ਆਖ਼ਰ ਚਾਹੁੰਦੇ ਕੀ ਸਨ ਕਿੰਗ ਆਫ਼ ਪੌਪ ਮਾਈਕਲ ਜੈਕਸਨ

ਪੌਪ ਸਟਾਰ ਮਾਈਕਲ ਜੈਕਸਨ ਦਾ 50 ਸਾਲ ਦੀ ਉਮਰ ਵਿੱਚ 25 ਜੂਨ 2009 ਨੂੰ ਦੇਹਾਂਤ ਹੋ ਗਿਆ ਸੀ। ਦੁਨੀਆਂ ਭਰ ਵਿੱਚ ਉਨ੍ਹਾਂ ਦੇ ਫੈਨ ਉਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਹਨ।

ਮਾਈਕਲ ਜੈਕਸਨ ਨੇ ਪੰਜ ਸਾਲ ਦੀ ਉਮਰ ਵਿੱਚ ਹੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਸੀ।

ਆਉਣ ਵਾਲੇ ਸਮੇਂ ਵਿੱਚ ਇਹ ਬੱਚਾ ਆਸਮਾਨ ਛੂਹ ਲਵੇਗਾ ਇਹ ਜਾਣਨ ਲਈ ਕਿਸੇ ਵੱਡੇ ਜੋਯਤਿਸ਼ ਦੀ ਲੋੜ ਨਹੀਂ ਸੀ।

ਮਾਈਕਲ ਜੈਕਸਨ ਇੱਕ ਅਜਿਹੀ ਲਕੀਰ ਬਣ ਗਏ ਸਨ ਜਿਹੜੀ ਸਿੱਧੀ ਆਸਮਾਨ ਤੱਕ ਜਾਂਦੀ ਸੀ। ਤਾਂ ਲਾਸ ਐਂਜੇਲੇਸ ਦੇ ਹਸਪਤਾਲ ਵਿੱਚ ਪੋਸਮਾਰਟਮ ਦੇ ਟੇਬਲ 'ਤੇ ਇਹ ਲਕੀਰ ਇਸ ਤਰ੍ਹਾਂ ਬਿਖ਼ਰ ਕਿਵੇਂ ਗਈ। ਰਿਪੋਰਟਾਂ ਵਿੱਚ ਕਿਹਾ ਗਿਆ ਮਰਨ ਸਮੇਂ ਮਾਈਕਲ ਜੈਕਸਨ ਦਾ ਭਾਰ 50 ਕਿੱਲੋ ਤੋਂ ਵੀ ਘੱਟ ਸੀ।

ਸਿਰ 'ਤੇ ਬਹੁਤ ਹੀ ਘੱਟ ਵਾਲ ਬਚੇ ਸਨ, ਨੱਕ ਅੰਦਰੋਂ ਟੁੱਟ ਚੁੱਕੀ ਸੀ, ਢਿੱਡ 'ਚ ਅਨਾਜ ਦਾ ਇੱਕ ਵੀ ਦਾਣਾ ਨਹੀਂ, ਸਿਰਫ਼ ਦਰਦ ਨਾਸ਼ਕ ਗੋਲੀਆਂ ਸਨ। ਪੱਟਾਂ ਅਤੇ ਬਾਹਾਂ 'ਤੇ ਸਾਲਾਂ ਤੋਂ ਲਗਾਏ ਗਏ ਟੀਕਿਆਂ ਦੇ ਨਿਸ਼ਾਨ ਸੀ।

ਛਾਤੀ 'ਤੇ ਦੋ ਸੂਈਆਂ ਦੇ ਜ਼ਖਮ ਜਿਹੜੇ ਡਾਕਟਰਾਂ ਨੇ ਉਨ੍ਹਾਂ ਦੇ ਦਿਲ ਨੂੰ ਮੁੜ ਜ਼ਿੰਦਾ ਕਰਨ ਲਈ ਲਗਾਈਆਂ ਸੀ। ਇਹ ਉਸ ਲਕੀਰ ਦੀ ਆਖ਼ਰੀ ਤਸਵੀਰ ਸੀ ਜਿਸ ਨੇ ਅਰਸ਼ 'ਤੇ ਆਸ਼ੀਆਨਾ ਬਣਾਉਣ ਦੀ ਠਾਣ ਲਈ ਸੀ।

ਖ਼ੁਦ ਨਾਲ ਨਾਰਾਜ਼ਗੀ

ਇੱਕ ਕਲਾਕਾਰ ਜਿਸਦਾ ਪਹਿਲਾ ਮਿਊਜ਼ਿਕ ਐਲਬਮ 11 ਸਾਲ ਦੀ ਉਮਰ ਤੋਂ ਪਹਿਲਾ ਆ ਜਾਂਦਾ ਹੈ, 14 ਸਾਲ ਦੀ ਉਮਰ ਤੱਕ ਜਿਹੜਾ ਸਟਾਰ ਬਣ ਚੁੱਕਿਆ ਹੋਵੇ ਅਤੇ 25 ਸਾਲ ਦੀ ਉਮਰ ਵਿੱਚ ਪੌਪ ਮਿਊਜ਼ਕ ਦੀ ਦੁਨੀਆਂ ਦਾ ਸਭ ਤੋਂ ਵੱਡਾ ਸੁਪਰ ਸਟਾਰ ਕਹਾਵੇ, ਗ਼ਰੀਬ ਦੇਸਾਂ ਦੀ ਮਦਦ ਲਈ ਸਭ ਤੋਂ ਵੱਧ ਚੈਰਿਟੀ ਸ਼ੋਅ ਕਰਨ ਦਾ ਸਿਹਰਾ ਜਿਸਦੇ ਸਿਰ ਗਿਆ ਹੋਵੇ, ਦੁਨੀਆਂ ਵਿੱਚ ਕਰੋੜਾਂ ਲੋਕ ਜਿਸ ਦੇ ਦੀਵਾਨੇ ਹੋਣ, ਉਸਦੀ ਇੱਕ ਝਲਕ ਲਈ ਤਰਸਦੇ ਹੋਣ, ਉਹ ਆਪਣੇ ਆਪ ਤੋਂ, ਆਪਣੇ ਸਰੀਰ ਤੋਂ ਆਪਣੇ ਰੰਗ-ਰੂਪ ਤੋਂ ਐਨਾ ਨਾ ਖੁਸ਼ ਕਿਵੇਂ ਹੋ ਸਕਦਾ ਹੈ।

ਐਨਾ ਨਾਖੁਸ਼ ਕਿ ਉਸ ਨੇ ਕਈ ਵਾਰ ਕਾਸਮੈਟਿਕ ਸਰਜਰੀ ਨਾਲ ਆਪਣੇ ਨੱਕ ਦਾ ਆਕਾਰ ਬਦਲਵਾ ਲਿਆ ਹੋਵੇ, ਆਪਣੇ ਜਬੜੇ ਦਾ ਆਕਾਰ ਬਦਲਵਾ ਲਿਆ ਹੋਵੇ, ਇਹ ਜਾਣਦੇ ਹੋਏ ਕਿ ਇਹ ਸਭ ਕਿੰਨਾ ਖ਼ਤਰਨਾਕ ਹੋ ਸਕਦਾ ਹੈ ਤੇ ਹੋਇਆ ਵੀ।

24 ਸਾਲਾਂ 'ਚ ਮਾਈਕਲ ਜੈਕਸਨ ਦਾ ਚਿਹਰਾ ਐਨਾ ਬਦਲ ਗਿਆ ਸੀ ਕਿ ਪਛਾਣਨਾ ਮੁਸ਼ਕਿਲ ਹੋ ਗਿਆ ਸੀ।

ਪਰ ਉਹ ਜਿੰਨਾ ਬਦਲਦੇ ਗਏ, ਅੰਦਰੋ ਓਨਾ ਹੀ ਟੁੱਟਦੇ ਗਏ। ਮਾਈਕਲ ਜੈਕਸਨ ਦਾ ਚਿਹਰਾ ਉਨ੍ਹਾਂ ਦੇ ਸੰਗੀਤ ਤੋਂ ਘੱਟ ਸੁਰਖ਼ੀਆਂ ਵਿੱਚ ਨਹੀਂ ਰਿਹਾ।

ਕਿਸ ਤਰ੍ਹਾਂ ਦੇ ਚਿਹਰੇ, ਕਿਸ ਤਰ੍ਹਾਂ ਦੇ ਸਰੀਰ ਦੀ ਤਲਾਸ਼ ਸੀ ਮਾਈਕਲ ਜੈਕਸਨ ਨੂੰ। ਤਿੱਖਾ ਨੱਕ, ਚੌੜੀ ਠੋਡੀ ਜਾਂ ਗੋਲ... ਬਦਾਮ ਵਰਗੀਆਂ ਅੱਖਾਂ ਜਾਂ ਤਿਰਛੀਆਂ ਕਟਾਰ ਵਰਗੀਆਂ। ਕਿਸ ਤਰ੍ਹਾਂ ਦੇ ਬੁੱਲ, ਸ਼ਾਇਦ ਅਜਿਹੇ ਜਿਸ ਵਿੱਚ ਪੁਰਸ਼ ਅਤੇ ਔਰਤ ਦੋਵਾਂ ਦੇ ਗੁਣ ਮੌਜੂਦ ਹੋਣ।

ਸ਼ਾਇਦ ਇੱਕ ਅਜਿਹਾ ਚਿਹਰਾ, ਇੱਕ ਅਜਿਹਾ ਸਰੀਰ ਜਿਹੜਾ ਮਨੁੱਖ ਦਾ ਹੋ ਕੇ ਵੀ ਇਸ ਦੁਨੀਆਂ ਦਾ ਨਾ ਲੱਗੇ। ਜਿਵੇਂ ਕਿ ਦੂਜੀ ਦੁਨੀਆਂ ਤੋਂ ਆਏ ਇੱਕ ਜੀਵ ਦੀ ਤਸਵੀਰ ਬਣਨਾ ਚਾਹੁੰਦੇ ਸੀ। ਜਿਸਦੇ ਸੋਹਣੇਪਨ ਦੀ ਪਰਿਭਾਸ਼ਾ ਉਹ ਖ਼ੁਦ ਹੋਣ। ਸਭ ਤੋਂ ਵੱਖਰੇ, ਸਭ ਤੋਂ ਅਨੋਖੇ।

ਕਈ ਲੋਕ ਮਾਈਕਲ ਜੈਕਸਨ ਨੂੰ ਦੇਖ ਕੇ ਕਹਿੰਦੇ ਸੀ, ਇੱਕ ਕਾਲੇ ਮਰਦ ਦਾ ਗੋਰੀ ਔਰਤ ਵਿੱਚ ਤਬਦੀਲ ਹੋਣਾ ਸਿਰਫ਼ ਅਮਰੀਕਾ ਵਿੱਚ ਹੀ ਮੁਮਕਿਨ ਹੈ।

ਅਮਰ ਆਵਾਜ਼

ਰੂਪ ਹੀ ਨਹੀਂ, ਆਵਾਜ਼ ਵੀ। ਉਹ ਹਮੇਸ਼ਾ ਇੱਕ ਅਜਿਹੀ ਆਵਾਜ਼ ਵਿੱਚ ਗਾਉਂਦੇ ਜਿਹੜੀਆਂ ਨਾ ਬੱਚਿਆਂ ਵਰਗੀ ਸੀ ਨਾ ਵੱਡਿਆਂ ਵਰਗੀ। ਜਿਵੇਂ ਆਵਾਜ਼ ਨੂੰ ਉਮਰ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ।

ਜਿੱਥੇ ਉਹ ਰਹਿੰਦੇ ਸੀ, ਕਈ ਵਰਗ ਕਿੱਲੋਮੀਟਰ ਵਿੱਚ ਫੈਲਿਆ ਮਕਾਨ ਸੀ। ਅਮਰੀਕਾ ਵਿੱਚ ਉਸ ਨੂੰ ਰਾਂਚ ਕਹਿੰਦੇ ਸੀ।

ਉਸਦਾ ਨਾਮ ਉਨ੍ਹਾਂ ਨੇ ਨੇਵਰਲੈਂਡ ਰੱਖਿਆ ਸੀ। ਉਹ ਜ਼ਮੀਨ ਜਿਹੜੀ ਕਿਤੇ ਨਾ ਹੋਵੇ, ਕਦੇ ਨਾ ਹੋਵੇ। ਉਨ੍ਹਾਂ ਦੇ ਡਾਂਸ ਨੂੰ ਲੋਕ ਮੂਨਵਾਕ ਕਹਿੰਦੇ ਸੀ।

ਮਾਈਕਲ ਜੈਕਸਨ ਦਾ ਸਫ਼ਰ

ਮਾਈਕਲ ਜੈਕਸਨ ਨੇ ਬਚਪਨ ਵਿੱਚ ਹੀ ਆਪਣੇ ਭਰਾਵਾਂ ਨਾਲ ਪੌਪ ਮਿਊਜ਼ਿਕ ਦੀ ਦੁਨੀਆਂ ਵਿੱਚ ਕਦਮ ਰੱਖਿਆ।

80 ਦੇ ਦਹਾਕੇ ਵਿੱਚ ਮੇਗਾ ਹਿੱਟ 'ਥ੍ਰਿਲਰ' ਤੋਂ ਬਾਅਦ ਮਾਈਕਲ ਜੈਕਸਨ ਪੌਪ ਸੰਗੀਤ ਦੀ ਦੁਨੀਆਂ ਵਿੱਚ ਛਾ ਗਏ।

ਮਸ਼ਹੂਰ ਹੋਣ ਦੇ ਨਾਲ-ਨਾਲ ਮੈਗਜ਼ੀਨਾਂ ਵਿੱਚ ਉਨ੍ਹਾਂ ਦੀ ਪਲਾਸਟਿਕ ਸਰਜਰੀ ਅਤੇ ਸਕਿੱਨ ਬਲੀਚਿੰਗ ਕਰਵਾਉਣ ਵਰਗੀਆਂ ਖ਼ਬਰਾਂ ਵੀ ਛਾਈਆਂ ਰਹੀਆਂ।

ਕਰੀਅਰ ਦੇ ਦੂਜੇ ਪੜਾਅ ਵਿੱਚ ਜੈਕਸਨ 'ਤੇ ਬਾਲ ਸ਼ੋਸ਼ਣ ਦੇ ਇਲਜ਼ਾਮ ਵੀ ਲੱਗੇ। ਬਾਅਦ ਦੇ ਸਾਲਾਂ ਵਿੱਚ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਾਏ ਗਏ । ਖ਼ਬਰਾਂ ਸੀ ਕਿ ਉਹ ਸਕਿੱਨ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸੀ।

ਮਾਈਕਲ ਜੈਕਸਨ ਨੇ ਆਪਣੇ ਕਰੀਅਰ ਵਿੱਚ 13 ਗ੍ਰੈਮੀ ਪੁਰਸਕਾਰ ਹਾਸਲ ਕੀਤੇ। ਕਿੰਗ ਆਫ਼ ਪੌਪ ਕਹੇ ਜਾਣ ਵਾਲੇ ਜੈਕਸਨ ਦੀ 25 ਮਈ, 2009 ਨੂੰ ਮੌਤ ਹੋ ਗਈ।

(ਇਹ ਕਹਾਣੀ ਬੀਬੀਸੀ ਵੱਲੋਂ 13 ਜੁਲਾਈ 2009 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)