸ਼ਹਾਲ ਹੀ ਨਾ ਹੋਇਆ? ਹੋ ਸਕਦਾ ਹੈ ਕਿ ਉਹ ਵਿਆਹ ਸਫ਼ਲ ਨਾ ਹੋਵੇ, ਅਤੇ ਅਜਿਹੇ ਵਿਚ ਮੈਂ ਆਪਣੇ ਬੱਚਿਆਂ ਨੂੰ ਇਕੱਲੀ ਮਾਂ ਦੇ ਤੌਰ 'ਤੇ ਨਹੀਂ ਪਾਲਣਾ ਚਾਹੁੰਦੀ। ਲੋਕ ਅਹਿਜਾ ਕਰਦੇ ਹੋਣਗੇ ਪਰ ਮੈਂ ਨਹੀਂ ਕਰਨਾ ਚਾਹੁੰਦੀ।"

ਦੋਵਾਂ ਕੋਲ ਕੀ ਰਾਹ ਹਨ?
ਇੱਕ ਸੰਭਾਵਨਾ ਆਈਵੀਐਫ਼ ਰਾਹੀਂ ਹੈ। ਇਸ ਤਕਨੀਕ ਨਾਲ ਡਾਕਟਰ ਪਹਿਲਾਂ ਹੀ ਭਰੂਣ ਦੀ ਜਾਂਚ ਕਰ ਸਕਦੇ ਹਨ, ਆਈ-ਸੈਲ ਬੀਮਾਰੀ ਵਾਲੇ ਭਰੂਣ ਨੂੰ ਨਕਾਰ ਕੇ ਅਤੇ ਤੰਦਰੁਸਤ ਭਰੂਣ ਨੂੰ ਚੁਣ ਕੇ ਗਰਭ ਵਿੱਚ ਰੱਖ ਦਿੱਤਾ ਜਾਂਦਾ ਹੈ।
ਪਰ ਰੂਬਾ ਦਾ ਕਹਿਣਾ ਹੈ ਕਿ ਸਾਕਿਬ ਇਸ ਬਾਰੇ ਉਤਸ਼ਾਹਿਤ ਨਹੀਂ ਹਨ।
ਰੂਬਾ ਮੁਤਾਬਿਕ, "ਉਨ੍ਹਾਂ ਦਾ ਕਹਿਣਾ ਹੈ ਕਿ ਜੋ ਸਾਡੇ ਲਈ ਲਿਖਿਆ ਗਿਆ ਹੈ, ਅੱਲ੍ਹਾ ਸਾਨੂੰ ਦੇ ਦੇਣਗੇ। ਜੇਕਰ ਸਾਡੀ ਕਿਸਮਤ ਵਿੱਚ ਬੱਚਾ ਲਿਖਿਆ ਹੈ, ਤਾਂ ਕਿਸੇ ਵਿੱਚ ਹਾਲਾਤ ਵਿੱਚ ਮਿਲ ਹੀ ਜਾਵੇਗਾ।"
ਰੂਬਾ ਖ਼ੁਦ ਆਈਵੀਐਫ਼ ਦਾ ਸਹਾਰਾ ਲੈਣਾ ਚਾਹੁੰਦੀ ਹੈ, ਪਰ ਮੁਸ਼ਕਿਸ ਇਹ ਹੈ ਕਿ ਇਸ ਲਈ ਉਡੀਕ ਕਰਨ ਵਾਲਿਆਂ ਦੀ ਸੂਚੀ ਲੰਬੀ ਹੈ।
ਇਹ ਵੀ ਪੜ੍ਹੋ:
ਰੂਬਾ ਦਾ ਕਹਿਣਾ ਹੈ, "ਮੈਂ ਚਾਹੁੰਦੀ ਹਾਂ ਕਿ ਇਹ ਛੇਤੀ ਹੋ ਜਾਵੇ। ਜੇ ਤੁਸੀਂ ਲੰਬੇ ਸਮੇਂ ਲਈ ਕਿਸੇ ਚੀਜ਼ ਦੀ ਉਡੀਕ ਕਰਦੇ ਹੋ ਤਾਂ ਉਸ ਲਈ ਕੁਦਰਤੀ ਤੌਰ 'ਤੇ ਕੋਸ਼ਿਸ਼ ਕਰਨਾ ਜ਼ਿਆਦਾ ਲੁਭਾਉਂਦਾ ਹੈ।"
ਰੂਬਾ ਦਾ ਪਤੀ ਰੂਬਾ ਨਾਲ ਕਈ ਵਾਰੀ ਡਾਕਟਰ ਕੋਲ ਜਾ ਚੁੱਕਾ ਹੈ, ਪਰ ਉਸ ਲਈ ਕੰਮ ਤੋਂ ਸਮਾਂ ਕੱਢਣਾ ਮੁਸ਼ਕਿਲ ਹੈ ਅਤੇ ਉਸ ਨੂੰ ਅੰਗਰੇਜ਼ੀ ਬੋਲਣੀ ਵੀ ਜ਼ਿਆਦਾ ਨਹੀਂ ਆਉਂਦੀ।
ਰੂਬਾ ਦੱਸਦੀ ਹੈ ਕਿ, "ਉਹ ਮੇਰੇ ਨਾਲ ਬੈਠ ਤਾਂ ਜਾਂਦੇ ਹਨ ਪਰ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਕੀ ਕਿਹਾ ਜਾ ਰਿਹਾ ਹੈ। ਉਹ ਦਿਲਚਸਪੀ ਨਹੀਂ ਦਿਖਾਉਂਦੇ ਪਰ ਆਖਦੇ ਹਨ ਕਿ ਇਹ ਫ਼ੈਸਲਾ ਮੇਰੇ 'ਤੇ ਹੈ।"
ਰੂਬਾ ਮੁਤਾਬਿਕ ਉਹ ਨਹੀਂ ਦੱਸ ਸਕਦੀ ਕਿ ਭਵਿੱਖ ਵਿੱਚ ਕੀ ਹੋਣਾ ਹੈ ਪਰ ਉਹ ਇਸ ਗੱਲ ਨੂੰ ਲੈਕੇ ਫਿਕਰਮੰਦ ਹੈ ਕਿ ਕੁਦਰਤੀ ਪ੍ਰਕਿਰਿਆ ਨਾਲ ਪੈਦਾ ਹੋਣ ਵਾਲੇ ਬੱਚੇ ਨੂੰ ਕਿੰਨਾ ਕੁਝ ਝੱਲਣਾ ਪਵੇਗਾ।
"ਜਦੋਂ ਪਹਿਲੀ ਵਾਰ ਹਸਮ ਇਸ ਬਿਮਾਰੀ ਨਾਲ ਪੀੜਤ ਪਾਇਆ ਗਿਆ ਤਾਂ ਮੈਂ ਸੋਚਿਆ ਕਿ ਮੈਂ ਅਜਿਹਾ ਨਹੀਂ ਕਰ ਸਕਦੀ। ਪਰ ਹੁਣ ਅਜਿਹਾ ਤਿੰਨ ਵਾਰੀ ਹੋ ਚੁੱਕਾ ਹੈ। ਇੱਕ ਬੱਚੇ ਲਈ ਇੰਨੀ ਪੀੜਾ ਤੋਂ ਲੰਗਣਾ ਠੀਕ ਨਹੀਂ ਹੈ।"

ਤਿੰਨ ਬੱਚੇ:
ਹਸਨ ਮਹਿਮੂਦ: 5 ਜੁਲਾਈ 2007 - 5 ਅਗਸਤ 2012
ਅਲੀਸ਼ਬਾਹ ਮਹਿਮੂਦ: 22 ਮਈ 2010 - 13 ਨਵੰਬਰ 2013
ਇਨਾਰਾ ਈਸ਼ਲ: 22 ਅਪ੍ਰੈਲ 2015 - 6 ਦਸੰਬਰ 2017

ਜੋੜੇ ਦੇ ਅਨੁਭਵਾਂ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਪ੍ਰੇਰਿਤ ਕੀਤਾ ਹੈ ਕਿ ਉਹ ਰਿਸ਼ਤੇ 'ਚ ਲੱਗਦੇ ਭੈਣ-ਭਰਾਵਾਂ ਦੇ ਵਿਆਹ ਲਈ ਮਨ੍ਹਾਂ ਕਰ ਸਕਣ। ਇਨ੍ਹਾਂ ਵਿੱਚ ਰੂਬਾ ਦਾ ਆਪਣਾ ਭਰਾ ਵੀ ਸ਼ਾਮਿਲ ਹੈ।
ਰੂਬਾ ਮੁਤਾਬਿਕ, "ਮੇਰੇ ਬੱਚੇ ਹੋਣ ਤੋਂ ਪਹਿਲਾਂ ਅਸੀਂ ਕਦੇ ਵੀ ਆਪਣੇ ਹੀ ਪਰਿਵਾਰਿਕ ਸਬੰਧਾਂ ਵਿਚ ਰਿਸ਼ਤਾ ਕਰਨ ਨੂੰ ਗਲਤ ਨਹੀਂ ਮੰਨਿਆ। ਪਰ ਮੇਰੇ ਨਾਲ ਜੋ ਹੋਇਆ ਇਹ ਦੇਖਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਵੀ ਪਰਿਵਾਰ ਵਿੱਚ ਵਿਆਹ ਕਰਨ ਤੋਂ ਪਹਿਲਾਂ ਦੋ ਵਾਰੀ ਸੋਚਦੇ ਹਨ।"
"10 ਸਾਲ ਪਹਿਲਾਂ ਜੋ ਮੇਰੇ ਮਾਪਿਆਂ ਨੇ ਕਿਹਾ, ਮੈਂ ਮੰਨ ਲਿਆ, ਪਰ ਹੁਣ ਮੇਰੇ ਭੈਣ-ਭਰਾਵਾਂ ਨੂੰ ਫ਼ੈਸਲਾ ਲੈਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਦੇ ਵਿਆਹ ਤੋ ਉਹ ਇਨਕਾਰ ਕਰ ਰਹੇ ਹਨ। ਸਾਡੀ ਨੌਜਵਾਨ ਪੀੜ੍ਹੀ ਨੂੰ ਫ਼ੈਸਲਿਆਂ ਦੀ ਆਜ਼ਾਦੀ ਹੈ, ਜੇਕਰ ਉਨ੍ਹਾਂ ਨੂੰ ਕੁਝ ਪਸੰਦ ਨਹੀਂ ਆਉਂਦਾ ਤਾਂ ਉਹ ਦੱਸ ਸਕਦੇ ਹਨ।"
ਤਿੰਨ ਬੱਚਿਆਂ ਨੂੰ ਗੁਆਉਣ ਦੇ ਨਾਲ-ਨਾਲ, ਰੂਬਾ ਨੇ ਛੇ ਵਾਰ ਗਰਭਪਾਤ ਦੀ ਪੀੜ ਵੀ ਸਹੀ ਹੈ। ਇਨਾਰਾ ਨੂੰ ਆਪਣੇ ਭਰਾ ਅਤੇ ਭੈਣ ਦੇ ਨਾਲ ਦਫਨਾਇਆ ਗਿਆ।
ਰੂਬਾ ਨੇ ਆਪਣਾ ਧਾਰਮਿਕ ਵਿਸ਼ਵਾਸ ਕਾਇਮ ਰੱਖਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ, "ਰੱਬ ਇੱਕ ਵਿਅਕਤੀ 'ਤੇ ਉਸਦੀ ਸਮਰੱਥਾ ਦੇ ਮੁਤਾਬਿਕ ਹੀ ਭਾਰ ਪਾਉਂਦਾ ਹੈ। ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਲੋਕ ਖ਼ੁਸ਼ਨਸੀਬ ਹਨ ਜਿਨ੍ਹਾਂ ਨੂੰ ਬਿਨ੍ਹਾਂ ਮੁਸ਼ੱਕਤ ਕੀਤੇ ਇੱਕ ਸਿਹਤਮੰਦ ਬੱਚਾ ਮਿਲ ਜਾਂਦਾ ਹੈ। ਇਹੀ ਬੱਚੇ ਕਈ ਵਾਰ ਵੱਡੇ ਹੋਕੇ ਮੁਸੀਬਤਾਂ ਖੜ੍ਹੀਆਂ ਕਰਦੇ ਹਨ ਜਿਸ ਕਾਰਨ ਮਾਪਿਆਂ ਨੂੰ ਵੱਖ ਤਰ੍ਹਾਂ ਦੀਆਂ ਪਰੀਖਿਆਵਾਂ ਤੋਂ ਲੰਘਣਾ ਪੈਂਦਾ ਹੈ।"
"ਇਸ ਜੀਵਨ ਵਿਚ ਮੈਂ ਬਹੁਤ ਬਦਨਸੀਬ ਹਾਂ, ਪਰ ਅਗਲੀ ਜ਼ਿੰਦਗੀ ਵਿੱਚ ਮੈਂ ਬਹੁਤ ਖ਼ੁਸ਼ਨਸੀਬ ਹੋਵਾਂਗੀ ਕਿਉਂਕਿ ਉਹ ਮਾਸੂਮ ਬੱਚੇ ਸਨ। ਇਹ ਬੱਚੇ ਅਗਲੇ ਜੀਵਨ ਵਿੱਚ ਤੁਹਾਡੀ ਸਹਾਇਤਾ ਕਰਦੇ ਹਨ ਕਿਉਂਕਿ ਤੁਸੀਂ ਉਨ੍ਹਾਂ ਦੇ ਨਾਲ ਰਹਿੰਦੇ ਹੋ।"
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













