ਅੱਜ ਦੀਆਂ 5 ਪ੍ਰਮੁੱਖ ਖ਼ਬਰਾਂ- ਗੂਗਲ ਵਿੱਚ ਇੱਕ ਕਰੋੜ ਦੀ ਨੌਕਰੀ ਲੈਣ ਵਾਲੇ ਇਸ ਬਿਹਾਰੀ ਨੌਜਵਾਨ ਨੂੰ ਮਿਲੋ

ਆਦਰਸ਼ ਨੂੰ ਗੂਗਲ ਨੇ ਇੱਕ ਕਰੋੜ ਵੀਹ ਲੱਖ ਸਾਲਾਨਾ ਦੀ ਨੌਕਰੀ ਦਿੱਤੀ ਹੈ ਉਹ ਵੀ ਸਾਫਟਵੇਅਰ ਇੰਜੀਨੀਅਰ ਵਜੋਂ।

ਪਟਨਾ ਬਿਹਾਰ ਦੇ ਆਦਰਸ਼ ਨੇ ਆਈਟੀਆਈ ਰੁੜਕੀ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ।

ਉਨ੍ਹਾਂ ਨੇ ਆਪਣੀ ਬਹਰਵੀਂ ਦੀ ਪ੍ਰੀਖਿਆ ਵਿੱਚ ਮੈਥਸ ਅਤੇ ਗਣਿਤ ਵਿੱਚ ਸੌ ਵਿੱਚੋਂ ਸੌ ਅੰਕ ਹਾਸਲ ਕੀਤੇ ਹਨ।

ਹਾਲਾਂਕਿ ਉਨ੍ਹਾਂ ਮਕੈਨਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਪਰ ਉਨ੍ਹਾਂ ਦੀ ਦਿਲਚਸਪੀ ਗਣਿਤ ਵਿੱਚ ਸੀ।

ਇਸ ਲਈ ਉਨ੍ਹਾਂ ਇਸ ਪਾਸੇ ਧਿਆਨ ਲਾਇਆ ਅਤੇ ਦੇਖਿਆ ਕਿ ਸਾਫਟਵੇਅਰ ਪ੍ਰੋਗਰਾਮਿੰਗ ਵਿੱਚ ਗਣਿਤ ਦੀ ਖੂਬ ਵਰਤੋਂ ਹੁੰਦੀ ਹੈ। ਉੱਥੋਂ ਹੀ ਉਨ੍ਹਾਂ ਨੇ ਸਾਫਟਵੇਅਰ ਪ੍ਰੋਗਰਾਮਿੰਗ ਵੱਲ ਜਾਣ ਦੀ ਧਾਰ ਲਈ।

ਕਸ਼ਮੀਰ ਦਾ ਇੱਕ ਹੋਰ 'ਜੀਪ ਕਾਂਡ'

ਸੁਰੱਖਿਆ ਦਸਤਿਆਂ ਦੀ ਜੀਪ ਨਾਲ ਇੱਕ ਕਸ਼ਮੀਰ ਨੌਜਵਾਨ ਦੀ ਮੌਤ ਹੋ ਜਾਣ ਮਗਰੋਂ ਘਾਟੀ ਵਿੱਚ ਭਾਰਤ ਵਿਰੋਧੀ ਪ੍ਰਦਰਸ਼ਨ ਇੱਕ ਵਾਰ ਫੇਰ ਤੇਜ਼ ਹੋ ਗਏ ਹਨ। ਇਹ ਹਾਦਸਾ ਸ਼੍ਰੀਨਗਰ ਦੇ ਡਾਊਨਟਾਊਨ ਇਲਾਕੇ ਵਿੱਚ ਹੋਈ ਸੀ।

ਸ਼ੁਕਰਵਾਰ ਦੀ ਨਮਾਜ਼ ਤੋਂ ਬਾਅਦ ਲੋਕ ਸਥਾਨਕ ਪੁਲਿਸ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ। ਪੁਲਿਸ ਨੇ ਕੱਟੜਪੰਥੀਆਂ ਦੇ ਲੁਕੇ ਹੋਣ ਦੇ ਸ਼ੱਕ ਵਿੱਚ ਮਸਜਿਦ ਵਿੱਚ ਛਾਪਾ ਮਾਰਿਆ ਸੀ।

ਉਸ ਨਾਅਰੇਬਾਜ਼ੀ ਦੇ ਦਰਮਿਆਨ ਹੀ ਸੀਆਰਪੀਐਫ ਦੀ ਇੱਕ ਜੀਪ ਭੀੜ ਵੱਲ ਆਉਂਦੀ ਦੇਖੀ ਗਈ ਜਿਸ ਦੇ ਨੇੜੇ ਆਉਂਦਿਆਂ ਹੀ ਟਕਰਾਅ ਹੋ ਗਿਆ।

ਭੀੜ ਤੋਂ ਨਿਕਲਣ ਦੌਰਾਨ ਦੋ ਨੌਜਵਾਨ ਜੀਪ ਨਾਲ ਜ਼ਖਮੀਂ ਹੋ ਗਏ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।

ਗਾਜ਼ਾ ਵਿੱਚ ਨਰਸ ਦੇ ਅੰਤਿਮ ਯਾਤਰਾ ਮੌਕੇ ਤਣਾਅ

ਗਾਜ਼ਾ ਵਿੱਚ ਹਜ਼ਾਰਾਂ ਫਲਸਤੀਨੀਆਂ ਨੇ ਇੱਕ ਨਰਸ ਦੀ ਲਾਸ਼ ਨੂੰ ਫਲਸਤੀਨ ਦੇ ਕੌਮੀ ਝੰਡੇ ਵਿੱਚ ਲਪੇਟ ਕੇ ਉਸ ਦੀ ਅਰਥੀ ਕੱਢੀ। ਨਰਸ ਦੀ ਮੌਤ ਸ਼ੁੱਕਰਵਾਰ ਨੂੰ ਇਜ਼ਾਰਾਈਲੀ ਗੋਲੀਬਾਰੀ ਨਾਲ ਹੋਈ ਸੀ

21 ਸਾਲਾ ਨਰਸ ਦਾ ਨਾਮ ਨਜ਼ਰ ਅਲ ਨਜ਼ਰ ਸੀ। ਦੁਖੀ ਫਲਸਤੀਨੀ ਬਦਲੇ ਦੀ ਮੰਗ ਕਰ ਰਹੇ ਸਨ। ਜਨਾਜ਼ੇ ਵਿੱਚ ਸ਼ਾਮਲ ਮਰਹੂਮ ਦੇ ਪਿਤਾ ਆਪਣੀ ਬੇਟੀ ਦਾ ਖੂਨ ਨਾਲ ਭਰਿਆ ਮੈਡੀਕਲ ਐਪਰਨ ਲੈ ਕੇ ਨਾਲ ਤੁਰ ਰਹੇ ਸਨ।

ਫ਼ਲਸਤੀਨ ਦੀ ਮੈਡੀਕਲ ਰਲੀਫ ਸੋਸਾਈਟੀ ਨੇ ਕਿਹਾ ਹੈ ਕਿ ਲੜਾਈ ਵਿੱਚ ਜ਼ਖਮੀਆਂ ਦੀ ਸੰਭਾਲ ਕਰ ਰਹੇ ਮੈਡੀਕਲ ਕਰਮੀ ਦਾ ਕਤਲ ਇੱਕ ਜੰਗੀ ਜੁਰਮ ਹੈ। ਜਿਸ ਨੂੰ ਇਜ਼ਰਾਈਲ ਨੇ ਅੰਜਾਮ ਦਿੱਤਾ ਹੈ।

ਰੈਫ਼ਰੈਂਡਮ 2020 ਨਾਲ ਜੁੜੀਆਂ ਗ੍ਰਿਫ਼ਤਾਰੀਆਂ

ਪੰਜਾਬ ਦੀ ਬਟਾਲਾ ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਕੱਟੜਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਵਾਲੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਵਿੱਚੋਂ ਦੋ ਨੇ 31 ਮਈ ਦੀ ਸਵੇਰ ਨੂੰ ਬਟਾਲਾ ਦੇ ਪਿੰਡਾ ਦੇ ਦੋ ਠੇਕਿਆਂ ਨੂੰ ਅੱਗ ਲਾਈ ਸੀ।

ਬਾਰਡਰ ਰੇਂਜ ਦੇ ਐਸਪੀ ਐਸ ਪਰਮਾਰ ਨੇ ਐਸਐਸਪੀ ਦਫ਼ਤਰ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 21 ਸਾਲਾਂ ਧਰਮਿੰਦਰ ਸਿੰਘ ਉਰਫ਼ ਕਮਾਂਡੋ ਸਿੰਘ ਅਤੇ 26 ਸਾਲਾਂ ਕ੍ਰਿਪਾਲ ਸਿੰਘ ਨੂੰ ਵੱਖ-ਵੱਖ ਸੋਸ਼ਲ ਮੀਡੀਆ (ਜਿਵੇਂ ਵਟਸਐੱਪ ਤੇ ਟੈਲੀਗ੍ਰਾਮ) ਮੰਚਾਂ ਰਾਹੀਂ ਵਿਦੇਸ਼ੀ ਬੈਠੇ ਵੱਖਵਾਦੀ ਸਮਰਥਕਾਂ ਨੇ ਇਸ ਮੁਹਿੰਮ ਵਿੱਚ ਸ਼ਾਮਿਲ ਕੀਤਾ ਹੈ।

G-7 ਦੇਸਾਂ ਵੱਲੋਂ ਅਮਰੀਕੀ ਟੈਰਿਫ ਦੀ ਸਖ਼ਤ ਆਲੋਚਨਾ

ਅਮਰੀਕੀ ਵਿੱਤ ਮੰਤਰੀ ਸਟੀਵ ਮੁਨਸ਼ਿਨ ਨੂੰ ਰੋਹ ਵਿੱਚ ਆਏ ਜੀ-7 ਦੇਸਾਂ ਦੇ ਆਪਣੇ ਹਮਰੁਤਬਾ ਮੰਤਰੀਆਂ ਵੱਲੋਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

ਇਹ ਸਾਰੇ ਮੰਤਰੀ ਅਮਰੀਕਾ ਵੱਲੋਂ ਅਲਮੀਨੀਅਮ ਦੀ ਦਰਾਮਦ ਤੇ ਇੱਕ ਤਰਫ਼ਾ ਟੈਰਿਫ ਲਾਉਣ ਕਰਕੇ ਗੁੱਸੇ ਵਿੱਚ ਸਨ।

ਇਨ੍ਹਾਂ ਮੰਤਰੀਆਂ ਵਿੱਚ ਕੈਨੇਡਾ, .ਯੂਰਪੀ ਯੂਨੀਅਨ, ਫਰਾਂਸ ਦੇ ਵਿੱਤ ਮੰਤਰੀ ਸ਼ਾਮਲ ਸਨ। ਫਰਾਂਸ ਦੇ ਵਿੱਤ ਮੰਤਰੀ ਨੇ ਅਮਰੀਕਾ ਨੂੰ ਕੁਝ ਹੀ ਦਿਨਾਂ ਵਿੱਚ ਟਰੇਡ ਵਾਰ ਸ਼ੁਰੂ ਹੋਣ ਦੀ ਚੇਤਾਵਨੀ ਦਿੱਤੀ। ਬੈਠਕ ਮਗਰੋਂ ਕੋਈ ਸਾਂਝਾ ਬਿਆਨ ਨਹੀਂ ਜਾਰੀ ਕੀਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)