ਉਲਝ ਕੇ ਰਹਿ ਗਿਆ G-7 ਸੰਮੇਲਨ, ਡੌਨਲਡ ਟਰੰਪ ਨੇ ਸਾਂਝੇ ਬਿਆਨ ਤੋਂ ਕੀਤਾ ਕਿਨਾਰਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੈਨੇਡਾ ਵਿੱਚ ਜੀ-7 ਸੰਮੇਲਨ ਦੇ ਸਾਂਝੇ ਬਿਆਨ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

ਟਰੰਪ ਨੇ ਕੈਨੇਡਾ 'ਤੇ 'ਬੇਈਮਾਨੀ' ਦਾ ਇਲਜ਼ਾਮ ਲਾਇਆ। ਟਰੰਪ ਨੇ ਕਿਹਾ ਕਿ ਦੂਜੇ ਦੇਸ ਅਮਰੀਕਾ 'ਤੇ 'ਭਾਰੀ ਟੈਰਿਫ਼' ਲਾ ਰਹੇ ਹਨ। ਅਮਰੀਕਾ ਵੱਲੋਂ ਅਲਮੀਨੀਅਮ ਅਤੇ ਸਟੀਲ ਦੀ ਦਰਾਮਦ 'ਤੇ ਟੈਕਸ ਲਾਏ ਜਾਣ ਦੇ ਬਾਵਜੂਦ ਸਾਂਝੀ ਬੈठਕ ਵਿੱਚ 'ਨਿਯਮ ਆਧਾਰਿਤ ਵਪਾਰ ਸਿਸਟਮ' 'ਤੇ ਜ਼ੋਰ ਦਿੱਤਾ ਗਿਆ ਹੈ।

ਇਸ ਵਿਚਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੇ ਨੇ ਕਿਹਾ ਕਿ ਇੱਕ ਜੁਲਾਈ ਤੋਂ ਉਹ ਅਮਰੀਕਾ ਦੇ ਦਰਾਮਦ ਟੈਕਸ ਦੇ ਜਵਾਬ ਵਿੱਚ ਟੈਰਿਫ਼ ਦਾ ਐਲਾਨ ਕਰਣਗੇ।

ਟਰੂਡੋ ਨੇ ਕਿਹਾ, ''ਕੈਨੇਡਾ ਦੇ ਲੋਕ ਸੰਸਕਾਰੀ ਅਤੇ ਜ਼ਿੰਮੇਵਾਰ ਹੁੰਦੇ ਹਨ ਪਰ ਤੁਸੀਂ ਉਨ੍ਹਾਂ ਨੂੰ ਚਾਰੋਂ ਪਾਸਿਆਂ ਤੋਂ ਪਰੇਸ਼ਾਨ ਨਹੀਂ ਕਰ ਸਕਦੇ।''

ਟਰੂਡੋ ਦੇ ਜਵਾਬ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਗਲਤ ਬਿਆਨ ਦਿੱਤਾ ਹੈ।

ਟਰੰਪ ਨੇ ਕਿਹਾ ਕਿ ਅਮਰੀਕਾ ਜੀ-7 ਦੀ ਸਾਂਝੇ ਸੰਮੇਲਨ ਵਿੱਚ ਸ਼ਾਮਿਲ ਨਹੀਂ ਹੋਵੇਗਾ।

ਟਰੰਪ ਨੇ ਕਿਹਾ ਕਿ ਕੈਨੇਡਾ ਉਨ੍ਹਾਂ ਦੇ ਕਿਸਾਨਾਂ, ਕਾਮਗਾਰਾਂ ਅਤੇ ਕੰਪਨੀਆਂ 'ਤੇ ਭਾਰੀ ਟੈਕਸ ਲਾ ਰਿਹਾ ਹੈ। ਟਰੰਪ ਨੇ ਆਟੋਮੋਬਾਈਲ 'ਤੇ ਵੀ ਦਰਾਮਦ ਟੈਕਸ ਲਾਉਣ ਦੀ ਚੇਤਾਵਨੀ ਦਿੱਤੀ।

ਵਪਾਰਕ ਵਖਰੇਵਿਆਂ ਦੇ ਬਾਵਜੂਦ ਵੀ ਜੀ-7 ਦੇਸਾਂ ਵੱਲੋਂ ਸਾਂਝੇ ਬਿਆਨ ਉੱਤੇ ਹਸਤਾਖਰ ਕਰਨ ਲਈ ਪਹਿਲਾਂ ਟਰੰਪ ਤਿਆਰ ਹੋ ਗਏ ਸਨ।

G7 ਕੀ ਹੈ?

  • G7 ਸਾਲਾਨਾ ਸਮਿਟ ਹੈ ਜਿਸ ਵਿੱਚ ਕੈਨੇਡਾ, ਅਮਰੀਕਾ, ਯੂਕੇ, ਫਰਾਂਸ, ਇਟਲੀ, ਜਪਾਨ ਅਤੇ ਜਰਮਨੀ ਮੈਂਬਰ ਹਨ।
  • ਇਹ ਦੇਸ ਦੁਨੀਆਂ ਦੀ 60 ਫੀਸਦੀ ਤੋਂ ਵੱਧ ਆਰਥਿਕਤਾਂ ਦੀ ਨੁਮਾਇੰਦਗੀ ਕਰਦੇ ਹਨ।
  • ਇਸ ਦੌਰਾਨ ਵਿੱਤੀ ਮੁੱਦੇ ਹੀ ਅਕਸਰ ਏਜੰਡੇ 'ਤੇ ਰਹਿੰਦੇ ਹਨ ਪਰ ਹੁਣ ਦੁਨੀਆਂ ਦੇ ਕਈ ਮੁੱਦਿਆਂ 'ਤੇ ਗੱਲਬਾਤ ਹੋਣ ਲੱਗੀ ਹੈ।
  • ਰੂਸ ਨੂੰ 2014 ਵਿੱਚ ਜੀ-7 ਗਰੁੱਪ ਵਿੱਚੋਂ ਬਾਹਰ ਕੱਢ ਦਿੱਤਾ ਸੀ ਕਿਉਂਕਿ ਕਰਾਈਮੀਆ ਨੂੰ ਯੂਕਰੇਨ ਦੇ ਕਬਜ਼ੇ ਵਿੱਚੋਂ ਲੈ ਲਿਆ ਸੀ।

ਸਾਂਝੇ ਬਿਆਨ ਵਿੱਚ ਕੀ ਕਿਹਾ ਗਿਆ ਸੀ?

ਕਿਉਬੇਕ ਵਿੱਚ ਹੋਈ ਜੀ-7 ਦੀ ਬੈਠਕ ਦੌਰਾਨ ਰੂਸ ਨਾਲ ਰਿਸ਼ਤਿਆਂ 'ਤੇ ਵੀ ਗੱਲਬਾਤ ਹੋਈ।

ਸਾਂਝੇ ਬਿਆਨ ਵਿੱਚ ਵੱਡੇ ਸਨਅਤੀ ਮੁਲਕ ਕੈਨੇਡਾ, ਅਮਰੀਕਾ, ਯੂਕੇ, ਫਰਾਂਸ, ਇਟਲੀ, ਜਪਾਨ ਅਤੇ ਜਰਮਨੀ ਨੇ ਆਜ਼ਾਦੀ, ਨਿਰਪੱਖ ਅਤੇ ਆਪਸੀ ਮੇਲਜੋਲ ਨਾਲ ਵਪਾਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ, "ਅਸੀਂ ਟੈਰਿਫ਼ ਅਤੇ ਸਬਸਿਡੀ ਘਟਾਉਣ ਦੀ ਕੋਸ਼ਿਸ਼ ਕਰਾਂਗੇ।"

ਹੋਰ ਕਿਹੜੇ ਸਮਝੌਤੇ ਹੋਏ?

  • ਰੂਸ: ਇੱਕ ਸਾਂਝੀ ਮੰਗ ਹੈ ਕਿ ਮਾਸਕੋ 'ਆਪਣਾ ਡਾਂਵਾਡੋਲ ਵਤੀਰਾ ਛੱਡੇ'। ਆਗੂਆਂ ਨੇ ਕਰੇਮਲਿਨ ਨੂੰ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਸਾਥ ਛੱਡਣ ਦੀ ਅਪੀਲ ਕੀਤੀ।
  • ਈਰਾਨ: ਇਹ ਯਕੀਨੀ ਬਣਾਉਣਾ ਕਿ ਤਹਿਰਾਨ ਦਾ ਪਰਮਾਣੂ ਪ੍ਰੋਗਰਾਮ ਸ਼ਾਂਤ ਰਹੇ। ਗਰੁੱਪ ਨੇ ਕਿਹਾ ਕਿ ਉਹ ਵਚਨਬੱਧ ਹਨ ਕਿ ਇਰਾਨ ਕਦੇ ਵੀ ਪਰਮਾਣੂ ਹਥਿਆਰ ਦੀ ਮੰਗ ਨਾ ਕਰੇਗਾ ਅਤੇ ਨਾ ਹੀ ਕਦੇ ਬਣਾਏਗਾ।
  • ਵਾਤਾਵਰਨ: ਟਰੰਪ ਨੇ ਕਿਹਾ ਕਿ ਨਵੀਂ ਡੀਲ ਹੋਣ ਦੀ ਉਮੀਦ ਵਿੱਚ ਉਹ ਪਿਛਲੀ ਜੂਨ ਵਿੱਚ ਹੀ ਸਮਝੌਤੇ ਤੋਂ ਪੈਰ ਪਿੱਛੇ ਖਿੱਚਣ ਲੱਗੇ ਸੀ। ਇਸ ਤੋਂ ਬਾਅਦ ਅਮਰੀਕਾ ਨੇ ਪੈਰਿਸ ਵਾਤਾਰਨ ਬਦਲਾਅ ਸਮਝੌਤੇ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)