ਪਾਕਿਸਤਾਨ 'ਤੇ ਭੜਕੇ ਡੌਨਲਡ ਟਰੰਪ ਨੇ ਇਸ ਵਾਰ ਕੀ ਕਿਹਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਾਕਿਸਤਾਨ ਦੀ ਵਿੱਤੀ ਮਦਦ ਬੰਦ ਕਰਨ ਦੇ ਫ਼ੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਇੱਕ ਵਾਰ ਫਿਰ ਸਖ਼ਤੀ ਦਿਖਾਈ ਹੈ।

ਟਰੰਪ ਨੇ ਕਿਹਾ, ''ਅਸੀਂ ਪਾਕਿਸਤਾਨ ਨੂੰ ਹਰ ਸਾਲ 1.3 ਬਿਲੀਅਨ ਡਾਲਰ ਦੀ ਮਦਦ ਦਿੰਦੇ ਰਹੇ। ਹੁਣ ਇਹ ਮਦਦ ਅਸੀਂ ਬੰਦ ਕਰ ਦਿੱਤੀ ਹੈ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਲੋਕਾਂ ਨੇ ਸਾਡੇ ਲਈ ਕੁਝ ਵੀ ਨਹੀਂ ਕੀਤਾ।''

ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਲਾਦੇਨ ਦੇ ਐਬਟਾਬਾਦ ਵਾਲੇ ਟਿਕਾਣੇ 'ਤੇ ਟਰੰਪ ਨੇ ਕਿਹਾ, ''ਪਾਕਿਸਤਾਨ 'ਚ ਹਰ ਕੋਈ ਜਾਣਦਾ ਸੀ ਕਿ ਓਸਾਮਾ ਬਿਨ ਲਾਦੇਨ ਉੱਥੇ ਰਹਿ ਰਿਹਾ ਸੀ। ਉਹ ਵੀ ਅਜਿਹੀ ਥਾਂ ਜੋ ਪਾਕਸਿਤਾਨੀ ਮਿਲਟਰੀ ਅਕੈਡਮੀ ਦੇ ਬਿਲਕੁਲ ਨੇੜੇ ਸੀ।''

ਅਲ ਕਾਇਦਾ ਵੱਲੋਂ ਕੀਤੇ ਅਮਰੀਕਾ ਦੇ ਵਰਲਡ ਟਰੇਡ ਸੈਂਟਰ 'ਤੇ 9/11 ਦੇ ਹਮਲੇ 'ਚ ਸੈਂਕੜੇ ਲੋਕਾਂ ਦੀ ਜਾਨ ਗਈ ਸੀ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਨਵੇਂ ਸਾਲ ਮੌਕੇ ਪਾਕਿਸਤਾਨ 'ਤੇ ਅੱਤਵਾਦ ਖਿਲਾਫ਼ ਲੜਾਈ ਵਿੱਚ ਝੂਠ ਬੋਲਣ ਤੇ ਧੋਖਾ ਦੇਣ ਦੇ ਇਲਜ਼ਾਮ ਲਾਏ ਸਨ।

ਅਮਰੀਕਾ ਦੀ ਸਰਕਾਰ ਵੱਲੋਂ ਪਿਛਲੇ ਸਾਲ ਅਗਸਤ ਵਿੱਚ ਪਾਕਿਸਤਾਨ ਨੂੰ 250 ਮਿਲੀਅਨ ਡਾਲਰ ਦੀ ਮਦਦ ਦਿੱਤੀ ਜਾਣੀ ਸੀ ਜੋ ਨਹੀਂ ਦਿੱਤੀ ਗਈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਕਈ ਵਾਰ ਅੱਤਵਾਦ ਦੇ ਖਿਲਾਫ਼ ਲੜਾਈ ਲਈ ਮਦਦ ਦੀ ਗੁਹਾਰ ਕੀਤੀ ਜਾ ਚੁੱਕੀ ਹੈ।

'ਪਾਕਿਸਤਾਨ ਨੇ ਦਹਿਸ਼ਤਗਰਦਾਂ ਨੂੰ ਪਨਾਹ ਦਿੱਤੀ'

ਡੌਨਲਡ ਟਰੰਪ ਨੇ ਟਵਿੱਟਰ ਕਰਕੇ ਲਿਖਿਆ ਸੀ, "ਬੀਤੇ 15 ਸਾਲਾਂ ਵਿੱਚ ਪਾਕਿਸਤਾਨ ਨੂੰ 33 ਬਿਲੀਅਨ ਡਾਲਰਸ ਦੀ ਮਦਦ ਦਿੱਤੀ ਗਈ ਹੈ ਪਰ ਉਨ੍ਹਾਂ ਨੇ ਸਾਨੂੰ ਝੂਠ ਤੇ ਧੋਖੇ ਤੋਂ ਇਲਾਵਾ ਕੁਝ ਨਹੀਂ ਦਿੱਤਾ। ਉਹ ਸਾਡੇ ਨੇਤਾਵਾਂ ਨੂੰ ਮੂਰਖ ਸਮਝਦੇ ਹਨ।''

ਉਨ੍ਹਾਂ ਇਹ ਵੀ ਕਿਹਾ ਸੀ, "ਜਿਨ੍ਹਾਂ ਅੱਤਵਾਦੀਆਂ ਖਿਲਾਫ਼ ਅਸੀਂ ਅਫ਼ਗਾਨਿਸਤਾਨ ਵਿੱਚ ਲੜਦੇ ਰਹੇ, ਪਾਕਿਸਤਾਨ ਨੇ ਉਨ੍ਹਾਂ ਨੂੰ ਪਨਾਹ ਦਿੱਤੀ ਤੇ ਸਾਡੀ ਬਹੁਤ ਘੱਟ ਮਦਦ ਕੀਤੀ। ਪਰ ਹੁਣ ਹੋਰ ਨਹੀਂ!''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)