ਡੌਨਲਡ ਟਰੰਪ ਦੇ ਸਾਬਕਾ ਵਕੀਲ ਦੇ ਕਬੂਲਨਾਮੇ ਦਾ ਟਰੰਪ 'ਤੇ ਕੀ ਹੋਵੇਗਾ ਅਸਰ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਾਬਕਾ ਵਕੀਲ ਮਾਇਕਲ ਕੋਹੇਨ ਨੇ ਮੈਨਹੈਟਨ ਦੀ ਅਦਾਲਤ ਵਿੱਚ ਇਹ ਮੰਨਿਆ ਹੈ ਕਿ ਉਨ੍ਹਾਂ ਨੇ ਟਰੰਪ ਦੇ ਚੋਣ ਪ੍ਰਚਾਰ ਦੇ ਖਰਚੇ ਨਾਲ ਸਬੰਧਿਤ ਕਾਨੂੰਨ ਦੀ ਉਲੰਘਣਾ ਕੀਤੀ ਸੀ।

ਕੋਹੇਨ ਦਾ ਇਹ ਕਬੂਲਨਾਮਾ ਟਰੰਪ ਵੱਲੋਂ ਇੱਕ ਪੋਰਨ ਫ਼ਿਲਮਾਂ ਦੀ ਅਦਾਕਾਰਾ ਤੇ ਇੱਕ ਹੋਰ ਔਰਤ ਨੂੰ "ਚੁੱਪ ਰਹਿਣ ਲਈ" ਦਿੱਤੇ ਗਏ ਪੈਸੇ ਨਾਲ ਸਬੰਧਿਤ ਹੈ।

ਕੋਹੇਨ ਨੇ ਕਿਹਾ ਕਿ ਇਹ ਕੰਮ ਉਨ੍ਹਾਂ ਨੇ "ਉਮੀਦਵਾਰ" (ਜਿਸਨੂੰ ਟਰੰਪ ਮੰਨਿਆ ਜਾ ਰਿਹਾ ਹੈ) ਦੇ ਕਹਿਣ 'ਤੇ "ਚੋਣਾਂ ਉੱਤੇ ਅਸਰ ਪਾਉਣ ਲਈ" ਕੀਤਾ ਸੀ।

ਅਮਰੀਕੀ ਕਾਨੂੰਨ 'ਚ ਕਿਸੇ ਉਮੀਦਵਾਰ ਵੱਲੋਂ ਉਸ ਨੂੰ ਸ਼ਰਮਿੰਦਾ ਕਰਨ ਵਾਲੀ ਕੋਈ ਗੱਲ ਲੁਕਾਉਣ ਲਈ ਕਿਸੇ ਨੂੰ ਪੈਸੇ ਦੇਣਾ ਜੁਰਮ ਹੈ।

ਇਹ ਵੀ ਪੜ੍ਹੋ:

ਮੰਗਲਵਾਰ ਨੂੰ ਵੈਸਟ ਵਰਜੀਨੀਆ ਵਿਖੇ ਰੈਲੀ ਲਈ ਪੁੱਜੇ ਟਰੰਪ ਨੇ ਕੋਹੇਨ ਬਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਵਾਈਟ ਹਾਊਸ ਨੇ ਵੀ ਬਿਆਨ ਨਹੀਂ ਜਾਰੀ ਕੀਤਾ ਹੈ।

ਸਰਕਾਰੀ ਵਕੀਲਾਂ ਨਾਲ ਇੱਕ ਰਾਜ਼ੀਨਾਮੇ ਦੀ ਬੇਨਤੀ ਦੇ ਅਧੀਨ ਕੋਹੇਨ ਨੇ ਕੁਲ ਅੱਠ ਇਲਜ਼ਾਮਾਂ ਨੂੰ ਕਬੂਲਿਆ। ਇਨ੍ਹਾਂ ਇਲਜ਼ਾਮਾਂ 'ਚ ਟੈਕਸ ਚੋਰੀ ਤੇ ਬੈਂਕ ਧੋਖਾਧੜੀ ਵੀ ਸ਼ਾਮਲ ਹੈ।

ਕੋਹੇਨ ਵੱਲੋਂ ਮੰਨੇ ਜੁਰਮਾਂ ਦੀ ਸਜ਼ਾ 65 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਪਰ ਜੱਜ ਵਿਲੀਅਮ ਪੌਲੀ ਨੇ ਕਿਹਾ ਕਿ ਰਾਜ਼ੀਨਾਮੇ ਦੇ ਕਰਾਰ ਮੁਤਾਬਕ ਉਨ੍ਹਾਂ ਨੂੰ ਪੰਜ ਸਾਲ ਤੇ ਤਿੰਨ ਮਹੀਨੇ ਦੀ ਹਿਰਾਸਤ 'ਚ ਹੀ ਰਹਿਣਾ ਪਵੇਗਾ। ਸਜ਼ਾ 12 ਦਸੰਬਰ ਨੂੰ ਸੁਣਾਈ ਜਾਵੇਗੀ ਅਤੇ ਕੋਹੇਨ ਨੂੰ ਫਿਲਹਾਲ 5 ਲੱਖ ਡਾਲਰ (3.5 ਕਰੋੜ ਭਾਰਤੀ ਰੁਪਏ) ਦੀ ਜ਼ਮਾਨਤ ਦੇ ਦਿੱਤੀ ਗਈ ਹੈ।

ਪੈਸੇ ਦਿੱਤੇ ਕਿਉਂ ਗਏ ਸਨ?

ਪੋਰਨ ਫ਼ਿਲਮਾਂ ਦੀ ਸਟਾਰ ਸਟੋਰਮੀ ਡੈਨੀਅਲਸ ਨੇ ਪਹਿਲਾਂ ਹੀ ਇਹ ਕਿਹਾ ਹੈ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ, ਕੋਹੇਨ ਨੇ ਟਰੰਪ ਨਾਲ ਰਹੇ ਰਿਸ਼ਤੇ ਬਾਰੇ ਚੁੱਪ ਰਹਿਣ ਲਈ ਉਨ੍ਹਾਂ ਨੂੰ 1.3 ਲੱਖ ਡਾਲਰ (90 ਲੱਖ ਰੁਪਏ) ਦਿੱਤੇ ਸਨ।

ਇਸ ਮਈ ਦੇ ਮਹੀਨੇ ਵਿੱਚ ਰਾਸ਼ਟਰਪਤੀ ਟਰੰਪ ਨੇ ਮੰਨਿਆ ਸੀ ਕਿ ਉਨ੍ਹਾਂ ਨੇ ਕੋਹੇਨ ਨੂੰ ਇਹ ਪੈਸੇ ਦਿੱਤੇ ਸਨ।

ਉਹ ਪਹਿਲਾਂ ਇਸ ਮਾਮਲੇ ਨੂੰ ਮੰਨਣ ਤੋਂ ਮਨ੍ਹਾ ਕਰਦੇ ਰਹੇ ਸਨ। ਕੋਹੇਨ ਦੇ ਕਬੂਲਨਾਮੇ ਮੁਤਾਬਕ ਵੀ ਟਰੰਪ ਝੂਠ ਬੋਲਦੇ ਰਹੇ ਸਨ।

ਇਹ ਵੀ ਪੜ੍ਹੋ:

ਕੋਹੇਨ ਨੇ ਟਰੰਪ ਨਾਲ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਹੋਈ ਇੱਕ ਗੱਲਬਾਤ ਵੀ ਰਿਕਾਰਡ ਕੀਤੀ ਹੋਈ ਹੈ, ਜਿਸ ਵਿੱਚ ਦੋਵੇਂ ਇੱਕ ਹੋਰ ਔਰਤ ਨੂੰ ਇਸ ਗੱਲ ਦੇ ਪੈਸੇ ਦੇਣ ਬਾਰੇ ਚਰਚਾ ਕਰ ਰਹੇ ਹਨ ਕਿ ਉਹ ਟਰੰਪ ਨਾਲ ਆਪਣੇ ਸਬੰਧਾਂ ਦੀ ਕਹਾਣੀ ਜਨਤਕ ਨਾ ਕਰੇ।

'ਇਹ ਝੂਠ ਹੈ'

ਮੰਗਲਵਾਰ ਨੂੰ ਅਦਾਲਤੀ ਕਾਰਵਾਈ ਤੋਂ ਬਾਅਦ ਕੋਹੇਨ ਦੇ ਵਕੀਲ ਲੈਨੀ ਡੇਵਿਸ ਨੇ ਕਿਹਾ ਕਿ ਕੋਹੇਨ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਆਪਣੇ ਪਰਿਵਾਰ ਤੇ ਮੁਲਕ ਵੱਲ ਆਪਣਾ ਫਰਜ ਨਿਭਾਉਣਗੇ।

ਡੇਵਿਸ ਨੇ ਕਿਹਾ, "ਅੱਜ ਉਨ੍ਹਾਂ (ਕੋਹੇਨ) ਨੇ ਅਦਾਲਤ ਦੇ ਸਾਹਮਣੇ ਸਾਫ ਕਿਹਾ ਕਿ ਡੌਨਲਡ ਟਰੰਪ ਨੇ ਉਨ੍ਹਾਂ ਨੂੰ ਇਹ ਜੁਰਮ ਕਰਨ ਲਈ ਕਿਹਾ ਕਿ ਉਹ ਦੋ ਔਰਤਾਂ ਨੂੰ ਪੈਸੇ ਦੇ ਕੇ ਚੋਣਾਂ 'ਤੇ ਅਸਰ ਪਾਉਣ ਦੀ ਕੋਸ਼ਿਸ਼ ਕਰਨ... ਜੇਕਰ ਇਹ ਕੋਹੇਨ ਦਾ ਜੁਰਮ ਹੈ ਤਾਂ ਫਿਰ ਡੌਨਲਡ ਟਰੰਪ ਦਾ ਕਿਉਂ ਨਹੀਂ?"

ਟਰੰਪ ਦੇ ਵਕੀਲ ਰੂਡੀ ਜੂਲਿਆਨੀ ਨੇ ਕੋਹੇਨ ਨੂੰ "ਝੂਠਾ" ਦੱਸਿਆ ਅਤੇ ਕਿਹਾ, "ਸਰਕਾਰ ਵੱਲੋਂ ਕੋਹੇਨ ਦੇ ਖਿਲਾਫ ਲੱਗੇ ਇਲਜ਼ਾਮਾਂ ਵਿੱਚ ਰਾਸ਼ਟਰਪਤੀ ਉੱਤੇ ਕੋਈ ਇਲਜ਼ਾਮ ਨਹੀਂ ਹੈ।"

ਕੀ ਟਰੰਪ 'ਤੇ ਹੋਵੇਗਾ ਅਸਰ?

ਜੇ ਮਾਈਕਲ ਕੋਹੇਨ ਦੇ ਬਿਆਨ ਦਾ ਟਰੰਪ ਦੇ ਪੈਂਦੇ ਅਸਰ ਬਾਰੇ ਗੱਲ ਕਰੀਏ ਤਾਂ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਸਿਆਸੀ ਪੱਧਰ 'ਤੇ ਕੋਈ ਅਸਰ ਨਹੀਂ ਪਵੇਗਾ ਪਰ ਅਜਿਹੇ ਹਾਲਾਤ ਸਿਰਫ ਮੌਜੂਦਾ ਵਕਤ ਵਾਸਤੇ ਕਹੇ ਜਾ ਸਕਦੇ ਹਨ। ਆਉਣ ਵਾਲੇ ਵਕਤ ਬਾਰੇ ਟਰੰਪ ਦੇ ਇਸ ਮਾਮਲੇ ਤੋਂ ਬਚੇ ਰਹਿਣ ਬਾਰੇ ਕੁਝ ਪੱਕੇ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਹੈ।

ਇਸ ਦਾ ਅਸਰ ਉਸੇ ਵੇਲੇ ਵੱਧ ਨਜ਼ਰ ਆ ਸਕਦਾ ਹੈ ਜਦੋਂ ਟਰੰਪ ਦੀ ਸਿਆਸੀ ਏਜੰਡਾ ਤੈਅ ਕਰਨ ਦੀ ਤਾਕਤ ਵਿੱਚ ਕੁਝ ਕਮੀ ਆਉਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)