ਕਸ਼ਮੀਰ꞉ ਇੱਕ ਮੌਤ, ਤਿੰਨ ਸਵਾਲ ਅਤੇ ਸੁਲਗਦੀ ਘਾਟੀ

    • ਲੇਖਕ, ਅਨੁਰਾਧਾ ਭਸੀਨ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਲਈ

ਭਾਰਤ ਪ੍ਰਸ਼ਾਸ਼ਿਤ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਸ਼ੁੱਕਰਵਾਰ ਨੂੰ ਸੀਆਰਪੀਐਫ਼ ਦੀ ਜੀਪ ਨਾਲ ਜ਼ਖਮੀ ਹੋਣ ਵਾਲੇ ਤਿੰਨ ਵਿੱਚੋਂ ਇੱਕ ਨਾਗਰਿਕ ਦੀ ਮੌਤ ਹੋ ਗਈ।

ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵਿੱਟਰ 'ਤੇ ਲਿਖਿਆ, "ਪਹਿਲਾਂ ਉਨ੍ਹਾਂ ਨੇ ਲੋਕਾਂ ਨੂੰ ਜੀਪ ਦੇ ਮੂਹਰੇ ਬੰਨ੍ਹਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਡਰਾਉਣ ਲਈ ਪਿੰਡਾਂ ਦੇ ਚੁਫੇਰੇ ਉਨ੍ਹਾਂ ਦੀ ਪਰੇਡ ਕਰਾਈ। ਹੁਣ ਉਹ ਆਪਣੀ ਜੀਪ ਵਿਖਾਵਾਕਾਰੀਆਂ 'ਤੇ ਚੜ੍ਹਾ ਰਹੇ ਹਨ। ਮਹਿਬੂਬਾ ਮੁਫ਼ਤੀ ਸਾਹਿਬਾ ਕੀ ਇਹ ਤੁਹਾਡਾ ਨਵਾਂ (ਸਟੈਂਡਰਡ ਓਪ੍ਰੇਸ਼ਨ ਪ੍ਰੋਸੀਜ਼ਰ) ਹੈ? ਗੋਲੀ ਬੰਦੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦੂਕਾਂ ਨਹੀਂ ਤਾਂ ਜੀਪ ਵਰਤ ਲਵੋ।"

ਦੇਖਿਆ ਜਾਵੇ ਤਾਂ ਉਮਰ ਦਾ ਭੀੜ ਨਾਲ ਨਜਿੱਠਣ ਦਾ ਆਪਣਾ ਰਿਕਾਰਡ ਵੀ ਬਹੁਤਾ ਵਧੀਆ ਨਹੀਂ ਹੈ।

ਉਨ੍ਹਾਂ ਦੇ ਕਾਰਜਕਾਲ ਵਿੱਚ ਸੁਰੱਖਿਆ ਦਸਤਿਆਂ ਅਤੇ ਪੁਲਿਸ ਹੱਥੋਂ ਜੰਮੂ-ਕਸ਼ਮੀਰ ਵਿੱਚ 120 ਤੋਂ ਵਧੇਰੇ ਨਾਗਰਿਕਾਂ ਦੀ ਮੌਤ ਹੋਈ ਸੀ।

ਹਿੰਸਕ ਪ੍ਰਦਰਸ਼ਨ ਵਧ ਰਹੇ ਹਨ

ਇਨ੍ਹਾਂ ਵਿੱਚੋਂ ਵਧੇਰੇ ਮੌਤਾਂ ਅੱਥਰੂ ਗੈਸ ਜਾਂ ਰਬੜ ਦੀਆਂ ਗੋਲੀਆਂ ਕਰਕੇ ਹੋਈਆਂ ਸਨ।

ਉਨ੍ਹਾਂ ਦੇ ਸਮੇਂ ਵੀ ਸੁਰੱਖਿਆ ਦਸਤਿਆਂ ਦੇ ਕੰਮ ਕਰਨ ਦੇ ਤਰੀਕਿਆਂ (ਸਟੈਂਡਰਡ ਓਪ੍ਰੇਸ਼ਨ ਪ੍ਰੋਸੀਜ਼ਰ) ਬਾਰੇ ਬਹਿਸ ਹੁੰਦੀ ਰਹੀ ਹੈ।

ਲੰਘੇ ਅੱਠਾਂ ਸਾਲਾਂ ਦੌਰਾਨ ਫਿਕਰਮੰਦੀ ਵਧ ਗਈ ਹੈ। ਪ੍ਰਦਰਸ਼ਨਾਂ ਵਿੱਚ ਹਿੰਸਾ ਵੀ ਵਧ ਰਹੀ ਹੈ।

ਖ਼ਾਸ ਕਰਕੇ 2016 ਵਿੱਚ ਪੈਲੇਟ ਗੰਨ ਦੀ ਵਰਤੋਂ ਮਗਰੋਂ ਕਸ਼ਮੀਰੀ ਜਵਾਨੀ ਵਿੱਚੋਂ ਡਰ ਚੁੱਕਿਆ ਗਿਆ ਹੈ। ਜਿਸ ਵਿੱਚ ਕਈਆਂ ਦੀ ਮੌਤ ਹੋਈ ਸੀ ਅਤੇ ਕਈ ਫਟੱੜ ਹੋਏ ਸਨ।

ਕਈਆਂ ਦੀਆਂ ਅੱਖਾਂ ਦੀ ਲੋਅ ਬੁਝ ਗਈ ਸੀ ਅਤੇ ਕਈਆਂ ਦੀ ਬਹੁਤ ਕਮਜ਼ੋਰ ਹੋ ਗਈ ਸੀ। ਘਾਟੀ ਵਿੱਚ ਭੀੜ ਉੱਪਰ ਸਖ਼ਤੀ ਦਿਨੋਂ-ਦਿਨ ਵਧ ਰਹੀ ਹੈ।

ਕੌੜੀਆਂ ਯਾਦਾਂ ਵਿੱਚ ਵਾਧਾ

ਸਾਲ 2010 ਵਿੱਚ ਪੁਆਂਇਟ ਬਲੈਂਕ ਰੇਂਜ ਤੋਂ ਦਾਗੇ ਗਏ ਅੱਥਰੂ ਗੈਸ ਦੇ ਗੋਲਿਆਂ ਸਦਕਾ ਪ੍ਰਦਰਸ਼ਨਕਾਰੀ ਨੌਜਵਾਨਾਂ ਦੀ ਮੌਤ ਹੋਈ। ਫੇਰ 2016 ਵਿੱਚ ਉਪਰੋਕਤ ਹਾਦਸਾ ਵਾਪਰਿਆ।

ਕੀ ਹੁਣ ਸਾਲ 2018 ਸੁਰੱਖਿਆ ਦਸਤਿਆਂ ਦੀਆਂ ਗੱਡੀਆਂ ਥੱਲੇ ਦੇਣ ਦਾ ਸਾਲ ਬਣਨ ਜਾ ਰਿਹਾ ਹੈ?

ਨੌਹੱਟਾ ਵਿੱਚ ਤਿੰਨ ਪ੍ਰਦਰਸ਼ਨਕਾਰੀਆਂ ਦੇ ਇੱਕ ਗੱਡੀ ਸਾਹਮਣੇ ਆ ਜਾਣ ਦੀ 5 ਮਈ ਦੀ ਤਾਜ਼ਾ ਘਟਨਾ ਨੇ ਡਾਊਨ ਟਾਊਨ (ਸ਼ਹਿਰ ਦਾ ਕੇਂਦਰੀ ਹਿੱਸਾ) ਅਤੇ ਇੱਕ ਹੋਰ ਇਲਾਕੇ (ਸਫਾਕਦਲ) ਵਿੱਚ ਇੱਕ ਆਮ ਕਸ਼ਮੀਰੀ ਦੀ ਮੌਤ ਨੇ ਕੌੜੀਆਂ ਯਾਦਾਂ ਵਿੱਚ ਵਾਧਾ ਕੀਤਾ ਹੈ।

ਉਨ੍ਹਾਂ ਦੀ ਮੌਤ ਦਾ ਵੀਡੀਓ ਵਾਇਰਲ ਹੋ ਚੁੱਕਿਆ ਹੈ। ਜਿਸ ਵਿੱਚ ਸੁਰੱਖਿਆ ਦਸਤਿਆਂ ਦੀ ਗੱਡੀ ਉਨ੍ਹਾਂ ਨੂੰ ਦੋ ਵਾਰ ਟੱਕਰ ਮਾਰਦੀ ਦਿਸ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕਾਂ ਦਾ ਗੁੱਸਾ ਭੜਕ ਪਿਆ ਸੀ।

ਗੁੱਸੇ ਵਿੱਚ ਘਾਟੀ ਦੇ ਵਾਸੀ

ਵੀਡੀਓ ਵਿੱਚ ਭੀੜ ਸੜਕ ਤੋਂ ਲੰਘ ਰਹੀ ਹੈ। ਇਸੇ ਦੌਰਾਨ ਸੀਆਰਪੀਐਫ ਦੀ ਗੱਡੀ ਆਪਣਾ ਰਾਹ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪ੍ਰਦਰਸ਼ਨਕਾਰੀ, ਇਸ ਬੁਲਟਪਰੂਫ਼ ਜੀਪ 'ਤੇ ਪੱਥਰਾਂ ਅਤੇ ਡਾਂਗਾਂ ਨਾਲ ਹਮਲਾ ਕਰ ਦਿੰਦੇ ਹਨ।

ਗੁੱਸੇ ਵਿੱਚ ਦਿਸ ਰਹੀ ਭੀੜ ਗੱਡੀ ਨੂੰ ਤਿੰਨ ਪਾਸਿਆਂ ਤੋਂ ਘੇਰ ਲੈਂਦੇ ਹਨ ਅਤੇ ਇੱਕ ਵਿਅਕਤੀ ਉਸਦੇ ਬੋਨਟ 'ਤੇ ਚੜ੍ਹ ਜਾਂਦਾ ਹੈ। ਡਰਾਈਵਰ ਗੱਡੀ ਤੇਜ਼ ਕਰਕੇ ਨਿਕਲ ਜਾਂਦਾ ਹੈ।

ਹਾਲੇ ਇਹ ਸਾਫ ਨਹੀਂ ਕਿ ਇਹ ਵੀਡੀਓ ਤਿੰਨ ਵਿਅਕਤੀਆਂ ਦੇ ਫਟੱੜ ਹੋਣ ਮਗਰੋਂ ਬਣਾਇਆ ਗਿਆ ਜਾਂ ਪਹਿਲਾਂ। ਇੱਕ ਫੱਟੜ ਦੀ ਹਸਪਤਾਲ ਵਿੱਚ ਮੌਤ ਹੋ ਗਈ।

ਮੌਤ ਦਾ ਕਾਰਨ ਹਾਦਸਾ?

ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਉੱਤੇ ਨਸ਼ਰ ਹੋ ਰਹੀਆਂ ਤਸਵੀਰਾਂ ਵਿੱਚ ਦੋ ਨੌਜਵਾਨ ਵੱਖ-ਵੱਖ ਸਮਿਆਂ 'ਤੇ ਗੱਡੀ ਥੱਲੇ ਆਉਂਦੇ ਹਨ ਅਤੇ ਲੋਕ ਦੋਹਾਂ ਨੂੰ ਕੱਢਣ ਦੇ ਯਤਨ ਕਰਦੇ ਹਨ।

ਇਨ੍ਹਾਂ ਵਿੱਚੋਂ ਇੱਕ ਗੱਡੀ ਦੇ ਥੱਲੇ ਹੈ ਅਤੇ ਦੂਸਰਾ ਮੂਹਰਲੇ ਦੋ ਚੱਕਿਆਂ ਵਿੱਚ ਫ਼ਸਿਆ ਹੋਇਆ ਹੈ। ਸਾਫ਼ ਹੈ ਕਿ ਦੋਹਾਂ ਨੌਜਵਾਨਾਂ ਨੂੰ ਕੱਢਣ ਲਈ ਗੱਡੀ ਰੁਕੀ।

ਕਿਸੇ ਵੀ ਤਸਵੀਰ ਵਿੱਚ ਤੀਸਰਾ ਵਿਅਕਤੀ ਕੈਸਰ ਬੱਟ ਨਹੀਂ ਹੈ। ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।

ਇਸ ਮਾਮਲੇ ਨੇ ਘਾਟੀ ਵਿੱਚ ਭੀੜ ਕਾਬੂ ਕਰਨ ਦੇ ਗੈਰ-ਕਾਨੂੰਨੀ ਅਤੇ ਅਨੈਤਿਕ ਤਰੀਕਿਆਂ ਬਾਰੇ ਇੱਕ ਵਾਰ ਫੇਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਸੀਆਰਪੀਐਫ਼ ਦੇ ਬੁਲਾਰੇ ਦਾ ਕਹਿਣਾ ਹੈ ਕਿ ਗੱਡੀ 'ਤੇ ਹੋਏ ਅਚਾਨਕ ਹਮਲੇ ਕਰਕੇ ਡਰਾਈਵਰ ਨੇ ਉਸਦੀ ਸਪੀਡ ਵਧਾ ਦਿੱਤੀ। ਉਨ੍ਹਾਂ ਨੇ ਇਸ ਨੂੰ 'ਹਾਦਸੇ ਵਿੱਚ ਹੋਈ ਮੌਤ' ਦੱਸਿਆ।

ਤਿੰਨ ਸਵਾਲਾਂ ਦੀ ਜਾਂਚ ਅਹਿਮ

ਲਗਾਤਾਰ ਤਿੰਨ ਹਾਦਸਿਆਂ ਨੂੰ ਸਿਰਫ ਸੰਜੋਗ ਕਹਿਣਾ ਥੋੜਾ ਮੁਸ਼ਕਿਲ ਹੈ। ਵੀਡੀਓ ਵਿੱਚ ਗੱਡੀ ਨਾਰਾਜ਼ ਲੋਕਾਂ ਦੇ ਵਿਚਕਾਰ ਹੈ।

ਇਸ ਗੱਲੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭੀੜ ਗੱਡੀ ਨੂੰ ਕਾਬੂ ਕਰ ਸਕਦੀ ਸੀ ਅਤੇ ਫੇਰ ਅੰਦਰਲੇ ਜਵਾਨਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ।

ਅਜਿਹੇ ਵਿੱਚ ਤਿੰਨ ਸਵਾਲ ਹਨ, ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਵੀਡੀਓ ਤੋਂ ਸਬੂਤ ਮਿਲਦਾ ਹੈ ਕਿ ਤਿੰਨੇ ਨੌਜਵਾਨ ਇੱਕੋ ਥਾਂਵੇਂ ਅਤੇ ਇੱਕੋਂ ਸਮੇਂ ਗੱਡੀ ਥੱਲੇ ਨਹੀਂ ਆਏ।

ਹੋ ਸਕਦਾ ਹੈ ਘਟਨਾ ਪਹਿਲਾਂ ਜਾਂ ਮਗਰੋਂ ਹੋਈ ਹੋਵੇ। ਇਹ ਵੀ ਜ਼ਰੂਰੀ ਨਹੀਂ ਕਿ ਗੱਡੀ ਜਿਹੜੀ ਭੀੜ ਵਿੱਚ ਘਿਰੀ ਸੀ ਉਹ ਗੁੱਸੇ ਵਿੱਚ ਹੀ ਹੋਵੇ ਅਤੇ ਬੇਲਗਾਮ ਵੀ ਹੋਵੇ।

ਇਹ ਗੱਡੀ ਦੋ ਵਾਰ ਘੱਟੋ-ਘੱਟ ਇੱਕ ਜਾਂ ਦੋ ਮਿੰਟਾਂ ਲਈ ਰੁਕੀ ਤਾਂ ਕਿ ਜ਼ਖਮੀਆਂ ਨੂੰ ਕੱਢਿਆ ਜਾ ਸਕੇ। ਉਸ ਸਮੇਂ ਭੀੜ ਨੇ ਗੱਡੀ 'ਤੇ ਹਮਲਾ ਕਿਉਂ ਨਹੀਂ ਕੀਤਾ?

ਕੀ ਇਹ ਸੁਰੱਖਿਆ ਦਸਤਿਆਂ ਦੀ ਕਮਜ਼ੋਰੀ ਹੈ ਜਾਂ ਉਨ੍ਹਾਂ ਦੇ ਸਟੈਂਡਰਡ ਓਪ੍ਰੇਸ਼ਨ ਪ੍ਰੋਸੀਜ਼ਰ ਦਾ ਉਲੰਘਣ?

ਸਰਕਾਰ ਸਾਹਮਣੇ ਵੱਡੀ ਚੁਣੌਤੀ

ਇਸ ਘਟਨਾ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਸੁਰੱਖਿਆ ਦਸਤਿਆਂ ਦੇ ਜਵਾਨ ਆਪਣੇ ਉਤਾਵਲੇਪਣ ਨੂੰ ਕਾਬੂ ਕਰ ਸਕਦੇ ਸਨ।

ਜਾਂ ਫੇਰ ਕੀ ਇਹ ਸਿਰਫ਼ ਹਾਦਸਾ ਸੀ ਜਾਂ ਪ੍ਰਦਰਸ਼ਨਕਾਰੀਆਂ ਨੂੰ ਗੱਡੀ ਥੱਲੇ ਦੇਣਾ ਕੰਮ ਕਰਨ ਦੇ ਤਰੀਕੇ ਵਿੱਚ ਸ਼ਾਮਲ ਸੀ।

ਘਟਨਾਕ੍ਰਮ ਭਾਵੇਂ ਕੋਈ ਵੀ ਹੋਵੇ ਪਰ ਕਸ਼ਮੀਰ ਦੇ ਤੇਜ਼ੀ ਨਾਲ ਵਧਦੇ ਕਬਰਿਸਤਾਨਾਂ ਵਿੱਚ ਇੱਕ ਹੋਰ ਨਾਮ ਸ਼ਾਮਲ ਹੋ ਗਿਆ। ਦੋ ਹੋਰ ਵਿਅਕਤੀ ਮੌਤ ਨਾਲ ਲੜ ਰਹੇ ਹਨ।

ਕਸ਼ਮੀਰ ਦੇ ਇਤਿਹਾਸ ਲਈ ਇਹ ਗਿਣਤੀ ਭਾਵੇਂ ਹਾਸ਼ੀਏ 'ਤੇ ਹੀ ਰਹੇ ਪਰ ਕਸ਼ਮੀਰੀ ਮਾਨਸਿਕਤਾ ਉੱਪਰ ਇਹ ਖੁਣੀ ਜਾ ਚੁੱਕੀ ਹੈ।

ਕਸ਼ਮੀਰੀਆਂ ਦਾ ਸੁਰੱਖਿਆ ਦਸਤਿਆਂ ਪ੍ਰਤੀ ਗੁੱਸਾ ਬਹੁਤ ਵਧ ਗਿਆ ਹੈ। ਖ਼ਾਸ ਕਰਕੇ ਜਦੋਂ ਇਹ ਦੁਰਘਟਨਾ ਰਮਜ਼ਾਨ ਦੇ ਸੰਘਰਸ਼ ਵਿਰਾਮ ਵਿੱਚ ਹੋਈ ਹੈ।

ਸਾਰੀਆਂ ਘਟਨਾਵਾਂ ਚਿੰਤਾਜਨਕ

ਇਸ ਸੰਘਰਸ਼ ਵਿਰਾਮ ਦਾ ਸਮਾਂ ਭਾਵੇਂ ਹੀ ਸੰਕੇਤਕ ਤੋਂ ਵਧੇਰੇ ਨਾ ਹੋਵੇ ਪਰ ਇਹ ਕਸ਼ਮੀਰ ਦੇ ਘੁਟਨ ਭਰੀਆਂ ਹਵਾਵਾਂ ਦੇ ਛਟਣ ਦੀ ਉਮੀਦ ਬਣੀ ਸੀ।

ਸ਼ਨੀਵਾਰ ਨੂੰ ਕੈਸਰ ਬੱਟ ਦੇ ਜਨਾਜ਼ੇ ਮੌਕੇ ਪ੍ਰਦਰਸ਼ਨ ਹੋਏ ਅਤੇ ਸਰਕਾਰ ਨੇ ਰੋਕ ਲਾ ਕੇ ਅਤੇ ਅਥੱਰੂ ਗੈਸ ਦੇ ਗੋਲੇ ਚਲਾ ਕੇ ਜਵਾਬ ਦਿੱਤਾ।

ਇੰਟਰਨੈੱਟ ਬੰਦ ਕਰਨ ਦੇ ਖ਼ਤਰਨਾਕ ਉਪਾਅ ਵੀ ਅਜ਼ਮਾਏ ਗਏ। ਇਹ ਸਾਰੀਆਂ ਘਟਨਾਵਾਂ ਚਿੰਤਾਜਨਕ ਹਨ।

ਕੀ ਇਸ ਦੇ ਮਾਅਨੇ ਇਹ ਕੱਢੇ ਜਾਣਗੇ ਕਿ ਗਰਮੀਆਂ ਵਿੱਚ ਗੁੱਸੇ ਦੀ ਇੱਕ ਹੋਰ ਲਹਿਰ ਦੇਖਣ ਨੂੰ ਮਿਲੇਗੀ ਅਤੇ ਸੰਘਰਸ਼ ਵਿਰਾਮ ਸਮੇਂ ਤੋਂ ਪਹਿਲਾਂ ਹੀ ਦਫ਼ਨ ਹੋ ਜਾਵੇਗਾ।

ਹਾਲਾਂਕਿ ਕਿਸੇ ਨਤੀਜੇ 'ਤੇ ਪਹੁੰਚਣਾ ਹਾਲੇ ਕਾਹਲੀ ਹੋਵੇਗੀ। ਕਸ਼ਮੀਰ ਦੀ ਸਿਆਸਤ ਬਾਰੇ ਵੀ ਉੱਥੋਂ ਦੇ ਮੌਸਮ ਵਾਂਗ ਕਿਆਸ ਨਹੀਂ ਲਾਇਆ ਜਾ ਸਕਦਾ।

ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਸਰਕਾਰ ਮੌਜੂਦਾ ਹਾਲਾਤ ਨਾਲ ਕਿਵੇਂ ਨਜਿੱਠਦੀ ਹੈ ਅਤੇ ਇਸ ਦਾ ਸੁਰੱਖਿਆ ਅਮਲਾ ਜ਼ਮੀਨ 'ਤੇ ਕਿਵੇਂ ਕੰਮ ਕਰਦਾ ਹੈ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਕਸ਼ਮੀਰ ਨਾਲ ਜੁੜੇ ਸਾਡੇ ਹੋਰ ਫੀਚਰ ਜਿਨ੍ਹਾਂ ਵਿੱਚ ਤੁਹਾਡੀ ਦਿਲਚਸਪੀ ਹੋ ਸਕਦੀ ਹੈ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)