ਮੇਰੇ ਕਤਲ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਮਾਫ਼ ਨਹੀਂ ਕੀਤਾ ਜਾਵੇਗਾ - ਨਿਕੋਲਸ ਮਦੂਰੋ

ਵੈਨੇਜ਼ੁਏਲਾ ਵਿੱਚ ਇੱਕ ਸਮਾਗਮ ਦੌਰਾਨ ਖ਼ੁਦ 'ਤੇ ਹੋਏ ਕਥਿਤ ਹਮਲੇ ਬਾਰੇ ਰਾਸ਼ਟਰਪਤੀ ਨਿਕੋਲਸ ਮਦੂਰੋ ਨੇ ਕਿਹਾ ਹੈ ਕਿ ਮੇਰੇ ਕਤਲ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਮਾਫ਼ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਨੇ ਸੱਜੇ-ਪੱਖੀਆਂ ਧਿਰਾਂ, ਕੋਲੰਬੀਆ ਤੇ ਅਮਰੀਕਾ ਨੂੰ ਕਥਿਤ ਹਮਲੇ ਬਾਰੇ ਦਾ ਜ਼ਿੰਮੇਵਾਰ ਦੱਸਿਆ ਹੈ। ਹਾਲਾਂਕਿ ਕੋਲੰਬੀਆ ਨੇ ਇਨ੍ਹਾਂ ਇਲਜ਼ਾਮਾਂ ਨੂੰ ਆਧਾਰਹੀਨ ਦੱਸ ਕੇ ਖਾਰਿਜ਼ ਕਰ ਦਿੱਤਾ ਹੈ।

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਰਾਜਧਾਨੀ ਕਰਾਕਾਸ ਵਿਖੇ ਆਪਣੇ ਭਾਸ਼ਨ ਦੇ ਸਿੱਧਾ ਪ੍ਰਸਾਰਣ ਦੌਰਾਨ ਹੋਏ ਇੱਕ ਡਰੋਨ ਹਮਲੇ ਤੋਂ ਬਚ ਗਏ।

ਸੰਚਾਰ ਮੰਤਰੀ ਜੋਰਗੇ ਰੋਡਰਿਗਜ਼ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਮਾਰਨ ਲਈ ਕੀਤੇ ਗਏ ਇਸ ਹਮਲੇ ਵਿੱਚ ਸੱਤ ਫੌਜੀ ਜ਼ਖਮੀ ਹੋਏ ਹਨ।

ਸਿੱਧੇ ਪ੍ਰਸਾਰਣ ਵਿੱਚ ਫੌਜੀ ਆਪਣੀਆਂ ਕਤਾਰਾਂ ਵਿੱਚੋ ਭਜਦੇ ਦੇਖੇ ਜਾ ਸਕਦੇ ਸਨ ਅਤੇ ਧਮਾਕੇ ਸੁਣੇ ਜਾ ਸਕਦੇ ਸਨ। ਇਸ ਮੌਕੇ ਰਾਸ਼ਟਰਪਤੀ ਵੀ ਹੈਰਾਨਗੀ ਵਿੱਚ ਆਪਣੀ ਪਤਨੀ ਨਾਲ ਉੱਪਰ ਵੱਲ ਦੇਖਦੇ ਦੇਖੇ ਗਏ।

ਇਹ ਵੀ ਪੜ੍ਹੋ꞉

ਰੋਡਰਿਗਜ਼ ਮੁਤਾਬਕ ਹਾਦਸੇ ਸਮੇਂ ਰਾਸ਼ਟਰਪਤੀ ਵੈਨੇਜ਼ੁਏਲਾ ਦੀ ਫੌਜ ਦੀ 81ਵੀਂ ਵਰ੍ਹੇਗੰਡ ਦੇ ਸਮਾਗਮਾਂ ਮੌਕੇ ਫੌਜ ਨੂੰ ਸੰਬੋਧਨ ਕਰ ਰਹੇ ਸਨ।

ਇਸੇ ਦੌਰਾਨ ਸਮਾਗਮ ਵਾਲੀ ਥਾਂ ਦੇ ਕੋਲ ਵਿਸਫੋਟਕਾਂ ਨਾਲ ਲੱਦੇ ਡਰੋਨ ਰਾਸ਼ਟਰਪਤੀ ਦੇ ਮੰਚ ਕੋਲ ਫਟ ਗਏ।

ਅਧਿਕਾਰੀਆਂ ਦਾ ਕੀ ਕਹਿਣਾ ਹੈ

ਰੋਡਰਿਗਜ਼ ਨੇ ਇਸ ਹਮਲੇ ਲਈ ਦੇਸ ਦੀ ਸੱਜੇ ਪੱਖੀ ਵਿਰੋਧੀ ਧਿਰ ਉੱਪਰ ਇਲਜ਼ਾਮ ਲਾਇਆ। ਮਈ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਨਿਕੋਲਸ ਮਦੂਰੋ ਦੂਸਰੀ ਵਾਰ ਦੇਸ ਦੇ ਰਾਸ਼ਟਰਪਤੀ ਚੁਣੇ ਗਏ ਸਨ ਅਤੇ ਵਿਰੋਧੀ ਲਗਾਤਾਰ ਦੂਜੀ ਵਾਰ ਹਾਰ ਗਏ ਸਨ।

ਰੋਡਰਿਗਜ਼ ਮੁਤਾਬਕ ਫੱਟੜਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਰਾਸ਼ਟਰਪਤੀ ਆਪਣੇ ਮੰਤਰੀਆਂ ਅਤੇ ਫੌਜੀ ਅਧਿਕਾਰੀਆਂ ਨਾਲ ਮੁਲਾਕਾਤ ਕਰ ਰਹੇ ਹਨ।

ਫਿਲਹਾਲ ਇਸ ਘਟਨਾ ਦੀ ਕਿਸੇ ਗਰੁੱਪ ਨੇ ਜਿੰਮੇਵਾਰੀ ਨਹੀਂ ਲਈ। ਪਿਛਲੇ ਸਾਲ ਜੂਨ ਵਿੱਚ ਇੱਕ ਡਰੋਨ ਨੇ ਦੇਸ ਦੀ ਸੁਪਰੀਮ ਕੋਰਟ ਉੱਪਰ ਗਰੇਨੇਡ ਹਮਾਲਾ ਕੀਤਾ ਸੀ।

ਬਾਅਦ ਵਿੱਚ ਇਸ ਹਮਲੇ ਦੀ ਜਿੰਮੇਵਾਰੀ ਇੱਕ ਅਮੀਰ ਹੈਲੀਕਾਪਟਰ ਪਾਈਲਟ ਨੇ ਲੈ ਲਈ ਸੀ ਅਤੇ ਲੋਕਾਂ ਨੂੰ ਰਾਸ਼ਟਰਪਤੀ ਦੀ ਸਰਕਾਰ ਖਿਲਾਫ਼ ਬਗਾਵਤ ਦੀ ਅਪੀਲ ਕੀਤੀ ਸੀ।

ਰਾਸ਼ਟਰਪਤੀ ਨਿਕੋਲਸ ਮਦੂਰੋ ਬਾਰੇ

ਮਦੂਰੋ ਨੇ ਸਾਲ 2013 ਵਿੱਚ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ। ਉਸ ਸਮੇਂ ਤੋਂ ਹੀ ਉਨ੍ਹਾਂ ਦੀ ਸਰਕਾਰ ਨੂੰ ਦੇਸ ਵਿੱਚ ਲੋਕਤੰਤਰ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ ਕਰਕੇ ਕੌਮਾਂਤਰੀ ਆਲੋਚਨਾ ਸਹਿਣੀ ਪੈ ਰਹੀ ਹੈ।

ਉਨ੍ਹਾਂ ਦੇ ਵਿਰੋਧੀ ਉਨ੍ਹਾਂ ਨੂੰ ਇੱਕ ਅਜਿਹੇ ਤਾਨਾਸ਼ਾਹ ਵਜੋਂ ਪੇਸ਼ ਕਰਦੇ ਹਨ ਜੋ ਆਪਣੇ ਵਿਰੋਧੀਆਂ ਨੂੰ ਹਿਰਾਸਤ ਵਿੱਚ ਲੈਂਦਾ ਹੈ ਅਤੇ ਨਿਆਂ ਪ੍ਰਣਾਲੀ ਜਿਸ ਦੀ ਪਾਰਟੀ ਦੇ ਕਬਜ਼ੇ ਵਿੱਚ ਹੈ।

ਮਈ ਵਿੱਚ ਉਨ੍ਹਾਂ ਦੇ ਮੁੜ ਅਹੁਦਾ ਸੰਭਾਲਣ ਸਮੇਂ ਦੇਸ ਇੱਕ ਵੱਡੇ ਆਰਥਿਕ ਮੰਦਵਾੜੇ ਵਿੱਚੋਂ ਲੰਘ ਰਿਹਾ ਸੀ ਜਿਸ ਕਰਕੇ ਇਸ ਤੇਲ ਪੱਖੋਂ ਅਮੀਰ ਦੇਸ ਦੇ ਲੱਖਾਂ ਵਾਸੀ ਦੇਸ ਛੱਡਣ ਲਈ ਮਜਬੂਰ ਸਨ।

ਹਾਲਾਂਕਿ ਉਨ੍ਹਾਂ ਦੇ ਕਈ ਕੱਟੜ ਹਮਾਇਤੀ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ ਦੇਸ ਦੀਆਂ ਮੁਸ਼ਕਿਲਾਂ ਦੀ ਵਜ੍ਹਾ ਮਦੂਰੋ ਦੀ ਸਰਕਾਰ ਨਹੀਂ ਬਲਕਿ ਅਮਰੀਕਾ ਵਰਗੀਆਂ ਸਾਮਰਜਵਾਦੀ ਸ਼ਕਤੀਆਂ ਹਨ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)