ਇੰਗਲੈਂਡ 'ਚ ਦਾੜ੍ਹੀ ਵਾਲੇ ਵੀ ਕਰ ਸਕਣਗੇ ਅਮੈਚਿਓਰ ਮੁੱਕੇਬਾਜ਼ੀ

ਇੰਗਲੈਂਡ ਵਿੱਚ ਐਮੇਚਿਓਰ ਬਾਕਸਿੰਗ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਇੰਗਲੈਂਡ ਬਾਕਸਿੰਗ ਨੇ ਦਾੜ੍ਹੀ ਵਾਲੇ ਬਾਕਸਰਾਂ ਤੋਂ ਦਾੜੀ ਹਟਾਉਣ ਦੀ ਸ਼ਰਤ 1 ਜੂਨ ਤੋਂ ਹਟਾ ਲਈ ਹੈ।

ਇਸ ਤੋਂ ਪਹਿਲਾਂ ਐਮੇਚਿਓਰ ਬਾਕਸਰਾਂ ਨੂੰ ਮੈਚ ਤੋਂ ਪਹਿਲਾਂ ਸ਼ੇਵ ਕਰਨੀ ਜ਼ਰੂਰੀ ਹੁੰਦੀ ਸੀ। ਇਸ ਪਿੱਛੇ ਤਰਕ ਇਹ ਸੀ ਕਿ ਦਾੜ੍ਹੀ ਨਾਲ ਚਿਹਰੇ ਦੀਆਂ ਸੱਟਾਂ ਲੁਕ ਜਾਂਦੀਆਂ ਹਨ।

ਇੰਗਲੈਂਡ ਵਿੱਚ ਸਿੱਖ ਅਤੇ ਮੁਸਲਿਮ ਸੰਗਠਨ ਲੰਮੇ ਸਮੇਂ ਤੋਂ ਇਹ ਸ਼ਰਤ ਹਟਾਉਣ ਲਈ ਸੰਘਰਸ਼ ਕਰ ਰਹੇ ਸਨ।

ਐਮੇਚਿਓਰ ਬਾਕਸਿੰਗ ਵਿੱਚ ਇਹ ਸ਼ਰਤ ਪਿਛਲੇ 100 ਸਾਲਾਂ ਤੋਂ ਚਲੀ ਆ ਰਹੀ ਸੀ।

ਇਸ ਸ਼ਰਤ ਕਰਕੇ ਦਾੜ੍ਹੀ ਨਾ ਕੱਟਣ ਵਾਲੇ ਐਮੇਚਿਓਰ ਖਿਡਾਰੀ ਅਧਿਕਾਰਤ ਟੂਰਨਾਮੈਂਟਾਂ ਵਿੱਚ ਨਹੀਂ ਖੇਡ ਸਕਦੇ ਸਨ ਅਤੇ ਉਨ੍ਹਾਂ ਦਾ ਖੇਡ ਜੀਵਨ ਕਲੱਬਾਂ ਤੱਕ ਹੀ ਸਿਮਟ ਕੇ ਰਹਿ ਜਾਂਦਾ ਸੀ।

ਖਿਡਾਰੀਆਂ ਦੀ ਸ਼ਮੂਲੀਅਤ ਵਧੇਗੀ

ਇਸ ਬਦਲਾਅ ਨਾਲ ਦੇਸ ਵਿੱਚ ਖਿਡਾਰੀਆਂ ਦੀ ਸ਼ਮੂਲੀਅਤ ਵਧੇਗੀ। ਇੰਗਲੈਂਡ ਦੇ ਚੀਫ਼ ਐਗਜ਼ੀਕਿਊਟਿਵ ਗੈਥਿਨ ਜੈਂਕਿਨਸ ਨੇ ਕਿਹਾ, "ਬਾਕਸਿੰਗ ਨੂੰ ਇਸ ਦੀ ਵਿਭਿੰਨਤਾ 'ਤੇ ਮਾਣ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਨਿਯਮ ਨੂੰ ਬਦਲਣ ਨਾਲ ਮੁੱਕੇਬਾਜ਼ੀ 'ਤੇ ਸਕਾਰਾਤਮਕ ਅਸਰ ਪਵੇਗਾ।

ਇੰਗਲੈਂਡ ਦੀ ਪ੍ਰੋਫੈਸ਼ਨਲ ਮੁੱਕੇਬਾਜ਼ੀ ਦੀ ਨਿਗਰਾਨ ਸੰਸਥਾ ਬ੍ਰਿਟਿਸ਼ ਬਾਕਸਿੰਗ ਬੋਰਡ ਆਫ਼ ਕੰਟਰੋਲ ਇਹ ਸ਼ਰਤ ਪਹਿਲਾਂ ਹੀ ਹਟਾ ਚੁੱਕੀ ਹੈ।

ਸੰਸਥਾ ਦੇ ਜਰਨਲ ਸਕੱਤਰ ਰੌਬਰਟ ਸਮਿੱਥ ਨੇ ਕਿਹਾ, "ਅਸੀਂ ਅਜਿਹਾ ਨਿਯਮ ਕਾਫੀ ਦੇਰ ਪਹਿਲਾਂ ਖ਼ਤਮ ਕਰ ਦਿੱਤਾ ਸੀ...ਅਜਿਹਾ ਕਰਨਾ ਤਰਕਸੰਗਤ ਅਤੇ ਸਾਧਾਰਨ ਸੂਝ ਦੀ ਗੱਲ ਸੀ।"

ਇੰਗਲੈਂਡ ਬਾਕਸਿੰਗ ਐਮੇਚਿਓਰ ਬਾਕਸਿੰਗ ਦੀ ਕੌਮਾਂਤਰੀ ਐਸੋਸੀਏਸ਼ਨ ਕੋਲ ਵੀ ਇਹ ਸ਼ਰਤ ਹਟਾਉਣ ਲਈ ਰਾਬਤਾ ਕਰੇਗੀ।

ਕੌਮਾਂਤਰੀ ਪੱਧਰ 'ਤੇ ਕੌਮਾਂਤਰੀ ਓਲੰਪਿਕ ਐਸੋਸੀਏਸ਼ਨ ਵਿੱਚ ਵੀ ਮੁੱਕੇਬਾਜ਼ਾਂ ਦੇ ਦਾੜ੍ਹੀ ਜਾਂ ਮੁੱਛਾਂ ਰੱਖਣ 'ਤੇ ਪਾਬੰਦੀ ਹੈ।

ਧਰਮ ਬਨਾਮ ਬਾਕਸਿੰਗ

ਸਿੱਖੀ ਵਿੱਚ ਕੇਸਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਔਰਤਾਂ ਅਤੇ ਮਰਦਾਂ ਦੋਹਾਂ ਲਈ ਆਪਣੇ ਵਾਲ ਕੱਟਣ ਦੀ ਮਨਾਹੀ ਹੈ।

ਇੰਦੀ ਸਿੰਘ (30) ਜੋ ਕਿ ਸਿੱਖ ਈਥੋਜ਼ ਕੌਮਬੈਟ ਸਪੋਰਟਸ ਆਰਗੇਨਾਈਜ਼ੇਸ਼ਨ ਦੇ ਕੋਚ ਹਨ। ਇਸ ਆਰਗੇਨਾਈਜ਼ੇਸ਼ਨ ਦੇ ਪੂਰੇ ਇੰਗਲੈਂਡ ਵਿੱਚ 11 ਬਾਕਸਿੰਗ ਕਲੱਬ ਹਨ।

ਉਨ੍ਹਾਂ ਨੇ ਪਿਛਲੇ ਸਾਲ ਨਵੰਬਰ ਵਿੱਚ ਇੰਗਲੈਂਡ ਬਾਕਸਿੰਗ ਨਾਲ ਇਸ ਮੁੱਦੇ ਲਈ ਸੰਪਰਕ ਕੀਤਾ ਸੀ।

ਉਨ੍ਹਾਂ ਕਿਹਾ, "ਹੁਣ ਜਦੋਂਕਿ ਇੰਗਲੈਂਡ ਵਿੱਚ ਰਾਹ ਖੁੱਲ੍ਹ ਗਿਆ ਹੈ, ਅਸੀਂ ਭਵਿੱਖ ਦੇ ਸਿੱਖ ਮੁੱਕੇਬਾਜ਼ਾਂ ਨੂੰ ਕੌਮਾਂਤਰੀ ਪੱਧਰ 'ਤੇ ਵੀ ਖੇਡਦੇ ਦੇਖਾਂਗੇ।"

"ਅਸੀਂ ਇਹ ਮੁੱਦਾ ਏਆਈਬੀ ਕੋਲ ਵੀ ਚੁੱਕਾਂਗੇ। ਅਸੀਂ ਆਪਣੀ ਟੀਮ ਵੱਲੋਂ ਇਹ ਮਸਲਾ ਭਾਰਤੀ ਐਮੇਚਿਓਰ ਬਾਕਸਿੰਗ ਐਸੋਸੀਏਸ਼ਨ ਕੋਲ ਵੀ ਚੁੱਕਣ ਦੀ ਯੋਜਨਾ ਬਣਾ ਰਹੇ ਹਾਂ।"

ਕਰਮ ਸਿੰਘ ਇੱਕ ਅਜਿਹੇ ਨੌਜਵਾਨ ਮੁੱਕੇਬਾਜ਼ ਹਨ ਜਿਨ੍ਹਾਂ ਨੂੰ ਇਸ ਸ਼ਰਤ ਦੇ ਹਟਣ ਨਾਲ ਲਾਭ ਪਹੁੰਚੇਗਾ।

ਇਹ 20 ਸਾਲਾ ਖਿਡਾਰੀ ਬਰਤਾਨੀਆ ਅਤੇ ਵਿਸ਼ਵ ਮੁੱਕੇਬਾਜ਼ ਯੂਨੀਅਨ ਦੇ ਸਾਬਕਾ ਚੈਂਪੀਅਨ ਵੇਨ ਇਲਕੋਕ ਦੀ ਅਕੈਡਮੀ ਵਿੱਚ ਮੁੱਕੇਬਾਜ਼ੀ ਦੀ ਸਿਖਲਾਈ ਲੈ ਰਿਹਾ ਹੈ।

"ਮੇਰਾ ਸੁਫ਼ਨਾ ਪੇਸ਼ੇਵਰ ਮੁੱਕੇਬਾਜ਼ ਬਣਨਾ ਹੈ ਅਤੇ ਮੈਂ ਖੁਸ਼ ਹਾਂ ਕਿ ਹੁਣ ਮੈਨੂੰ ਲੋੜੀਂਦਾ ਐਮੇਚਿਓਰ ਅਨੁਭਵ ਵੀ ਮਿਲ ਸਕੇਗਾ।"

"ਮੈਂ ਦਾੜ੍ਹੀ ਨਾਲ ਐਮੇਚਿਓਰ ਮੁੱਕੇਬਾਜ਼ੀ ਕਰਨ ਵਾਲਾ ਪਹਿਲਾ ਸਿੱਖ ਖਿਡਾਰੀ ਹੋਵਾਂਗਾ ਅਤੇ ਸ਼ਾਇਦ ਪੇਸ਼ੇਵਰ ਵੀ। ਮੈਂ ਇੱਕ ਸਕਾਰਾਤਮਕ ਆਦਰਸ਼ ਬਣਨਾ ਚਾਹੁੰਦਾ ਹਾਂ।"

"ਮੈਂ ਜੋ ਵੀ ਹਾਂ ਮੇਰੇ ਧਰਮ ਨੇ ਬਣਾਇਆ ਹੈ ਇਸ ਵਿੱਚ ਬਾਕਸਿੰਗ ਦਾ ਵੀ ਯੋਗਦਾਨ ਹੈ।"

ਹਾਲਾਂਕਿ ਮੁਸਲਮਾਨਾਂ ਲਈ ਦਾੜ੍ਹੀ ਲਾਜ਼ਮੀ ਨਹੀਂ ਪਰ ਪੈਗੰਬਰ ਮੁਹੰਮਦ ਦੇ ਦਾੜ੍ਹੀ ਸੀ। ਇਸ ਲਈ ਕਈ ਮੁਸਲਮਾਨ ਦਾੜ੍ਹੀ ਰੱਖਦੇ ਹਨ।

ਬਾਲਟਨ ਦੀਆਂ ਮਸਜਿਦਾਂ ਦੀ ਕਾਊਂਸਲ ਦੇ ਇਨਾਇਤ ਓਮਰਜੀ ਨੇ ਕਈ ਨੌਜਵਾਨਾਂ ਨੂੰ ਇਸ ਸ਼ਰਤ ਕਰਕੇ ਭਰੇ ਮਨ ਨਾਲ ਖੇਡ ਛੱਡਦਿਆ ਦੇਖਿਆ ਹੈ।

"ਇਹ ਵਧੀਆ ਹੈ ਪਰ ਇਹ ਕਾਫ਼ੀ ਪਹਿਲਾਂ ਹੋ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ, ''ਮੈਂ ਉਨ੍ਹਾਂ ਖਿਡਾਰੀਆਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਦਾੜ੍ਹੀ ਬਨਾਉਣ ਲਈ ਕਿਹਾ ਗਿਆ, ਨਹੀਂ ਤਾਂ ਉਹ ਖੇਡ ਨਾ ਸਕਦੇ। ਉਨ੍ਹਾਂ ਭਰੇ ਮਨ ਨਾਲ ਖੇਡ ਛੱਡ ਦਿੱਤੀ। ਸ਼ੁਕਰ ਹੈ ਹੁਣ ਅਜਿਹਾ ਨਹੀਂ ਹੋਵੇਗਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)