'ਕੁਝ ਹੀ ਦਿਨਾਂ ਵਿੱਚ ਸ਼ੁਰੂ ਹੋ ਸਕਦੀ ਹੈ ਟਰੇਡ ਵਾਰ'

ਇਸ ਤਰ੍ਹਾਂ ਲੱਗ ਹੀ ਰਿਹਾ ਸੀ ਕਿ ਅਮਰੀਕਾ ਅਤੇ ਚੀਨ ਨੇ ਟਰੇਡ ਵਾਰ ਦਾ ਰਾਹ ਛੱਡ ਦਿੱਤਾ ਹੈ ਪਰ ਮਹਿਜ਼ ਇੱਕ ਹਫ਼ਤੇ ਬਾਅਦ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਵਾਸ਼ਿੰਗਟਨ ਬੀਜਿੰਗ ਨਾਲ ਵਪਾਰਿਕ ਪ੍ਰੇਸ਼ਾਨੀ ਵਧਾ ਰਿਹਾ ਹੈ।

ਚੀਨ ਦੀ ਨਿਊਜ਼ ਏਜੰਸੀ ਛਿਨਹੁਆ ਨੇ ਚਿਤਾਵਨੀ ਦਿੱਤੀ ਹੈ ਕਿ ਬੀਜਿੰਗ ਅਤੇ ਵਾਸ਼ਿੰਗਟਨ ਵਿਚਾਲੇ ਵਪਾਰਿਕ ਗੱਲਬਾਤ ਬੇਤੁਕੀ ਹੋਵੇਗੀ ਜੇ ਅਮਰੀਕਾ ਟਰੇਡ ਸਬੰਧੀ ਨਵੇਂ ਟੈਰਿਫ਼ ਤੇ ਪਾਬੰਦੀਆਂ ਨੂੰ ਮਨਜ਼ੂਰੀ ਦਿੰਦਾ ਹੈ।

ਚੀਨ ਦੇ ਵਾਈਸ ਪ੍ਰੀਮੀਅਰ ਲੀ ਹੀ ਅਤੇ ਅਮਰੀਕਾ ਦੇ ਕਮਰਸ ਮੰਤਰੀ ਵਿਲਬਰ ਰੌਸ ਵਿਚਾਲੇ ਗੱਲਬਾਤ ਤੋਂ ਬਾਅਦ ਏਜੰਸੀ ਨੇ ਕਿਹਾ ਕਿ ਚੀਨ ਕਈ ਦੇਸਾਂ ਤੋਂ ਦਰਾਮਦ ਲਈ ਤਿਆਰ ਹੈ।

ਅਮਰੀਕਾ ਵੱਲੋਂ ਵਧਾਏ ਟੈਰਿਫ਼ ਤੋਂ ਨਾਰਾਜ਼ G7 ਦੇਸ

ਵਾਸ਼ਿੰਗਟਨ ਵੱਲੋਂ ਚੀਨ ਦੇ ਮਾਲ 'ਤੇ 50 ਬਿਲੀਅਨ ਡਾਲਰ ਟੈਰਿਫ਼ ਲਾਉਣ ਦੀ ਚਿਤਾਵਨੀ ਤੋਂ ਬਾਅਦ ਰੌਸ ਨੇ ਚੀਨ ਦੇ ਵਾਈਸ ਪ੍ਰੀਮੀਅਰ ਨਾਲ ਗੱਲਬਾਤ ਕੀਤੀ।

ਇਸ ਵਿਚਾਲੇ G7 ਦੇਸ ਅਮਰੀਕਾ ਵੱਲੋਂ ਸਟੀਲ ਅਤੇ ਅਲਮੀਨੀਅਮ 'ਤੇ ਲਾਏ ਨਵੇਂ ਟੈਰਿਫ਼ ਕਾਰਨ ਨਾਰਾਜ਼ ਹਨ।

'ਟਰੇਡ ਵਾਰ ਸ਼ੁਰੂ ਹੋ ਸਕਦੀ ਹੈ'

ਫਰਾਂਸ ਦੇ ਖਜ਼ਾਨਾ ਮੰਤਰੀ ਬਰੂਨੋ ਲੇ ਮੇਅਰ ਨੇ ਚਿਤਾਵਨੀ ਦਿੱਤੀ ਹੈ, "ਕੁਝ ਹੀ ਦਿਨਾਂ ਵਿੱਚ ਟਰੇਡ ਵਾਰ ਸ਼ੁਰੂ ਹੋ ਸਕਦੀ ਹੈ।"

ਸ਼ਨੀਵਾਰ ਨੂੰ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਚਿਤਾਵਨੀ ਦਿੱਤੀ, "ਕਈ ਸਾਲਾਂ ਤੋਂ ਕਈ ਦੇਸ ਅਮਰੀਕਾ ਨੂੰ ਵਪਾਰ ਦੇ ਮਾਮਲੇ ਵਿੱਚ ਠੱਗਦੇ ਆਏ ਹਨ।"

ਉਨ੍ਹਾਂ ਕਿਹਾ ਕਿ ਸਟੀਲ ਟੈਰਿਫ਼ ਨਾਲ ਅਮਰੀਕੀ ਸਟੀਲ ਬਣਾਉਣ ਵਾਲਿਆਂ ਨੂੰ ਬਚਾਇਆ ਜਾ ਸਕੇਗਾ ਜੋ ਕਿ ਦੇਸ ਦੀ ਸੁਰੱਖਿਆ ਲਈ ਜ਼ਰੂਰੀ ਹੈ।

ਟਰੰਪ ਨੇ ਉਨ੍ਹਾਂ ਰੁਕਾਵਟਾਂ ਦਾ ਵੀ ਜ਼ਿਕਰ ਕੀਤਾ ਜੋ ਅਮਰੀਕੀ ਕੰਪਨੀਆਂ ਨੂੰ ਯੂਰਪ ਅਤੇ ਹੋਰਨਾਂ ਦੇਸਾਂ ਵਿੱਚ ਆਉਂਦੀਆਂ ਹਨ।

ਕੈਨੇਡਾ ਦੇ ਰਿਜ਼ਾਰਟ ਵਿੱਚ ਹੋਈ G7 ਦੀ ਬੈਠਕ ਦੌਰਾਨ ਈਯੂ ਅਤੇ ਕੈਨੇਡਾ ਨੇ ਸਟੀਲ 'ਤੇ 25 ਫੀਸਦੀ ਅਤੇ ਅਲਮੀਨੀਅਮ 'ਤੇ 10 ਫੀਸਦੀ ਟੈਰਿਫ਼ ਲਾਉਣ 'ਤੇ ਪਲਟਵਾਰ ਦੀ ਚਿਤਾਵਨੀ ਦਿੱਤੀ ਹੈ।

ਹਾਲਾਂਕਿ ਅਮਰੀਕੀ ਵਿੱਤ ਮੰਤਰੀ ਸਟੀਵ ਨੇ ਇਹ ਦਾਅਵਾ ਖਾਰਿਜ ਕਰ ਦਿੱਤਾ ਹੈ ਕਿ ਅਮਰੀਕਾ ਨੇ ਵਿਸ਼ਵ ਦੇ ਵਿੱਤੀ ਮਾਹਿਰ ਆਗੂਆਂ ਨੂੰ ਅਣਗੌਲਿਆਂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਇਸ ਸਬੰਧੀ ਹੋਰਨਾਂ ਦੇਸਾਂ ਦੀ ਨਾਰਾਜ਼ਗੀ ਟਰੰਪ ਨੂੰ ਦੱਸ ਦਿੱਤੀ ਗਈ ਹੈ।

ਈਯੂ ਤੇ ਕੈਨੇਡਾ ਕਿਵੇਂ ਕਰ ਰਹੇ ਹਨ ਪਲਟਵਾਰ

ਕੈਨੇਡਾ, ਮੈਕਸੀਕੋ ਅਤੇ ਈਯੂ ਨੇ ਮਿਲ ਕੇ 2017 ਵਿੱਚ ਅਮਰੀਕਾ ਤੋਂ 23 ਬਿਲੀਅਨ ਡਾਲਰ ਦਾ ਸਟੀਲ ਅਤੇ ਅਲਮੀਨੀਅਮ ਦਰਾਮਦ ਕੀਤਾ ਸੀ।

ਇਨ੍ਹਾਂ ਦੇਸਾਂ ਵੱਲੋਂ 2016 ਦੇ ਮੁਕਾਬਲੇ ਤਕਰੀਬਨ 48 ਬਿਲੀਅਨ ਡਾਲਰ ਦਾ ਸਟੀਲ ਅਤੇ ਅਲਮੀਨੀਅਮ ਦਰਾਮਦ ਕੀਤਾ ਗਿਆ ਸੀ।

ਈਯੂ ਨੇ ਅਮਰੀਕਾ ਦੇ ਐਲਾਨ ਤੋਂ ਬਾਅਦ 10 ਪੰਨਿਆਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਅਮਰੀਕੀ ਸਮਾਨ 'ਤੇ ਲਾਇਆ ਗਿਆ ਟੈਰਿਫ਼ ਦਿਖਾਇਆ ਗਿਆ ਹੈ। ਇਸ ਵਿੱਚ ਹਾਰਲੇ-ਡੇਵਿਡਸਨ ਮੋਟਰਸਾਈਕਲ ਤੋਂ ਲੈ ਕੇ ਬੌਰਬੌਨ ਸ਼ਾਮਿਲ ਹੈ।

ਕੈਨੇਡਾ ਨੇ ਅਮੀਰਕਾ ਤੋਂ ਬਰਾਮਦ ਸਮਾਨ ਤੇ 25 ਫੀਸਦੀ ਟੈਰਿਫ਼ ਲਾਉਣ ਦਾ ਐਲਾਨ ਕੀਤਾ ਹੈ ਜੋ ਕਿ 1 ਜੁਲਾਈ ਤੋਂ ਸ਼ੁਰੂ ਹੋ ਜਾਵੇਗਾ। ਇਸ ਅਧੀਨ ਅਮਰੀਕੀ ਸਟੀਲ, ਦਹੀਂ, ਵਿਸਕੀ ਅਤੇ ਕੌਫ਼ੀ 'ਤੇ ਅਸਰ ਪਏਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)