ਟਰੰਪ: 'ਮੈਨੂੰ ਖੁਦ ਨੂੰ ਮਾਫ਼ ਕਰਨ ਦਾ ਹੱਕ ਹੈ'

ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪੂਰਾ ਅਧਿਕਾਰ ਹੈ ਕਿ ਉਹ ਰੂਸੀ ਜਾਂਚ ਵਿੱਚ ਖੁਦ ਨੂੰ ਮਾਫ਼ ਕਰ ਸਕਣ। ਹਾਲਾਂਕਿ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ।

ਅਮਰੀਕਾ ਦੀ ਵਿਸ਼ੇਸ਼ ਕੌਂਸਲ ਸਾਹਮਣੇ ਆਪਣੇ ਵਕੀਲ ਰਾਹੀ ਜਨਵਰੀ ਵਿੱਚ ਟਰੰਪ ਨੇ ਇਹੀ ਦਲੀਲ ਦਿੱਤੀ ਹੈ।

ਆਪਣੇ ਟਵੀਟ ਵਿੱਚ ਟਰੰਪ ਨੇ ਇੱਕ ਵਾਰੀ ਫਿਰ ਜਾਂਚ 'ਤੇ ਸਵਾਲ ਚੁੱਕੇ ਹਨ ਕਿ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੇ ਰੂਸ ਨਾਲ ਮਿਲ ਕੇ ਨਿਯਮਾਂ ਨੂੰ ਛਿੱਕੇ ਟੰਗਿਆ।

ਸੰਵਿਧਾਨਕ ਮਾਹਿਰ ਇੱਕ ਮਤ ਨਹੀਂ ਹਨ ਕਿ ਰਾਸ਼ਟਰਪਤੀ ਖੁਦ ਨੂੰ ਮਾਫ਼ ਕਰ ਸਕਦਾ ਹੈ ਜਾਂ ਨਹੀਂ।

ਸੋਮਵਾਰ ਦੀ ਸਵੇਰ ਨੂੰ ਵਾਈਟ ਹਾਊਸ ਦੀ ਸਲਾਹਕਾਰ ਕੈਲੀਆਨ ਕੌਨਵੇਅ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਸੀ ਕਿ ਰਾਸ਼ਟਰਪਤੀ ਨੇ ਖੁਦ ਨੂੰ ਮਾਫ਼ ਕਰਨ ਦੀ ਗੱਲ ਕਿਉਂ ਕਹੀ।

ਉਨ੍ਹਾਂ ਨੇ ਜਵਾਬ ਦਿੱਤਾ, "ਉਨ੍ਹਾਂ ਨੂੰ ਮਾਫ਼ੀ ਦੀ ਕੀ ਲੋੜ ਹੈ ਜੇ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ?"

"ਮੈਨੂੰ ਲੱਗਦਾ ਹੈ ਕਿ ਉੱਤਰੀ ਕੋਰੀਆ ਅਤੇ ਟਰੇਡ ਨੀਤੀ ਨੂੰ ਸਮਝਣਾ ਵਧੇਰੇ ਸੌਖਾ ਹੈ।"

ਟਰੰਪ ਦੇ ਵਕੀਲਾਂ ਵੱਲੋਂ ਐਤਵਾਰ ਨੂੰ ਇੱਕ ਸ਼ੋਅ ਦੌਰਾਨ ਖੁਦ ਨੂੰ ਮਾਫ਼ ਕਰਨ ਦੇ ਮੁੱਦੇ 'ਤੇ ਗੱਲਬਾਤ ਕਰਨ ਤੋਂ ਇੱਕ ਦਿਨ ਬਾਅਦ ਟਰੰਪ ਨੇ ਇਹ ਟਵੀਟ ਕੀਤੇ ਹਨ।

ਰੂਡੀ ਜੂਲੀਆਨੀ ਏਬੀਸੀ ਦੇ ਇਸ ਹਫ਼ਤੇ ਦੇ ਪ੍ਰੋਗਰਾਮ ਦੌਰਾਨ ਪੇਸ਼ ਹੋਏ ਅਤੇ ਪੁੱਛਿਆ ਗਿਆ ਕਿ ਕੀ ਟਰੰਪ ਕੋਲ ਖੁਦ ਨੂੰ ਮਾਫ਼ ਕਰਨ ਦਾ ਅਧਿਕਾਰ ਹੈ।

ਟਰੰਪ ਦੀ ਕਾਨੂੰਨੀ ਟੀਮ ਦੇ ਮੁਖੀ ਜੁਲੀਆਨੀ ਨੇ ਕਿਹਾ, "ਸ਼ਾਇਦ ਹਾਂ" ਪਰ ਉਨ੍ਹਾਂ ਅੱਗੇ ਕਿਹਾ, "ਖੁਦ ਨੂੰ ਮਾਫ਼ ਕਰਨ ਦੀ ਉਨ੍ਹਾਂ ਦੀ ਕੋਈ ਇੱਛਾ ਨਹੀਂ ਹੈ।"

ਉਨ੍ਹਾਂ ਅੱਗੇ ਕਿਹਾ, "ਮੈਨੂੰ ਲੱਗਦਾ ਹੈ ਕਿ ਸਿਆਸੀ ਨਤੀਜੇ ਮਾੜੇ ਹੋਣਗੇ। ਦੂਜਿਆਂ ਨੂੰ ਮਾਫ਼ ਕਰਨਾ ਹੋਰ ਗੱਲ ਹੈ ਅਤੇ ਖੁਦ ਨੂੰ ਮਾਫ਼ ਕਰਨਾ ਕੁਝ ਹੋਰ।"

ਐਤਵਾਰ ਨੂੰ ਹਾਊਸ ਆਫ਼ ਰਿਪਬਲੀਕਨ ਮੈਜੋਰਿਟੀ ਲੀਡਰ ਕੇਵਿਨ ਮੈਕਾਰਟੀ ਦਾ ਕਹਿਣਾ ਹੈ ਕਿ ਕਿਸੇ ਵੀ ਰਾਸ਼ਟਰਪਤੀ ਨੂੰ ਖੁਦ ਨੂੰ ਮਾਫ਼ ਨਹੀਂ ਕਰਨਾ ਚਾਹੀਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)