ਦੁਨੀਆਂ ਦਾ ਸਭ ਤੋਂ ਤਾਕਤਵਰ ਰਾਕੇਟ ਬਣਾਉਣ ਵਾਲੇ ਐਲਨ ਮਸਕ ਵਿਵਾਦਾਂ ਵਿੱਚ

ਤਕਨੀਕ ਦੇ ਖੇਤਰ ਵਿੱਚ ਆਪਣੇ ਪ੍ਰੋਡਕਟਸ ਅਤੇ ਵੱਡੇ-ਵੱਡੇ ਐਲਾਨ ਕਰਨ ਲਈ ਨਾਂ ਖੱਟਣ ਵਾਲੇ ਐਲਨ ਮਸਕ ਇੱਕ ਲਾਈਵ ਸ਼ੋਅ ਦੌਰਾਨ ਭੰਗ ਦਾ ਸੇਵਨ ਕਰਨ ਕਰਕੇ ਵਿਵਾਦਾਂ ਵਿੱਚ ਹਨ।

ਇਸ ਸ਼ੋਅ ਤੋਂ ਬਾਅਦ ਟੈਸਲਾ ਕੰਪਨੀ ਦੇ ਸ਼ੇਅਰ 9 ਫੀਸਦ ਤੱਕ ਡਿੱਗ ਗਏ ਹਨ। ਐਲਨ ਮਸਕ ਟੈਸਲਾ ਦੇ ਸਹਿ-ਸੰਸਥਾਪਕ ਹਨ।

ਉੱਦਮੀ ਐਲਨ ਮਸਕ ਨੇ ਸਿਗਰਟਨੋਸ਼ੀ ਉਸ ਵੇਲੇ ਕੀਤੀ ਜਦੋਂ ਉਹ ਕਾਮੇਡੀਅਨ ਜੋ ਰੋਗਾਨ ਨਾਲ ਲਾਈਵ ਇੰਟਰਵਿਊ ਦਾ ਹਿੱਸਾ ਸਨ।

ਰੋਗਾਨ ਨੇ ਆਪਣੇ ਮਹਿਮਾਨ ਨੂੰ ਉਹ ਭੰਗ ਪੇਸ਼ ਕੀਤਾ ਜਿਹੜਾ ਕੈਲੀਫੋਰਨੀਆਂ ਵਿੱਚ ਜਾਇਜ਼ ਹੈ। ਇਹ ਪ੍ਰੋਗਰਾਮ ਕੈਲੀਫੋਰਨੀਆ ਵਿੱਚ ਹੀ ਹੋ ਰਿਹਾ ਸੀ। ਰੋਗਾਨ ਤੇ ਐਲਨ ਨੇ ਤਕਨੀਕ ਨਾਲ ਜੁੜੇ ਵਿਸ਼ੇ ਬਾਰੇ ਸ਼ੋਅ ਦੌਰਾਨ ਗੱਲਬਾਤ ਕੀਤੀ।

ਸ਼ੋਅ ਦੌਰਾਨ ਜਦੋਂ ਐਂਕਰ ਨੇ ਐਲਨ ਮਸਕ ਨੂੰ ਭੰਗ ਦਾ ਸਿਗਾਰ ਪੇਸ਼ ਕੀਤਾ ਤਾਂ ਐਲਨ ਮਸਕ ਨੇ ਪੁੱਛਿਆ ਕਿ ਇਹ ਸਿਗਾਰ ਹੈ। ਉਸ ਤੋਂ ਬਾਅਦ ਐਲਨ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਭੰਗ ਦਾ ਸੇਵਨ ਨਹੀਂ ਕੀਤਾ।

ਸ਼ੋਅ ਵਿੱਚ ਐਲਨ ਤੇ ਐਂਕਰ ਨੇ ਵਿਸਕੀ ਦਾ ਸੇਵਨ ਵੀ ਕੀਤਾ।

ਕਾਰਾਂ ਬਣਾਉਣ ਵਾਲੀ ਅਮਰੀਕੀ ਕੰਪਨੀ ਟੈਸਲਾ ਦੇ ਸੀਈਓ ਤੋਂ ਲੈ ਕੇ ਪੇਅ-ਪਾਲ, ਸਪੈਸ ਐਕਸ ਅਤੇ ਹੋਰ ਕਈ ਕੰਪਨੀਆਂ ਦੇ ਸੰਸਥਾਪਕ ਅਤੇ ਸਹਿ-ਸੰਸਥਾਪਕ ਐਲਨ ਨੇ ਆਪਣੇ ਕੰਮਾਂ ਨਾਲ ਦੁਨੀਆਂ ਭਰ ਵਿੱਚ ਮਸ਼ਹੂਰੀ ਹਾਸਿਲ ਕੀਤੀ ਹੈ।

ਐਲਨ ਮਸਕ ਨਾ ਸਿਰਫ਼ ਵਿਸ਼ਵ ਪੱਧਰ 'ਤੇ ਪ੍ਰਸਿੱਧ ਹੋਏ ਸਗੋਂ ਆਪਣੇ ਪ੍ਰੋਡਕਟਸ ਅਤੇ ਯੋਜਨਾਵਾਂ ਕਰਕੇ ਦੁਨੀਆਂ ਵਿੱਚ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਕੁਝ ਯੋਜਨਾਵਾਂ ਅਤੇ ਪ੍ਰੋਡਕਟਸ ਇਸ ਪ੍ਰਕਾਰ ਹਨ:

ਇਹ ਵੀ ਪੜ੍ਹੋ:

1. ਮੰਗਲ 'ਤੇ ਬਸਤੀ ਬਣਾਉਣਾ

ਸਪੇਸਐਕਸ ਕੰਪਨੀ ਦੇ ਮੁਖੀ ਐਲਨ ਮਸਕ ਨੇ ਹੀ 2016 'ਚ ਮੰਗਲ 'ਤੇ ਬਸਤੀ ਬਣਾਉਣ ਦੀ ਯੋਜਨਾ ਬਣਾਈ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਸੀ ਕਿ ਇੱਕ ਵਾਰ 'ਚ 100 ਲੋਕਾਂ ਨੂੰ ਮੰਗਲ 'ਤੇ ਲੈ ਕੇ ਜਾਣਗੇ।

ਇਸਦੇ ਲਈ ਇੱਕ ਵੱਡਾ ਸਪੇਸ ਕਰਾਫ਼ਟ ਬਣਾਇਆ ਜਾਵੇਗਾ। ਉਨ੍ਹਾਂ ਨੇ ਉਮੀਦ ਕੀਤੀ ਸੀ ਕਿ 2022 ਤੱਕ ਅਜਿਹਾ ਪਹਿਲਾ ਮਨੁੱਖੀ ਮਿਸ਼ਨ ਮੰਗਲ 'ਤੇ ਕਰੋੜਾਂ ਕਿਲੋਮੀਟਰ ਦੇ ਸਫ਼ਰ ਉੱਤੇ ਰਵਾਨਾ ਹੋਵੇਗਾ।

2. ਇਲੈਕਟ੍ਰਿਕ ਕਾਰ

ਐਲਨ ਮਸਕ ਨੇ ਵਾਤਾਵਰਨ ਨੂੰ ਧਿਆਨ 'ਚ ਰੱਖਦਿਆਂ ਅਜਿਹੀ ਕਾਰ ਬਣਾਉਣ ਬਾਰੇ ਸੋਚਿਆ ਜਿਸ ਨਾਲ ਕਾਰਾਂ ਦੇ ਕਾਰੋਬਾਰ 'ਚ ਕ੍ਰਾਂਤੀ ਆ ਗਈ।

ਟੈਸਲਾ ਦੀ ਇਲੈਕਟ੍ਰਿਕ ਕਾਰ ਬਿਜਲੀ ਨਾਲ ਚਾਰਜ ਹੁੰਦੀ ਹੈ। ਇੱਕ ਵਾਰ ਚਾਰਜ ਕੀਤੀ ਗਈ ਬੈਟਰੀ ਨਾਲ ਕਰੀਬ 1000 ਕਿਲੋਮੀਟਰ ਸਫ਼ਰ ਤੈਅ ਕੀਤਾ ਜਾ ਸਕਦਾ ਹੈ। ਐਲਨ ਮਸਕ ਨੇ ਜੁਲਾਈ, 2018 ਵਿੱਚ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਕੰਪਨੀ ਇੱਕ ਹਫ਼ਤੇ ਵਿੱਚ 5,000 ਕਾਰਾਂ ਬਣਾਉਣ ਦਾ ਟੀਚਾ ਪੂਰਾ ਕਰ ਚੁੱਕੀ ਹੈ।

3. ਪੇਅ-ਪਾਲ (ਈ-ਪੇਮੰਟ)

ਐਲਨ ਮਸਕ ਨੇ 1999 ਵਿੱਚ ਐਕਸ ਡਾਟ ਕੌਮ ਕੰਪਨੀ ਬਤੌਰ ਸਹਿ-ਸੰਸਥਾਪਕ ਸ਼ੁਰੂ ਕੀਤੀ। ਕੰਪਨੀ ਦਾ ਫੋਕਸ ਵਿੱਤੀ ਸੇਵਾਵਾਂ ਅਤੇ ਈਮੇਲ ਪੇਮੰਟ (ਅਦਾਇਗੀ) ਸੀ। ਇੱਕ ਸਾਲ ਬਾਅਦ ਹੀ ਕੰਪਨੀ ਦਾ ਨਾਂ ਐਕਸ ਡਾਟ ਕੌਮ ਤੋਂ ਪੇਅ ਪਾਲ ਹੋ ਗਿਆ।

2002 ਵਿੱਚ ਇਸ ਕੰਪਨੀ ਨੂੰ ਈ-ਬੇਅ ਕੰਪਨੀ ਨੇ ਖ਼ਰੀਦ ਲਿਆ ਸੀ।

4. ਸਭ ਤੋਂ ਤਾਕਤਵਰ ਰਾਕੇਟ

ਐਲਨ ਮਸਕ ਦੀ ਕੰਪਨੀ ਸਪੇਸ ਐਕਸ ਨੇ ਦੁਨੀਆਂ ਦੇ ਸਭ ਤੋਂ ਤਾਕਤਵਰ ਰਾਕੇਟ ਬਣਾਏ। ਇਹ ਰਾਕੇਟ ਇੱਕ 737 ਡ੍ਰੀਮਲਾਈਨਰ ਜਿਨ੍ਹਾਂ ਭਾਰ ਸਪੇਸ ਵਿੱਚ ਲਿਜਾ ਸਕਦਾ ਹੈ।

ਇਹ ਰਾਕੇਟ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਛੱਡਿਆ ਗਿਆ ਸੀ। ਇਹ ਹੁਣ ਤੱਕ ਦੇ ਸਭ ਤੋਂ ਵਧੀਆ ਲਾਂਚ ਵਿਹੀਕਲ ਮੰਨੇ ਗਏ ਹਨ। ਖਾਸ ਗੱਲ ਤਾਂ ਇਹ ਕਿ ਰਾਕੇਟ ਦੇ ਤਿੰਨ ਬੂਸਟਰ ਧਰਤੀ 'ਤੇ ਸਹੀ ਸਲਾਮਤ ਵਾਪਸ ਆ ਗਏ ਸਨ।

5. ਦੁਨੀਆਂ ਦੀ ਸਭ ਤੋਂ ਤੇਜ਼ ਰਫ਼ਤਾਰ ਕਾਰ

2017 ਵਿੱਚ ਐਲਨ ਮਸਕ ਨੇ 'ਟੈਸਲਾ ਰੋਡਸਟਰ' ਕਾਰ ਦਾ ਐਲਾਨ ਕੀਤਾ, ਜਿਸਨੂੰ ਦੁਨੀਆਂ ਦੀ ਸਭ ਤੋਂ ਤੇਜ਼ ਰਫ਼ਤਾਰ ਕਾਰ ਦੱਸਿਆ ਗਿਆ।

ਇਹ ਵੀ ਪੜ੍ਹੋ:

ਕਾਰ ਦਾ ਬੇਸ ਮਾਡਲ ਸਿਫ਼ਰ ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ 4.2 ਸਕਿੰਟ ਵਿੱਚ ਹੀ ਤੈਅ ਕਰ ਲਵੇਗਾ।

ਐਲਨ ਦਾ ਪੂਰਾ ਨਾਂ ਐਲਨ ਰੀਵ ਮਸਕ ਹੈ ਜੋ ਇੱਕ ਦਿੱਗਜ ਵਪਾਰੀ, ਨਿਵੇਸ਼ਕ, ਇੰਜੀਨੀਅਰ ਅਤੇ ਖੋਜੀ ਹਨ।

ਦਸਬੰਰ 2016 ਵਿੱਚ ਐਲਨ ਨੂੰ ਫ਼ੋਰਬਸ ਮੈਗਜ਼ੀਨ ਵਿੱਚ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਦੀ ਸੂਚੀ 'ਚ 21ਵੀਂ ਥਾਂ ਮਿਲੀ ਸੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)