'ਆਤਮ ਵਿਸ਼ਵਾਸ ਨਾਲ ਭਰੀਆਂ ਔਰਤਾਂ ਸੋਸ਼ਣ ਵੱਲ ਖਿੱਚਦੀਆਂ ਹਨ'

ਤਸਵੀਰ ਸਰੋਤ, SIphotography/Getty Images
- ਲੇਖਕ, ਐਨਾਬੇਲ ਰੈਕਹੈਮ
- ਰੋਲ, ਐੱਨਟਰਟੇਨਮੈਂਟ ਪੱਤਰਕਾਰ
ਕੀ ਕਦੇ ਕਿਸੇ ਕਿਤਾਬ ਨੇ ਤੁਹਾਨੂੰ ਆਪਣੇ ਰਿਸ਼ਤਿਆਂ ਬਾਰੇ ਮੁੜ ਸੋਚਣ 'ਤੇ ਮਜਬੂਰ ਕੀਤਾ ਹੈ ? ਕਿਤਾਬ 'ਹਾਓ ਡੁ ਯੂ ਲਾਇਕ ਮੀ ਨਾਓ?' ਡੇਟਿੰਗ ਅਤੇ ਦੋਸਤੀ ਦਾ ਨਵਾਂ ਨਜ਼ਰੀਆ ਪੇਸ਼ ਕਰਦੀ ਹੈ।
ਲੇਖਕ ਹੌਲੀ ਬੋਰਨ ਦੀ ਇਹ ਕਿਤਾਬ ਇੱਕ ਜਵਾਨ ਔਰਤ ਦੀਆਂ ਭਾਵਨਾਵਾਂ ਨੂੰ ਟਟੋਲਦੀ ਹੈ।
ਉਸ ਸਮੇਂ ਦੀ ਗੱਲ ਕਰਦੀ ਹੈ ਜਦੋਂ ਤੁਹਾਨੂੰ ਹਰ ਚੀਜ਼ ਪਰਫੈਕਟ ਚਾਹੀਦੀ ਹੁੰਦੀ ਹੈ, ਬੈਸਟ ਬੌਏਫਰੈਂਡ, ਬੈਸਟ ਕਰੀਅਰ ਅਤੇ ਬੈਸਟ ਦੋਸਤ ਅਤੇ ਇਹ ਸਭ ਕੁਝ ਸੋਸ਼ਲ ਮੀਡੀਆ 'ਤੇ ਬੇਹੱਦ ਖੁਬਸੂਰਤੀ ਨਾਲ ਜ਼ਾਹਿਰ ਹੋਣਾ ਚਾਹੀਦਾ ਹੈ।
ਇਹ ਨਾਵਲ ਇੱਕ ਕਾਮਯਾਬ ਸੈਲਫ-ਹੈਲਪ ਲੇਖਕ ਟੋਰੀ ਬੇਲੀ 'ਤੇ ਹੀ ਆਧਾਰਿਤ ਹੈ ਜੋ ਅਕਸਰ ਆਪਣੇ ਦੋਸਤਾਂ ਨਾਲ ਮੁਕਾਬਲਾ ਕਰਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਖੁਸ਼ ਅਤੇ ਕਾਮਯਾਬ ਦਿੱਸਣਾ ਚਾਹੁੰਦੀ ਹੈ।
ਪਰ ਇਸ ਸਭ ਦੇ ਨਾਲ ਉਸਦਾ ਇੱਕ ਲੌਂਗ ਟਰਮ ਰਿਲੇਸ਼ਨਸ਼ਿੱਪ ਹੈ ਜੋ ਪਿਛਲੇ ਨੌਂ ਮਹੀਨਿਆਂ ਤੋਂ ਮੁੱਕਣ ਦੀ ਕਗਾਰ 'ਤੇ ਹੈ।
ਬੋਰਨ ਨੇ ਕਿਹਾ, ''ਹਰ ਮਹੀਨੇ ਮੈਂ ਉਸਦਾ ਸਬਰ ਵੇਖ ਰਹੀ ਸੀ। ਇਸ ਮਹੀਨੇ ਵੀ ਉਸਨੇ ਉਸਨੂੰ ਨਹੀਂ ਛੱਡਿਆ।''
''ਮੈਂ ਜਾਣਨਾ ਚਾਹੁੰਦੀ ਸੀ ਕਿ ਕਿਹੜੇ ਕਾਰਣਾਂ ਕਰਕੇ ਇੱਕ ਔਰਤ ਉਹ ਰਿਸ਼ਤਾ ਨਹੀਂ ਛੱਡ ਰਹੀ ਜੋ ਉਸਨੂੰ ਸਿਰਫ ਦੁੱਖ ਦੇ ਰਿਹਾ ਹੈ।ਅਕਸਰ ਮਜ਼ਬੂਤ ਅਤੇ ਕਾਨਫੀਡੈਂਟ ਔਰਤਾਂ ਸੋਸ਼ਣ ਵੱਲ ਨੂੰ ਖਿੱਚਦੀਆਂ ਹਨ।''

ਤਸਵੀਰ ਸਰੋਤ, HODDER & STOUGHTON
ਕਿਤਾਬ ਲਿਖਣ ਤੋਂ ਪਹਿਲਾਂ ਬੋਰਨ ਨੇ ਕਾਫੀ ਰਿਸਰਚ ਕੀਤੀ ਸੀ। ਉਨ੍ਹਾਂ ਕਿਹਾ, ''ਅਸੀਂ ਹਾਲੇ ਵੀ ਸੋਚਦੇ ਹਾਂ ਕਿ ਮਰਦ ਤੋਂ ਬਿਨਾਂ ਔਰਤ ਕੁਝ ਨਹੀਂ ਹੈ, ਮੈਂ ਚਾਹੁੰਦੀ ਸੀ ਕਿ ਮੇਰੀ ਕਿਤਾਬ ਇਸ ਪੱਖ ਨੂੰ ਵੀ ਵੇਖੇ।''
ਬੋਰਨ ਇਹ ਵੀ ਵੇਖਣਾ ਚਾਹੁੰਦੀ ਸੀ ਕਿ ਨਾਰੀਵਾਦ ਕੁੜੀਆਂ ਦੀ ਦੋਸਤੀ ਵਿੱਚ ਕਿਵੇਂ ਕੰਮ ਕਰਦਾ ਹੈ। ਉਸਨੂੰ ਪਤਾ ਲੱਗਿਆ ਕਿ ਦੋਸਤੀ ਅਤੇ ਅਪਨੇਪਣ ਤੋਂ ਵੱਧ ਉਨ੍ਹਾਂ ਵਿੱਚ ਮੁਕਾਬਲਾ ਸੀ।
ਉਨ੍ਹਾਂ ਕਿਹਾ, ''ਔਰਤਾਂ ਨੂੰ ਲੱਗਦਾ ਹੈ ਕਿ ਕਿਸੇ ਵੀ ਪ੍ਰੋਫੈਸ਼ਨ ਵਿੱਚ ਕਾਮਯਾਬੀ ਸੀਮਤ ਹੈ ਅਤੇ ਅੱਗੇ ਵਧਣ ਲਈ ਦੂਜੀਆਂ ਔਰਤਾਂ ਨੂੰ ਪਛਾੜਨਾ ਹੋਵੇਗਾ।''
''ਸਮਾਜ ਵਿੱਚ ਔਰਤਾਂ ਨੂੰ ਇੱਕ ਦੂਜੇ ਨਾਲ ਮੁਕਾਬਲਾ ਕਰਨਾ ਹੀ ਸਿਖਾਇਆ ਜਾਂਦਾ ਹੈ। ਜੇ ਤੁਸੀਂ ਇੱਕ ਦੂਜੇ ਦਾ ਸਾਥ ਦੇ ਸਕੋ ਅਤੇ ਇੱਕ ਦੂਜੇ ਨੂੰ ਥੱਲੇ ਨਾ ਡਿਗਾਓ ਤਾਂ ਉਸ ਤੋਂ ਬਿਹਤਰ ਕੀ ਹੋ ਸਕਦਾ ਹੈ, ਪਰ ਇਹ ਬਹੁਤ ਔਖਾ ਹੈ।''

ਤਸਵੀਰ ਸਰੋਤ, HODDER & STOUGHTON
ਸੋਸ਼ਲ ਮੀਡੀਆ ਦਾ ਦਬਾਅ
ਬੋਰਨ ਮੁਤਾਬਕ ਸੋਸ਼ਲ ਮੀਡੀਆ ਕਰਕੇ ਇਹ ਮੁਕਾਬਲਾ ਹੋਰ ਵੀ ਵਧ ਗਿਆ ਹੈ ਕਿਉਂਕਿ ਇਹ ਔਰਤਾਂ 'ਤੇ ਕੁਝ ਸਾਲਾਂ ਦੀ ਉਮਰ ਤੱਕ ਕਾਮਯਾਬ ਹੋਣ ਦਾ ਦਬਾਅ ਪਾਉਂਦਾ ਹੈ।
ਬੋਰਨ ਨੇ ਕਿਹਾ, ''ਪਹਿਲਾਂ ਤੁਹਾਨੂੰ ਪਤਾ ਨਹੀਂ ਲੱਗਦਾ ਸੀ ਕਿ ਤੁਹਾਡੇ ਨਾਲ ਪੜ੍ਹਣ ਵਾਲੀ ਕੁੜੀ ਜਿਸ ਨੂੰ ਤੁਸੀਂ ਬਿਲਕੁਲ ਵੀ ਪਸੰਦ ਨਹੀਂ ਕਰਦੇ, ਉਹ ਹੁਣ ਜ਼ਿੰਦਗੀ ਵਿੱਚ ਅੱਗੇ ਵਧ ਗਈ ਹੈ ਪਰ ਹੁਣ ਤੁਹਾਨੂੰ ਹਰ ਰੋਜ਼ ਉਸਦੀ ਜਾਣਕਾਰੀ ਮਿਲਦੀ ਹੈ।''
''ਸੋਸ਼ਲ ਮੀਡੀਆ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਹੈ ਅਤੇ ਸਾਡੀ ਸੋਚ, ਭਾਵਨਾਵਾਂ ਅਤੇ ਵਤੀਰੇ ਨੂੰ ਬਦਲ ਰਿਹਾ ਹੈ।''
ਉਨ੍ਹਾਂ ਅੱਗੇ ਕਿਹਾ, ''ਅੱਜ ਦੇ ਨੌਜਵਾਨ 24 ਘੰਟੇ ਸੋਸ਼ਲ ਮੀਡੀਆ ਵਿੱਚ ਡੁੱਬੇ ਰਹਿੰਦੇ ਹਨ। ਉਨ੍ਹਾਂ 'ਤੇ ਤਰਸ ਆਉਂਦਾ ਹੈ।''
ਬੋਰਨ ਨੌਜਵਾਨਾਂ ਤੱਕ ਮਾਨਸਿਕ ਸਿਹਤ ਦੀ ਅਹਿਮੀਅਤ ਵੀ ਪਹੁੰਚਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ, ''ਮੇਰੀਆਂ ਕਿਤਾਬਾਂ ਵਿੱਚ ਬਹੁਤ ਥੈਰੇਪਿਸਟਸ ਹਨ ਕਿਉਂਕਿ ਮੈਂ ਨੌਜਵਾਨਾਂ ਨੂੰ ਕੌਂਸਲਿੰਗ ਦੀ ਅਹਿਮੀਅਤ ਦੱਸਣਾ ਚਾਹੁੰਦੀ ਹਾਂ।''
''ਮੈਂ ਸੋਚਦੀ ਹਾਂ ਕਿ 25 ਸਾਲ ਦੀ ਉਮਰ ਤੱਕ ਘੱਟੋ-ਘੱਟ 12 ਵਾਰ ਤਾਂ ਹਰ ਕਿਸੇ ਦੀ ਕੌਂਸਲਿੰਗ ਹੋਣੀ ਹੀ ਚਾਹੀਦੀ ਹੈ ਜਿਸ ਨਾਲ ਪਤਾ ਲੱਗੇ ਕਿ ਅਸੀਂ ਜੋ ਕਰ ਰਹੇ ਹਾਂ ਕਿਉਂ ਕਰ ਰਹੇ ਹਾਂ। ਇਸ ਨਾਲ ਕਾਫੀ ਫਰਕ ਪਵੇਗਾ।''
''ਮੈਂ ਕੋਸ਼ਿਸ਼ ਕਰਦੀ ਹਾਂ ਕਿ ਲੋਕਾਂ ਨੂੰ ਨਾ ਦੱਸਾਂ ਕਿ ਉਹ ਕੀ ਸੋਚਣ, ਕਿਹੋ ਜਿਹਾ ਮਹਿਸੂਸ ਕਰਨ ਅਤੇ ਕਿਸ 'ਤੇ ਵਿਸ਼ਵਾਸ ਕਰਨ।''
''ਇਸਲਈ ਅਜਿਹੀ ਕਹਾਣੀਆਂ ਲਿਖਦੀਆਂ ਹਨ ਜਿਸ ਨੂੰ ਪੜ੍ਹਕੇ ਉਹ ਖੁਦ ਤੋਂ ਸਹੀ ਸਵਾਲ ਪੁੱਛ ਸਕਣ।''












