ਥੈਂਕਿਊ ਡੌਨਲਡ ਟਰੰਪ!.... ਦੁਨੀਆਂ ਕੀ ਦੀ ਕੀ ਬਣ ਗਈ-ਬਲਾਗ

    • ਲੇਖਕ, ਵੁਸਅਤੁਲਾਹ ਖ਼ਾਨ
    • ਰੋਲ, ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ ਬੀਬੀਸੀ ਲਈ

ਹੁਣ ਤਾਂ ਮੈਂ ਵੀ ਸੋਚਣ ਲੱਗਿਆ ਹਾਂ ਕਿ ਜਦੋਂ ਤੱਕ ਡੌਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਹਨ ਉਦੋਂ ਤੱਕ ਉਸ ਸਮੇਂ ਤੱਕ ਕੌਮਾਂਤਰੀ ਸਿਆਸਤ ਵਿੱਚ ਕਿਸੇ ਨੂੰ ਵੀ ਹੱਥ ਪੈਰ ਮਾਰਨ ਦੀ ਕੋਈ ਲੋੜ ਨਹੀਂ।

ਭਾਵੇਂ ਉਹ ਅਲ ਕਾਇਦਾ ਹੀ ਕਿਉਂ ਨਾ ਹੋਵੇ। ਤੁਸੀਂ ਸੋਚੋ ਕਿ 9/11 ਨੂੰ ਅਲ ਕਾਇਦਾ ਨੇ ਅਮਰੀਕਾ ਦਾ ਵਰਲਡ ਟਰੇਡ ਸੈਂਟਰ ਨਾਲ ਜਹਾਜ਼ ਕਿਉਂ ਟਕਰਾਇਆ, ਤਾਂ ਕਿ ਇਸ ਨਾਲ ਪਹਿਲਾਂ ਅਮਰੀਕਾ ਅਤੇ ਫੇਰ ਸਾਰੀ ਦੁਨੀਆਂ ਦਾ ਅਮਨ-ਚੈਨ ਭੰਗ ਹੋ ਸਕੇ।

ਉਸ ਤੋਂ ਬਾਅਦ ਵੀ ਅਲ ਕਾਇਦਾ ਅਤੇ ਇਸਲਾਮਿਕ ਸਟੇਟ ਨੂੰ ਪਤਾ ਨਹੀਂ ਕੀ-ਕੀ ਪਾਪੜ ਵੇਲਣੇ ਪਏ।

ਇਹ ਵੀ ਪੜ੍ਹੋ꞉

ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੁਨੀਆਂ ਅੱਤਵਾਦ ਦੇ ਖਿਲਾਫ਼ ਇਕਜੁੱਟ ਰਹੇ। ਇਹ ਗੱਲ ਵੱਖਰੀ ਹੈ ਕਿ ਇਸ ਚੱਕਰ ਵਿੱਚ ਇਰਾਕ, ਅਫ਼ਗਾਨਿਸਤਾਨ, ਲਿਬੀਆ ਅਤੇ ਸੀਰੀਆ ਦੀ ਐਸੀ ਤੈਸੀ ਹੋ ਗਈ।

ਅਜਿਹੇ ਹਾਲਾਤ ਨੂੰ ਦੇਖ ਕੇ ਫਰਿਸ਼ਤਿਆਂ ਨੇ ਡੌਨਲਡ ਟਰੰਪ ਨੂੰ ਸੰਸਾਰ ਉੱਪਰ ਭੇਜਣ ਦਾ ਫੈਸਲਾ ਕੀਤਾ।

ਅੱਜ ਹਰ ਦੇਸ ਦਾ ਆਗੂ ਇਸੇ ਚੱਕਰ ਵਿੱਚ ਆਪਣਾ ਮੋਬਾਈਲ ਫੋਨ ਖੁੱਲ੍ਹਾ ਰੱਖਦਾ ਹੈ ਕਿ ਰਾਤ ਨੂੰ ਟਰੰਪ ਸਾਹਬ ਸੌਣ ਤੋਂ ਪਹਿਲਾਂ ਕਿਸ ਨੀਤੀ ਵਿੱਚ ਬਦਲਾਅ ਦਾ ਐਲਾਨ ਕਰਦੇ ਹਨ ਅਤੇ ਸਵੇਰੇ ਉਠਦਿਆਂ ਹੀ ਕਿਹੜੇ ਆਗੂ ਨੂੰ ਗਾਲ ਟਵੀਟ ਕਰਦੇ ਹਨ, ਧਮਕੀ ਦਿੰਦੇ ਹਨ ਜਾਂ ਮਜ਼ਾਕ ਉਡਾਉਂਦੇ ਹਨ।

ਰੂਸ ਅਤੇ ਅਮਰੀਕਾ, ਚੀਨ ਅਤੇ ਅਮਰੀਕਾ, ਅਰਬ ਅਤੇ ਅਮਰੀਕਾ, ਈਰਾਨ ਅਤੇ ਅਮਰੀਕਾ ਵਿੱਚ ਤੂੰ-ਤੂੰ ਮੈਂ-ਮੈਂ ਦੇ ਅਸੀਂ ਸ਼ੁਰੂ ਤੋਂ ਹੀ ਆਦੀ ਹਾਂ ਪਰ ਤੁਸੀਂ ਕਦੇ ਸੋਚਿਆ ਹੈ ਕਿ ਕੋਈ ਅਮਰੀਕੀ ਰਾਸ਼ਟਰਪਤੀ ਯੂਰਪੀ ਯੂਨੀਅਨ ਨੂੰ ਅਮਰੀਕੀ ਪੈਸੇ ਉੱਪਰ ਪਲਣ ਵਾਲੇ ਵਿਹਲੜ ਕਹੇ ਅਤੇ ਫਰੀ ਟਰੇਡ ਨੂੰ ਲੱਤ ਮਾਰ ਕੇ ਯੂਰਪੀ ਅਤੇ ਤੁਰਕੀ ਦੀ ਸਟੀਲ ਉੱਪਰ ਡਿਊਟੀ ਦੁੱਗਣੀ ਕਰ ਦੇਵੇ।

ਅਮਰੀਕਾ ਤਮਾਮ ਅਜਿਹੇ ਕੌਮਾਂਤਰੀ ਕਨਵੈਨਸ਼ਨਾਂ ਅਤੇ ਸਮਝੌਤਿਆਂ ਨੂੰ ਇੱਕ ਤੋਂ ਬਾਅਦ ਇੱਕ ਲੱਤ ਮਾਰਦਾ ਤੁਰਿਆ ਜਾਵੇ ਭਾਵੇਂ ਕਦੇ ਅਮਰੀਕਾ ਨੇ ਹੀ ਇਨ੍ਹਾਂ ਉੱਪਰ ਸਹੀ ਕਿਉਂ ਨਾ ਪਾਈ ਹੋਵੇ।

ਅੱਜ ਅਮਰੀਕਾ ਆਪਣੇ ਹੀ ਗੁਆਂਢੀ ਮੈਕਸੀਕੋ ਦੀ ਸਰਹੱਦ ਉੱਪਰ ਇੱਕ ਪੱਕੀ ਕੰਧ ਖੜ੍ਹੀ ਕਰ ਚੁੱਕਾ ਹੈ ਅਤੇ ਉਹ ਸਰਹੱਦ ਟੱਪ ਕੇ ਆਉਣ ਵਾਲੀਆਂ ਮਾਵਾਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕਰਕੇ ਵੱਖਰੇ ਕੈਂਪਾਂ ਵਿੱਚ ਰੱਖ ਚੁੱਕਿਆ ਹੈ।

ਹੋਰ ਤਾਂ ਹੋਰ ਅਮਰੀਕਾ ਇਸ ਦੇ ਪੱਖ ਵਿੱਚ ਬਾਈਬਲ ਅਤੇ ਰੋਮਨ ਸਾਮਰਾਜ ਦੇ ਕਾਨੂੰਨਾਂ ਵਿੱਚੋਂ ਲੱਭ-ਲੱਭ ਕੇ ਮਿਸਾਲਾਂ ਪੇਸ਼ ਕਰ ਚੁੱਕਿਆ ਹੈ।

ਕਿਸੇ ਨੇ ਕਲਪਨਾ ਕੀਤੀ ਸੀ ਕਿ ਕੈਨੇਡਾ ਇੱਕ ਦਿਨ ਇਹ ਸੋਚੇ ਕਿ ਕਾਸ਼ ਉਸਦੇ ਪਹੀਏ ਲੱਗੇ ਹੁੰਦੇ ਤਾਂ ਉਹ ਅਮਰੀਕਾ ਤੋਂ ਦੂਰ ਜਾ ਵਸਦਾ।

ਜੋ ਅਮਰੀਕਾ ਦੇ ਦੋਸਤ ਹਨ, ਜਿਵੇਂ ਭਾਰਤ ਇਨ੍ਹਾਂ ਦੇਸਾਂ ਦੀ ਲੀਡਰਸ਼ਿੱਪ ਭਾਵੇਂ ਜ਼ਬਾਨੋਂ ਕੁਝ ਵੀ ਕਹੇ ਪਰ ਦਿਲ ਵਿੱਚ ਜ਼ਰੂਰ ਸੋਚਦੀ ਹੈ ਕਿ ਕੀ ਮੁਸੀਬਤ ਹੈ? ਪਤਾ ਨਹੀਂ ਕਿਹੋ-ਜਿਹੇ ਆਦਮੀ ਨਾਲ ਪਾਲਾ ਪੈ ਗਿਆ? ਇਹੀ ਪਤਾ ਨਹੀਂ ਲਗਦਾ ਕਿ ਇਹ ਬੰਦਾ ਚਾਹੁੰਦਾ ਕੀ ਹੈ?

ਕੀ ਬੇਬਸੀ ਹੈ ਕਿ ਜੇ ਈਰਾਨ ਤੋਂ ਭਾਰਤ ਤੇਲ ਖਰੀਦਦਾ ਰਹੇ ਤਾਂ ਟਰੰਪ ਹੱਥੋਂ ਜਾਂਦਾ ਹੈ ਅਤੇ ਜੇ ਨਾ ਖਰਦੇ ਤਾਂ ਅਰਥਚਾਰੇ ਦਾ ਭੱਠਾ ਬੈਠ ਜਾਂਦਾ ਹੈ।

ਕਦੇ ਕਿਸ ਨੇ ਦਿੱਲੀ ਵਿੱਚ ਬੈਠਕ ਕਰ ਕੇ ਸੋਚਿਆ ਸੀ ਕਿ ਇੱਕ ਦਿਨ ਪਾਕਿਸਤਾਨ ਅਤੇ ਰੂਸ ਦੀਆਂ ਫੌਜਾਂ ਅਰਬ ਸਾਗਰ ਵਿੱਚ ਸਾਂਝੀਆਂ ਮਸ਼ਕਾਂ ਕਰਨਗੀਆਂ। ਰੂਸੀ ਕਮਾਂਡੋ ਪਾਕਿਸਤਾਨ ਆ ਕੇ ਟਰੇਨਿੰਗ ਕਰਨਗੇ, ਰੂਸੀ ਜਰਨਲ ਵਜ਼ੀਰਿਸਤਾਨ ਦਾ ਦੌਰਾ ਕਰਨਗੇ, ਪਾਕਿਸਤਾਨੀ ਫੌਜ ਰੂਸੀ ਹਥਿਆਰ ਖ਼ਰੀਦੇਗੀ ਅਤੇ ਪਾਕਿਸਤਾਨੀ ਅਫਸਰ ਅਮਰੀਕੀ ਮਿਲਟਰੀ ਦੇ ਕਾਲਜਾਂ ਦੀ ਥਾਂ ਰੂਸ ਦੀ ਵਾਰ ਅਕਾਦਮੀ ਵਿੱਚ ਵੱਡੇ ਫੌਜੀ ਅਫਸਰਾਂ ਦੇ ਲੈਕਚਰ ਸੁਣਨਗੇ।

ਥੈਂਕਿਊ ਡੌਨਲਡ ਟਰੰਪ!.... ਦੁਨੀਆਂ ਕੀ ਦੀ ਕੀ ਬਣ ਗਈ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)