ਕੌਡੀ ਦੇ ਭਾਅ ਹੋਏ ਪਿਆਜ਼, ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਕਿਸਾਨ

ਤਸਵੀਰ ਸਰੋਤ, Pravin Thakare/BBC
- ਲੇਖਕ, ਪ੍ਰਵੀਨ ਠਾਕਰੇ ਅਤੇ ਸ਼੍ਰੀਕਾਂਤ ਬੰਗਾਲ
- ਰੋਲ, ਬੀਬੀਸੀ ਮਰਾਠੀ
ਮਹਾਰਾਸ਼ਟਰ ਵਿੱਚ ਪਿਆਜ਼ ਦੀਆਂ ਕੀਮਤਾਂ ਡਿੱਗਣ ਤੋਂ ਬਾਅਦ ਦੋ ਕਿਸਾਨਾਂ ਵੱਲੋਂ ਖੁਦਕੁਸ਼ੀ ਕਰ ਲਈ ਗਈ।
ਇੱਕ ਕਿਸਾਨ ਨੇ 750 ਕਿੱਲੋ ਪਿਆਜ਼ ਨੂੰ ਵੇਚਣ ਤੋਂ ਬਾਅਦ ਮਿਲੀ ਕੀਮਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜ ਦਿੱਤੀ।
ਪਿਆਜ਼ ਦਾ ਭਾਅ ਸਸਤਾ ਹੋਣ ਕਰਕੇ ਸੜਕਾਂ 'ਤੇ ਰੁਲ ਰਿਹਾ ਹੈ।
ਸੰਗਾਮਨ ਸ਼ਹਿਰ ਦੇ ਕਿਸਾਨ ਨੇ ਪਿਆਜ਼ ਵੇਚਣ ਤੋਂ ਬਾਅਦ ਮਿਲੀ ਰਕਮ ਮੁੱਖ ਮੰਤਰੀ ਨੂੰ ਭੇਜ ਦਿੱਤੀ।
ਇਹ ਕੁਝ ਖ਼ਬਰਾਂ ਹਨ ਜਿਹੜੀਆਂ ਪਿਆਜ਼ ਉਤਪਾਦਕ ਕਿਸਾਨਾਂ ਦੀ ਮੰਦੀ ਹਾਲਤ ਨੂੰ ਬਿਆਨ ਕਰ ਰਹੀਆਂ ਹਨ।
ਅੱਜ ਦੇਸ ਭਰ ਵਿੱਚ ਪਿਆਜ਼ ਦੇ ਪੈਦਾਵਾਰੀ ਲਾਗਤ ਅਤੇ ਵੇਚਣ ਦੀ ਕੀਮਤ ਵਿੱਚ ਕੋਈ ਸੰਤੁਲਨ ਨਹੀਂ ਹੈ। ਜ਼ਾਹਰ ਤੌਰ 'ਤੇ ਪਹਿਲਾਂ ਤੋਂ ਹੀ ਕਈ ਮੁਸ਼ਕਿਲਾਂ ਝੱਲ ਰਹੇ ਕਿਸਾਨ ਹੁਣ ਹੋਰ ਨਿਰਾਸ਼ ਹੋ ਗਏ ਹਨ।
ਇਹ ਵੀ ਪੜ੍ਹੋ:
ਪਿਛਲੇ ਹਫ਼ਤੇ, ਨਾਸਿਕ ਜ਼ਿਲ੍ਹੇ ਦੇ ਕਿਸਾਨ ਸੰਜੇ ਸੇਠੀ ਨੇ ਬਾਜ਼ਾਰ ਵਿੱਚ ਪਿਆਜ਼ ਵੇਚੇ। ਉਸ ਨੂੰ ਉਮੀਦ ਸੀ ਕਿ ਪਿਆਜ਼ ਦੀ ਚੰਗੀ ਕਿਸਮ ਦੇ ਹਿਸਾਬ ਨਾਲ ਇਸਦੀ ਚੰਗੀ ਕੀਮਤ ਮਿਲ ਜਾਵੇਗੀ ਪਰ ਇਸ ਤੋਂ ਉਲਟ ਹੋਇਆ।
750 ਕਿੱਲੋ ਪਿਆਜ਼ ਵੇਚਣ ਤੋਂ ਬਾਅਦ ਉਸ ਨੂੰ ਸਿਰਫ਼ 1064 ਰੁਪਏ ਹੀ ਮਿਲੇ। ਜੇਕਰ ਉਹ ਇਸ ਵਿੱਚੋਂ ਟਰੈਕਟਰ ਦਾ ਕਿਰਾਇਆ ਅਤੇ ਮਜ਼ਦੂਰੀ ਕੱਢ ਦੇਵੇ ਤਾਂ ਉਸ ਕੋਲ ਕੀ ਬਚਿਆ? ਸੇਠੀ ਨੇ ਤੁਰੰਤ ਇਹ ਕੀਮਤ ਮਨੀ ਆਡਰ ਜ਼ਰੀਏ ਪ੍ਰਧਾਨ ਮੰਤਰੀ ਦਫ਼ਤਰ ਭੇਜ ਦਿੱਤੀ।
ਇਸਦੀ ਜਾਂਚ ਹੋਣ ਤੋਂ ਬਾਅਦ PMO ਵੱਲੋਂ ਉਸਦੇ ਪੈਸੇ ਉਸ ਨੂੰ ਵਾਪਿਸ ਕਰ ਦਿੱਤੇ ਗਏ।
ਉਸਦਾ ਇਹ ਪ੍ਰਦਰਸ਼ਨ ਮੀਡੀਆ ਵਿੱਚ ਸੁਰਖ਼ੀਆਂ ਅਤੇ ਬਹਿਸ ਦਾ ਵਿਸ਼ਾ ਬਣ ਗਿਆ ਜਿਸ ਤੋਂ ਬਾਅਦ ਦੋ ਖ਼ਬਰਾਂ ਹੋਰ ਆ ਗਈਆਂ। 6 ਅਤੇ 7 ਦਸੰਬਰ ਨੂੰ ਬਾਗਲਨ ਅਤੇ ਨਾਸਿਕ ਜ਼ਿਲ੍ਹੇ ਵਿੱਚ ਦੋ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ।

ਤਸਵੀਰ ਸਰੋਤ, VIJAY CHAVAN
ਭਾਡਾਨੇ ਪਿੰਡ ਤੋਂ ਤਾਤਿਆਬਾਊ ਖੇਰਨਾਰ ਅਤੇ ਸਾਰਦੇ ਪਿੰਡ ਤੋਂ ਨੌਜਵਾਨ ਕਿਸਾਨ ਪ੍ਰਮੋਦ ਧੋਂਡਗੇ ਜਿਨ੍ਹਾਂ ਨੇ ਮੌਤ ਨੂੰ ਚੁਣਿਆ। ਖੇਰਨਾਰ ਨੇ ਆਪਣੀ ਜਾਨ ਉਸ ਥਾਂ 'ਤੇ ਲਈ ਜਿੱਥੇ ਪਿਆਜ਼ਾਂ ਦਾ ਸਟੋਰ ਸੀ।
'ਦੱਸੋ, ਅਸੀਂ ਆਪਣੇ ਪਿਆਜ਼ ਕਿਵੇਂ ਵੇਚਾਂਗੇ?'
ਪ੍ਰਮੋਦ ਧੋਂਗਡੇ ਦੇ ਭਰਾ ਨੇ ਪਿਆਜ਼ 'ਤੇ ਲੱਗਣ ਵਾਲੀ ਲਾਗਤ ਦਾ ਹਿਸਾਬ ਲਗਾਇਆ ਤੇ ਵਿਸਥਾਰ 'ਚ ਦੱਸਿਆ। ਉਨ੍ਹਾਂ ਨੇ ਤਿੰਨ ਏਕੜ ਜ਼ਮੀਨ ਵਿੱਚ ਪਿਆਜ਼ ਬੀਜੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਏਕੜ ਜ਼ਮੀਨ 'ਤੇ ਪਿਆਜ਼ ਬੀਜਣ ਦੇ 40 ਹਜ਼ਾਰ ਰੁਪਏ ਲਗਦੇ ਹਨ।
ਉਨ੍ਹਾਂ ਨੇ ਪ੍ਰਤੀ ਏਕੜ ਲੱਗਣ ਵਾਲੀ ਲਾਗਤ ਬਾਰੇ ਦੱਸਿਆ:
1. 250 ਰੁਪਏ ਦਿਹਾੜੀ ਦੇ ਹਿਸਾਬ ਨਾਲ ਤਿੰਨ ਕਿਸਾਨਾਂ ਦੀ 18 ਦਿਨ ਦੀ ਕੀਮਤ 13500 ਰੁਪਏ ਬਣਦੀ ਹੈ।
2. ਬੀਜ ਅਤੇ ਪਿਆਜ਼ਾਂ ਲਈ ਨਰਸਰੀ ਬੈੱਡ ਦੀ ਤਿਆਰੀ 'ਚ ਨੌਂ ਹਜ਼ਾਰ ਰੁਪਏ ਦਾ ਖ਼ਰਚਾ ਆਉਂਦਾ ਹੈ। ਇਸ ਤੋਂ ਇਲਾਵਾ ਸਪ੍ਰੇਅ 'ਤੇ ਹਜ਼ਾਰ ਰੁਪਏ ਖਰਚ ਹੁੰਦੇ ਹਨ।
3. ਨਦੀਨਨਾਸ਼ਕ ਅਤੇ ਖਾਦਾਂ ਉੱਤੇ ਨੌਂ ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ।
4. ਪਿਆਜ਼ ਦੀ ਇੱਕ ਏਕੜ ਖੇਤੀ 'ਤੇ ਪੰਜ ਹਜ਼ਾਰ ਰੁਪਏ ਬਿਜਲੀ ਦਾ ਬਿੱਲ ਆਉਂਦਾ ਹੈ।
5. ਪਿਆਜ਼ਾਂ ਨੂੰ ਬਾਜ਼ਾਰ ਲਿਜਾਉਣ ਉੱਤੇ 2400 ਤੋਂ 3000 ਹਜ਼ਾਰ ਰੁਪਏ ਤੱਕ ਦਾ ਖਰਚਾ ਆਉਂਦਾ ਹੈ।
ਉਨ੍ਹਾਂ ਕਿਹਾ, "ਇੱਕ ਏਕੜ ਵਿੱਚ ਪਿਆਜ਼ ਦੀ ਖੇਤੀ ਕਰਨ 'ਤੇ 40 ਹਜ਼ਾਰ ਰੁਪਏ ਖਰਚਾ ਆਉਂਦਾ ਹੈ। ਅਜੇ ਅਸੀਂ ਇਸ ਵਿੱਚ ਘਰੇਲੂ ਮਜ਼ਦੂਰੀ ਸ਼ਾਮਲ ਨਹੀਂ ਕਰ ਰਹੇ।"
''ਇੱਕ ਏਕੜ ਤੋਂ ਲਗਭਗ 60 ਕੁਅੰਟਲ ਪਿਆਜ਼ ਦੀ ਉਪਜ ਹੁੰਦੀ ਹੈ। ਇਸ ਵੇਲੇ ਇੱਕ ਕੁਅੰਟਲ ਪਿਆਜ਼ ਦੀ ਕੀਮਤ 150 ਰੁਪਏ ਹੈ। ਇਸਦਾ ਮਤਲਬ ਇਹ ਹੈ ਕਿ ਮੌਜੂਦ ਬਾਜ਼ਾਰ ਮੁੱਲ ਦੇ ਹਿਸਾਬ ਨਾਲ ਕਿਸਾਨ ਨੂੰ ਪ੍ਰਤੀ ਏਕੜ ਪਿਆਜ਼ ਦੀ ਫ਼ਸਲ ਲਈ ਸਿਰਫ਼ 9000 ਰੁਪਏ ਹੀ ਮਿਲਣਗੇ।''
ਪਿਆਜ਼ ਉਤਪਾਦਕ ਕਿਸਾਨਾਂ ਦੀ ਯੋਜਨਾ ਕੀ ਹੈ?
ਆਮ ਤੌਰ 'ਤੇ ਹਰ ਸਾਲ ਸਤੰਬਰ ਅਤੇ ਦਸੰਬਰ ਦੌਰਾਨ ਪਿਆਜ਼ਾਂ ਦਾ ਚੰਗਾ ਭਾਅ ਮਿਲਦਾ ਹੈ। ਇਸ ਸਾਲ ਪਿਆਜ਼ ਪ੍ਰਤੀ ਕੁਅੰਟਲ 1500-2000 ਰੁਪਏ ਵਿੱਕ ਰਿਹਾ ਹੈ।
ਮਾਰਚ ਅਤੇ ਅਪ੍ਰੈਲ ਮਹੀਨੇ ਉਤਪਾਦਿਤ ਕੀਤਾ ਗਿਆ ਪਿਆਜ਼ ਇਕੱਠਾ ਕੀਤਾ ਜਾਂਦਾ ਹੈ ਅਤੇ ਇਸ ਮੌਸਮ ਵਿੱਚ ਬਾਜ਼ਾਰ 'ਚ ਵੇਚਿਆ ਜਾਂਦਾ ਹੈ।
ਖਾਰਿਫ ਫ਼ਸਲ ਯਾਨਿ ਕਿ ਲਾਲ ਪਿਆਜ਼ ਬਾਜ਼ਾਰ ਵਿੱਚ ਦਸੰਬਰ ਮਹੀਨੇ ਆਉਂਦੇ ਹਨ। ਤਾਤਿਆਬਾਊ ਅਤੇ ਪ੍ਰਮੋਦ ਵੀ ਇਸੇ ਤਰ੍ਹਾਂ ਹੀ ਪਿਆਜ਼ ਵੇਚਣ ਦੀ ਯੋਜਨਾ ਬਣਾਉਂਦੇ ਸਨ, ਪਰ ਇਸ ਸਾਲ ਉਨ੍ਹਾਂ ਨੂੰ ਮੂੰਗਫਲੀ ਦੇ ਭਾਅ ਆਪਣੀ ਫ਼ਸਲ ਵੇਚਣੀ ਪਈ।

ਤਸਵੀਰ ਸਰੋਤ, Pravin Thakare/BBC
ਪ੍ਰਮੋਦ ਦੇ ਭਰਾ ਵਿਕਾਸ ਕਹਿੰਦੇ ਹਨ,''ਚੰਗੀ ਕਿਸਮ ਦੇ ਪਿਆਜ਼ ਦਾ ਉਤਪਾਦਨ ਕਰਨ ਦੇ ਬਾਵਜੂਦ ਮੇਰੇ ਭਰਾ ਨੇ ਖ਼ੁਦਕੁਸ਼ੀ ਕਰ ਲਈ। ਹਰ ਕਿਸਾਨ ਨੂੰ ਇਸੇ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ।''
ਕਿਸਾਨਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ?
ਕਿਸਾਨਾਂ ਦੀ ਅਜਿਹੀ ਹਾਲਤ ਬਾਰੇ ਦੱਸਦੇ ਹੋਏ ਨੈਸ਼ਨਲ ਐਗਰੀਕਲਚਰ ਕੌਪਰੇਟਿਵ ਮਾਰਕਟਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਡਾਇਰੈਕਟਰ ਅਤੇ ਲਾਸਾਲਗਾਂਓ ਐਗਰੀਕਲਚਰ ਪ੍ਰੋਡਿਊਸ ਕਮੇਟੀ ਦੇ ਸਾਬਕਾ ਮੁਖੀ ਨਾਨਾਸਾਹਿਬ ਪਾਟਿਲ ਦੱਸਦੇ ਹਨ:
1.ਵੱਧ ਰਿਹਾ ਪਿਆਜ਼ ਦਾ ਉਤਪਾਦਨ
ਹਰ ਸਾਲ ਭਾਰਤ ਵਿੱਚ ਪਿਆਜ਼ ਦਾ ਉਤਪਾਦਨ 2 ਕਰੋੜ 25 ਲੱਖ ਮੈਟਰਿਕ ਟਨ ਤੋਂ ਲੈ ਕੇ 2 ਕਰੋੜ 50 ਲੱਖ ਮੈਟਰਿਕ ਟਨ ਤੱਕ ਹੁੰਦਾ ਹੈ। ਹਰ ਸਾਲ ਲਗਭਗ ਡੇਢ ਕਰੋੜ ਟਨ ਪਿਆਜ਼ ਵੇਚੇ ਜਾਂਦੇ ਹਨ ਅਤੇ 10 ਤੋਂ 20 ਹਜ਼ਾਰ ਮੈਟਰਿਕ ਟਨ ਪਿਆਜ਼ ਸਟੋਰ ਕਰਨ ਦੌਰਾਨ ਖ਼ਰਾਬ ਹੋ ਜਾਂਦੇ ਹਨ। ਔਸਤਨ 25 ਹਜ਼ਾਰ ਮੈਟਰਿਕ ਟਨ ਪਿਆਜ਼ ਨਿਰਯਾਤ ਹੁੰਦੇ ਹਨ।
NHRD ਦੇ ਅੰਕੜਿਆਂ ਮੁਤਾਬਕ 2018 'ਚ ਪਿਆਜ਼ ਦਾ ਅੰਦਾਜ਼ਣ ਉਤਪਾਦ 2 ਕਰੋੜ 22 ਲੱਖ ਮੈਟਰਿਕ ਟਨ ਹੋਇਆ ਹੈ।

ਤਸਵੀਰ ਸਰੋਤ, Pravin Thakare/BBC
ਹਰ ਸਾਲ ਸਤੰਬਰ ਤੋਂ ਲੈ ਕੇ ਦਸੰਬਰ ਤੱਕ ਪਿਆਜ਼ਾਂ ਦਾ ਚੰਗਾ ਭਾਅ ਮਿਲਦਾ ਹੈ। 2017 ਵਿੱਚ ਚੰਗੇ ਮਾਨਸੂਨ ਕਾਰਨ ਗਰਮੀਆਂ ਵਿੱਚ ਪਿਆਜ਼ ਦੀ ਚੰਗੀ ਖੇਤੀ ਹੋਈ ਸੀ। ਆਮ ਤੌਰ 'ਤੇ ਪ੍ਰਤੀ ਹੈਕਟੇਅਰ 140 ਤੋਂ 160 ਕੁਅੰਟਲ ਉਤਪਾਦਨ ਹੁੰਦਾ ਹੈ, ਪਰ ਪਿਛਲੀਆਂ ਗਰਮੀਆਂ ਇਹ ਵਧ ਕੇ 200 ਕੁਅੰਟਲ ਪ੍ਰਤੀ ਹੈਕਟੇਅਰ ਹੋ ਗਿਆ।
2. ਘੱਟ ਮੰਗ, ਵੱਧ ਸਪਲਾਈ
ਮਾਰਚ ਅਤੇ ਅਪ੍ਰੈਲ ਵਿੱਚ ਪਿਆਜ਼ਾਂ ਦੀ ਕੀਮਤ ਘੱਟ ਸੀ, ਇਸ ਕਾਰਨ ਕਿਸਾਨਾਂ ਨੇ ਆਪਣੇ ਪਿਆਜ਼ ਜਮ੍ਹਾਂ ਕਰ ਲਏ ਅਤੇ ਉਮੀਦ ਲਗਾ ਰਹੇ ਸਨ ਕਿ ਇਸਦੀ ਚੰਗੀ ਕੀਮਤ ਮਿਲੇਗੀ। ਅਜੇ ਤੱਕ ਵੀ ਉਨ੍ਹਾਂ ਨੇ ਪਿਆਜ਼ ਜਮ੍ਹਾਂ ਕਰਕੇ ਰੱਖਿਆ ਹੋਇਆ ਹੈ ਜਿਹੜਾ ਹੁਣ ਖਰਾਬ ਹੋਣ ਲੱਗ ਗਿਆ ਹੈ।
ਪਹਿਲਾਂ, ਭਾਰਤ ਵਿੱਚ ਸਿਰਫ਼ ਅੱਠ ਸੂਬਿਆਂ ਵਿੱਚ ਪਿਆਜ਼ ਉਗਾਇਆ ਜਾਂਦਾ ਸੀ। ਇਨ੍ਹਾਂ ਵਿੱਚ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਕਰਨਾਟਕ ਸਨ। ਇਨ੍ਹਾਂ ਦਿਨਾਂ 'ਚ ਮਹਾਰਾਸ਼ਟਰ ਵਿੱਚ ਪਿਆਜ਼ ਦਾ ਉਤਪਾਦ 50 ਫ਼ੀਸਦ ਵੱਧ ਗਿਆ ਹੈ। ਪਰ ਹੁਣ 26 ਸੂਬਿਆਂ ਵਿੱਚ ਪਿਆਜ਼ ਉਗਾਇਆ ਜਾਂਦਾ ਹੈ ਜਿਸ ਵਿੱਚ ਮਹਾਰਾਸ਼ਟਰ ਦਾ ਹਿੱਸਾ 30 ਫ਼ੀਸਦ ਹੈ।
ਇਹ ਵੀ ਪੜ੍ਹੋ:
ਉੱਤਰੀ ਅਤੇ ਦੱਖਣੀ ਬਾਜ਼ਾਰਾਂ ਵਿੱਚ ਪਿਆਜ਼ ਦੀ ਮੰਗ ਨਹੀਂ ਹੈ। ਇਸਦਾ ਮਤਲਬ ਮੰਗ ਘਟੀ ਹੈ ਅਤੇ ਸਪਲਾਈ ਵਧੀ ਹੈ। ਇਸਦੇ ਕਾਰਨ ਪਿਆਜ਼ ਦੀ ਕੀਮਤਾਂ ਵਿੱਚ ਗਿਰਾਵਟ ਆਈ ਹੈ।

ਤਸਵੀਰ ਸਰੋਤ, Pravin Thakare/BBC
ਕੀਮਤਾਂ ਵਿੱਚ ਗਿਰਾਵਟ ਨੂੰ ਰੋਕਣ ਲਈ ਮਾਰਚ-ਅਪ੍ਰੈਲ 'ਚ NAFED ਨੇ ਕਰੀਬ 25 ਹਜ਼ਾਰ ਮੈਟਰਿਕ ਟਨ ਪਿਆਜ਼ ਖਰੀਦੇ। ਪਰ ਸਰਕਾਰ ਇਨ੍ਹਾਂ ਪਿਆਜ਼ਾਂ ਨੂੰ ਸਮੇਂ ਸਿਰ ਵੇਚਣ ਬਾਰੇ ਫ਼ੈਸਲਾ ਨਹੀਂ ਲੈ ਸਕੀ। ਇਸ ਕਾਰਨ ਪਿਆਜ਼ ਦੀ ਕੀਮਤ 1000-1300 ਤੋਂ ਘੱਟ ਕੇ 300-400 ਰੁਪਏ ਹੋ ਗਈ।
3. ਬਰਾਮਦਗੀ ਵੀ ਘੱਟ ਹੈ
ਪਿੰਪਾਲਗਾਂਓ ਐਗਰੀਕਲਚਰ ਪ੍ਰੋਡਿਊਸ ਕਮੇਟੀ ਦੇ ਪ੍ਰਧਾਨ ਦਿਲੀਪਰਾਓ ਬੰਕਰ ਦੇ ਮੁਤਾਬਕ,''2016-2017 ਵਿੱਚ ਅਸੀਂ 35 ਹਜ਼ਾਰ ਮੈਟਰਿਕ ਟਨ ਪਿਆਜ਼ ਬਰਾਮਦ ਕੀਤੇ ਸਨ। NHRDF ਦੇ ਅੰਕੜਿਆਂ ਮੁਤਾਬਕ 2017-2018 ਵਿੱਚ ਸਿਰਫ਼ 21 ਹਜ਼ਾਰ ਮੈਟਰਿਕ ਟਨ ਪਿਆਜ਼ ਬਰਾਮਦ ਕੀਤੇ ਗਏ। ਜੇਕਰ ਇਸੇ ਵਿੱਤੀ ਸਾਲ ਵੀ ਅਜਿਹਾ ਹੀ ਹੋਇਆ ਤਾਂ ਬਰਾਮਦਗੀ ਘੱਟ ਕੇ 20 ਹਜ਼ਾਰ ਮੈਟਰਿਕ ਟਨ ਹੋ ਸਕਦੀ ਹੈ।"
ਉਨ੍ਹਾਂ ਕਿਹਾ,''ਪਾਕਿਸਤਾਨ ਦੇ ਮੁਕਾਬਲੇ ਪਿਆਜ਼ ਬਹੁਤ ਹੀ ਘੱਟ ਕੀਮਤਾਂ 'ਤੇ ਦਰਾਮਦ ਕੀਤਾ ਜਾਂਦਾ ਹੈ। ਸਰਕਾਰ ਨੂੰ ਇਸ ਦਰਾਮਦਗੀ ਨੂੰ ਰੋਕਣਾ ਚਾਹੀਦਾ ਸੀ ਅਤੇ ਕਿਸਾਨਾਂ ਦੇ ਹਿੱਤਾਂ ਦਾ ਬਚਾਅ ਕਰਨਾ ਚਾਹੀਦਾ ਹੈ।''
'ਸਰਕਾਰ ਵੱਲੋਂ ਚੁੱਕੇ ਗਏ ਕਦਮ ਅਸਫ਼ਲ ਰਹੇ'
ਪਿਆਜ਼ ਰਿਟੇਲਰ VEKFO ਦੇ ਡਾਇਰੈਕਟਰ ਚਾਂਗਦਿਓਰਾਓ ਹੋਲਕਰ ਕਹਿੰਦੇ ਹਨ, "ਸਾਲ 2016-2017 ਵਿੱਚ ਸਰਕਾਰ ਨੇ ਪਿਆਜ਼ ਦੀ ਬਰਾਮਦ ਲਈ ਵਿਸ਼ੇਸ਼ ਆਰਥਿਕ ਮਦਦ ਦਿੱਤੀ ਸੀ ਜਿਸ ਕਾਰਨ ਕਾਫ਼ੀ ਮਾਤਰਾ ਵਿੱਚ ਪਿਆਜ਼ ਬਰਾਮਦ ਹੋਇਆ।''
''ਗਰਾਂਟ ਦੇ ਕਾਰਨ ਸਾਡੇ ਪਿਆਜ਼ ਦਾ ਮੁੱਲ ਪਾਕਿਸਤਾਨ ਅਤੇ ਚੀਨ ਨਾਲੋਂ ਕਿਤੇ ਘੱਟ ਗਿਆ ਜਿਸ ਕਾਰਨ ਦਰਾਮਦਕਰਤਾ ਭਾਰਤੀ ਪਿਆਜ਼ ਵੱਲ ਖਿੱਚੇ ਆਉਂਦੇ ਹਨ। ਅੱਠ ਮਹੀਨਿਆਂ ਤੋਂ ਜਮ੍ਹਾਂ ਕੀਤਾ ਗਿਆ ਪਿਆਜ਼ ਔਸਤਨ 30 ਰੁਪਏ ਪ੍ਰਤੀ ਕਿੱਲੋ ਵੇਚਿਆ ਜਾਣਾ ਸੀ ਜਿਹੜਾ 3 ਰੁਪਏ ਪ੍ਰਤੀ ਕਿੱਲੋ ਵੇਚਿਆ ਜਾ ਰਿਹਾ ਹੈ। ਜਇਸ ਕਾਰਨ ਸੂਬੇ ਦੇ ਕਿਸਾਨ ਸਦਮੇ ਵਿੱਚ ਹਨ।''

ਤਸਵੀਰ ਸਰੋਤ, Pravin Thakare/BBC
''ਸਰਕਾਰ ਵੱਲੋਂ ਚੁੱਕੇ ਗਏ ਸਾਰੇ ਕਦਮ ਇਸ ਵਾਰ ਫੇਲ੍ਹ ਹੋਏ ਹਨ। ਸੂਬਾ ਅਤੇ ਕੇਂਦਰ ਸਰਕਾਰ ਨੂੰ ਇਹ ਮੁੱਦਾ ਬਹੁਤ ਗੰਭੀਰਤਾ ਨਾਲ ਸੁਲਝਾਉਣਾ ਚਾਹੀਦਾ ਸੀ ਜੋ ਕਿ ਨਹੀਂ ਹੋਇਆ।"
'ਸਰਕਾਰ ਨੇ ਸਿਰਫ਼ ਉਪਭੋਗਤਾਵਾਂ ਦਾ ਧਿਆਨ ਰੱਖਿਆ'
ਸਵਾਭੀਮਾਨੀ ਸ਼ੇਤਕਾਰੀ ਸੰਗਠਨ ਦੇ ਲੀਡਰ ਦੀਪਰ ਪਾਗਾਰ ਦਾ ਇਲਜ਼ਾਮ ਹੈ,''ਸਰਕਾਰ ਨੇ ਸਿਰਫ਼ ਸ਼ਹਿਰੀ ਇਲਾਕਿਆਂ ਦੇ ਉਪਭੋਗਤਾਵਾਂ ਦਾ ਧਿਆਨ ਰੱਖਿਆ। ਕਿਸਾਨਾਂ ਨੂੰ ਖ਼ੁਦਕੁਸ਼ੀ ਕਰਨ ਲਈ ਛੱਡ ਦਿੱਤਾ ਗਿਆ। ਜਦੋਂ ਵੀ ਪਿਆਜ਼ ਦੀਆਂ ਕੀਮਤਾਂ ਵੱਧੀਆਂ ਹਨ ਸਰਕਾਰ ਦਖ਼ਲ ਦਿੰਦੀ ਹੈ ਅਤੇ ਕੀਮਤਾਂ ਵਿੱਚ ਗਿਰਾਵਟ ਆਉਂਦੀ ਹੈ।''

ਤਸਵੀਰ ਸਰੋਤ, Pravin Thakare/BBC
''ਸਰਕਾਰ ਵੱਲੋਂ ਮਹਿੰਗਾਈ ਦੌਰਾਨ ਬਾਜ਼ਾਰ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਕਰਨ ਲਈ ਫੰਡ ਰੱਖਿਆ ਜਾਂਦਾ ਹੈ ਤਾਂ ਇਹ ਫੰਡ ਕਿਸਾਨਾਂ ਦੇ ਫਾਇਦੇ ਲਈ ਕਿਉਂ ਨਹੀਂ ਵਰਤਿਆ ਗਿਆ?''
ਇਸ ਮੁੱਦੇ ਦਾ ਹੱਲ ਕੀ ਹੈ?
"ਲਾਸਾਲਗਾਂਓ ਐਗਰੀਕਲਚਰ ਪ੍ਰੋਡਿਊਸ ਮਾਰਕਿਟ ਕਮੇਟੀ ਦੇ ਪ੍ਰਧਾਨ ਜੈਦੱਤ ਹੋਲਕਰ ਦਾ ਕਹਿਣਾ ਹੈ,''ਇਸ ਵੇਲੇ ਗਰਮੀਆਂ ਦਾ ਵੱਡੀ ਗਿਣਤੀ ਵਿੱਚ ਪਿਆਜ਼ ਵਿਕਿਆ ਨਹੀਂ ਹੈ ਅਤੇ ਖਰਾਬ ਹੋ ਰਿਹਾ ਹੈ। ਜੇਕਰ ਕੇਂਦਰ ਸਰਕਾਰ 5 ਫ਼ੀਸਦ ਦੀ ਬਜਾਏ 10 ਤੋਂ 15 ਫ਼਼ੀਸਦ ਦਿੰਦਾ ਹੈ ਤਾਂ ਤਾਜ਼ਾ ਪਿਆਜ਼ ਬਰਾਮਦ ਹੋ ਸਕਦਾ ਹੈ ਅਤੇ ਪੁਰਾਣਾ ਪਿਆਜ਼ ''ਇੱਥੋਂ ਦੇ ਬਾਜ਼ਾਰਾਂ ਵਿੱਚ ਵਿੱਕ ਸਕਦਾ ਹੈ। ਇਸ ਨਾਲ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।''
ਜੇਕਰ ਅਜਿਹਾ ਨਹੀਂ ਹੁੰਦਾ ਤਾਂ ਗਰਮੀਆਂ ਦਾ 40 ਫ਼ੀਸਦ ਪਿਆਜ਼ ਖ਼ਰਾਬ ਹੋ ਜਾਵੇਗਾ। ਇਸ ਸਬੰਧੀ ਲਾਸਾਲਗਾਂਓ ਤੋਂ ਜਥਾ ਗਿਆ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਰਾਧਾਮੋਹਨ ਸਿੰਘ ਨੂੰ ਮਿਲਿਆ।''

ਵਿਧਾਇਕ ਅਨਿਲ ਕਦਾਮ ਨੇ ਬੀਬੀਸੀ ਨੂੰ ਦੱਸਿਆ, ''ਨਾਸਿਕ ਦੇ ਵਿਧਾਇਕ, ਸਾਂਸਦ ਅਤੇ ਲਾਸਾਲਗਾਂਓ ਤੇ ਛਾੜਵਡ ਮਾਰਕਿਟ ਕਮੇਟੀ ਦੇ ਪ੍ਰਧਾਨ ਇਕੱਠੇ ਹੋ ਕੇ 13 ਦਸੰਬਰ ਨੂੰ ਖੇਤੀਬਾੜੀ ਮੰਤਰੀ ਰਾਧਾਮੋਹਨ ਸਿੰਘ ਨੂੰ ਮਿਲੇ ਹਨ।"
ਮੰਤਰੀ ਨੇ ਵਾਅਦਾ ਕੀਤਾ ਕਿ ਜੇਕਰ ਸੂਬਾ ਸਰਕਾਰ ਸਬਸਿਡੀ ਸਬੰਧੀ ਪ੍ਰਸਤਾਵ ਭੇਜਦੀ ਹੈ ਤਾਂ ਕੇਂਦਰ ਸਰਕਾਰ ਵੱਲੋਂ ਜ਼ਰੂਰ ਇਸ 'ਤੇ ਕੋਈ ਕਦਮ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ:
''ਇਸ ਮੁੱਦੇ 'ਤੇ 14 ਦਸੰਬਰ ਨੂੰ ਪ੍ਰਧਾਨ ਮੰਤਰੀ ਨੂੰ ਵੀ ਮਿਲੇ ਹਾਂ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਦੱਸਿਆ ਹੈ। ਪੀਐੱਮ ਮੋਦੀ ਨੇ ਇਸ ਬਾਰੇ ਸਕੱਤਰ ਨੂੰ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ।''
ਸੂਬੇ ਦੇ ਖੇਤੀਬਾੜੀ ਮੰਤਰੀ ਕੀ ਕਹਿੰਦੇ ਹਨ ?
ਪਿਆਜ਼ ਦੇ ਮੁੱਦੇ 'ਤੇ ਸੂਬੇ ਦੇ ਖੇਤੀਬਾੜੀ ਮੰਤਰੀ ਸਦਾਬਾਊ ਖੋਟ ਕਹਿੰਦੇ,''ਜਦੋਂ ਸਥਾਨਕ ਬਾਜ਼ਾਰ ਵਿੱਚ ਪਿਆਜ਼ ਦੀ ਕੀਮਤ ਵੱਧਦੀ ਹੈ, ਤਾਂ ਪਿਆਜ਼ ਦੀ ਬਰਾਮਦਗੀ ਫ਼ੀਸ ਵੀ ਵਧਦੀ ਹੈ। ਜੇਕਰ ਪਿਆਜ਼ ਦੀ ਕੀਮਤ 100 ਰੁਪਏ ਤੋਂ ਵੱਧ ਹੋ ਜਾਂਦੀ ਹੈ ਤਾਂ ਇਸ ਨੂੰ ਖਰੀਦਣ ਦੀ ਸਮਰਥਾ ਰੱਖਣ ਵਾਲੇ ਖਰੀਦ ਅਤੇ ਖਾ ਸਕਦੇ ਹਨ। ਪਰ ਕਿਸਾਨ ਇਸਦੀ ਬਰਾਮਦਗੀ ਫੀਸ ਨਹੀਂ ਦੇ ਸਕਦੇ।''

ਤਸਵੀਰ ਸਰੋਤ, ANIL KADAM
ਉਨ੍ਹਾਂ ਕਿਹਾ,''ਮੈਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਰਾਮਦਗੀ ਫੀਸ ਨੂੰ ਪੱਕੇ ਤੌਰ 'ਤੇ ਬੰਦ ਕੀਤਾ ਜਾਵੇ ਅਤੇ ਟਰੈਵਲ ਸਬਸਿਡੀ ਵਧਾਈ ਜਾਵੇ। ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਪਿਆਜ਼ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ ਸਬਸਿਡੀ ਦੇਣ।''
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












